ਗੁਰੂ ਨਾਨਕ ਬਾਣੀ 'ਚ 'ਸਦਾਚਾਰ' ਦਾ ਸੰਕਲਪ

08/05/2019 12:10:34 PM

ਭਾਗ ਇਕ
ਗੁਰੂ ਨਾਨਕ ਬਾਣੀ 'ਚ 'ਸਦਾਚਾਰ' ਦਾ ਸੰਕਲਪ


ਜੀਵਨ ਨੂੰ ਆਦਰਸ਼ਕ ਤੇ ਸੁਚੱਜਾ ਬਣਾਉਣ ਲਈ ਧਰਮ, ਦਰਸ਼ਨ ਤੇ ਕਲਾ ਨੇ ਕਈ ਪ੍ਰਕਾਰ ਦੇ ਮਾਰਗ ਦਰਸਾਏ ਹਨ ਪ੍ਰੰਤੂ ਸਦਾਚਾਰ ਦਾ ਮਹੱਤਵ ਸਾਰਿਆਂ ਨੇ ਪ੍ਰਵਾਨ ਕੀਤਾ ਹੈ।  ਧਾਰਮਿਕ ਖੇਤਰ 'ਚ ਆਸਤਿਕ ਤੇ ਨਾਸਤਿਕ ਵਿਚਾਰਧਾਰਾ ਦੇ ਮੱਤ ਮਿਲਦੇ ਹਨ, ਜਿਨ੍ਹਾਂ ਦੇ ਬੁਨਿਆਦੀ ਵਿਸ਼ਵਾਸਾਂ 'ਚ ਕਾਫੀ ਅੰਤਰ ਹੈ ਪ੍ਰੰਤੂ ਸਦਾਚਾਰ ਬਾਰੇ ਦੋਵੇਂ ਸ਼੍ਰੇਣੀਆਂ ਦੇ ਮੱਤ ਇਸ ਗੱਲ ਬਾਰੇ ਸਹਿਮਤ ਹਨ ਕਿ ਸਦਾਚਾਰ ਬਿਨਾਂ ਜੀਵਨ ਨੂੰ ਉਚੇਰਾ ਨਹੀਂ ਬਣਾਇਆ ਜਾ ਸਕਦਾ। ਇਸ ਤੋਂ ਸਪੱਸ਼ਟ ਹੈ ਕਿ ਸਦਾਚਾਰ ਜੀਵਨ ਨੂੰ ਸ੍ਰੇਸ਼ਟ ਬਣਾਉਣ ਦਾ ਜ਼ਰੂਰੀ ਸਾਧਨ ਹੈ। ਹਰ ਧਰਮ ਦੇ ਬਾਨੀ ਨੇ ਇਸ ਦੀ ਵਿਸ਼ੇਸ਼ਤਾ ਨੂੰ ਉਜਾਗਰ ਕੀਤਾ ਹੈ। ਕੋਈ ਵੀ ਇਸ ਦੀ ਮਹਾਨਤਾ ਨੂੰ ਅੱਖੋਂ ਓਹਲੇ ਨਹੀਂ ਕਰ ਸਕਿਆ।

