ਆਪੇ ਬੀਜਿ ਆਪੇ ਹੀ ਖਾਹੁ

08/21/2019 9:33:01 AM

ਪਉੜੀ ਵੀਹਵੀਂ

ਆਪੇ ਬੀਜਿ ਆਪੇ ਹੀ ਖਾਹੁ

ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸ ਖੇਹ।। ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ ਲਈਐ ਓਹੁ ਧੋਇ।। ਭਰੀਐ ਮਤਿ ਪਾਪਾ ਕੈ ਸੰਗਿ।। ਓਹ ਧੋਪੈ ਨਾਵੈ ਕੇ ਰੰਗਿ।। ਪੁੰਨੀ ਪਾਪੀ ਆਖਣੁ ਨਾਹਿ।। ਕਰਿ ਕਰਿ ਕਰਣਾ ਲਿਖਿ ਲੈ ਜਾਹੁ।। ਆਪੇ ਬੀਜਿ ਆਪੇ ਹੀ ਖਾਹੁ।। ਨਾਨਕ ਹੁਕਮੀ ਆਵਹੁ ਜਾਹੁ।।੨੦।।

ਗੁਰੂ ਸਾਹਿਬਾਨ ਦੀ ਜੋਤ ਦੀ ਯਾਤਰਾ ਦਾ ਸਰੂਪ ਜੇਕਗਰ ਬਾਣੀ ਰਾਹੀਂ ਸਮਝਣਾ ਹੈ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੀ ਸਿਧਾਂਤਕੀ/ਵਿਚਾਰ ਬੋਧ/ਸ਼ੈਲੀ/ਪੈਟਰਨ ਦਾ ਧਿਆਨ ਧਰਨਾ ਬਹੁਤ ਲਾਜ਼ਮੀ ਹੈ। ਕਾਰਣ ਇਸ ਦਾ ਇਹ ਵੀ ਹੈ ਕਿ ਪੈਟਰਨ ਰਾਹੀਂ ਸਮਝਦਿਆਂ ‘ਜਾਪੁ ਸਾਹਿਬ’ ਦੀ ਜੋ ਬਾਣੀ ਹੈ, ਉਹਦੇ ’ਚੋਂ ਕਈ ਧੁਨੀਆਂ ਸਾਨੂੰ ‘ਜਪੁ ਜੀ ਸਾਹਿਬ’ ਵਾਲੀਆਂ ਸੁਣਾਈ ਦਿੰਦੀਆਂ ਹਨ। ਇਸੇ ਤਰ੍ਹਾਂ ਵਿਚਾਰ ਦੀ ਪੱਧਰ ’ਤੇ ਵੀ ਤੇ ਖ਼ਿਆਲ ਦੀ ਵਿਸ਼ਾਲਤਾ ਦੇ ਪੱਧਰ ਉੱਪਰ ਵੀ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਵਾਰ-ਵਾਰ ਆਪਣੇ ਕਹੇ ਨੂੰ ਹਰ ਕੋਨੇ ਤੋਂ ਸਾਫ਼ ਕਰਦੇ ਨੇ, ਉਸ ਵਿਸ਼ੇ ਦੇ ਹਰ ਪੱਖ ਨੂੰ ਉਜਾਗਰ ਕਰਦੇ ਨੇ, ਨੇਰ੍ਹ ਦੇ ਹਰ ਕੋਨੇ ’ਚ ਟਾਰਚ ਮਾਰਦੇ ਨੇ ਤੇ ਹਰ ਜਗਦੇ ਅੱਖਰ ਦੀ ਵਿਸ਼ਾਲਤਾ ਦੀ ਵਡਿਆਈ ਕਰਦੇ ਨੇ, ਠੀਕ ਉਸੇ ਤਰ੍ਹਾਂ ਦਸਮ ਪਿਤਾ ਵੀ ਆਪਣੀ ਬਾਣੀ ’ਚ ਕੁਦਰਤ ਦੇ ਕ੍ਰਿਸ਼ਮਿਆਂ ਦੀ ਅਥਾਹ ਵਡਿਆਈ ਵਿਚਾਰਦੇ ਨੇ। ਕੁੱਝ ਸਤਰਾਂ ਰਾਹੀਂ ਅਸੀਂ ਇਸ ਨੁਕਤੇ ਨੂੰ ਜਾਣਦੇ ਹਾਂ-

ਅਭੰਗ ਹੈਂ ਅਨੰਗ ਹੈਂ।। ਅਭੇਖ ਹੈਂ ਅਲੇਖ ਹੈਂ।।੧੩੩।।

ਅਭਰਮ ਹੈਂ ਅਕਰਮ ਹੈਂ।। ਅਨਾਦਿ ਹੈਂ ਜੁਗਾਦਿ ਹੈਂ।।੧੩੪।।

ਅਜੈ ਹੈਂ ਅਭੈ ਹੈਂ।। ਅਭੂਤ ਹੈਂ ਅਸੂਤ ਹੈਂ।।੧੩੫।।

ਅਨਾਸ ਹੈਂ ਉਦਾਸ ਹੈਂ।। ਅਧੰਧ ਹੈਂ ਅਬੰਧ ਹੈਂ।।੧੩੬।।

ਅਭਗਤ ਹੈਂ ਬਿਰਕਤ ਹੈਂ।। ਅਨਾਸ ਹੈਂ ਪ੍ਰਕਾਸ ਹੈਂ।।੧੩੭।।

ਹੁਣ ਇਥੇ ਬਹੁਤਾ ਦੂਰ ਨਾ ਵੀ ਜਾਈਏ ਤਾਂ ਸਤਿਗੁਰ ਨਾਨਕ ਦੇਵ ਜੀ ਨੇ ਜਿਵੇਂ ਅਸੰਖ/ਅਨੰਤ/ਅਨਾਦਿ ਸਿਧਾਂਤਾਂ ਦਾ ਇਸਤੇਮਾਲ ਕੀਤਾ ਹੈ, ਦਸਮ ਨਾਨਕ ‘ਅ’ ਅਗੇਤਰ ਲਾ ਕੇ ਸਿਧਾਂਤਕੀ ਪਰਿਪੇਖ ਨੂੰ ਅਗਾਂਹ ਵਧਾ ਰਹੇ ਹਨ। ਬਾਣੀ ਦਾ ਇਹ ਚਾਚਰੀ ਛੰਦ ਹੈ। ਸਾਡੇ ਜੋ ਟਰਾਈਬਲ ਲੋਕ ਨੇ, ਜੋ ਵਣਬਾਸੀ ਨੇ ਉਨ੍ਹਾਂ ਦਾ ਸਥਾਨਕ ਛੰਦ। ਅਸੀਂ ਪੈਟਰਨ ਦੀ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜੋ ਪੈਟਰਨ ਹੈ, ਉਹ ਲੋਕ-ਕਾਵਿ ਦੇ ਬਹੁਤ ਨਜ਼ਦੀਕ ਹੈ। ਵਿਚਾਰਕ ਪੱਖੋਂ ਸ਼ੈਵ/ਨਾਥ/ਬੁੱਧ ਮਤ ਦੇ ਬਹੁਤ ਜ਼ਿਆਦਾ ਕਰੀਬ। ਇਵੇਂ ਹੀ ਦਸਵੇਂ ਨਾਨਕ ਦੀ ਬਾਣੀ ਦਾ ਛੰਦ ਵਿਧਾਨ ਜੋ ਹੈ, ਉਹ ਲੋਕ-ਕਾਵਿ ਵਾਲਾ ਹੈ ਤੇ ਵਿਚਾਰਕ ਪੱਖ ’ਚ ਆ ਕੇ ਫਿਰ 'ਸ਼ਿਵਾ' ਕੋਲੋਂ ਵਰ ਵਾਲੀ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ। ਇਹ ਸਾਰੀ ਵਿਚਾਰ ਦੀ ਜੋ ਯਾਤਰਾ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਤੁਸੀਂ ਨਾਨਕ ਬਾਣੀ ਦੇ ਅੰਤਰੀਵ ’ਚ ਡੂੰਘੇ ਨਹੀਂ ਉਤਰ ਸਕਦੇ। ਗੁਰੂ ਨਾਨਕ ਇਸ਼ਾਰਿਆਂ ਨਾਲ ਗੱਲ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਵੀ ਇਸ਼ਾਰਿਆਂ ਨਾਲ ਗੱਲ ਕਰਦੇ ਨੇ। ਇਨ੍ਹਾਂ ਇਸ਼ਾਰਿਆਂ ਦੇ ਧੁਰ ’ਚ ਕਿਹੜਾ ਚਿੰਤਨ ਪਿਆ ਹੈ/ਕਿਸ ਚਿੰਤਨ ਦਾ ਨਿਖੇਧ ਪਿਆ ਹੈ, ਇਹ ਸਮਝਣਾ ਲਾਜ਼ਮੀ ਹੈ।

