ਕੁਦਰਤਿ ਕਵਣ ਕਹਾ ਵੀਚਾਰੁ - 2

05/13/2019 4:40:33 PM

ਇਸ 'ਆਧੁਨਿਕ' ਜਾਂ 'ਵਿਗਿਆਨਕ ਸੋਚ' ਨੇ ਅਜਿਹੀ ਸਨਅਤੀ ਸਰਗਰਮੀ ਨੂੰ ਜਨਮ ਦਿੱਤਾ ਜਿਸ 'ਚ ਸੇਵਾ, ਤਿਆਗ, ਆਜ਼ਾਦੀ, ਕੁਰਬਾਨੀ, ਹਮਦਰਦੀ, ਸਬਰ, ਦਾਨ, ਮੁਹੱਬਤ, ਮਮਤਾ ਆਦਿ ਲਈ ਕੋਈ ਸਥਾਨ ਨਹੀਂ ਸਗੋਂ ਲਾਲਚ, ਖ਼ੁਦਗਰਜ਼ੀ, ਚਾਪਲੂਸੀ, ਸ਼ੋਸ਼ਨ, ਮੁਕਾਬਲੇਬਾਜ਼ੀ, ਧੋਖੇਬਾਜ਼ੀ ਅਤੇ ਮੌਕਾਪ੍ਰਸਤੀ ਦੀ ਪ੍ਰਧਾਨਤਾ ਹੋਈ। ਦਰਿਆ ਜੋ ਪਹਿਲਾਂ 'ਪਾਣੀ ਜੀਓ ਹੈ' ਪ੍ਰਦਾਨ ਕਰਦੇ ਸਨ ਅਤੇ ਧਰਤੀ ਲਈ ਉਸੇ ਤਰ੍ਹਾਂ ਸਨ ਜਿਵੇਂ ਸਾਡੇ ਜਿਸਮ ਵਿਚ ਲਹੂ ਦੀਆਂ ਨਾੜਾਂ ਹਨ, ਸਨਅਤੀ ਬਚਖੁਚ ਤੇ ਗੰਦਗੀ ਨੂੰ ਸਾਂਭਣ ਵਾਲੇ ਕੂੜਾਦਾਨ ਬਣ ਗਏ। ਪਹਿਲਾਂ ਯੂਰਪ ਦੇ ਸਨਅਤੀ ਮੁਲਕਾਂ ਦੇ ਬਹੁਤ ਸਾਰੇ ਦਰਿਆ ਝੀਲਾਂ ਆਦਿ ਗੰਦਲੇ ਹੋਣੇ ਸ਼ੁਰੂ ਹੋ ਕੇ ਅਖੀਰੀ ਹੋ ਗਏ। ਸਮੁੱਚਾ ਵਾਤਾਵਰਣ ਜੀਵਨ ਦੇ ਪ੍ਰਤੀਕੂਲ ਹੋਣ ਲੱਗਾ। ਸਮੇਂ ਦੇ ਕੁਝ ਵਕਫ਼ੇ ਬਾਅਦ 'ਵਿਕਾਸ' ਦੀ ਉਸੇ ਤਰਜ਼ 'ਤੇ ਅਸੀਂ ਵੀ ਗਾਉਣਾ ਸ਼ੁਰੂ ਕੀਤਾ ਤਾਂ ਸਾਡੇ ਵਾਤਾਵਰਣ ਖਾਸ ਕਰ ਦਰਿਆਵਾਂ ਦਾ ਓਹੀ ਹਾਲ ਹੋਣ ਲੱਗਾ। ਖੇਤੀਬਾੜੀ, ਪਸ਼ੂ ਪਾਲਣ ਅਤੇ ਸੈਰ ਸਪਾਟੇ ਵਰਗੀਆਂ ਕੁਦਰਤ ਨਾਲ ਸਹਿਯੋਗ, ਸੰਵਾਦ ਅਤੇ ਮੁਹੱਬਤ ਵਧਾਉਣ ਵਾਲੀਆਂ ਮਨੁੱਖੀ ਸਰਗਰਮੀਆਂ ਵੀ ਕੁਦਰਤ ਦਾ ਸ਼ੋਸ਼ਣ ਕਰਨ ਵਾਲੇ 'ਲਾਹੇਵੰਦ' ਧੰਦਿਆਂ 'ਚ ਤਬਦੀਲ ਹੋ ਗਈਆਂ। 