ਸਦਾਚਾਰ ਸ਼ਬਦ 'ਸਤ' ਅਤੇ 'ਆਚਾਰ' ਨਾਂ ਦੇ ਦੋ ਪਦਾਂ ਦੇ ਸੁਮੇਲ ਤੋਂ ਬਣਿਆ ਹੈ। ਸਤ  ਦਾ ਭਾਵ ਹੈ ਸ੍ਰੇਸ਼ਟ ਅਤੇ ਆਚਾਰ ਦੇ ਅਰਥ ਹਨ ਚਰਿੱਤਰ, ਚਾਲ-ਚਲਨ, ਵਿਵਹਾਰ, ਆਚਾਰ ਵਿਧੀ ਅਤੇ ਵਿਵਹਾਰ ਦਾ ਤਰੀਕਾ ਅਰਥਾਤ ਚੰਗਾ ਤੇ ਸੁਚੱਜਾ ਜੀਵਨ ਮਾਰਗ।
ਅੰਗਰੇਜ਼ੀ ਪਦ ਮੋਰਲ (MOR1L) ਦਾ ਕੋਸ਼ੀ ਅਰਥ 'ਸਿੱਖਿਆ' ਵੀ ਇਸੇ ਦੀ ਪੁਸ਼ਟੀ ਕਰਦਾ ਹੈ ਅਤੇ ਅਰਬੀ ਪਦ 'ਅਖਲਾਕ' ਦਾ ਅਰਥ ਸਨਾਤਨ ਜਾਂ ਪੁਰਾਤਨ ਹੈ। ਇਸ ਦਾ ਭਾਵ ਇਹ ਹੈ ਕਿ ਉਹ ਸਨਾਤਨ ਸਿਧਾਂਤ ਜੋ ਜੀਵਨ ਨੂੰ ਉੱਤਮ ਬਣਾਉਣ ਲਈ ਜ਼ਰੂਰੀ ਹੈ। ਇਸ ਸ਼ਾਬਦਿਕ ਵਿਚਾਰ ਤੋਂ ਸਪੱਸ਼ਟ ਹੈ ਕਿ ਸਦਾਚਾਰ ਉਹ ਸੰਕਲਪ ਹੈ, ਜਿਸ 'ਚ ਜੀਵਨ ਨੂੰ ਆਦਰਸ਼ਕ ਬਣਾਉਣ ਲਈ ਸਾਧਨ ਸ਼ਾਮਲ ਹੋਣ। ਇਹ ਸਾਧਨ ਮੁੱਢਲੇ ਹਨ। ਗੁਣਾਂ ਦਾ ਗ੍ਰਹਿਣ ਅਤੇ ਔਗੁਣਾਂ ਤੇ ਬੁਰਿਆਈਆਂ ਦਾ ਤਿਆਗ ਕਰਨਾ। ਕੋਈ ਮੱਤ ਭਾਵੇਂ ਉਹ ਆਸਤਿਕ ਹੈ ਭਾਵੇਂ ਨਾਸਤਿਕ, ਇਹ ਨਹੀਂ ਮੰਨਦਾ ਕਿ ਔਗੁਣ ਨਾ ਛੱਡੋ ਅਤੇ ਗੁਣ ਨਾ ਧਾਰਨ ਕਰੋ। ਹਰ ਮੱਤ ਗੁਣ ਗ੍ਰਹਿਣ ਕਰਨੇ ਔਗੁਣ ਛੱਡਣ 'ਤੇ ਜ਼ੋਰ ਦਿੰਦਾ ਹੈ।

''ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ'' ਭਾਰਤੀ ਦਰਸ਼ਨ ਦੇ ਵਿਭਿੰਨ ਮੱਤਾਂ ਨੇ ਵੀ ਵਧੀਆ ਜੀਵਨ ਜਿਉਣ ਲਈ ਭਿੰਨ ਪ੍ਰਕਾਰ ਦੇ ਨੈਤਿਕ ਗੁਣਾਂ ਨੂੰ ਧਾਰਨ ਕਰਨ ਤੇ ਔਗੁਣਾਂ ਤੋਂ ਬਚਣ ਦੀ ਹਦਾਇਤ ਕੀਤੀ ਹੈ।
ਵੈਸ਼ੇਸ਼ਿਕ 'ਚ ਸ਼ਰਧਾ, ਅਹਿੰਸਾ, ਪ੍ਰਾਣੀ ਮਾਤਰ ਪ੍ਰਤੀ ਦਇਆ ਦੀ ਭਾਵਨਾ, ਈਮਾਨਦਾਰੀ, ਸੱਚ ਬੋਲਣਾ, ਬ੍ਰਹਮਚਰਯ, ਮਨ ਦੀ ਸ਼ੁੱਧਤਾ, ਕ੍ਰੋਧ ਦਾ ਤਿਆਗ, ਕਰਤੱਵ ਪਾਲਣ 'ਚ ਆਲਸ ਨਾ ਕਰਨਾ ਆਦਿ, ਨੈਤਿਕ ਸਦਗੁਣਾਂ ਨੂੰ ਅਪਨਾÎਉਣ 'ਤੇ ਜ਼ੋਰ ਦਿੱਤਾ ਹੈ।

