ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ

06/20/2019 11:45:39 AM

(ਕਿਸ਼ਤ ਸੱਤਵੀਂ)
ਧਿਆਨ-ਮਗਨਤਾ, ਸੰਵਾਦ-ਕਲਾ ਅਤੇ ਸੰਸਕ੍ਰਿਤ ਦੀ ਪੜ੍ਹਾਈ


ਸ੍ਰੀ ਗੁਰੂ ਨਾਨਕ ਸਾਹਿਬ ਨੂੰ ਲੈ ਕੇ, ਰਾਇ ਭੋਇ ਦੀ ਤਲਵੰਡੀ ਦੇ ਪਰੋਹਿਤ ਹਰਦਿਆਲ ਅਤੇ ਪਾਂਧੇ ਗੋਪਾਲ ਜੀ ਦਰਮਿਆਨ ਵੀ ਗਾਹੇ-ਬਗਾਹੇ ਵਿਚਾਰ-ਚਰਚਾ ਹੁੰਦੀ ਹੀ ਰਹਿੰਦੀ ਸੀ। ਨਾਨਕ ਸਾਹਿਬ ਦਾ ਟੇਵਾ ਬਣਾਉਣ ਵਾਲੇ ਪੰਡਤ ਹਰਦਿਆਲ ਜੀ ਨੂੰ ਉਨ੍ਹਾਂ ਦੇ ਅਵਤਾਰੀ, ਚਮਤਕਾਰੀ, ਮਹਾਨ ਤਪੱਸਵੀ ਅਤੇ ਚਮਕਾਰੇ ਵਾਲੇ ਫਕੀਰ/ਦਰਵੇਸ਼ੀ ਹੋਣ ਬਾਰੇ, ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਸੀ। ਪਹਿਲਾਂ ਪਹਿਲ ਭਾਵੇਂ ਪਾਂਧਾ ਗੋਪਾਲ ਜੀ, ਕਈ ਕਾਰਣਾਂ ਕਰਕੇ, ਪੰਡਤ ਹਰਦਿਆਲ ਜੀ ਦੀ ਰਾਇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ ਪਰ ਪ੍ਰਵਾਨਿਤ ਲੋਕ-ਕਥਨ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਜਿਉਂ ਹੀ ਉਨ੍ਹਾਂ ਨੂੰ ਬਾਲ ਨਾਨਕ ਨੂੰ ਆਪ ਨੇੜਿਉਂ ਵੇਖਣ, ਵਾਚਣ ਅਤੇ ਨਿਹਾਰਣ ਦਾ ਅਵਸਰ ਮਿਲਿਆ ਤਾਂ ਉਨ੍ਹਾਂ ਨੂੰ ਪ੍ਰੋਹਿਤ ਹਰਦਿਆਲ ਜੀ ਦੀ ਰਾਇ ਨਾਲ ਪੂਰੀ ਤਰ੍ਹਾਂ ਸਹਿਮਤੀ ਪ੍ਰਗਟ ਕਰਨ 'ਚ ਬਹੁਤੀ ਦੇਰ ਨਾ ਲੱਗੀ। ਉਸਤਾਦ ਗੋਪਾਲ ਜੀ ਨਾਲ ਹੋਏ ਅਰਥ-ਭਰਪੂਰ ਸੰਵਾਦ ਤੋਂ ਬਾਅਦ, ਨਾਨਕ ਜੀ ਦੁਬਾਰਾ ਕਦੇ ਉਨ੍ਹਾਂ ਪਾਸ ਪੜ੍ਹਨ ਨਾ ਗਏ। ਕਿੰਨਾ-ਕਿੰਨਾ ਚਿਰ ਘਰ 'ਚ ਹੀ ਚੁੱਪਚਾਪ ਧਿਆਨ-ਮਗਨ ਬੈਠੇ ਰਹਿਣਾ। ਕਦੇ-ਕਦੇ ਥੋੜ੍ਹੇ ਜਿਹੇ ਸਮੇਂ ਲਈ, ਹਾਣੀਆਂ ਸੰਗ ਬਾਹਰ ਖੇਡਣ ਚਲੇ ਜਾਣਾ ਪਰ ਜਦੋਂ ਕਦੇ ਵੀ ਘਰੋਂ ਬਾਹਰ ਨਿਕਲਣਾ ਤਾਂ ਜ਼ਿਆਦਾ ਵਕਤ ਪਿੰਡ ਦੇ ਨਾਲ ਲਗਦੇ ਸੰਘਣੇ ਜੰਗਲ 'ਚ ਪੀਰਾਂ-ਸ਼ਕੀਰਾਂ ਅਤੇ ਸਾਧਾਂ-ਸੰਤਾਂ ਦੀ ਸੰਗਤ 'ਚ ਬਤੀਤ ਕਰਨਾ ਉਨ੍ਹਾਂ ਨਾਲ ਕਿੰਨਾ-ਕਿੰਨਾ ਚਿਰ ਸਰੀਰ ਤੋਂ ਅਗਾਂਹ ਮਨ ਅਤੇ ਰੂਹ ਦੇ ਦੇਸ਼ ਦੀਆਂ ਬਾਤਾਂ ਕਰਦੇ ਰਹਿਣਾ। ਦੂਜਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ, ਗੱਲ-ਬਾਤ ਕਰਦਿਆਂ ਨਾਨਕ ਜੀ ਕਦੇ ਕਾਹਲੇ ਨਹੀਂ ਸਨ ਪੈਂਦੇ। ਉਤੇਜਿਤ ਨਹੀਂ ਸਨ ਹੁੰਦੇ। ਬੜੀ ਸਹਿਜਤਾਈ ਅਤੇ ਸੰਜੀਦਗੀ ਨਾਲ ਪਹਿਲਾਂ ਦੂਸਰੇ ਦੀ ਗੱਲ ਧਿਆਨ ਨਾਲ ਸੁਣਦੇ|ਬਾਅਦ 'ਚ ਲੋੜ ਪੈਣ 'ਤੇ ਬੜੇ ਸੰਜਮ ਅਤੇ ਠਰਮੇ ਨਾਲ ਆਪਣੀ ਗੱਲ ਕਹਿੰਦੇ। ਦਰਅਸਲ ਛੋਟੀ ਉਮਰ ਤੋਂ ਹੀ ਉਹ ਸੰਵਾਦ ਕਰਨ 'ਚ ਬੜੇ ਮਾਹਰ ਸਨ। ਕਿਹਾ ਜਾ ਸਕਦਾ ਹੈ ਕਿ ਸੰਵਾਦ-ਕਲਾ 'ਚ ਉਹ ਅਦੁੱਤੀ ਸਨ। ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਹ ਆਪਣੀ ਮਿਸਾਲ ਆਪ ਸਨ। 

ਜਿੰਨਾ ਸਮਾਂ ਨਾਨਕ ਸਾਹਿਬ, ਪਾਂਧਾ ਗੋਪਾਲ ਜੀ ਕੋਲ ਪੜ੍ਹਨ ਲਈ ਜਾਂਦੇ ਰਹੇ। ਸੁਭਾਵਕ ਹੀ ਪਿਤਾ ਕਾਲੂ ਜੀ ਅਤੇ ਉਨ੍ਹਾਂ ਦਾ ਹੋਰ ਸਾਰਾ ਪਰਿਵਾਰ ਬੜਾ ਪ੍ਰਸੰਨ-ਸੰਤੁਸ਼ਟ ਅਤੇ ਨਿਸ਼ਚਿਤ ਰਿਹਾ। ਵਿਸ਼ੇਸ਼ ਕਰਕੇ ਪੁੱਤਰ ਨੂੰ ਕਿਸੇ ਆਹਰੇ ਲੱਗਾ ਵੇਖ, ਪਿਤਾ ਮਹਿਤਾ ਕਾਲੂ ਜੀ ਦਾ ਅਧੀਰ ਅਤੇ ਫਿਕਰਮੰਦ ਰਹਿੰਦਾ ਮਨ, ਹੁਣ ਡਾਢੇ ਧਰਵਾਸ ਅਤੇ ਟਿਕਾਓ 'ਚ ਸੀ ਪਰ ਰੱਬ ਦੀ ਰਜ਼ਾ ਚੈਨ, ਸ਼ਾਂਤੀ, ਤਸੱਲੀ ਅਤੇ ਟਿਕਾਓ ਵਾਲੀ ਇਹ ਅਵਸਥਾ ਲੰਮਾ ਸਮਾਂ ਕਾਇਮ ਨਾ ਰਹਿ ਸਕੀ। ਹੋਇਆ ਇਵੇਂ ਕਿ ਕੁੱਝ ਅਰਸੇ ਬਾਅਦ ਇਕ ਵਾਰ ਫਿਰ ਪੁੱਤਰ ਦੇ ਘਰ ਬੈਠੇ ਰਹਿਣ, ਅਕਸਰ ਗੋਸ਼ਾ ਨਸ਼ੀਨ ਹੋ ਜਾਣ, ਜੰਗਲ-ਬੇਲਿਆਂ ਅੰਦਰ ਪੀਰਾਂ-ਸ਼ਕੀਰਾਂ ਨਾਲ ਮਜਲਿਸਾਂ ਕਰਨ ਅਤੇ ਉਨ੍ਹਾਂ ਨਾਲ ਵਧੇਰੇ ਬੈਠਣੀ-ਉੱਠਣੀ ਨੂੰ ਵੇਖਦਿਆਂ, ਪਿਤਾ ਮਹਿਤਾ ਕਾਲੂ ਜੀ ਦਾ ਮਨ ਦੁਬਾਰਾ ਬੜਾ ਚਿੰਤਤ, ਅਧੀਰ, ਬੇਚੈਨ, ਪਰੇਸ਼ਾਨ ਅਤੇ ਦੁੱਖੀ ਹੋ ਉਠਿਆ। ਪਰੇਸ਼ਾਨੀ ਦਾ ਕੋਈ ਕਾਰਗਰ ਹੱਲ ਲੱਭਦਾ ਨਾ ਵੇਖ ਅਤੇ ਕਿਸੇ ਤਰੀਕੇ ਕੋਈ ਪੇਸ਼ੀ ਚੱਲਦੀ ਨਾ ਵੇਖ, ਆਖਰਕਾਰ ਮਹਿਤਾ ਕਾਲੂ ਜੀ ਨੇ ਆਪਣੇ ਦਿੱਲ ਦਾ ਗੁੱਭ-ਗੁਲਾਟ ਕੱਢਣ ਅਤੇ ਦਰਪੇਸ਼ ਸਮੱਸਿਆ ਦੇ ਸਮਾਧਾਨ ਲਈ ਦੁਬਾਰਾ ਪ੍ਰੋਹਿਤ ਹਰਦਿਆਲ ਜੀ ਦਾ ਦਰ ਖੜਕਾਇਆ। ਮਿਲਣ 'ਤੇ ਰੋਸ ਅਤੇ ਗਿਲਾ ਕਰਦਿਆਂ ਚੋਭ ਲਾਈ, ਪ੍ਰੋਹਿਤ ਜੀ, ਤੁਸਾਂ ਮੇਰੇ ਪੁੱਤਰ ਦੀ ਭਲੀ ਪੱਤਰੀ ਲਿਖੀ ਐ, ਚੰਗੇ ਨਛੱਤਰ ਵਿਚਾਰੇ ਜੇ। ਮੇਰਾ ਪੁੱਤਰ ਤਾਂ ਆਲਸੀ ਹੋ, ਹਰ ਵੇਲੇ ਘਰ ਪਿਆ ਰਹਿੰਦਾ ਹੈ ਜਾਂ ਦਰਿੱਦਰੀਆਂ ਨਾਲ ਵਣ 'ਚ ਜਾ ਗੋਸ਼ੇ ਕਰਦਾ ਹੈ। ਤੁਹਾਡੇ ਦੱਸਣ ਅਨੁਸਾਰ, ਮੇਰਾ ਨਾਂ ਚੰਗਾ ਰੋਸ਼ਨ ਕਰ ਰਿਹਾ ਹੈ। ਇੰਨਾ ਸਮਾਂ ਪਾਂਧਾ ਗੋਪਾਲ ਜੀ ਪਾਸੋਂ ਜੋ ਹਿਸਾਬ-ਕਿਤਾਬ ਪੜ੍ਹਦਾ-ਲਿਖਦਾ ਰਿਹਾ ਹੈ, ਉਹ ਵੀ ਕਿਸੇ ਕੰਮ ਨਹੀਂ ਆਇਆ। ਨਿਕੰਮੇ ਨੇ, ਨਿਖੱਟੂ ਨੇ ਸਾਰੀ ਕੀਤੀ ਕੱਤਰੀ ਖੂਹ 'ਚ ਪਾ ਦਿੱਤੀ। ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਪਈ ਦੱਸੋ ਹੁਣ ਮੈਂ ਕੀ ਕਰਾਂ ਅਤੇ ਕੀ ਨਾ ਕਰਾਂ?

