ਆਸਾ ਦੀ ਵਾਰ

10/29/2019 10:17:46 AM

ਬਾਬਾ ਨਾਨਕ ਵਲੋਂ ਲੋਕਾਂ ਨਾਲ ਜੁੜੀ ਹੋਈ ਹਰ ਵਿਧਾ ਰਾਹੀਂ ਉਨ੍ਹਾਂ ਤੱਕ ਪਹੁੰਚਣ ਦੀ ਓਸੇ ਤਰ੍ਹਾਂ ਕੋਸ਼ਿਸ਼ ਕੀਤੀ ਗਈ ਸੀ ਜਿਵੇਂ ਉਹ ਲੋੜਵੰਦ ਤੱਕ ਪਹੁੰਚਕੇ ਕਰਿਆ ਕਰਦੇ ਸਨ। ਉਨ੍ਹਾਂ ਦੀ ਬਾਣੀ ਦੀ ਬੋਲੀ, ਮੁਹਾਵਰਾ ਅਤੇ ਕਾਵਿ ਰੂਪ ਲੋਕ ਮਾਨਸਿਕਤਾ ਨਾਲ ਪਹਿਲਾਂ ਹੀ ਪ੍ਰੀਚਿਤ ਸਨ। ਇਸ ਕਰਕੇ ਬਾਬਾ ਨਾਨਕ ਆਮ ਲੋਕਾਂ ਨੂੰ ਆਪਣੇ ਲੱਗਦੇ ਸਨ ਅਤੇ ਗੁਰੂ ਰੂਪ 'ਚ ਉਹ ਆਮ ਬੰਦੇ ਦੇ ਗੁਰੂ ਨਾਨਕ ਦੇਵ ਜੀ ਹੋ ਗਏ ਸਨ। ਵਾਰ ਸਾਹਿਤ ਦੀ ਲੋਕ ਪ੍ਰੰਪਰਾ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਵਾਰਾਂ ਨੇੜਿਉਂ ਜੁੜੀਆਂ ਹੋਈਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ 22 ਵਾਰਾਂ 'ਚ ਆਸਾ ਦੀ ਵਾਰ ਦਾ ਅਹਿਮ ਸਥਾਨ ਇਸ ਕਰਕੇ ਹੈ, ਕਿਉਂਕਿ ਇਸ ਵਾਰ 'ਚ ਕਿਸੇ ਸਮਕਾਲ ਦੇ ਸੰਪੂਰਨ ਜੀਵਨ ਦਾ ਆਲੋਚਨਾਤਮਕ ਵਿਸ਼ਲੇਸ਼ਣ ਆ ਗਿਆ ਹੈ। ਸਿੱਖ ਭਾਈਚਾਰੇ 'ਚ ਇਸਦੇ ਸਦਾ ਸਨਮੁਖ ਰਹਿਣ ਲਈ ਇਸ ਬਾਣੀ ਦਾ ਅੰਮ੍ਰਿਤ ਵੇਲੇ ਕੀਰਤਨ ਲਗਾਤਾਰ ਹੁੰਦਾ ਆ ਰਿਹਾ ਹੈ। ਇਹ ਬਾਣੀ ਸਮੁੱਚੇ ਜੀਵਨ ਦੇ ਸਾਰੇ ਪਹਿਲੂਆਂ ਨਾਲ ਜੁੜੀ ਹੋਈ ਹੈ। ਇਸ ਵਾਰ ਨੂੰ ਟੁੰਡੇ ਅਸ ਰਾਜੇ ਦੀ ਧੁਨੀ 'ਤੇ ਗਾਉਣ ਦੀ ਹਦਾਇਤ ਨਾਲ ਪ੍ਰਾਪਤ ਨੂੰ ਨਾਲ ਲੈ ਕੇ ਤੁਰਨ ਦਾ ਪਹਿਲੂ ਸਾਹਮਣੇ ਆ ਗਿਆ ਹੈ। ਲੋਕ ਸਿਮਰਤੀ ਅਨੁਸਾਰ ਰਾਜਾ ਸਾਰੰਗ ਦੇ ਪੁੱਤਰ ਅਸਿਰਾਜ ਨੂੰ ਦੋਖੀਆਂ ਨੇ ਆਪਣੇ ਵਲੋਂ ਮਾਰ ਕੇ ਖੂਹ 'ਚ ਸੁੱਟ ਦਿੱਤਾ ਸੀ। ਜਿਸ ਨੂੰ ਰੱਬ ਰੱਖੇ ਉਸ ਨੂੰ ਕੌਣ ਮਾਰ ਸਕਦਾ ਹੈ। ਉਥੋਂ ਉਸ ਨੂੰ ਵਣਜਾਰੇ ਕੱਢ ਕੇ ਲੈ ਗਏ ਸਨ ਅਤੇ ਉਸ ਨੂੰ ਵਣਜਾਰਿਆਂ ਦਾ ਰਾਜਾ ਹੋ ਜਾਣ ਦਾ ਮਾਣ ਪ੍ਰਾਪਤ ਹੋ ਗਿਆ ਸੀ।