ਸਾਂਖ ਦਰਸ਼ਨ ਨੇ ਦੁੱਖ ਅਤੇ ਬੁਰਾਈ ਤੋਂ ਮੁਕਤ ਹੋਣ ਨੂੰ ਜੀਵਨ ਦਾ ਪਰਮ ਆਦਰਸ਼ ਮੰਨਿਆ ਹੈ।

ਇਵੇਂ ਹੀ ਯੋਗ ਦਰਸ਼ਨ 'ਚ ਯਮ ਅਤੇ ਨਿਯਮ ਦੇ ਅੰਤਰਗਤ, ਅਹਿੰਸਾ, ਈਮਾਨਦਾਰੀ, ਇੰਦਰੀਆਂ 'ਤੇ ਕਾਬੂ ਅਤੇ ਅਪਰਗ੍ਰਹਿ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਹੈ। ਨਾਲ ਹੀ ਅਹਿੰਸਾ, ਝੂਠ ਤੇ ਚੋਰੀ ਜਿਹੇ ਔਗੁਣਾਂ ਤੋਂ ਬਚਣ ਦੀ ਹਦਾਇਤ ਹੈ। ਨਿਯਮਾਂ 'ਚ ਆਂਤਰਿਕ ਤੇ ਬਾਹਰੀ ਸ਼ੁੱਧੀ, ਸੰਤੋਖ, ਤਪੱਸਿਆ ਅਤੇ ਈਸ਼ਵਰੀ ਭਗਤੀ ਦਾ ਵਰਣਨ ਹੋਇਆ ਹੈ।

ਮੀਮਾਂਸਾ 'ਚ ਉਚਿਤ ਜੀਵਨ ਦੀ ਯੋਜਨਾ ਨੂੰ ਧਰਮ ਕਿਹਾ ਗਿਆ ਹੈ। ਉਚਿਤ ਜੀਵਨ ਤੋਂ ਭਾਵ ਇਹ ਹੈ ਕਿ ਮਨੁੱਖ ਕਰਤੱਵ ਦਾ ਪਾਲਣ ਕਰਤੱਵ ਸਮਝ ਕੇ ਕਰੇ ਭਾਵ ਨਿਸ਼ਕਾਮ ਹੋ ਕੇ ਕਰਤੱਵ ਕਰੇ।
ਭਾਰਤੀ ਦਰਸ਼ਨ ਦੇ ਨਾਸਤਿਕ ਮੱਤ, ਬੁੱਧ ਮੱਤ ਦੇ ਅਸ਼ਟ ਮਾਰਗ 'ਚ ਵੀ ਅਹਿੰਸਾ, ਦਇਆ ਅਤੇ ਕਰੁਣਾ ਜਿਹੇ ਸਦਾਚਾਰਕ ਗੁਣਾਂ ਦਾ ਉਲੇਖ ਹੋਇਆ ਮਿਲਦਾ ਹੈ।
ਇਸ ਸਾਰੀ ਵਿਚਾਰ ਤੋਂ ਸਪੱਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਨੂੰ ਤਾਂ ਹੀ ਸਫਲ ਤੇ ਵਧੀਆ ਬਣਾ ਸਕਦਾ ਹੈ ਜੇ ਉਹ ਔਗੁਣ ਛੱਡ ਕੇ ਗੁਣਾਂ ਦਾ ਮਾਲਕ ਬਣੇ।
ਹੁਣ ਤੱਕ ਅਸੀਂ ਸਦਾਚਾਰ ਦਾ ਸ਼ਾਬਦਿਕ ਵਰਣਨ ਅਤੇ ਸਦਾਚਾਰ ਦੀ ਭਾਰਤੀ ਪਰੰਪਰਾ ਦਾ ਵਰਣਨ ਕੀਤਾ ਹੈ। ਹੱਥਲੇ ਲੇਖ ਦਾ ਵਿਸ਼ੈ ਗੁਰੂ ਨਾਨਕ ਬਾਣੀ 'ਚ ਵਰਣਿਤ ਸਦਾਚਾਰ ਦੇ ਸੰਕਲਪ ਨੂੰ ਉਜਾਗਰ ਕਰਨ ਦਾ ਉਪਰਾਲਾ ਕਰਨਾ ਹੈ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਾਰਤੀ ਦਾਰਸ਼ਨਿਕ ਪਰੰਪਰਾ ਦਾ ਸਦਾਚਾਰਕ ਸੰਕਲਪ ਸਾਂਝਾ ਹੀ ਹੈ, ਜਿਵੇਂ ਕਿ ਅਹਿੰਸਾ, ਸੱਚ, ਦਇਆ, ਸ਼ੁੱਧਤਾ ਤੇ ਪ੍ਰੇਮ ਜਿਹੇ ਗੁਣ ਸਾਰੇ ਭਾਰਤੀ ਦਰਸ਼ਨ ਤੇ ਗ੍ਰੰਥਾਂ 'ਚ ਉਪਲਬਧ ਹਨ। ਕਿਉਂਕਿ ਸਾਡੇ ਅਧਿਐਨ ਦਾ ਵਿਸ਼ੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ ਸਬੰਧਤ ਹੈ, ਨੂੰ ਭਾਰਤੀ ਪਰੰਪਰਾ ਵਿਰਸੇ 'ਚੋਂ ਮਿਲੀ ਸੀ। ਫਿਰ ਵੀ ਸਦਾਚਾਰ ਸਬੰਧੀ ਗੁਰਬਾਣੀ ਦਾ ਆਪਣਾ ਦ੍ਰਿਸ਼ਟੀਕੋਣ ਹੈ।