ਸ਼ੁਕਰ ਦੀ ਗੱਲ ਇਹ ਹੈ ਕਿ ਕਾਰਟੇਜ਼ਨੀ ਨਿਖੇੜਵਾਦ ਅਤੇ ਕਲਾਸੀਕਲ ਮਕੈਨਿਕਸ ਦੀਆਂ ਧਾਰਨਾਵਾਂ ਨੂੰ ਵਿਗਿਆਨ ਦੇ ਖੇਤਰ ਵਿਚ ਵੀਹਵੀਂ ਸਦੀ ਦੇ ਆਰੰਭ 'ਚ ਠੱਲ ਪੈਣੀ ਸ਼ੁਰੂ ਹੋ ਗਈ ਜਦ ਆਇਨਸਟਾਈਨ ਨੇ ਐਲਾਨ ਕੀਤਾ ਕਿ ਮਾਦਾ (ਪਦਾਰਥ) ਅਤੇ ਊਰਜਾ (ਸ਼ਕਤੀ) ਅਸਲੋਂ ਵੱਖਰੀਆਂ ਵੱਖਰੀਆਂ ਖੇਡਾਂ ਨਹੀਂ ਸਗੋਂ ਊਰਜਾ ਮਾਦੇ 'ਚ ਵਟ ਸਕਦੀ ਹੈ ਮਾਦਾ ਊਰਜਾ 'ਚ ਵਲੀਨ ਹੋ ਸਕਦਾ ਹੈ। ਐਕਸ-ਰੇਅਜ਼ ਦੀ ਪਛਾਣ ਅਤੇ ਰੇਡੀਓ ਐਕਟਿਵਟੀ ਦੇ ਗਿਆਨ ਨੇ ਸਿੱਧ ਕੀਤਾ ਕਿ ਮਾਦਾ ਅਮਰ ਨਹੀਂ ਹੈ, ਇਹ ਊਰਜਾ ਵਿਚ ਤਬਦੀਲ ਹੁੰਦਾ ਹੈ ਅਤੇ ਜਿਹਨਾਂ ਨੂੰ ਮੂਲ ਤੱਤ ਕਿਹਾ ਜਾਂਦਾ ਹੈ, ਉਹ ਵੀ ਦੂਸਰੇ ਤੱਤਾਂ 'ਚ ਵਟ ਸਕਦੇ ਹਨ। ਇਸ ਤਰ੍ਹਾਂ ਵਿਗਿਆਨ ਆਪਣੇ ਕਾਰਟੇਜ਼ਨੀ ਨਿਖੇੜਵਾਦੀ ਖਾਸੇ ਅਤੇ ਨਿਊਟਨ ਦੀ ਕਲਾਸੀਕਲ ਮਕੈਨਿਕਸ ਵਾਲੇ ਆਧਾਰ ਤੋਂ ਵਿੱਥ ਸਥਾਪਤ ਕਰਦਾ ਹੈ ਅਤੇ ਇਸ ਦੀ ਸੁਰ ਗੁਰੂ ਨਾਨਕ ਬਾਣੀ ਦੀਆਂ ਅੰਤਰ ਦ੍ਰਿਸ਼ਟੀਆਂ ਨਾਲ ਨਾਲ ਆ ਮਿਲਣ ਲੱਗੇ:

ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ।। (433, ਆਸਾ ਮ.1)
ਆਪੇ ਦੇਖਿ ਦਿਖਾਵੈ ਆਪੇ।।ਆਪੇ ਥਾਪਿ ਉਥਾਪੇ ਆਪੇ।।
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦੇ।। (1034, ਮਾਰੂ ਦਖਣੀ ਮ.1)