ਵੀਹਵੀਂ ਪਉੜੀ ਦੀਆਂ ਪਹਿਲੀਆਂ ਚਾਰ ਸਤਰਾਂ ਜੋ ਨੇ, ਉਹ ਬਾਹਰੀ ਰੂਪ ਬਾਰੇ ਨੇ, ‘ਭਰੀਐ ਹਥੁ ਪੈਰੁ ਤਨੁ ਦੇਹ ਪਾਣੀ ਧੋਤੈ ਉਤਰਸ ਖੇਹ’ ਬਾਹਰ ਜੋ ਘਟਿਤ ਹੁੰਦਾ ਹੈ/ਵਾਪਰਦਾ ਹੈ। ਇਕ ਗੱਲ ਨੂੰ ਦ੍ਰਿੜ੍ਹ ਕਰਨ ਲਈ/ਸਮਝਾਉਣ ਵਾਸਤੇ। ਉਦਾਹਰਨ ਹੈ ਮਾਤਰ। ਹੱਥ/ਪੈਰ/ਤਨ ਜੇਕਰ ਮਿੱਟੀ ਨਾਲ ਲਿੱਬੜ ਗਿਆ ਹੈ, ਤਾਂ ਮਾਤਰ ਪਾਣੀ ਨਾਲ ਧੋਤਿਆਂ ਇਹ ਸਾਰਾ ਕੁੱਝ ਸਾਫ। ‘ਮੂਤ ਪਲੀਤੀ ਕਪੜੁ ਹੋਇ, ਦੇ ਸਾਬੂਣੁ ਲਈਐ ਓਹੁ ਧੋਇ’ ਹੋਰ ਸਪੱਸ਼ਟ ਕਰ ਰਹੇ ਨੇ ਕਿ ਜੇਕਰ ਕੱਪੜੇ ਵੀ ਮੈਲੇ ਹੋ ਗਏ ਤਾਂ ਉਹ ਸਾਬਣ ਨਾਲ ਸਾਫ ਕੀਤੇ ਜਾ ਸਕਦੇ ਨੇ। ਬਾਹਰੀ ਹੈ। ਬਹੁਤ ਸੌਖੀ ਤਰ੍ਹਾਂ ਬੜੀ ਵੱਡੀ ਗੱਲ ਸਮਝਾਉਣ ਜਾ ਰਹੇ ਨੇ। ਹੁਣ ਆ ਗਿਆ ਕਿ ਇਹ ਬਹੁਤ ਹੀ ਆਸਾਨ ਜਿਹਾ ਤਰੀਕਾ ਹੈ। ਅਸੀਂ ਆਮ ਹੀ ਵਰਤਦੇ ਹਾਂ। ਜੀਵਨ ਦਾ ਹਿੱਸਾ ਹੈ। ਇਹ ਤਾਂ ਕਿਸੇ ਨੂੰ ਕਿਤਿਓਂ ਸਿੱਖਣ ਵੀ ਨਹੀਂ ਜਾਣਾ ਪੈਣਾ। ਪਸ਼ੂ ਪੰਛੀ ਵੀ ਇਵੇਂ ਹੀ ਕਰਦੇ ਨੇ। ਪਰ ਜੋ ਅੜਾਉਣੀ ਹੈ, ਜੋ ਸਿਧਾਂਤਕ ਹੈ, ਉਹ ਕੁੱਝ ਹੋਰ ਹੈ। ਉਹ ਹੈ, ‘ਭਰੀਐ ਮਤਿ ਪਾਪਾ ਕੈ ਸੰਗਿ ਓਹ ਧੋਪੈ ਨਾਵੈ ਕੇ ਰੰਗਿ’ ਮਤ ਪਾਪ ਨਾਲ ਭਰੀ ਹੈ। ਇਕ ਲੰਬੀ ਪ੍ਰੈਕਟਿਸ ਹੈ ਪਾਪ ਦੀ। ਬਹੁਤ ਲੰਮੇਰਾ ਸਫਰ ਹੈ ਪਾਪ ਦਾ। ਪ੍ਰਪੱਕ ਹੋ ਗਿਆ ਪਾਪ। ਮਤ ’ਚ ਪਾਪ ਨੇ। ਉਹ ਕਿਵੇਂ ਧੁਲਣੇ ਨੇ। ਉਹ ਕਿਵੇਂ ਧੋਣੇ ਨੇ। ਫਿਰ ਸਿਰਫ ਇਸ਼ਾਰਾ ਮਾਤਰ ਹੈ ਕਿ ਉਹ ਨਾਵੈ ਦੇ ਰੰਗ ਧੋਣੇ ਨੇ। ਇੱਥੇ ਸਫ਼ਰ ਮੁਸ਼ਕਲ ਹੋ ਗਿਆ। ਅਸੀਂ ਉੱਪਰ ਵਿਚਾਰ ਕੀਤੀ ਹੈ ਕਿ ਸਤਿਗੁਰ ਸਿਰਫ ਤੇ ਸਿਰਫ ਇਸ਼ਾਰਾ ਕਰਦੇ ਨੇ। ਉਹ ਦੀ ਟੋਹ ’ਚ ਸਾਨੂੰ ਜਾਣਾ ਪੈਣਾ ਹੈ। ਨਾਮ ਜੋ ਹੈ, ਜਿਸ ’ਚ ਮਤ ਦੇ ਰੰਗ ਹੋ ਜਾਣ ਨਾਲ ਛੁਟਕਾਰਾ ਹੈ, ਉਹ ਕੀ ਹੈ? ਮਰੋੜੀ ਇੱਥੇ ਹੈ ਕਿਤੇ। ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ’ਚੋਂ ਜੋ ਉਦਾਹਰਨ ਦਿੱਤੀ ਹੈ, ਉਹਦੇ ’ਚ ਸਾਰੇ ਅੱਖਰਾਂ ਅੱਗੇ ‘ਅ’ ਅਗੇਤਰ ਲਾ ਕੇ ਉਸ ਦੇ ਅਨੰਤ ਰੂਪ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ ਪਰ ਅਖੀਰ ’ਚ ਆ ਕੇ ‘ਪ੍ਰਕਾਸ ਹੈਂ’ ਲਿਖਿਆ ਹੈ। ਇਸ ‘ਪ੍ਰਕਾਸ’ ਨੂੰ ਸਮਝਣਾ ਲਾਜ਼ਮੀ ਹੈ। ਇਸ ਪ੍ਰਕਾਸ ਨੂੰ ਸਮਝ ਲਿਆ ਤਾਂ ਸਮਝੋ ਇਸ ਨਾਵੈ ਨੂੰ ਵੀ ਸਮਝ ਲਿਆ। ਇਸ ਅਜਪੈ ’ਚ ਅਭੇਦਤਾ ਹੀ ਨਾਮ ਹੈ। ਵਿਲੀਨਤਾ ਹੀ ਨਾਮ ਹੈ। ਇਹਦੀ ਸਮਝ ਪੈ ਗਈ ਤਾਂ ਮਤ ’ਚ ਰਤਨ ਜਵਾਹਰ ਮਾਣਕ। ਨਹੀਂ ਤਾਂ ਪਾਪਾਂ ਨਾਲ ਭਰੀ ਪਈ ਹੈ। ਲੋਅ ਕਦੋਂ ਹੋਣੀ ਹੈ, ਜਦੋਂ ਨਾਵੈ ਕੇ ਰੰਗ ਰੰਗੀ ਗਈ।