ਗੁਰੂ ਨਾਨਕ ਬਾਣੀ ਦੇ ਹਰ ਪੰਨੇ 'ਤੇ ਮਨੁੱਖ ਨੂੰ ਆਪਣਾ ਆਚਾਰ ਉੱਚਾ ਬਣਾਉਣ ਦਾ ਉਪਦੇਸ਼ ਹੈ। ਉੱਚੇ ਆਚਾਰ ਦਾ ਧਾਰਨੀ ਹੀ ਪ੍ਰਭੂ ਦੇ ਦਰਬਾਰ 'ਚ ਪੁੱਜ ਸਕਦਾ ਹੈ।
ਅਜਿਹਾ ਆਚਾਰ ਬਾਣੀ ਅਨੁਸਾਰ ਕੀ ਹੈ ਅਰਥਾਤ ਮਨੁੱਖ ਦੇ ਜੀਵਨ 'ਚ ਕਰਨ ਯੋਗ ਕੰਮ ਕਿਹੜੇ ਹਨ ਅਤੇ ਨਾ ਕਰਨ ਯੋਗ ਕਿਹੜੇ ਹਨ। ਗੁਰਬਾਣੀ 'ਚ ਮਨੁੱਖ ਨੂੰ ਦੂਜਿਆਂ ਨਾਲ ''ਸਤ ਬਿਉਹਾਰ'' ਭਾਵ ਸੱਚਾ ਸੁੱਚਾ ਵਿਵਹਾਰ ਕਰਨ ਦੀ ਹਦਾਇਤ ਹੈ।