ਨਿਊਟਨ ਦੇ ਗਰੂਤਾ ਅਤੇ ਗਤੀ ਦੇ ਨਿਯਮਾਂ ਦੀ ਪ੍ਰਮਾਣੂੰ (ਪਦਾਰਥ) ਦੀ ਅੰਦਰੂਨੀ ਬਣਤਰ ਅਤੇ ਵਿਹਾਰ ਤੱਕ ਪਹੁੰਚ ਨਹੀਂ ਸੀ।ਵੀਹਵੀਂ ਸਦੀ ਵਿਚ ਵਿਗਿਆਨ ਇਸ ਦਿਸ਼ਾ ਵੱਲ ਕਦਮ ਪੁੱਟਣ ਲੱਗਾ। ਰੁਥਰਫੋਰਡ ਦੇ ਪ੍ਰਯੋਗਾਂ ਨੇ ਸਿੱਧ ਕੀਤਾ ਕਿ ਤੱਤ ਦੀ ਸਭ ਤੋਂ ਛੋਟੀ ਇਕਾਈ ਪ੍ਰਮਾਣੂੰ ਦੇ ਕੇਂਦਰ ਵਿਚ ਭਾਰੀ ਨਿਊਕਲੀਅਸ ਹੁੰਦਾ ਹੈ ਜਿਸ ਦੇ ਦੁਆਲੇ ਹਲਕੇ ਇਲੈਕਟ੍ਰੋਨ ਉਸੇ ਤਰ੍ਹਾਂ ਘੇਰਿਆਂ 'ਚ ਗਤੀਸ਼ੀਲ ਹਨ ਜਿਵੇਂ ਸੂਰਜ ਦੁਆਲੇ ਗ੍ਰਹਿ ਘੁੰਮਦੇ ਹਨ:

ਜੋ ਬ੍ਰਹਿਮੰਡਿ ਖੰਡਿ ਸੋ ਜਾਣਹੇ।। ਗੁਰਮੁਖਿ ਬੂਝਹੁ ਸਬਦਿ ਪਛਾਣਹੁ।।
ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ।। (1041, ਮਾਰੂ ਮ.1)

ਫਿਰ ਪਤਾ ਲੱਗਾ ਕਿ ਨਿਊਕਲੀਅਸ ਦੋ ਤਰ੍ਹਾਂ ਦੇ ਕਣਾਂ (ਪਰੋਟਾਨ ਅਤੇ ਨਿਊਟ੍ਰਾਨ) ਦੀ ਬਣੀ ਹੋਈ ਹੈ ਅਤੇ ਇੰਜ ਪ੍ਰਮਾਣੂੰ ਕੁੱਲ ਤਿੰਨ ਕਿਸਮ ਦੇ ਮੂਲ ਕਣਾਂ ਦਾ ਬਣਿਆਂ ਹੋਇਆ ਹੈ।ਇਹ ਸਮਝ 1030 ਤੱਕ ਹੀ ਕਾਇਮ ਰਹੀ।1935 ਤੱਕ 6 ਕਿਸਮ ਦੇ ਮੂਲ ਕਣਾਂ ਦੀ ਪਛਾਣ ਕਰ ਲਈ ਗਈ। ਹੁਣ ਇਹਨਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਅਤੇ ਹਰ ਸਾਲ ਇਸ ਗਿਣਤੀ ਵਿਚ ਵਾਧਾ ਹੋ ਰਿਹਾ ਹੈ।ਹੁਣ ਵਿਗਿਆਨੀ ਇਹਨਾਂ ਸਾਰਿਆਂ ਵਿਚੋਂ ਕਿਸੇ ਨੂੰ ਵੀ ਮੂਲ ਕਣ ਨਹੀਂ ਮੰਨਦੇ ਕਿਉਂਕਿ ਇਹ ਕਣ ਆਪਣੇ ਆਪ ਇਕ ਦੂਸਰੇ ਨਾਲ ਜੁੜਦੇ, ਟੁੱਟਦੇ ਅਤੇ ਵਟਦੇ ਰਹਿੰਦੇ ਹਨ। ਇਸ ਤਰ੍ਹਾਂ ਵਿਗਿਆਨ ਨੂੰ ਮਾਦੇ ਦੀ ਛੋਟੀ ਤੋਂ ਛੋਟੀ ਇਕਾਈ ਦੀ ਗਹਿਰਾਈ (ਪਾਤਾਲ) ਦੇ ਅੰਦਰ ਵੀ ਬਾਹਰੀ ਬ੍ਰਹਿਮੰਡ ਜਿੰਨੀ ਬੇਅੰਤਤਾ ਦੇ ਦਰਸ਼ਨ ਹੋਣ ਲੱਗਦੇ ਹਨ:

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। (5 ਜਪੁ, ਮ.1)
ਵਿਰਲੇ ਕਉ ਗੁਰਿ ਸਬਦੁ ਸੁਣਾਇਆ।। ਕਰਿ ਕਰਿ ਦੇਖੈ ਹੁਕਮੁ ਸਬਾਇਆ।। 
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ।।(1036, ਮਾਰੂ ਮ.1)

ਪ੍ਰਮਾਣੂ ਦੇ ਅੰਦਰ ਘੁੰਮਣ ਵਾਲੇ ਇਲੈਕਟ੍ਰੋਨ ਦਾ ਵਤੀਰਾ ਸਥਾਈ ਜਾਂ ਇਕ ਸਾਰ ਨਹੀਂ ਰਹਿੰਦਾ, ਇਹ ਕਦੀ ਮਾਦੀ ਕਣ ਵਾਂਗ ਹੁੰਦਾ ਹੈ ਅਤੇ ਕਦੀ ਊਰਜਾਈ ਤਰੰਗ ਵਾਂਗ। ਕੁਅੰਟਮ ਥਿਊਰੀ ਮੁਤਾਬਕ ਇਲੈਕਟ੍ਰੋਨ ਦਾ ਇਹ ਦੋਹਰਾ ਵਰਤਾਰਾ ਦੇਖਣ ਵਾਲੇ ਦੀ ਦ੍ਰਿਸ਼ਟੀ ਤੇ ਹੀ ਨਿਰਭਰ ਕਰਦਾ ਹੈ ਭਾਵ ਕਾਰਜ ਅਤੇ ਦਰਸ਼ਕ ਨੂੰ ਨਿਖੇੜਨਾ ਅਸੰਭਵ ਹੈ।ਇਸ ਤਰ੍ਹਾਂ ਵਿਗਿਆਨਕ ਤਰਕ ਪਦਾਰਥ ਦੀ ਅਮਰ ਹੋਂਦ ਦੀ ਬਜਾਏ 'ਵਾਪਰਨ ਵਾਲੇ' ਅਤੇ 'ਦੇਖਣ ਵਾਲੇ' ਦਰਮਿਆਨ ਏਕਤਾ ਦੀ ਅਮਰਤਾ ਨੂੰ ਸਮਝ ਲੈਂਦਾ ਹੈ। ਕਰਤਾ, ਕਿਰਤ ਅਤੇ ਦਰਸ਼ਕ ਵੋਖੋ ਵੱਖਰੇ ਨਹੀ ਰਹਿੰਦੇ ਜਿਵੇਂ ਕਿ ਬਾਬੇ ਦੀ ਬਾਣੀ ਨੇ ਬਾਤ ਪਾਈ ਸੀ:

ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।। (6, ਜਪੁ, ਮ.1)
ਕਰਿ ਕਰਿ ਵੇਖੈ ਸਿਰਜਣਹਾਰੁ।। ਨਾਨਕ ਸਚੇ ਕੀ ਸਾਚੀ ਕਾਰ।।(7, ਜਪੁ, ਮ.1)

ਆਪੇ ਸਬਦੁ ਆਪੇ ਨੀਸਾਨ।।ਆਪੇ ਸੁਰਤਾ ਆਪੇ ਜਾਨੁ।।
ਆਪੇ ਕਰਿ ਕਰਿ ਵੇਖੈ ਤਾਣੁ।।ਤੂ ਦਾਤਾ ਨਾਮੁ ਪਰਵਾਣੁ।।(795, ਬਿਲਾਵਲੁ ਮ.1)

ਅਮਾਵਸਿਆ ਚੰਦੁ ਗੁਪਤੁ ਗੈਣਾਰਿ।।ਬੂਝਹੁ ਗਿਆਨੀ ਸਬਦੁ ਬੀਚਾਰਿ।। 
ਸਸੀਅਰੁ ਗਗਨਿ ਜੋਤਿ ਤਿਹੁ ਲੋਈ।। ਕਰਿ ਕਰਿ ਵੇਖੈ ਕਰਤਾ ਸੋਈ।। (840, ਬਿਲਾਵਲੁ ਮ.1)
ਤੂ ਕਰਿ ਕਰਿ ਦੇਖਹਿ ਕਰਣਹਾਰੁ।। ਜੋਤਿ ਜੀਅ ਅਸੰਖ ਦੇਇ ਅਧਾਰੁ।। (1190, ਬਸੰਤੁ ਮ.1)