ਆਪਣੇ ਦੋਖੀਆਂ ਨਾਲ ਯੁੱਧ ਕਰ ਕੇ ਉਸ ਨੇ ਆਪਣੀ ਵਿਰਾਸਤੀ ਗੱਦੀ ਹਾਸਲ ਕਰ ਲਈ ਸੀ। ਹੱਕ ਸੱਚ ਅਤੇ ਖੋਹਾ ਖਿੰਝੀ ਵਿਚਕਾਰ ਯੁੱਧ ਵਾਂਗ ਢਾਡੀ ਗਾ ਕੇ ਇਸ ਸੱਚ ਨੂੰ ਸਥਾਪਤ ਕਰਨ ਦਾ ਯਤਨ ਕਰਦੇ ਰਹੇ ਸਨ ਕਿ ਮਿਹਰ ਦੇ ਪਾਤਰ ਸਦਾ ਜਿੱਤਦੇ ਰਹੇ ਹਨ। ਜਿਸ ਤਰ੍ਹਾਂ ਬਾਬਾ ਨਾਨਕ ਆਪਣੇ ਆਪ ਨੂੰ ਸ਼ਾਇਰ ਅਤੇ ਢਾਡੀ ਕਹਿੰਦੇ ਰਹੇ ਹਨ, ਇਸ ਦਾ ਇਸ ਤਰ੍ਹਾਂ ਪ੍ਰਗਟਾਵਾ ਕਿਸੇ ਅਵਤਾਰ ਜਾਂ ਪੈਗੰਬਰ ਨੇ ਕੀਤਾ ਹੋਵੇ, ਮੇਰੇ ਧਿਆਨ 'ਚ ਨਹੀਂ। ਆਸਾ ਦੀ ਵਾਰ ਦਾ ਆਰੰਭ ਮਾਨਸ ਨੂੰ ਦੇਵਤਾਪਨ ਦੇ ਰਾਹ ਪਾਉਣ ਵਾਲੀ ਨਾਨਕ-ਸਿਧਾਂਤਕੀ ਤੋਂ ਹੁੰਦਾ ਹੈ। ਇਸ ਸਿਧਾਂਤਕੀ ਦੀ ਚੂਲ਼ ਗੁਰੂ ਹੈ। ਗੁਰਮਤਿ 'ਚ ਸ਼ਬਦ-ਗੁਰੂ ਹੀ ਗੁਰੂ ਹੈ। ਮਾਰਗ ਦਰਸ਼ਨ ਕਰਨ ਵਾਲੀ ਚੇਤਨਾ ਨਾਲੋਂ ਟੁੱਟਾ ਹੋਇਆ ਬੰਦਾ ਅਫਲੇ ਹੋਏ ਤਿਲਾਂ ਦੇ ਬੂਟੇ ਵਰਗਾ ਬੰਦਾ ਹੈ। ਅਜਿਹਾ ਬੰਦਾ ਕਿਸੇ ਦੇ ਕੰਮ ਨਹੀਂ ਆ ਸਕਦਾ। ਇਹੋ ਜਿਹੇ ਬੰਦੇ ਨੂੰ ਸਰਬ ਵਿਆਪਕਤਾ ਵਰਗੀ ਸੂਖਮਤਾ ਦੀ ਸਮਝ ਕਿਥੋਂ ਆਉਣੀ ਹੈ। ਇਸੇ ਬੇ-ਸਮਝੀ ਕਰ ਕੇ ਸੱਚ ਦਾ ਪਾਸਾਰਾ ਅੱਖੋਂ ਓਹਲੇ ਹੋਇਆ ਰਹਿੰਦਾ ਹੈ। ਇਸ ਸਮਝ ਵੱਲ ਪਹਿਲਾ ਪੈਰ ਇਹ ਸਮਝਕੇ ਪੁੱਟਿਆ ਜਾ ਸਕਦਾ ਹੈ ਕਿ ਜੋ ਜੰਮਣ ਮਰਨ ਦੇ ਗੇੜ 'ਚ ਫਸਿਆ ਹੋਇਆ ਹੈ, ਉਹ ਸੱਚ ਨਹੀਂ ਹੋ ਸਕਦਾ।

ਇਸ ਤਰ੍ਹਾਂ ਦਿਸਦੇ ਸੱਚ (ਸਰਗੁਣ) ਅਤੇ ਨ ਦਿਸਣ ਵਾਲੇ ਸੱਚ (ਨਿਰਗੁਣ) 'ਚ ਫਰਕ ਸਮਝਣ ਦੀ ਸੋਝੀ ਗੁਆਚੀ ਰਹਿੰਦੀ ਹੈ। ਇਸ ਅਹਿਸਾਸ ਨਾਲ ਜੁੜ ਕੇ 'ਕੀਤਾ ਕਰਣਾ ਸਰਬਰ ਜਾਇ' ਵਾਲੇ ਮਾਰਗ ਦਾ ਪਾਂਧੀ ਬਣਿਆ ਜਾ ਸਕਦਾ ਹੈ। ਇਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ 'ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ'। ਇਸ ਤੋਂ ਘੁੱਥਿਆਂ ਨੂੰ ਹੁਕਮ ਦੀ ਸਮਝ ਅਤੇ ਭਾਣੇ ਦੀ ਸਕਰਮਕਤਾ ਨਾਲ ਜੁੜਨਾ ਪੈਂਦਾ ਹੈ। ਇਸ ਵਰਤਾਰੇ ਨਾਲ ਜੁੜੀਆਂ ਹੋਈਆਂ ਵਿਧੀਆਂ ਨੂੰ ਧਰਮ ਕਿਹਾ ਗਿਆ ਹੈ। ਇਨ੍ਹਾਂ ਵਿਧੀਆਂ ਨੂੰ ਵਰਤ ਕੇ ਜੋ ਨਾਮ ਦੇ ਰੰਗ 'ਚ ਰੰਗੇ ਜਾਂਦੇ ਹਨ, ਉਹੀ ਨਾਨਕ ਨਾਮਲੇਵਾ ਹੋ ਗਏ ਹਨ (ਪਉੜੀ ੨)।

