ਸੁਤੰਤਰ ਧਰਮ ਦਾ ਮੋਢੀ

08/13/2019 10:50:41 AM

ਸੁਤੰਤਰ ਧਰਮਾਂ ਦੇ ਮੋਢੀਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸ਼ਾਮਲ ਹਨ। ਇਸ ਦੇ ਬਾਵਜੂਦ ਕਿਸੇ ਨੇ ਇਹ ਨਹੀਂ ਕਿਹਾ ਕਿ ਬਾਬਾ ਨਾਨਕ, ਸੁਤੰਤਰ ਹੋਣ ਦੇ ਬਾਵਜੂਦ ਆਖਰੀ ਸਨ। ਉਨ੍ਹਾਂ ਦੇ ਸਮਕਾਲੀ ਨਾਥ ਜੋਗੀਆਂ ਨੇ ਉਨ੍ਹਾਂ ਤੋਂ ਸਵਾਲ ਵੀ ਇਹੀ ਪੁੱਛਿਆ ਸੀ ਕਿ ਉਨ੍ਹਾਂ ਦਾ ਗੁਰੂ ਕੌਣ ਹੈ? ਇਹ ਸਵਾਲ ਇਸ ਲਈ ਪੁੱਛਿਆ ਗਿਆ ਸੀ ਕਿਉਂਕਿ ਧਰਮ ਦੇ ਖੇਤਰ ਵਿਚ ਗੁਰੂ ਵਾਲਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਰਿਹਾ ਹੈ। ਇਹ ਠੀਕ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਗੁਰੂ ਨਹੀਂ ਧਾਰਿਆ ਸੀ ਅਤੇ ਉਨ੍ਹਾਂ ਨੂੰ ਜਨਮ ਤੋਂ ਗੁਰੂ ਮੰਨ ਲਿਆ ਗਿਆ ਸੀ। ਇਸੇ ਕਰ ਕੇ ਉਹ ਸੁਤੰਤਰ ਧਰਮ ਅਰਥਾਤ ਸਿੱਖ-ਧਰਮ ਦੇ ਮੋਢੀ ਹਨ। ਜਦੋਂ ਉਨ੍ਹਾਂ ਨੂੰ ਸਕੂਲ ਵਿਚ ਪੜ੍ਹਨੇ ਪਾਇਆ ਗਿਆ ਸੀ, ਉਦੋਂ ਵੀ ਉਨ੍ਹਾਂ ਨੇ ਆਪਣੇ ਅਧਿਆਪਕਾਂ ਨੂੰ ਇਹੋ ਜਿਹੇ ਸਵਾਲ ਕੀਤੇ ਸਨ, ਜਿਨ੍ਹਾਂ ਦੀ ਰੌਸ਼ਨੀ ਵਿਚ ਗੁਰੂ ਨਾਨਕ ਦੇਵ ਜੀ ਦੇ ਅਧਿਆਪਕਾਂ ਨੇ ਵੀ ਉਨ੍ਹਾਂ ਨੂੰ ਧੁਰ ਦਰਗਾਹੋਂ ਬਖਸ਼ਿਆ ਹੋਇਆ ਕਲਾਧਾਰੀ ਮਾਨਵ (ਗਏਨਿਸ) ਪ੍ਰਵਾਨ ਕਰ ਲਿਆ ਸੀ। ਉਨ੍ਹਾਂ ਦੀ ਇਹ ਸੋਭਾ ਚਾਰ ਚੁਫੇਰੇ ਖਿੱਲਰ ਗਈ ਸੀ ਅਤੇ ਸਮੇਂ ਦੇ ਹਾਕਮ ਰਾਇ ਬੁਲਾਰ ਦਾ ਵੀ ਇਹੀ ਵਿਸ਼ਵਾਸ ਬਣ ਗਿਆ ਸੀ। ਉਸ ਵੇਲੇ ਘਰ ਬਾਹਰ ਤਿਆਗਣ ਨੂੰ ਧਰਮੀ ਹੋਣ ਵਾਸਤੇ ਜ਼ਰੂਰੀ ਪ੍ਰਵਾਨ ਕਰ ਲਿਆ ਗਿਆ ਸੀ। ਗੁਰੂ ਨਾਨਕ ਦੇਵ ਜੀ ਧਰਮੀ ਤਾਂ ਸਨ ਪਰ ਤਿਆਗੀ ਹੋਣ ਵਾਲੇ ਪਾਸੇ ਉਹ ਨਹੀਂ ਤੁਰੇ ਸਨ। ਉਹ ਸਾਰੇ ਕੰਮ, ਬਾਬਾ ਨਾਨਕ ਆਮ ਬੰਦੇ ਵਾਂਗ ਕਰਦੇ ਰਹੇ ਸਨ, ਜਿਹੜੇ ਸਮਾਜ ਵਿਚ ਰਹਿੰਦਿਆਂ ਕਰਨੇ ਚਾਹੀਦੇ ਹਨ। ਉਨ੍ਹਾਂ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸੀ। ਉਨ੍ਹਾਂ ਨੌਕਰੀ ਵੀ ਕੀਤੀ ਸੀ। ਘਰ ਦੇ ਪਸ਼ੂਆਂ ਨੂੰ ਸੰਭਾਲਣ ਦਾ ਕੰਮ ਵੀ ਉਹ ਕਰਦੇ ਰਹੇ ਸਨ ਪਰ ਜੋ ਕੁਝ ਉਨ੍ਹਾਂ ਨੇ ਕੀਤਾ, ਉਹ ਇਸ ਤਰ੍ਹਾਂ ਕਰਦੇ ਰਹੇ ਸਨ ਜਿਵੇਂ ਉਨ੍ਹਾਂ ਦੀ ਸੁਰਤ ਕਿਧਰੇ ਹੋਰ ਜੁੜੀ ਹੋਈ ਹੋਵੇ। ਉਹ ਗੁਰੂ-ਸਰੀਰ ਵਾਂਗ ਨਹੀਂ, ਗੁਰੂ-ਜੋਤ ਵਾਂਗ ਵਿਚਰ ਰਹੇ ਸਨ। ਉਨ੍ਹਾਂ ਦੀ ਇਸ ਵਿਲੱਖਣਤਾ ਨੂੰ ਸਮਝਣਾ ਸੌਖਾ ਨਹੀਂ ਸੀ। ਇਹ ਸੱਚ ਆਮ ਸਮਝ ਵਿਚ ਉਤਾਰਨ ਵਾਸਤੇ ਬਾਬਾ ਨਾਨਕ ਤੀਹ ਸਾਲ ਦੀ ਉਮਰ ਤੱਕ ਆਮ ਬੰਦੇ ਵਾਂਗ ਵਿਚਰਦੇ ਰਹੇ ਸਨ। ਇਸ ਤਰ੍ਹਾਂ ਉਹ ਗ੍ਰਹਿਸਥੀ ਹੋ ਕੇ ਵੀ ਧਰਮੀ ਹੋਣ ਦਾ ਸਿੱਕਾ, ਆਪਣੇ ਆਲੇ-ਦੁਆਲੇ ਵਾਲਿਆਂ ਤੋਂ ਮੰਨਵਾ ਸਕੇ ਸਨ।

