ਸ਼੍ਰੀ ਰਾਮਚਰਿਤ ਮਾਨਸ ਦੇ ਰਚੇਤਾ ‘ਤੁਲਸੀ ਦਾਸ ਜੀ’ ਦੇ ਜੀਵਨ ਦੀ ਮਹਾਨ ਗਾਥਾ

08/31/2021 3:01:26 PM

ਜਲੰਧਰ - ਗੋਸਵਾਮੀ ਤੁਲਸੀਦਾਸ ਹਿੰਦੀ ਸਾਹਿਤ ਦੇ ਮਹਾਨ ਕਵੀ ਅਤੇ ਰਾਮ ਭਗਤ ਸਨ। ਇਨ੍ਹਾਂ ਦਾ ਜਨਮ 1554 ਦੀ ਸ਼੍ਰਾਣਵ ਸ਼ੁਕਲ ਨੂੰ ਬਾਂਦ੍ਰਾ ਜ਼ਿਲੇ ਦੇ ਰਾਜਾਪੁਰ ਨਾਂ ਦੇ ਪਿੰਡ ’ਚ ਮਾਂ ਹੁਲਸੀ ਦੇ ਗਰਭ ’ਚੋਂ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂ ਆਤਮਾ ਰਾਮ ਸ਼ੁਕਲ ਸੀ।
ਜਨਮ ਸਮੇਂ ਉਹ ਰੋਏ ਨਹੀਂ ਅਤੇ ਇਨ੍ਹਾਂ ਦੇ ਮੁਖ ’ਚੋਂ ਰਾਮ ਨਾਮ ਦਾ ਸਾਫ ਉਚਾਰਣ ਨਿੱਕਲਿਆ। ਜੋਤਿਸ਼ੀਆਂ ਦੀ ਭਵਿੱਖਵਾਣੀ ਨਾਲ ਮਾਂ ਨੇ ਆਪਣੀ ਦਾਸੀ ਚੁਨੀਆ ਕੋਲ ਇਨ੍ਹਾਂ ਨੂੰ ਭੇਜ ਦਿੱਤਾ ਅਤੇ ਜਨਮ ਦੇ ਦੂਸਰੇ ਹੀ ਦਿਨ ਮਾਂ ਦਾ ਦਿਹਾਂਤ ਹੋ ਜਾਣ ਕਾਰਣ ਚੁਨੀਆ ਨੇ ਹੀ ਇਨ੍ਹਾਂ ਨੂੰ ਪਾਲਿਆ। ਜਦੋਂ ਇਹ 5 ਸਾਲ ਦੇ ਸਨ ਤਾਂ ਚੁਨੀਆ ਵੀ ਭਗਵਾਨ ਨੂੰ ਪਿਆਰੀ ਹੋ ਗਈ।

ਭਗਵਾਨ ਸ਼ੰਕਰ ਦੀ ਦਇਆ ਨਾਲ ਸਵਾਮੀ ਨਰਹਰਿਆਨੰਦ ਜੀ ਇਨ੍ਹਾਂ ਨੂੰ ਅਯੁੱਧਿਆ ਲੈ ਗਏ  ਅਤੇ ਉਨ੍ਹਾਂ ਦਾ ਨਾਂ ਰਾਮਬੋਲਾ ਰੱਖਿਆ। ਇਨ੍ਹਾਂ ਦੀ ਬੁੱਧੀ ਅਤਿਅੰਤ ਤੇਜ਼ ਸੀ। ਇਹ ਜੋ ਵੀ ਆਪਣੇ ਗੁਰੂ  ਤੋਂ ਸੁਣਦੇ ਤਤਕਾਲ ਯਾਦ ਕਰ ਲੈਂਦੇ ਸਨ।  ਕਾਸ਼ੀ ਜਾ ਕੇ ਇਨ੍ਹਾਂ ਨੇ 15 ਸਾਲਾਂ ਤੱਕ ਵੇਦ-ਸ਼ਾਸਤਰਾਂ ਦਾ ਗੰਭੀਰ ਅਧਿਐੱਨ ਕੀਤਾ।