ਆਇਨਸਟਾਈਨ ਮੁਤਾਬਕ ਪ੍ਰਮਾਣੂੰ ਅੰਦਰਲੇ ਕਿਸੇ ਕਣ ਦੀ ਮੌਜੂਦਗੀ, ਸਥਿਤੀ, ਗਤੀ, ਅਤੇ ਊਰਜਾ ਆਦਿ ਨੂੰ ਦੂਸਰੇ ਕਣਾਂ ਤੋਂ ਵੀ ਵਖਰਿਆ ਕੇ ਦੇਖਣ ਜਾਂ ਗਿਣਨ-ਮਿਣਨ ਬਾਰੇ ਸੋਚਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਵਿਗਿਆਨ ਗੁਰਬਾਣੀ ਦੀ ਕੁਦਰਤ ਪ੍ਰਤੀ ਸਮਝ ਦਾ ਧਾਰਨੀ ਬਣਦਾ ਹੈ ਜਿਸ ਮੁਤਾਬਕ ਪੂਰੀ ਸ੍ਰਿਸ਼ਟੀ ਵੱਖ ਵੱਖ, ਵਸਤਾਂ, ਜੀਵਾਂ, ਧਰਤੀਆਂ, ਅਸਮਾਨਾਂ, ਸ਼ਕਤੀਆਂ, ਵਰਤਾਰਿਆਂ, ਸਰਗਰਮੀਆਂ, ਅਨੁਭਵਾਂ, ਵਿਚਾਰਾਂ ਆਦਿ ਦਾ ਹਿਸਾਬੀ ਜੋੜ ਨਹੀਂ ਸਗੋਂ ਸਭ ਕਾਸੇ ਦੀ ਅੰਤਰ-ਸਬੰਧਤ ਸਹਿ-ਹੋਂਦ ਹੈ:

ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ।।(1028, ਮਾਰੂ ਮ.1)
ਕੁਦਰਤਿ ਕਰਨੈਹਾਰ ਅਪਾਰਾ।। ਕੀਤੇ ਕਾ ਨਾਹੀ ਕਿਹੁ ਚਾਰਾ।।
ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ।।(1042, ਮਾਰੂ ਮ.1)

ਅੰਤਰ-ਸਬੰਧਤ ਜੀਵਨ ਬੁਣਤੀ ਵਿਚ ਕਿਸੇ ਵੀ ਜੀਵ ਦੀ ਦੂਸਰੇ ਸਭ ਜੀਵਾਂ ਬਗੈਰ ਹੋਂਦ ਸੰਭਵ ਨਹੀਂ ਹੈ। ਅੱਗੋਂ ਸਾਰੇ ਜੀਵਾਂ ਦੇ ਭੋਜਨ ਦਾ ਮੂਲ ਸਰੋਤ ਬਨਸਪਤੀ ਹੈ।ਇਹਨਾਂ ਦੇ ਸਾਹਾਂ ਲਈ ਲੋੜੀਂਦੀ ਸਾਰੀ ਦੀ ਸਾਰੀ ਆਕਸੀਜਨ ਵੀ ਇਨ੍ਹਾਂ ਰੁੱਖਾ ਵੇਲਾਂ ਬੂਟਿਆਂ ਰਾਂਹੀਂ ਪੈਦਾ ਕੀਤੀ ਜਾ ਰਹੀ ਹੈ।ਬਨਸਪਤੀ ਦੇ ਨਸ਼ਟ ਹੋਣ ਨਾਲ ਧਰਤੀ ਦਾ ਸਮੁੱਚਾ ਜੀਵਨ ਸੰਤੁਲਨ ਵਿਗੜ ਜਾਂਦਾ ਹੈ। ਰੁੱਖ ਤੋਂ ਜੀਵਾਂ ਦੀਆਂ ਕੇਵਲ ਖੁਰਾਕੀ ਅਤੇ ਸੁਆਸੀ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਸਗੋਂ ਇਹ ਜੀਵਾਂ ਦੇ ਤਨਾਂ ਮਨਾਂ ਨੂੰ ਠੰਡਕ ਪਹੁੰਚਾਉਣ ਲਈ ਲੋੜੀਂਦੇ ਆਰਾਮ ਘਰਾਂ ਦੇ ਰੂਪ ਵਿਚ ਵੀ ਸਥਾਪਤ ਹਨ:

ਜਾ ਕੇ ਰੁਖ ਬਿਰਖ ਆਰਾਉ।। ਜੇਹੀ ਧਾਤੁ ਤੇਹਾ ਤਿਨ ਨਾਉ।।
ਫੁਲੁ ਭਾਉ ਫਲੁ ਲਿਖਿਆ ਪਾਇ।। ਆਪਿ ਬੀਜਿ ਆਪੇ ਹੀ ਖਾਇ।। (25, ਸਿਰੀਰਾਗੁ ਮ.1)

ਹੁਣ ਤੱਕ ਅਸੀਂ ਦੇਖਿਆ ਹੈ ਕਿ ਗੁਰੂ ਨਾਨਕ ਅਨੁਸਾਰ ਵਿਚਾਰਨ ਜਾਂ ਤਸੱਵਰ ਕਰਨ ਲਈ ਕੁਦਰਤ ਸਭ ਤੋਂ ਵਿਸ਼ਾਲ ਵਿਸ਼ਾ ਹੈ। ਸਾਡੀ ਧਰਤੀ ਕੁਦਰਤ ਦਾ ਨਿੱਕਾ ਜਿਹਾ ਭਾਗ ਹੈ ਅਤੇ ਸਾਡਾ ਵਾਤਾਵਰਣ ਧਰਤੀ ਦਾ ਭਾਗ ਹੈ ਜਿਸ ਵਾਤਾਵਰਣ ਦੇ ਅਸੀਂ ਨਿੱਕੇ ਜਹੇ ਭਾਗ ਹਾਂ। ਪੰਦਰਵੀਂ ਜਾਂ ਸੋਲ੍ਹਵੀਂ ਸਦੀ ਵਿਚ ਭਾਵ ਗੁਰੂ ਨਾਨਕ ਬਾਣੀ ਰਚੇ ਜਾਣ ਸਮੇਂ ਸਾਡੇ ਵਾਤਾਵਰਣ ਨੂੰ ਕੋਈ ਖਰਾਬੀ ਜਾਂ ਚੁਣੌਤੀ ਦਰਪੇਸ਼ ਨਹੀਂ ਸੀ। ਸਾਡਾ ਪੌਣ-ਪਾਣੀ ਅਤੇ ਇਹਨਾਂ ਦੇ ਸਰੋਤ ਸੁਰੱਖਿਅਤ ਸਨ। ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁੱਲੀ (ਮਕਾਨ), ਗੁੱਲੀ (ਰੋਟੀ) ਅਤੇ ਜੁੱਲੀ (ਕੱਪੜੇ) ਮੰਨੀਆਂ ਜਾਂਦੀਆਂ ਸਨ ਜਦ ਕਿ ਮਕਾਨਾਂ ਤੋਂ ਬਿਨਾਂ ਅਜੇ ਵੀ ਬਹੁਤ ਸਾਰੇ ਲੋਕ ਜੀਅ ਲੈਂਦੇ ਹਨ, ਆਦਿ ਮਾਨਵ ਕੱਪੜਿਆਂ ਤੋਂ ਬਗੈਰ ਹੀ ਰਹਿੰਦਾ ਸੀ, ਭੋਜਨ ਤੋਂ ਬਿਨਾਂ ਬੰਦਾ ਕਈ ਹਫਤੇ ਜਿੰਦਾ ਰਹਿ ਸਕਦਾ ਹੈ। ਪਰ ਪਾਣੀ ਬਿਨਾਂ ਬੰਦਾ ਇੱਕ ਦੋ ਦਿਨ ਹੀ ਬਚ ਸਕਦਾ ਹੈ ਅਤੇ ਸਾਹ ਲੈਣ ਤੋਂ ਬਿਨਾਂ ਇਕ ਦੋ ਘੰਟੇ ਹੀ। ਫਿਰ ਵੀ ਹਵਾ ਅਤੇ ਪਾਣੀ ਨੂੰ ਜੀਵਨ ਦੀਆਂ ਮੁੱਢਲੀਆਂ ਲੋੜਾਂ ਨਹੀਂ ਕਿਹਾ ਜਾਂਦਾ ਸੀ। ਇਹਨਾਂ ਨੂੰ ਤਾਂ ਜੀਵਨ ਦਾ ਉਪਲਭਦ ਹਿੱਸਾ ਹੀ ਸਮਝਿਆ ਜਾਂਦਾ ਸੀ। ਇਹ ਵਸਤਾਂ ਨਹੀਂ ਸਗੋਂ ਜੀਵਨ ਹਾਲਤਾਂ ਸਨ ਜੋ ਜੀਵਨ ਦਾ ਕੁਦਰਤੀ ਭਾਗ ਸਨ। ਪਰ ਅਸੀਂ ਪੱਛਮ ਦੀ ਪੈੜ ਵਿਚ ਪੈਰ ਧਰਦਿਆਂ ਕੁਦਰਤ ਸਬੰਧੀ ਆਪਣੀ ਦ੍ਰਿਸ਼ਟੀ ਨੂੰ ਦੂਸ਼ਤ ਕਰਕੇ ਆਪਣੇ ਜੀਵਨ ਹਾਲਤਾਂ ਨੂੰ ਤੇਜ਼ੀ ਨਾਲ ਨਸ਼ਟ ਕਰਨਾ ਸ਼ੁਰੂ ਕਰ ਲਿਆ। ਉਪਰੋਕਤ ਚਰਚਾ ਰਾਹੀਂ ਅਸੀਂ ਦੇਖਿਆ ਹੈ ਕਿ ਪੱਛਮ ਤਾਂ ਆਪਣੀ ਵਿਗਿਆਨਕ ਸੋਚ ਦਾ ਚੱਕਰ ਕੱਟ ਕੇ ਗੁਰੂ ਨਾਨਕ ਨੂੰ ਜਾਣੇ ਜਾਂ ਸੁਣੇ ਬਿਨਾ ਉਸ ਆਨੇ ਵਾਲੀ ਥਾਂ ਪਹੁੰਚ ਗਿਆ ਹੈ ਜਿਥੇ ਖੜ੍ਹ ਕੇ ਗੁਰੂ ਨਾਨਕ ਆਖਦੇ ਹਨ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।। (8, ਸਲੋਕੁ)