ਪ੍ਰੋਹਿਤ ਹਰਦਿਆਲ ਜੀ ਨੇ ਜਜਮਾਨ ਦੀ ਸਮੱਸਿਆ ਅਤੇ ਵਿਅੰਗਾਤਮਕ ਬੋਲ ਬੜੇ ਧੀਰਜ ਅਤੇ ਧਿਆਨ ਨਾਲ ਸੁਣੇ। ਉਪਰੰਤ ਹੌਂਸਲਾ ਦਿੰਦਿਆਂ ਅਤੇ ਧੀਰ ਬੰਧਾਉਂਦਿਆਂ ਦਾਨਿਆਂ ਵਾਲੀ ਮੱਤ ਦਿੱਤੀ, ਮਹਿਤਾ ਜੀ, ਤੱਤੇ ਨਾ ਹੋਵੋ, ਚਿੰਤਾ ਨਾ ਕਰੋ। ਪੁੱਤਰ ਬੜੀ ਨਿਆਮਤ ਹੁੰਦੇ ਨੇ ਅਤੇ ਮੇਰੀ ਸਮਝ ਹਾਲੇ ਵੀ ਇਹੋ ਕਹਿੰਦੀ ਹੈ ਕਿ ਤੁਹਾਡਾ ਇਹ ਪੁੱਤਰ ਬੜਾ ਤੇਜੱਸਵੀ, ਤਪੱਸਵੀ ਅਤੇ ਭਾਗਸ਼ਾਲੀ ਹੈ। ਇਸ ਨੇ ਤੁਹਾਡੇ ਵਾਰੇ ਨਿਆਰੇ ਕਰਵਾ ਦੇਣੇ ਨੇ। ਇਹ ਤਾਂ ਜਗਤ ਦੇ ਕਲਿਆਣ ਹਿਤ, ਧੁਰ ਦਰਗਾਹੋਂ ਆਈ ਇਕ ਪਾਕ-ਪਵਿੱਤਰ ਪਰਮਾਤਮੀ ਰੂਹ ਹੈ। ਥੋੜ੍ਹਾ ਸਬਰ ਕਰੋ। ਉਡੀਕ ਕਰੋ। ਉਦਾਸ, ਨਿਰਾਸ਼ ਅਤੇ ਹਤਾਸ਼ ਹੋਣ ਵਾਲੀ ਕੋਈ ਗੱਲ ਨਹੀਂ। ਜੇਕਰ ਲੇਖੇ-ਪੱਤੇ ਅਤੇ ਵਹੀ-ਖਾਤੇ ਨਾਲ ਜੁੜੀ ਜਗਤ-ਵਿਹਾਰ ਵਾਲੀ ਵਿੱਦਿਆ 'ਚ ਬਾਲਕੇ ਦਾ ਮਨ ਨਹੀਂ ਭਿੱਜਦਾ, ਨਹੀਂ ਰੀਝਦਾ ਤਾਂ ਇਸ ਦੀ ਉਚੇਰੀ ਰੂਹਾਨੀ ਤਲਬ, ਰੁੱਚੀ ਅਤੇ ਪਰਵਾਜ਼ ਅਨੁਸਾਰ, ਇਸ ਨੂੰ ਉੱਚ ਦਰਸ਼ਨ ਵਿੱਦਿਆ ਦੇ ਗਿਆਤਾ ਕਿਸੇ ਬ੍ਰਿਜ ਨਾਥ/ਬ੍ਰਿਜ ਲਾਲ ਜਿਹੇ ਸਿਆਣੇ ਪੰਡਤ/ਵਿਦਵਾਨ ਪਾਸ ਪੜ੍ਹਨੇ ਪਾਉਂਦੇ ਹਾਂ। ਤੁਸੀਂ ਦੱਸੋ, ਜੇਕਰ ਇਸ ਦਾ ਨੀਵੇਂ ਪੱਧਰ ਦੀ ਦੁਨਿਆਵੀ ਵਿੱਦਿਆ 'ਚ ਮਨ ਨਹੀਂ ਲੱਗਦਾ ਤਾਂ ਇਸ ਨੂੰ ਉਚੇਰੀ ਆਤਮਿਕ ਵਿੱਦਿਆ ਦੇਣ 'ਚ ਕੀ ਹਰਜ਼ ਹੈ? ਸੋ ਮੇਰੀ ਮੰਨੋ। ਇਸ ਨੂੰ ਪਿੰਡ ਅਤੇ ਇਲਾਕੇ ਦੇ ਸੰਸਕ੍ਰਿਤ ਦੇ ਮੰਨੇ-ਪ੍ਰਮੰਨੇ ਮਹਾਂਪੰਡਤ (ਵੱਡੇ ਵਿਦਵਾਨ ਅਤੇ ਗਿਆਨੀ ਪੁਰਸ਼), ਪੰਡਤ ਬ੍ਰਿਜ ਨਾਥ ਜੀ ਦਾ ਸ਼ਗਿਰਦ ਬਣਾਓ।