ਪ੍ਰਾਪਤ ਨੂੰ ਬੁੱਝਣ ਅਤੇ ਹੰਢਾਉਣ ਦੀ ਵਿਧੀ ਨੂੰ ਗੁਰਮਤਿ ਕਿਹਾ ਹੋਇਆ ਹੈ ਅਤੇ ਇਸ ਨਾਲ ਵਿਸਮਾਦੀ ਵਰਤਾਰਿਆਂ ਨਾਲ ਜੁੜ ਸਕਣ ਦੇ ਵਿਸਮਾਦ ਦੀ ਗੱਲ ਕੀਤੀ ਹੋਈ ਹੈ। ਜੋ ਮਿਲਿਆ ਹੋਇਆ ਹੈ, ਉਹ ਸਭ ਕਾਦਰ ਦੀ ਕੁਦਰਤ ਹੈ ਅਤੇ ਉਸ ਨੂੰ ਹੁਕਮੀ ਬੰਦੇ ਵਾਂਗ ਜਿਊਣ ਵਾਲਾ ਸਿੱਖ ਹੈ। ਇਸ ਨਿਰਲੇਪ ਮਾਨਸਿਕਤਾ ਵਿਚ ਮਾਇਆਧਾਰੀ ਦਖਲ ਨਾਲ ਦੁਸ਼ਵਾਰੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਇਹ ਜਨਮ ਦੇ ਅਜਾਈਂ ਜਾਣ ਦਾ ਮਾਰਗ ਹੈ (ਪਉੜੀ ੩)। ਜੇ ਸਾਰੀ ਕੁਦਰਤ ਦਿੱਤੇ ਹੋਏ ਨਿਯਮਾਂ (ਹੁਕਮ) ਅਨੁਸਾਰ ਚੱਲ ਰਹੀ ਹੈ ਤਾਂ ਬੰਦੇ ਨੂੰ ਨਿਯਮਤ ਜੀਵਨ ਜਿਊਣ ਦਾ ਧਰਮ ਪਾਲਣਾ ਚਾਹੀਦਾ ਹੈ। ਕਿਸੇ ਵੀ ਕਾਰਨ ਜੋ ਅਜਿਹਾ ਨਹੀਂ ਕਰਦਾ ਉਹ ਰੱਬ ਦੇ ਸ਼ਰੀਕ ਵਾਂਗ ਜਿਊਣ ਦੀ ਹਉਮੈ ਦਾ ਸ਼ਿਕਾਰ ਹੋ ਕੇ ''ਹੋਰ ਹਿਕਮਤਿ ਹੁਕਮੁ ਖੁਆਰੁ'' ਵੱਲ ਤੁਰਿਆ ਹੋਇਆ ਸਮਝਣਾ ਚਾਹੀਦਾ ਹੈ। ਇਸ 'ਚੋਂ ਮਿਹਰ ਦੁਆਰਾ ਨਿਕਲਣਾ ਸੰਭਵ ਹੈ ''ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ''। ਅਜਿਹਾ ਇਸ ਲਈ ਕਿਹਾ ਰਿਹਾ ਹੈ ਕਿਉਂ ਕਿ ਪ੍ਰਾਪਤ ਧਰਮ ਦੇ ਸਮਕਾਲ ਨੂੰ ਮਿਥਹਾਸਕਤਾ ਨਾਲ ਢਕਣ ਦੀ ਕੋਸ਼ਿਸ਼ ਸਦਕਾ ਆਮ ਬੰਦਾ ਧਰਮ ਨਾਲੋਂ ਟੁੱਟਿਆ ਹੋਇਆ ਸੀ। ਇਸਦਾ ਨਤੀਜਾ ''ਵਾਇ ਨਿਚੇਲੇ ਨਚਨਿ ਗੁਰ'' ਅਤੇ ''ਰੋਟੀਆਂ ਕਾਰਣਿ ਪੂਰਹਿ ਤਾਲ'' 'ਚ ਸਭ ਦੇ ਸਾਹਮਣੇ ਸੀ। ਏਸੇ ਨੂੰ ਬਾਬਾ ਜੀ ਨੇ ਇਸ ਸੱਚ ਨਾਲ ਜੋੜਨ ਦੀ ਮੁਹਿੰਮ ਚਲਾਈ ਸੀ- ''ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ''। ਏਸੇ ਨੂੰ ਨੇਕੀ ਕਰਨ ਅਤੇ ਨਿਮਰ ਰਹਿਣ ਦੀ ਗੁਰਮਤਿ ਵਜੋਂ ਸਾਹਮਣੇ ਲਿਆਂਦਾ ਜਾ ਰਿਹਾ ਸੀ।