ਇਨ੍ਹਾਂ ਨੂੰ ਇਕ ਦਿਨ ਮਨੁੱਖ ਦੇ ਰੂਪ ’ਚ ਇਕ ਪ੍ਰੇਤ ਮਿਲਿਆ, ਜਿਸਨੇ ਇਨ੍ਹਾਂ ਨੂੰ ਹਨੂੰਮਾਨ ਜੀ ਦਾ ਪਤਾ ਦੱਸਿਆ। ਹਨੂੰਮਾਨ ਜੀ ਨੂੰ ਮਿਲ ਕੇ ਤੁਲਸੀਦਾਸ ਜੀ ਨੇ ਉਨ੍ਹਾਂ ਤੋਂ ਸ਼੍ਰੀ ਰਘੂਨਾਥ ਜੀ ਦੇ ਦਰਸ਼ਨ ਕਰਵਾਉਣ ਦੀ ਪ੍ਰਾਰਥਨਾ ਕੀਤੀ। ਹਨੂੰਮਾਨ ਜੀ ਨੇ ਕਿਹਾ ਕਿ ਤੁਹਾਨੂੰ ਚਿਤਰਕੂਟ ’ਚ ਸ਼੍ਰੀ ਰਘੂਨਾਥ ਦੇ ਦਰਸ਼ਨ ਹੋਣਗੇ। ਚਿਤਰਕੂਟ ’ਚ ਇਨ੍ਹਾਂ ਨੇ ਰਾਮਘਾਟ ’ਤੇ ਆਸਣ ਜਮਾਇਆ। ਇਕ ਦਿਨ ਉਹ ਪ੍ਰਦਕਸ਼ਿਣਾ ਕਰਨ ਨਿੱਕਲੇ ਹੀ ਸਨ ਕਿ ਅਚਾਨਕ ਹੀ ਰਸਤੇ ’ਚ ਉਨ੍ਹਾਂ ਨੂੰ ਸ਼੍ਰੀ ਰਾਮ ਜੀ ਦੇ ਦਰਸ਼ਨ ਹੋਏ। ਤੁਲਸੀਦਾਸ ਉਨ੍ਹਾਂ ਨੂੰ ਦੇਖ ਕੇ ਖੁਸ਼ ਹੋਏ ਪਰ ਉਨ੍ਹਾਂ ਨੂੰ ਪਛਾਣ ਨਾ ਸਕੇ ਤਾਂ  ਹਨੂੰਮਾਨ ਜੀ ਨੇ ਆ ਕੇ ਉਨ੍ਹਾਂ ਨੂੰ ਸਾਰਾ ਭੇਦ ਦੱਸਿਆ ਤਾਂ ਇਹ ਪਛਤਾਵਾ ਕਰਨ ਲੱਗੇ।

ਇਸ ’ਤੇ ਹਨੂੰਮਾਨ ਜੀ ਨੇ ਉਨ੍ਹਾਂ ਨੂੰ ਹਮਦਰਦੀ ਦਿੱਤੀ ਅਤੇ ਕਿਹਾ ਸਵੇਰੇ ਸ਼੍ਰੀ ਰਾਮ ਫਿਰ ਦਰਸ਼ਨ ਦੇਣਗੇ। ਮੱਸਿਆ ਨੂੰ ਬੁੱਧਵਾਰ ਦੇ ਦਿਨ ਉਨ੍ਹਾਂ ਦੇ ਸਾਹਮਣੇ ਸ਼੍ਰੀ ਰਾਮ ਪ੍ਰਗਟ ਹੋਏ। ਉਨ੍ਹਾਂ ਨੇ ਬਾਲਕ ਰੂਪ ’ਚ ਆ ਕੇ ਤੁਲਸੀਦਾਸ ਨੂੰ  ਕਿਹਾ ਕਿ ਬਾਬਾ ਸਾਨੂੰ ਚੰਦਨ ਚਾਹੀਦਾ ਹੈ, ਕੀ ਤੁਸੀਂ ਸਾਨੂੰ ਚੰਦਨ ਦੇ ਸਕਦੇ ਹੋ? ਇਹ ਸੋਚ ਕੇ ਕਿ ਕਿਤੇ ਇਹ ਇਸ ਇਸ ਵਾਰ ਵੀ ਧੋਖਾ ਨਾ ਖਾ ਜਾਏ, ਇਸ ਲਈ ਹਨੂੰਮਾਨ ਜੀ ਨੇ ਤੋਤੇ ਦਾ ਰੂਪ ਧਾਰਨ ਕਰਕੇ ਇਹ ਦੋਹਾ ਕਿਹਾ :

ਚਿੱਤਰਕੂਟ ਦੇ ਘਾਟ ਪਰ ਭਈ ਸੰਤਨ ਕੀ ਭੀਰ
ਤੁਲਸੀਦਾਸ ਚੰਦਨ ਘਿਸੇ ਤਿਲਕ ਦੇਤ ਰਘੂਵੀਰ।

ਤੁਲਸੀਦਾਸ ਭਗਵਾਨ ਸ਼੍ਰੀ ਰਾਮ ਦਾ ਅਨੋਖਾ ਰੂਪ ਦੇਖ ਕੇ ਸੁਧ-ਬੁਧ ਗੁਆ ਬੈਠੇ। ਇਸ ਲਈ ਸ਼੍ਰੀ ਰਾਮ ਨੇ ਆਪਣੇ ਹੱਥ ਨਾਲ ਚੰਦਨ ਲੈ ਕੇ ਆਪਣੇ ਅਤੇ ਤੁਲਸੀਦਾਸ ਦੇ ਮੱਥੇ ’ਤੇ ਲਗਾਇਆ ਅਤੇ ਅੰਤਰਧਿਆਨ ਹੋ ਗਏ।
ਦੈਵਯੋਗ ਨਾਲ ਉਸ ਸਾਲ ਰਾਮ ਨੌਮੀ ਦੇ ਦਿਨ ਉਹੋ ਜਿਹਾ ਹੀ ਸੰਯੋਗ ਆਇਆ ਜਿਵੇ! ਤ੍ਰੇਤਾਯੁੱਗ ’ਚ ਰਾਮ ਜਨਮ ਦੇ ਦਿਨ ਸੀ। ਉਸ ਦਿਨ ਸਵੇਰੇ ਇਨ੍ਹਾਂ ਨੇ ਸ਼੍ਰੀ ਰਾਮਚਰਿਤ ਮਾਨਸ ਦੀ ਰਚਨਾ ਸ਼ੁਰੂ ਕੀਤੀ। ਇਸ ਮਹਾਨ ਗ੍ਰੰਥ ਦਾ ਲੇਖਨ 2 ਸਾਲ 7 ਮਹੀਨੇ 26 ਦਿਨਾਂ ’ਚ ਸੰਪੰਨ ਹੋਇਆ। ਇਸ ਤੋਂ ਬਾਅਦ ਭਗਵਾਨ ਰਾਮ ਦੀ ਕਿਰਪਾ ਨਾਲ ਤੁਲਸੀਦਾਸ ਕਾਸ਼ੀ ਚਲੇ ਗਏ। ਉਥੇ ਉਨ੍ਹਾਂ ਨੇ ਭਗਵਾਨ ਵਿਸ਼ਵਨਾਥ ਅਤੇ ਮਾਤਾ ਅੰਨਪੂਰਣਾ ਨੂੰ ਸ਼੍ਰੀ ਰਾਮਚਰਿਤ ਮਾਨਸ ਸੁਣਾਇਆ।

ਰਾਤ ਨੂੰ ਪੁਸਤਕ ਵਿਸ਼ਵਨਾਥ ਮੰਦਿਰ ’ਚ ਰੱਖ ਦਿੱਤੀ ਗਈ। ਸਵੇਰੇ ਜਦੋਂ ਮੰਦਿਰ ਦੇ ਪਟ ਖੋਲੇ ਗਏ ਤਾਂ ਪੁਸਤਕ ’ਤੇ ਲਿਖਿਆ ਪਾਇਆ ਗਿਆ ‘ਸੱਤਿਅਮ ਸ਼ਿਵਮ ਸੁੰਦਰਮ’ ਉਸ ਦੇ ਹੇਠਾਂ ਭਗਵਾਨ ਸ਼ੰਕਰ ਦੀ ਸਹੀ (ਪੁਸ਼ਟੀ) ਸੀ। ਉਸ ਸਮੇਂ ਉਥੇ ਹਾਜ਼ਰ ਲੋਕਾਂ ਨੇ ‘ਸੱਤਿਅਮ ਸ਼ਿਵਮ ਸੁੰਦਰਮ’ ਦੀ ਆਵਾਜ਼ ਵੀ ਕੰਨਾਂ ਨਾਲ ਸੁਣੀ।

ਕ੍ਰਿਸ਼ਣ ਪਾਲ ਛਾਬੜਾ, ਗੋਰਾਇਆ

Harinder Kaur

This news is Content Editor Harinder Kaur