ਸਮੂਹਿਕ ਅਵਚੇਤਨ ਨਾਲ ਜੁੜਿਆ ਸਰਬ-ਪ੍ਰਵਾਨਿਤ ਲੋਕ-ਸੱਚ ਹੈ, ਮਰਦਾ ਕੀ ਨਹੀਂ ਕਰਦਾ। ਅਖੇ, ਫਸੀ ਤਾਂ ਫਟਕਣ ਕੀ? ਪ੍ਰੋਹਿਤ ਹਰਦਿਆਲ ਜੀ ਦੀ ਰਾਇ 'ਤੇ ਅਮਲ ਕਰਦਿਆਂ ਮਹਿਤਾ ਕਾਲੂ ਜੀ ਨੇ ਪੁੱਤਰ ਨੂੰ ਸੰਸਕ੍ਰਿਤ ਦੀ ਸਿੱਖਿਆ ਦਿਵਾਉਣ ਲਈ, ਪੰਡਤ ਬ੍ਰਿਜ ਨਾਥ ਜੀ ਨਾਲ ਗੱਲ ਕੀਤੀ। ਉਨ੍ਹਾਂ ਵਲੋਂ ਪ੍ਰਵਾਨਗੀ ਮਿਲਣ 'ਤੇ ਘਰ ਆ, ਪੁੱਤਰ ਦੁਆਲੇ ਹੋ ਗਏ| ਕਈ ਤਰੀਕਿਆਂ ਨਾਲ ਸਮਝਾਇਆ ਘੂਰਿਆ ਥੋੜ੍ਹਾ ਤਲਖ ਅਤੇ ਗੁੱਸੇ-ਰਾਜ਼ੀ ਵੀ ਹੋਏ। ਅੱਗੋਂ ਨਾਨਕ ਸਾਹਿਬ ਦਾ ਹੁੰਗਾਰਾ ਬੜਾ ਸਹਿਜ, ਸੰਜੀਦਾ ਅਤੇ ਹਾਂ-ਪੱਖੀ ਸੀ। ਪਿਤਾ ਭਾਵੇਂ ਪੁੱਤਰ ਨਾਲ ਲੱਖ ਨਾਰਾਜ਼ ਸੀ, ਔਖਾ ਸੀ ਪਰ ਪੁੱਤਰ ਦੇ ਮਨ ਅੰਦਰ ਪਿਤਾ ਪ੍ਰਤੀ ਅੰਤਾਂ ਦਾ ਪਿਆਰ ਸੀ, ਸਤਿਕਾਰ ਸੀ। ਕਿਸੇ ਪ੍ਰਕਾਰ ਦੀ ਕੋਈ ਨਾਂਹ-ਨੁਕਰ ਨਹੀਂ ਕੀਤੀ। ਪੰਡਤ ਬ੍ਰਿਜ ਨਾਥ ਜੀ ਪਾਸੋਂ ਸਿੱਖਿਅਤ ਹੋਣ ਦੇ ਪਿਤਾ ਦੇ ਨਿਰਣੇ ਨੂੰ ਖਿੜੇ ਮੱਥੇ ਕਬੂਲਦਿਆਂ (ਗੁਰੂ) ਨਾਨਕ ਸਾਹਿਬ ਸੁਤੇਸਿੱਧ ਹੀ ਉਨ੍ਹਾਂ ਨਾਲ-ਨਾਲ ਤੁਰਦਿਆਂ, ਪੰਡਤ ਬ੍ਰਿਜ ਨਾਥ ਜੀ ਪਾਸ ਜਾ ਪਹੁੰਚੇ। (ਚਲਦਾ)

ਜਗਜੀਵਨ ਸਿੰਘ (ਡਾ.)
ਫੋਨ: 9914301328