ਹੁਣ ਮਤ ਦੇ ਪਾਪਾਂ ਨਾਲ ਭਰਨ ਦੀ ਅਗੇਰੀ ਵਿਆਖਿਆ ਹੈ। ‘ਪੁੰਨੀ ਪਾਪੀ ਆਖਣੁ ਨਾਹਿ ਕਰਿ ਕਰਿ ਕਰਣਾ ਲਿਖਿ ਲੈ ਜਾਹੁ' ਇਹ ਜੋ ਪੁੰਨ ਨੇ, ਪਾਪ ਨੇ, ਇਹ ਸਿਰਫ ਕਹਿਣ ਨੂੰ ਹੀ ਨਹੀਂ। ਇਹ ਜੋ ਕਰਮ ਨੇ ਤੇਰੇ, ਇਨ੍ਹਾਂ ਦਾ ਲੇਖਾ ਹੁੰਦਾ ਹੈ। ਇਹ ਜਦੋਂ ਵਾਰ-ਵਾਰ ਦੁਹਰਾਅ ਹੁੰਦੇ ਨੇ। ਪੁੰਨ ਵੀ ਤੇ ਪਾਪ ਵੀ। ਇਹੀ ਘਰ ਕਰਦੇ ਨੇ ਮੱਤ ’ਚ। ਲਗਾਤਾਰਤਾ ਜੋ ਹੈ ਇਨ੍ਹਾਂ ਦੀ, ਉਹਦੇ ਕਾਰਣ ਹੀ ਨੇ ਕਸ਼ਟ। ਨਾਵੈ ਤੋਂ ਦੂਰੀ ਜੋ ਹੈ। ਪਾਪਾਂ ਕਾਰਣ ਹੀ ਹੈ। ਇਹ ਸਿਰਫ ਕਹਿਣ ਦੀ ਗੱਲ ਨਹੀਂ ਹੈ। ਲਿਖ ਲੈ, ਨੋਟ ਕਰ ਲੈ, ਜਿੰਨਾ ਕਰੇਂਗਾ, ਓਨਾ ਕਸ਼ਟ। ਵਾਰ-ਵਾਰ ਚਿਤਾਵਨੀ ਹੈ। ਜਾਗ। ਅੱਖਾਂ ਖੋਲ੍ਹ। ਇੱਥੇ ਬੰਦੇ ਨੂੰ ਝੰਜੋੜ ਕੇ ਜਗਾਉਣ ਵਰਗੇ ਭਾਵ ਨੇ। ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ, ਅਮਲ ’ਚੋਂ ਪੈਦਾ ਹੋਏ ਵਿਕਾਰ ਨੇ। ਇਹ ਪੈਦਾ ਹੋਣੇ ਹੀ ਨੇ। ਇਨ੍ਹਾਂ ਬਾਰੇ ਸਮਝ ਪੈਦਾ ਕਰ।

