ਆਰਤੀ ‘ਓਮ ਜੈ ਜਗਦੀਸ਼ ਹਰੇ ’ ਦੇ ਰਚਣਹਾਰ ਪੰ. ਸ਼ਰਧਾ ਰਾਮ ਫਿਲੌਰੀ

04/23/2022 6:36:04 PM

ਦੇਸ਼-ਵਿਦੇਸ਼ ’ਚ ਜਿਥੇ ਵੀ ਹਿੰਦੂ ਧਰਮ ਦੇ ਲੋਕ ਵਸਦੇ ਹਨ, ਉਥੇ ਪੰਡਿਤ ਸ਼ਰਧਾ ਰਾਮ ਫਿਲੌਰੀ ਵਲੋਂ  ਰਚੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਸ਼ਰਧਾ ਨਾਲ ਗਾਈ ਜਾਂਦੀ ਹੈ ਪਰ ਬਹੁਤ ਘੱਟ ਲੋਕ ਉਨ੍ਹਾਂ ਬਾਰੇ ਜਾਣਦੇ ਹੋਣਗੇ। ਵਿਸ਼ਵ ਪ੍ਰਸਿੱਧ ਆਰਤੀ ਦੇ ਰਚਣਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ 30 ਸਤੰਬਰ, 1837 ਨੂੰ ਸਤਲੁਜ ਦਰਿਆ ਦੇ ਕੰਢੇ ਵਸੇ ਫਿਲੌਰ ਸ਼ਹਿਰ ’ਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਵਿਸ਼ਣੂ ਦੇਵੀ ਜੋਸ਼ੀ ਅਤੇ ਪਿਤਾ ਦਾ ਪੰਡਿਤ ਜੈ ਦਿਆਲੂ ਜੋਸ਼ੀ ਸੀ।

ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਮੁੱਢਲੀ ਸਿੱਖਿਆ ਵੇਦਵੇਤਾ ਪੰਡਿਤ ਰਾਮ ਚੰਦਰ ਜੀ ਤੋਂ ਪ੍ਰਾਪਤ ਕੀਤੀ ਅਤੇ ਅਬਦੁੱਲਾ ਸ਼ਾਹ ਸੱਯਦ ਕੋਲੋਂ ਯੂਨਾਨੀ, ਫਾਰਸੀ ਆਦਿ ਦੀ ਸਿੱਖਿਆ ਲਈ। ਉਨ੍ਹਾਂ ਨੂੰ ਬਚਪਨ ਤੋਂ ਹੀ ਕਈ ਲਿੱਪੀਆਂ ਦਾ ਗਿਆਨ ਸੀ ਅਤੇ ਕਵਿਤਾ ਲਿਖਣ ਦੀ ਚੇਟਕ  ਬਚਪਨ ਤੋਂ ਹੀ ਪ੍ਰਗਟ ਹੋ ਗਈ ਸੀ। ਸਿਰਫ 18 ਸਾਲਾਂ ਦੀ ਉਮਰ ’ਚ ਉਨ੍ਹਾਂ ਨੇ ਮਹਾਭਾਰਤ ਅਤੇ ਸ਼੍ਰੀਮਦ ਭਾਗਵਤ ਦੀ ਕਥਾ ਸੁਣਾ ਕੇ ਦੇਸ਼ ’ਚ ਕਾਫੀ ਪ੍ਰਸਿੱਧੀ ਖੱਟੀ।

ਪੰਡਿਤ ਜੀ ਦੀ ਕਥਾ  ਵਾਚਕ ਪ੍ਰਣਾਲੀ ਆਮ ਪੰਡਿਤਾਂ ਵਰਗੀ ਨਹੀਂ ਸੀ। ਉਹ ਜਦੋਂ ਕਥਾ ਕਰਦੇ ਸਨ ਤਾਂ ਸੁਣਨ ਵਾਲਿਆਂ ਨੂੰ ਸਾਰੀਆਂ  ਘਟਨਾਵਾਂ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰਦੀਆਂ ਪ੍ਰਤੀਤ ਹੁੰਦੀਆਂ ਸਨ। 1862-63 ’ਚ ਪੰਡਿਤ ਜੀ ਕਪੂਰਥਲਾ ਆਏ। ਉਸ ਸਮੇਂ ਰਿਆਸਤ ਦੇ ਰਾਜਾ ਰਣਧੀਰ ਸਿੰਘ ਨੇ ਕੁਝ ਲੋਕਾਂ ਦੇ ਅਸਰ ’ਚ ਆ ਕੇ ਧਰਮ ਪਰਿਵਰਤਨ ਦਾ ਫੈਸਲਾ ਕੀਤਾ ਸੀ ਅਤੇ ਹੋਰ ਲੋਕਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰ ਰਹੇ ਸਨ। ਪੰਡਿਤ ਜੀ ਨੇ ਰਾਜਾ ਦੇ ਮਨ ’ਚ ਉੱਠਣ ਵਾਲੇ ਸਾਰੇ ਸਵਾਲਾਂ ਨੂੰ ਇਸ ਤਰ੍ਹਾਂ ਸ਼ਾਂਤ  ਕੀਤਾ ਕਿ ਰਾਜਾ ਨੇ ਆਪਣਾ ਵਿਚਾਰ ਤਿਆਗ ਦਿੱਤਾ। ਪੰਡਿਤ ਜੀ ਲਾਹੌਰ ਚਲੇ ਗਏ, ਜਿਥੇ ਉਨ੍ਹਾਂ ਨੇ ਗਿਆਨ ਮੰਦਿਰ ਬਣਵਾਇਆ ਅਤੇ ਚਾਰਾਂ ਵੇਦਾਂ ਨੂੰ ਪ੍ਰਤੀਸ਼ਿਠਿਤ ਕਰਵਾਇਆ।

ਉਸ ਤੋਂ ਬਾਅਦ ਉਨ੍ਹਾਂ ਨੇ ਫਿਲੌਰ ’ਚ ਵੀ ਚੌਕ ਪਾਸੀਆਂ ’ਚ ਆਪਣੇ ਆਸ਼ਰਮ ਦੇ ਸਥਾਨ ’ਤੇ ਹਰਿ ਗਿਆਨ ਮੰਦਿਰ ਬਣਵਾਇਆ।

ਪੰਡਿਤ ਜੀ ਨੇ ਹਿੰਦੀ ’ਚ ‘ਸੱਚ ਧਰਮ ਮੁਕਤਾਵਲੀ’, ‘ਤਤਵ ਦੀਪਕ’, ‘ਭਾਗਯਵਤੀ’, ‘ਰਮਲ ਕਾਮਧੇਨੂ’, ‘ਸਤੋਪਦੇਸ਼’, ‘ਸਤਿਯਾਮਿ੍ਰਤ ਪ੍ਰਵਾਹ’  ਅਤੇ ‘ਬੀਜ ਮੰਤਰ’ ਨਾਂ ਦੀਆਂ ਪੁਸਤਕਾਂ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਧਰਮ ਰੱਖਿਆ’, ‘ਧਰਮ ਸੰਵਾਦੇ’, ‘ਦੁਰਜਨ ਮੁਖ ਚਪੇਟਿਕਾ ਉਪਦੇਸ਼ ਸੰਗ੍ਰਹਿ’ ਅਤੇ ‘ਉਸੂਲੇ ਮਜਾਹਿਬ’ ਨਾਂ ਦੀਆਂ ਪੁਸਤਕਾਂ ਉਰਦੂ ’ਚ ਲਿਖੀਆਂ।

ਪੰਡਿਤ ਜੀ ਵਲੋਂ ਲਿਖੀਆਂ  ਪੰਜਾਬੀ  ’ਚ  ‘ਪੰਜਾਬੀ ਗੱਲਬਾਤ’ ਅਤੇ ‘ਸਿੱਖਾਂ ਦੇ ਰਾਜ ਦੀਆਂ ਵਿਧੀਆਂ’ ਨਾਂ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ। 24 ਜੂਨ, 1881 ਦੇ ਦਿਨ ਇਸ ਨਿਡਰ ਤੇ ਮਹਾਨ ਸਾਹਿਤਕਾਰ,  ਸੰਗੀਤ ਮਾਹਿਰ, ਜੋਤਿਸ਼ੀ, ਪਰਉਪਕਾਰੀ ਵਿਭੂਤੀ ਦਾ ਦੇਹਾਂਤ ਹੋ ਗਿਆ ਪਰ ਉਨ੍ਹਾਂ ਵਲੋਂ ਰਚੀ ਆਰਤੀ ਉਨ੍ਹਾਂ ਨੂੰ ਅਮਰ ਬਣਾ ਗਈ।                        

ਰਾਜ ਕੁਮਾਰ ਕਪੂਰ   

 

 

 

Harinder Kaur

This news is Content Editor Harinder Kaur