ਇਸ ਦੇ ਬਾਵਜੂਦ ਇਸ ਗੱਲ ਦਾ ਫਿਕਰ ਉਨ੍ਹਾਂ ਦੇ ਪਿਤਾ ਜੀ ਕਰਦੇ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਕਿਹੜੇ ਰਾਹੇ ਪੈ ਗਿਆ ਹੈ? ਜਾਣੀ-ਜਾਣ ਬਾਬਾ ਨਾਨਕ ਆਪਣੇ ਪਿਤਾ ਨਾਲ ਕਿਸੇ ਕਿਸਮ ਦੇ ਟਕਰਾਅ ਵਿਚ ਵੀ ਨਹੀਂ ਆਏ ਸਨ ਅਤੇ ਆਪਣੇ ਮਾਰਗ ’ਤੇ ਚੱਲਦੇ ਸਹਿਜ ਨਾਲ ਚੱਲਦੇ ਰਹੇ ਸਨ। ਬਾਬਾ ਨਾਨਕ ਦੇ ਪਿਤਾ ਮਹਿਤਾ ਕਾਲੂ ਜੇ ਇਕ ਬਾਪ ਵਾਂਗ ਆਪਣੇ ਪੁੱਤਰ ਨੂੰ ਸਫਲ ਹੁੰਦਾ ਵੇਖਦੇ ਰਹੇ ਸਨ ਅਤੇ ਇਸ ਦੇ ਨਾਲ ਚੱਲਦਿਆਂ ਬਾਬਾ ਨਾਨਕ, ਸਿੱਖ-ਧਰਮ ਦੀ ਸਥਾਪਨਾ ਵਾਸਤੇ ਲੋੜੀਂਦਾ ਮਾਹੌਲ ਪੈਦਾ ਕਰਦੇ ਰਹੇ ਸਨ। ਇਸ ਤਰ੍ਹਾਂ ਬਾਬਾ ਨਾਨਕ ਤੀਹ ਸਾਲਾਂ ਦੇ ਹੋ ਗਏ ਸਨ। ਆਪਣੀ ਭੈਣ ਨਾਨਕੀ ਦੇ ਪਿੰਡ ਸਰਕਾਰ ਦੀ ਨੌਕਰੀ ਕਰਦਿਆਂ ਵੀ ਉਹ ਕੁਝ ਸੋਚਦੇ ਰਹਿੰਦੇ ਸਨ ਅਤੇ ਇਸ ਗੱਲ ਦੀ ਚਰਚਾ ਲੋਕਾਂ ਵਿਚ ਹੁੰਦੀ ਰਹਿੰਦੀ ਸੀ। ਝਮੇਲਿਆਂ ਵਿਚ ਵੀ ਇਕੱਲੇ ਹੋ ਸਕਣ ਦੀ ਸ਼ਕਤੀ ਉਨ੍ਹਾਂ ਨੂੰ ਜਨਮ ਤੋਂ ਹੀ ਮਿਲੀ ਹੋਈ ਸੀ। ਇਹੀ ਸਮਾਂ ਸੀ ਜਦੋਂ ਇਕ ਦਿਨ ਉਹ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਸਨ ਅਤੇ ਤਿੰਨ ਦਿਨ ਵਾਪਸ ਹੀ ਨਹੀਂ ਮੁੜੇ ਸਨ। ਸਾਰਿਆਂ ਨੂੰ ਬੜਾ ਫਿਕਰ ਹੋਇਆ ਸੀ ਅਤੇ ਲੱਭਣ ਵਾਲਿਆਂ ਨੂੰ ਉਹ ਨਹੀਂ ਲੱਭੇ ਸਨ। ਤਿੰਨ ਦਿਨ ਬਾਅਦ ਜਦੋਂ ਉਹ ਵਾਪਸ ਮੁੜੇ ਸਨ ਤਾਂ ਉਨ੍ਹਾਂ ਨੇ ਇੰਨਾ ਹੀ ਕਿਹਾ ਸੀ-ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਬਸ ਇੱਥੋਂ ਹੀ ਉਨ੍ਹਾਂ ਦੇ ਸੁਤੰਤਰ ਧਰਮ ਸੰਸਥਾਪਕ ਦੀ ਭੂਮਿਕਾ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਬਾਬਾ ਨਾਨਕ ਧਰਮ ਸੰਸਥਾਪਕ ਵਜੋਂ ਪ੍ਰਗਟ ਹੋਏ ਸਨ, ਇਸ ਤਰ੍ਹਾਂ ਕਰਨ ਵਾਲਿਆਂ ਵਿਚ ਉਨ੍ਹਾਂ ਵਰਗਾ ਹੋਰ ਕੋਈ ਨਹੀਂ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਗੱਲਾਂ ਹੋਣਗੀਆਂ ਤਾਂ ਇਹ ਸਵਾਲ ਪੈਦਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਇਹੋ ਜਿਹੀ ਕਿਹੜੀ ਸ਼ਕਤੀ ਸੀ, ਜਿਹੜੀ ਉਨ੍ਹਾਂ ਨੂੰ ਧਾਰਮਿਕ ਕੱਟੜਵਾਦੀਆਂ ਤੋਂ ਬਚਾਈ ਰੱਖਦੀ ਸੀ। ਉਹ ਤਾਂ ਲੋੜਵੰਦਾਂ ਤੱਕ ਆਪ ਹੀ ਚੱਲ ਕੇ ਜਾਂਦੇ ਸਨ ਅਤੇ ਉਨ੍ਹਾਂ ਦੀਆਂ ਚਾਰ ਉਦਾਸੀਆਂ ਤਾਂ ਇਹੋ ਜਿਹੇ ਖਤਰਿਆਂ ਨਾਲ ਭਰੀਆਂ ਪਈਆਂ ਹਨ, ਜਿਨ੍ਹਾਂ ਬਾਰੇ ਸੋਚ ਕੇ ਅੱਜ ਵੀ ਬੰਦਾ ਡਰ ਜਾਂਦਾ ਹੈ। ਜਿਸ ਸਮਾਜ ਵਿਚ ਉਹ ਬਿਨਾਂ ਕਿਸੇ ਡਰ ਦੇ ਨਵੀਆਂ ਤੇ ਵਿਲੱਖਣ ਗੱਲਾਂ ਕਹਿ ਰਹੇ ਸਨ, ਉਸ ਸਮਾਜ ਵਿਚ ਤਾਂ ਬੇਗਾਨੀ ਜੂਹ ਵਿਚ ਖੰਗੂਰਾ ਮਾਰ ਕੇ ਲੰਘਣਾ ਵੀ ਔਖਾ ਸੀ। ਧਰਮ ਵਿਚ ਸਿੱਖਿਆ ਦੇਣ ਨੂੰ ਪਹਿਲ ਪ੍ਰਾਪਤ ਸੀ ਪਰ ਉਨ੍ਹਾਂ ਨੇ ਆਪਣੀ ਗੱਲ ਸਵਾਲਾਂ-ਜਵਾਬਾਂ ਵਿਚ ਕਹਿਣੀ ਸ਼ੁਰੂ ਕੀਤੀ ਹੋਈ ਸੀ। ਉਹ ਪਹਿਲਾਂ ਦੂਜੇ ਨੂੰ ਸਮਝਦੇ ਸਨ ਅਤੇ ਫਿਰ ਦੂਜੇ ਦੀ ਗੱਲ ਨੂੰ ਕੱਟੇ ਬਿਨਾਂ ਆਪਣੀ ਗੱਲ ਇਕ ਸਵਾਲ ਵਾਂਗ ਖੜ੍ਹੀ ਕਰ ਦਿੰਦੇ ਸਨ। ਉਨ੍ਹਾਂ ਦੀ ਇਸ ਸਮਰੱਥਾ ਨੂੰ ਵਿਗੜਿਆਂ-ਤਿਗੜਿਆਂ ਨੂੰ ਸੰਵਾਰਨ ਵਾਲੀ ਇਲਾਹੀ ਸ਼ਕਤੀ ਮੰਨਣਾ ਪਵੇਗਾ ਕਿਉਂਕਿ ਉਹ ਖਤਰੇ ਵਾਲੀਆਂ ਥਾਵਾਂ ’ਤੇ ਵੀ ਪ੍ਰਤਾਪੀ ਸ਼ਕਤੀ ਵਾਂਗ ਚਲੇ ਜਾਂਦੇ ਸਨ ਅਤੇ ਆਪਣੀ ਪ੍ਰਤਾਪੀ ਆਭਾ ਨਾਲ ਸੁੱਖ ਸ਼ਾਂਤੀ ਦਾ ਮਾਹੌਲ ਪੈਦਾ ਕਰ ਲੈਂਦੇ ਸਨ। ਇਹੋ ਜਿਹੇ ਜਗਮਗਾਉਂਦੇ ਮਸਤਕ ਵਾਲੀਆਂ ਸ਼ਖਸੀਅਤਾਂ ਦਾ ਰਾਹ ਕੌਣ ਰੋਕ ਸਕਦਾ ਹੈ। ਜਿੱਥੇ ਵੀ ਸ਼ਰਧਾਵਾਨਾਂ ਦੀ ਭੀੜ ਹੁੰਦੀ ਸੀ, ਉਹ ਓਸੇ ਥਾਂ ਨੂੰ ਆਪਣੀ ਗੱਲ ਕਹਿਣ ਵਾਸਤੇ ਚੁਣਦੇ ਸਨ। ਸ਼ਰਧਾਵਾਨ ਤਾਂ ਆਸਥਾ ਨਾਲ ਜੁੜੇ ਹੋਏ ਤੀਰਥਾਂ ਤੇ ਭੁੱਲਾਂ ਬਖਸ਼ਾਉਣ ਵਾਸਤੇ ਜਾਂਦੇ ਹਨ ਪਰ ਬਹੁਤੀ ਵਾਰ ਉਹ ਵਹਿਮਾਂ-ਭਰਮਾਂ ਦੀਆਂ ਪੰਡਾਂ ਚੁੱਕ ਕੇ ਵਾਪਸ ਪਰਤਦੇ ਹਨ। ਇਸੇ ਤੋਂ ਮੁਕਤੀ ਦੇ ਮਾਰਗ ਨੂੰ ਬਾਬਾ ਨਾਨਕ ਨੇ ਸਿੱਖੀ ਆਖਿਆ ਸੀ। ਇਸ ਦੀ ਮਿਸਾਲ ਹਰਿਦੁਆਰ ਦੇ ਮੇਲੇ ਵਿਚ ਗੰਗਾ ਦਾ ਪਾਣੀ ਸੂਰਜ ਨੂੰ ਦੇਣ ਦੀ ਥਾਂ, ਆਪਣੇ ਖੇਤਾਂ ਨੂੰ ਦੇਣ ਨਾਲ ਜੁੜਿਆ ਹੋਇਆ ਹੈ। ਇਹੋ ਜਿਹਾ ਸਾਹਸ ਪਹਿਲੀ ਵਾਰ ਹੋਇਆ ਹੀ ਕਹਿਣਾ ਚਾਹੀਦਾ ਹੈ। ਬਾਬਾ ਨਾਨਕ ਨੇ ਪ੍ਰਤੱਖ ਵੇਖ ਲਿਆ ਸੀ ਕਿ ਪੰਡਤਾਂ ਦੀ ਅਗਵਾਈ ਵਿਚ ਸ਼ਰਧਾਲੂਆਂ ਦੇ ਮਨਾਂ ਦੀ ਮੈਲ ਲਾਹੁਣ ਦੀ ਥਾਂ ਵਹਿਮਾਂ-ਭਰਮਾਂ ਨਾਲ ਜੋੜਿਆ ਜਾ ਰਿਹਾ ਹੈ। ਜਿਹੜੇ ਸ਼ਰਧਾਵਾਨ ਸੂਰਜ ਨੂੰ ਪਾਣੀ ਦੇ ਰਹੇ ਸਨ, ਉਨ੍ਹਾਂ ਦੇ ਚਿਹਰਿਆਂ ’ਤੇ ਉਦਾਸੀ ਛਾਈ ਹੋਈ ਸੀ। ਬਾਬਾ ਨਾਨਕ ਆਮ ਲੋਕਾਂ ਵਿਚਕਾਰ ਖਲੋ ਕੇ ਪੂਰਬ ਵੱਲ ਮੂੰਹ ਕਰਕੇ ਪਾਣੀ ਦੇਣ ਦੀ ਥਾਂ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਸੁਧਾਰਨ ਦੀ ਮਨਸ਼ਾ ਨਾਲ ਜਦੋਂ ਪੰਡਤਾਂ ਨੇ ਪੁੱਛਿਆ ਕਿ ਜਗਿਆਸੂ ਜਨ ਇਹ ਕੀ ਕਰ ਰਹੇ ਹੋ? ਇਸ ਸਵਾਲ ਦੇ ਜਵਾਬ ਨਾਲ ਬਾਬਾ ਨਾਨਕ ਦੇ ਧਾਰਮਿਕ ਮਿਸ਼ਨ ਦਾ ਕੰਮ ਸ਼ੁਰੂ ਹੋ ਗਿਆ ਸੀ। ਇਲਾਹੀ ਤਪ ਤੇਜ ਵਾਲੇ ਬਾਬਾ ਨਾਨਕ ਨੇ ਬਿਨਾਂ ਕਿਸੇ ਭਰਮ ਦੇ ਕਹਿ ਦਿੱਤਾ ਸੀ ਕਿ ਉਹ ਪਾਣੀ ਆਪਣੇ ਪੰਜਾਬ ਵਿਚਲੇ ਖੇਤਾਂ ਨੂੰ ਦੇ ਰਹੇ ਹਨ। ਉੱਤਰ ’ਤੇ ਸ਼ੱਕ ਕਰਨ ਵਾਲੇ ਇਹ ਕਹਿ ਕੇ ਫਸ ਗਏ ਸਨ ਕਿ ਇਥੋਂ ਪਾਣੀ ਪੰਜਾਬ ਦੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ? ਇਹੀ ਤਾਂ ਬਾਬਾ ਨਾਨਕ ਆਮ ਸ਼ਰਧਾਵਾਨ ਨਾਲ ਸਾਂਝਾ ਕਰਨਾ ਚਾਹੁੰਦੇ ਸਨ ਕਿ ਜੇ ਪਾਣੀ ਪੰਜਾਬ ਤੱਕ ਨਹੀਂ ਪਹੁੰਚ ਸਕਦਾ ਤਾਂ ਫਿਰ ਇਹੀ ਪਾਣੀ ਸੂਰਜ ਤੱਕ ਕਿਵੇਂ ਪਹੁੰਚ ਸਕਦਾ ਹੈ। ਇਸ ਨਾਲ ਆਮ ਬੰਦੇ ਨੂੰ ਸ਼ਰਧਾ ਦੀ ਘੁੰਮਣਘੇਰੀ ਦੇ ਪ੍ਰੰਪਰਕ ਰੋਹੜ ਵਿਚੋਂ ਕੱਢਣ ਦੀ ਨਵੀਂ ਗੱਲ ਸਾਹਮਣੇ ਆ ਗਈ ਸੀ। ਇਸ ਤਰ੍ਹਾਂ ਦੀਆਂ ਵਿਲੱਖਣਤਾਵਾਂ ਨੂੰ ਨਾਲ ਲੈ ਕੇ ਤੁਰਦੀ ਹੈ ਬਾਬਾ ਨਾਨਕ ਦੀ ਸਿੱਖੀ।

-ਬਲਕਾਰ ਸਿੰਘ

93163-01328