ਫਿਰ ਸਿਧਾਂਤ ਅੱਗੇ ਹੋਰ ਡੂੰਘਾ ਉਤਰਦਾ ਹੈ। ‘ਆਪੇ ਬੀਜਿ ਆਪੇ ਹੀ ਖਾਹੁ। ਨਾਨਕ ਹੁਕਮੀ ਆਵਹੁ ਜਾਹੁ ੨੦’ ਕਰਮ ਸੰਦੜਾ ਖੇਤ ਹੈ। ਤੂੰ ਜਿਹੜੇ ਵੀ ਕਰਮ ਬੀਜੇਂਗਾ, ਉਹੀ ਫਲ ਮਿਲਣ ਵਾਲਾ ਹੈ। ਇੱਥੇ ਫਿਰ ਗੁਰਬਾਣੀ ਦਾ ਜੋ ਵਿਵੇਕ ਤੇ ਵੈਰਾਗ ਵਾਲਾ ਸਿਧਾਂਤ ਹੈ, ਉਹਦੀ ਪ੍ਰੋੜਤਾ ਹੈ। ਇਸ ਸਿਧਾਂਤ ਨੂੰ ਸਾਨੂੰ ਬਹੁਤ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਬੁੱਧ ਨੇ ਵਿਵੇਕ ਦਾ ਸਿਧਾਂਤ ਦਿੱਤਾ। ਵਿਚਕਾਰਲਾ ਮਾਰਗ। ਗੁਰੂ ਸਾਹਿਬਾਨ ਵਿਵੇਕ ਕਰਮ ਰਾਹੀਂ ਵਿਚਾਰਦੇ ਨੇ। ਕਰਮ ਵਿਵੇਕ ਨਾਲ ਜੁੜਿਆ ਹੈ। ਜਾਗਦੇ ਰਹੋ। ਪਾਪਾਂ ਦੇ ਭਾਗੀ ਨਾ ਬਣੋ। ਜਹਾ ਖਿਮਾ ਤਹਾ ਆਪ। ਦਇਆ ਕਪਾਹ/ਸੰਤੋਖ ਸੂਤ। ਜਤ/ਸਤ। ਇਹ ਸਾਰੇ ਵਿਵੇਕ ਨਾਲ ਜੁੜੇ ਸਿਧਾਂਤਕ ਕਾਰਜ ਨੇ। ਜਾਗਣਾ ਹੈ। ਸਬਰ ਰੱਖਣਾ ਹੈ। ਜਦੋਂ ਵਿਵੇਕ ਹੋਵੇਗਾ ਤਾਂ ਹੀ ਬੈਰਾਗ ਦੀ ਕਿਤੇ ਸੰਭਾਵਨਾ ਹੋ ਸਕਦੀ ਹੈ। ਫਿਰ ਜਦੋਂ ਬੈਰਾਗ ਹੈ ਤਾਂ, ‘ਨਾਨਕ ਹੁਕਮੀ ਆਵਹੁ ਜਾਹੁ’ ਉਹਦਾ ਹੁਕਮ ਹੈ। ਉਹਦੇ ਹੁਕਮ ਮੁਤਾਬਿਕ ਹੀ ਆਵਾਗਮਣ ਹੈ। ਆਉਣ ਜਾਣ ਹੈ। ਹੁਕਮ ਹੈ/ਨਦਰਿ ਹੈ ਤਾਂ ਹੀ ਸੰਭਵ ਹੈ। ਇਹ ਅਵਸਥਾ ਫਿਰ ਬੈਰਾਗ ਦੀ ਹੈ। ਵਿਵੇਕੀ ਬੰਦਾ ਹੀ ਬੈਰਾਗ ਦੀ ਅਵਸਥਾ ਨੂੰ ਪਹੁੰਚ ਸਕਦਾ ਹੈ। ਹੁਕਮ ਪਛਾਣ ਸਕਦਾ ਹੈ। ਇਸ ਪਉੜੀ ਵਿਚ ‘ਕਰਮ’ (ਵਿਵੇਕ) ਅਤੇ ‘ਹੁਕਮ’ (ਬੈਰਾਗ) ਦਾ ਜੋ ਸੁਮੇਲ ਹੈ, ਅਨੂਠਾ ਹੈ।

-ਦੇਸ਼ ਰਾਜ ਕਾਲੀ

79867-02493