ਪੱਛਮੀ ਜਾਂ 'ਵਿਕਸਤ' ਦੇਸ਼ਾਂ ਨੇ ਆਪਣੀ ਧਰਤੀ ਨੂੰ ਹਰਾ ਭਰਾ ਰੱਖਣਾ ਆਪਣੇ ਜ਼ਰੂਰੀ ਕੰਮਾਂ ਵਿਚ ਸ਼ਾਮਲ ਕੀਤਾ ਹੋਇਆ ਹੈ। ਵਾਤਾਵਰਣ ਦੀ ਸੁਰੱਖਿਆ ਨੂੰ ਹਰ ਤਰ੍ਹਾਂ ਦੇ ਵਿਕਾਸ ਨਾਲੋਂ ਜ਼ਿਆਦਾ ਜ਼ਰੂਰੀ ਸਮਿਝਆ ਜਾਂਦਾ ਹੈ। ਉਹਨਾਂ ਆਪਣੇ ਮਰ ਚੁੱਕੇ ਦਰਿਆਵਾਂ ਅਤੇ ਝੀਲਾਂ ਨੂੰ ਪੁਨਰ ਸੁਰਜੀਤ ਕਰ ਲਿਆ ਹੈ। ਗੁਰੂ ਨਾਨਕ ਨੂੰ ਸਾਡੇ ਪੱਥਰ ਚੱਟ ਕੇ ਮੁੜਨ ਦੀ ਉਡੀਕ ਹੈ। ਅਸੀਂ ਅਜੇ ਗੁਰੂ ਨਾਨਕ ਨੂੰ ਸੁਣਨਾ ਸ਼ੁਰੂ ਕਰਨਾ ਹੈ।

ਜਸਵੰਤ ਸਿੰਘ ਜ਼ਫਰ
9646118209

rajwinder kaur

This news is Edited By rajwinder kaur