ਕਰਿ ਮਨ ਮੇਰੇ ਸਤਿ ਬਿਉਹਾਰ।।

ਸੱਚਾ ਸੁੱਚਾ ਵਿਵਹਾਰ ਉਹ ਹੈ ਜਿਸ 'ਚ ਲੋਕ ਕਲਿਆਣ ਦੀ ਭਾਵਨਾ ਹੋਵੇ ਅਤੇ ਕਿਸੇ ਨੂੰ ਹਾਨੀ ਨਾ ਪਹੁੰਚੇ ਪਰ ਅਜਿਹਾ ਵਿਵਹਾਰ ਤਾਂ ਹੀ ਸੰਭਵ ਹੈ ਜੇ ਮਨੁੱਖ ਦਾ ਮਨ ਸ਼ੁੱਧ ਤੇ ਪਵਿੱਤਰ ਹੋਵੇ। ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਵਾਲੇ ਮਨੁੱਖ ਦਾ ਮਨ ਪਵਿੱਤਰ ਕਿਵੇਂ ਹੋ ਸਕਦਾ ਹੈ।

ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ।।

(ਆਸਾ ਬਾਣੀ ਸ਼ੇਖ ਫਰੀਦ ਜੀਉ ਕੀ 488)

ਮਨ ਦੀ ਸ਼ੁੱਧਤਾ 'ਤੇ ਇਸ ਲਈ ਜ਼ੋਰ ਹੈ ਕਿ ਪਹਿਲਾਂ ਮਨ 'ਚ ਹੀ ਵਿਚਾਰ ਪੈਦਾ ਹੁੰਦੇ ਹਨ। ਜਿਹੋ ਜਿਹੇ ਸੰਕਲਪ ਮਨ 'ਚ ਉੱਠਣਗੇ, ਉਨ੍ਹਾਂ ਦਾ ਉਹੋ ਜਿਹਾ ਹੀ ਪ੍ਰਗਟਾਅ ਬਾਹਰਮੁਖੀ ਕਿਰਿਆ ਦੁਆਰਾ ਕਰਾਂਗੇ। ਜੇ ਮਨ ਸ਼ੁੱਧ ਤੇ ਪਵਿੱਤਰ ਹੈ ਤਾਂ ਵਿਚਾਰ ਤੇ ਉਨ੍ਹਾਂ ਦਾ ਪ੍ਰਗਟਾਅ ਵੀ ਸ਼ੁੱਧ ਹੋਵੇਗਾ। 
ਹੁਣ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮਨ (ਹਿਰਦਾ) ਕਿਵੇਂ ਸ਼ੁੱਧ ਹੋਵੇ। 

ਗੁਰੂ ਨਾਨਕ ਸਾਹਿਬ ਅਨੁਸਾਰ ਹਿਰਦਾ ਤਾਂ ਹੀ ਸ਼ੁੱਧ ਹੋ ਸਕਦਾ ਹੈ ਜੇ ਮਨੁੱਖ ਨੂੰ ਸੱਚਾਈ ਤੇ ਅਸਲੀਅਤ ਦਾ ਗਿਆਨ ਹੋਵੇ। ਉਹ ਉਸ ਅਸਲੀਅਤ ਅਨੁਸਾਰ ਆਪਣਾ ਵਤੀਰਾ ਬਣਾਵੇ। 

ਮਨੁੱਖ ਨੇ ਸੁੰਦਰ ਸਰੀਰ ਤਾਂ ਏਥੇ ਹੀ ਛੱਡ ਜਾਣਾ ਹੈ ਪਰ ਆਪਣੇ ਨੇਕ ਤੇ ਮਾੜੇ ਕੰਮ ਨਹੀਂ ਛੱਡ ਜਾਣੇ, ਕਿਉਂਕਿ ਉਸ ਨੂੰ ਉਨ੍ਹਾਂ ਦਾ ਫਲ ਜ਼ਰੂਰ ਮਿਲਣਾ ਹੈ। ਇਸ ਮਨੁੱਖ ਨੇ ਆਪਣੇ ਸਥੂਲ ਬਿਰਤੀਆਂ ਦੇ ਧਾਰਨੀ ਮਨ ਅਨੁਸਾਰ ਮਨਮਾਨੀਆਂ ਕੀਤੀਆਂ ਹਨ। ਉਸ ਨੂੰ ਦੁੱਖ ਮਿਲੇਗਾ। ਅਜਿਹੀ ਅਵਸਥਾ, ਮਨੁੱਖ 'ਚ ਉਸ ਦੇ ਕੀਤੇ ਔਗੁਣਾਂ ਤੋਂ ਪਛਤਾਵਾ ਉਤਪੰਨ ਕਰਦੀ ਹੈ।