ਬੰਦੇ ਦੇ ਦਖਲ ਨਾਲ ਪੈਦਾ ਹੋਈ ਹਉਮੈ ਨਾਲ ਧਰਮ ਵੀ ਧੰਦਾ ਹੋ ਜਾਂਦਾ ਹੈ। ਹਉਮੈ ਦੀਆਂ ਗਿਆਨੀ ਪਰਤਾਂ ਕਿਸੇ ਕੰਮ ਨਹੀਂ ਆਉਂਦੀਆਂ। ਇਹ ਪ੍ਰਸੰਗ ''ਇਕਿ ਮੂਲੁ ਨ ਬੁਝਨਿ ਆਪਣਾ ਅਣਹੋਂਦਾ ਆਪੁ ਗਣਾਇਦੇ'' ਵਰਗਾ ਹੈ ਅਤੇ ਇਸ 'ਚੋਂ ਨਿਕਲਣ ਦਾ ਰਾਹ ''ਹਉਮੈ ਸਬ ਦਿਜ ਲਾਏ'' ਹੈ। ਇਹ ਮਾਰਗ ''ਸਹ ਜੇਹੀ ਸਚਿ ਸਮਾਇਆ'' ਦਾ ਹੈ। ਇਸ ਰਾਹ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਦੁੱਖ ਦਾਰੂ ਹੋ ਸਕਦਾ ਹੈ ਅਤੇ ਸੁਖ ਰੋਗ ਹੋ ਸਕਦਾ ਹੈ। ਜਿਵੇਂ ਜਲ ਨੂੰ ਸੰਭਾਲਣ ਲਈ ਘੜਾ ਚਾਹੀਦੈ, ਉਵੇਂ ਹੀ ਮਨ ਨੂੰ ਸੰਭਾਲਣ ਲਈ ਗਿਆਨ/ਸੋਝੀ/ਚੇਤਨਾ ਚਾਹੀਦੀ ਹੈ। ਇਸ ਤਰ੍ਹਾਂ ਪੈਦਾ ਹੋਈ ਮਾਨਸਿਕਤਾ ''ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ'' ਦੀ ਧਾਰਨੀ ਹੋ ਸਕਦੀ ਹੈ। ਰਹਿਤਨੁਮਾ ਧਰਮ ਨਾਲ ਸ਼ੁਰੂ ਤਾਂ ਕੀਤਾ ਜਾ ਸਕਦਾ ਹੈ, ਮੁਕਾਇਆ ਨਹੀਂ ਜਾ ਸਕਦਾ। ਤਾਂ ਤੇ ਕਹਿ ਸਕਦੇ ਹਾਂ ਕਿ ਰਹਿਤ ਨਾਲ ਐਬਾਂ ਨੂੰ ਢਕਣ ਵਾਲੇ ਧਰਮੀ ਕਿਵੇਂ ਹੋ ਸਕਦੇ ਹਨ? ਸੁੱਚਮ, ਦਿੱਭਤਾ ਦੇ ਰੰਗ 'ਚ ਰੰਗੇ ਜਾਣ ਵਿਚ ਹੈ (ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ)। ਧਰਮ, ਵੰਡੀਆਂ ਨਹੀਂ ਪਾਉਂਦਾ। ਤਾਂ ਤੇ ਇਹ ਨਹੀਂ ਭੁਲਣਾ ਚਾਹੀਦਾ ਕਿ ਦਾਤੇ ਨਾਲ ਮਰਜ਼ੀ ਨਹੀਂ ਚੱਲਦੀ ਕਿਉਂਕਿ ਉਥੇ ਤਾਂ ਬੇਨਤੀ ਹੀ ਚੱਲ ਸਕਦੀ ਹੈ- ''ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ''। ਇਸ ਤਰ੍ਹਾਂ ਆਸਾ ਦੀ ਵਾਰ ਰਾਹੀਂ ਦਿੱਭ ਵਰਤਾਰਿਆਂ 'ਚ ਵਿਚਰਦੇ ਭਾਈਵਾਲਾਂ ਨੂੰ ਸਮਝਾਇਆ ਹੋਇਆ ਹੈ ਕਿ ਸੰਤੋਖੀ ਸੁਭਾ, ਚੇਤਨਾ ਦੀ ਅਗਵਾਈ 'ਚ ਪ੍ਰਾਪਤ ਨਾਲ ਨਿਭਣ ਦਾ ਬਿਰਦ ਪਾਲ ਸਕਦਾ ਹੈ।

ਬਲਕਾਰ ਸਿੰਘ ਪ੍ਰੋਫੈਸਰ
93163-01328

rajwinder kaur

This news is Edited By rajwinder kaur