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ।।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।।
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।।
ਨੰਗਾ ਦੋਜਕਿ ਚਾਲਿਆ ਤਾ ਦਿਸੈਖਰਾ ਡਰਾਵਣਾ।।
ਕਰਿ ਅਉਗਣ ਪਛੋਤਾਵਣਾ।।

(ਆਸਾ ਵਾਰ 1, ਗੁਰੂ ਗ੍ਰੰਥ ਸਾਹਿਬ 470-71)

ਅਗਿਆਨਤਾ ਕਰ ਕੇ ਮਨੁੱਖ ਨੂੰ ਆਪਣੇ ਸਰੀਰ ਨਾਲ ਸਭ ਤੋਂ ਵੱਧ ਪਿਆਰ ਹੈ। ਉਹ ਆਪਣੇ-ਆਪ ਨੂੰ ਸੁਖਾਲਾ ਤੇ ਸੋਹਣਾ ਬਣਾਉਣ ਦੀ ਲਾਲਸਾ 'ਚ ਹਰ ਕੋਸ਼ਿਸ਼ ਕਰਦਾ ਹੈ। ਇਹ ਰੁਚੀ ਸਭ 'ਚ ਹੀ ਵਿਦਮਾਨ ਹੈ ਪਰ ਇੱਛਾ ਪਿੱਛੇ ਗਿਆਨ ਦੀ ਥਾਂ ਅਗਿਆਨਤਾ ਹੈ। ਇਸ ਲਈ ਇਹ ਰੁਚੀ ਸਾਰੀਆਂ ਹੱਦਾਂ ਲੰਘਾ ਕੇ ਖੁਦਗਰਜ਼ੀ ਦਾ ਰੂਪ ਧਾਰਨ ਕਰ ਲੈਂਦੀ ਹੈ। ਅਗਿਆਨਤਾ ਇਹੋ ਹੈ ਕਿ ਸਰੀਰ ਸਦਾ ਰਹਿਣ ਵਾਲਾ ਹੈ ਅਤੇ ਇਸ ਨੂੰ ਹਮੇਸ਼ਾ ਕਾਇਮ ਰੱਖਣ ਲਈ ਇਸ ਦਾ ਪਾਲਣ-ਪੋਸਣ ਜ਼ਰੂਰੀ ਹੈ। ਇਹ ਅਗਿਆਨਤਾ ਮਨੁੱਖ 'ਚ ਧਨ ਪਦਾਰਥ ਲਈ ਪਿਆਰ ਵਧਾਉਂਦੀ ਹੈ। ਤਾਂ ਹੀ ਮਨੁੱਖ ਕੇਵਲ ਆਪਣੇ ਭਲੇ ਨੂੰ ਪਹਿਲ ਦਿੰਦਾ ਹੈ ਅਤੇ ਖੁਦਗਰਜ਼ੀ ਦਾ ਸ਼ਿਕਾਰ ਹੁੰਦਾ ਹੈ। ਖੁਦਗਰਜ਼ੀ ਕਰ ਕੇ ਮਨੁੱਖ ਆਦਰਸ਼ਕ ਵਤੀਰੇ ਦਾ ਧਾਰਨੀ ਨਹੀਂ ਬਣ ਸਕਦਾ। ਅਜਿਹੀ ਅਵਸਥਾ 'ਚ ਮਨੁੱਖ ਦਾ ਵਤੀਰਾ ''ਬੋਲਿ ਨ ਜਾਣੈ ਮਾਇਆ ਮਦ ਮਾਤਾ'' ਵਾਲਾ ਹੋ ਜਾਂਦਾ ਹੈ।

'ਬੋਲ ਨਾ ਜਾਣਨ' ਦੀ ਹਾਲਤ 'ਚ ਮਨੁੱਖ ਦੂਜਿਆਂ ਨਾਲ ''ਸਤ ਵਿਵਹਾਰ'' ਨਹੀਂ ਕਰ ਸਕਦਾ ਕਿਉਂਕਿ ਮਾਇਆ ਦੇ ਅਹੰਕਾਰ ਮੱਤਾ ਮਨੁੱਖ ਦੂਜਿਆਂ ਦੇ ਹਿੱਤਾਂ ਦਾ ਸਤਿਕਾਰ ਕਰਨਾ ਭੁੱਲ ਜਾਂਦਾ ਹੈ।

ਮਾਇਆ ਦਾ ਅਹੰਕਾਰ ਹੀ ਮਨ ਦੇ ਅਸ਼ੁੱਧ ਹੋਣ ਦਾ ਅਸਲ ਕਾਰਨ ਹੈ, ਇਹੋ ਵੱਡਾ ਔਗੁਣ ਹੈ। ਗਿਆਨ ਨਾਲ ਇਨ੍ਹਾਂ ਔਗੁਣਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਗੁਣਾਂ ਦਾ ਧਾਰਨੀ ਬਣਿਆ ਜਾ ਸਕਦਾ ਹੈ। ਗੁਣਾਂ ਦਾ ਮਹੱਤਵ ਇਹ ਹੈ ਕਿ ਗੁਣਾਂ ਨਾਲ ਲਾਭ ਹੁੰਦਾ ਹੈ। ਇਹ ਮਨੁੱਖੀ  ਜੀਵਨ ਨੂੰ ਨਰੋਆ ਬਣਾਉਂਦੇ ਹਨ ਜਦਕਿ ਔਗੁਣ ਸਮੁੱਚੇ ਜੀਵਨ ਵਿਕਾਸ 'ਚ ਬਾਧਕ ਬਣਦੇ ਹਨ। ਗੁਣਾਂ ਦੀ ਏਨੀ ਮਹਾਨਤਾ ਹੈ ਕਿ ਗੁਣ ਵਾਲੇ ਅੰਦਰ ਪ੍ਰਭੂ ਆਪ ਵਸਦਾ ਹੈ ਜਦਕਿ ਅਉਗਣ ਵੰਤਿਆਂ ਤੋਂ ਪ੍ਰਭੂ ਦੂਰ ਭੱਜਦਾ ਹੈ।

ਜਿਨ ਗੁਣ ਤਿਨ ਸਦ ਮਨਿ ਵਸੈ ਅਉਗਣ ਵੰਤਿਆ ਦੂਰਿ।।

(ਸਿਰੀ ਰਾਗ 3, 27)

ਗੁਰੂ ਨਾਨਕ ਬਾਣੀ 'ਚ ਗੁਣ ਗ੍ਰਹਿਣ ਕਰਨ ਤੇ ਔਗੁਣ ਛੱਡਣ ਦੀ ਤਾਕੀਦ ਹੈ-

ਗੁਣਾਂ 'ਚ ਦਇਆ, ਸੰਤੋਖ, ਸੱਚ, ਜਤ, ਸਤ, ਸੰਜਮ, ਨਿਮਰਤਾ ਅਤੇ ਪ੍ਰੇਮ ਆਦਿ ਆ ਜਾਂਦੇ ਹਨ। ਗੁਰੂ ਨਾਨਕ ਨੇ ਦਇਆ ਨੂੰ ਪ੍ਰਮੁੱਖ ਗੁਣ ਮੰਨਿਆ ਹੈ। ਇਸ ਨੂੰ ਧਰਮ ਦਾ ਆਧਾਰ ਦੱਸਿਆ ਹੈ-

ਧੌਲ ਧਰਮ ਦਇਆ ਕਾ ਪੂਤੁ।।

(ਜਪੁਜੀ ਮ.1, ਪੰਨਾ. 3)
(ਚੱਲਦਾ)

ਪ੍ਰੋ. ਬਲਦੇਵ ਸਿੰਘ ਬੱਲੂਆਣਾ
(9876275719)