ਬਾਬੇ ਨਾਨਕ ਦਾ ਘਰ

6/17/2019 10:14:13 AM

ਗੁਰਪ੍ਰੀਤ 

ਬਾਬੇ ਨਾਨਕ ਦਾ 550ਵਾਂ ਜਨਮ ਵਰ੍ਹਾ ਚੱਲ ਰਿਹਾ ਹੈ। ਹਰ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸ਼ਬਦ ਬਾਰੇ ਗੱਲਾਂ ਹੋ ਰਹੀਆਂ ਹਨ। ਕਵੀ ਕਵਿਤਾਵਾਂ ਲਿਖ ਰਹੇ ਹਨ ਤੇ ਚਿੱਤਰਕਾਰ ਚਿਤਰ ਬਣਾ ਰਹੇ ਹਨ। ਨਾਨਕ ਨਾਮਲੇਵਾ ਸ਼ਬਦ ਨਾਲ਼ ਇਕਮਿਕ ਹੋ ਰਹੇ ਹਨ। ਜੀ ਕੀਤਾ ਅੱਜ ਦਾ ਦਿਨ ਮੈਂ ਵੀ ਬਾਬੇ ਨਾਨਕ ਦੇ ਜੀਵਨ ਅਤੇ ਸ਼ਬਦ ਨਾਲ਼ ਲੰਘਾਵਾਂ। ਬਾਬੇ ਨਾਨਕ ਦਾ ਨਾਂ ਜਦੋਂ ਵੀ ਕਿਧਰੇ ਪੜ੍ਹਦਾ-ਸੁਣਦਾ ਹਾਂ ਤਾਂ ਮੈਂ ਆਪਣੇ ਬਚਪਨ 'ਚ ਚਲਾ ਜਾਂਦਾ ਹਾਂ। ਭਾਵੇਂ ਬਾਬਾ ਜੀ ਹਰ ਪਲ਼ ਸਾਡੇ ਅੰਗ-ਸੰਗ ਨੇ ਤੇ ਅਸੀਂ ਹਰ ਦੁੱਖ-ਸੁੱਖ 'ਚ ਸ਼ਬਦ ਦੇ ਆਸਰੇ ਜਿਉਂਦੇ ਹਾਂ ਪਰ ਅੱਜ ਦਾ ਦਿਨ ਮੈਂ ਆਪਣੇ ਬਚਪਨ ਦੀਆਂ ਉਨ੍ਹਾਂ ਯਾਦਾਂ ਨੂੰ ਮੁੜ ਤੋਂ ਯਾਦ ਕਰ ਰਿਹਾ ਹਾਂ ਜਿਸ 'ਚ ਸਤਿਗੁਰੂ ਨਾਨਕ ਸਾਡੇ ਨਾਲ-ਨਾਲ਼ ਹੁੰਦੇ। ਪਹਿਲੀ ਗੱਲ ਜਿਹੜੀ ਯਾਦ ਆ ਰਹੀ ਹੈ ਉਹ ਯਮਲਾ ਜੀ ਦੇ ਗੀਤ ਨਾਲ਼ ਜੁੜੀ ਹੋਈ ਹੈ। ਜਦੋਂ ਕਿਧਰੇ ਵੀ ਵਿਆਹ-ਸ਼ਾਦੀ ਮੌਕੇ ਸਪੀਕਰ ਲੱਗਣਾ ਤਾਂ ਸਭ ਤੋਂ ਪਹਿਲਾਂ ਇਹ ਗੀਤ ਸੁਣਾਈ ਦਿੰਦਾ : 

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ 
ਨੀਝਾਂ ਲਾ-ਲਾ ਦੇਂਹਦੀ ਦੁਨੀਆਂ ਸਾਰੀ ਐ...


ਇਸ ਗੀਤ ਦੀ ਧੁਨ ਤਾਂ ਚੰਗੀ ਲਗਦੀ ਹੀ ਹੈ, ਇਹ ਗੀਤ ਮੈਨੂੰ ਕਿਧਰੇ ਹੋਰ ਈ ਲੈ ਜਾਂਦਾ। ਮੈਂ ਕਲਪਨਾ 'ਚ ਗੁਆਚ ਜਾਂਦਾ। ਮੈਨੂੰ  'ਲੀਲਾ' ਲਫ਼ਜ਼ ਦਾ ਅਰਥ ਨਹੀਂ ਪਤਾ ਸੀ। ਲੀਲਾ ਮੇਰੇ ਲਈ ਨੀਲਾ ਰੰਗ ਹੁੰਦਾ ਤੇ ਨੀਲਾ ਬਹੁਤਾ ਮੈਂ ਅਕਾਸ਼ ਹੀ ਦੇਖਦਾ। ਅਕਾਸ਼ ਦੇ ਚੰਦ ਤਾਰੇ ਮੇਰੀ ਪਹੁੰਚ ਤੋਂ ਪਰੇ ਹੁੰਦੇ ਪਰ ਇਸ ਗੀਤ ਰਾਹੀਂ ਮੈਂ ਇਨ੍ਹਾਂ ਨਾਲ਼ ਖੇਡਣ ਲੱਗਦਾ। ਇਸ ਖੇਡ 'ਚ ਬਾਬਾ ਨਾਨਕ ਵੀ ਸ਼ਾਮਲ ਹੁੰਦੇ। ਉਹੀ ਗੋਲ਼ ਪੱਗ ਬਾਲ ਬਾਬੇ ਨਾਨਕ ਦੇ ਸਿਰ 'ਤੇ ਬੰਨੀ ਹੁੰਦੀ ਜੋ ਮੈਂ ਫੋਟੋਆਂ 'ਚ ਦੇਖੀ ਹੁੰਦੀ। ਹੁਣ ਜਦੋਂ ਵੀ ਮੈਂ ਦਸਵੀਂ ਜਮਾਤ 'ਚ ਬਾਬੇ ਦਾ ਸ਼ਬਦ 'ਗਗਨ ਮੇ ਥਾਲੁ' ਪੜ੍ਹਾਉਂਦਾ ਹਾਂ ਤਾਂ ਬਚਪਨ 'ਚ ਨਾਨਕ ਸਾਹਿਬ ਨਾਲ਼ ਜੋੜ ਕੇ ਦੇਖਿਆ ਅਕਾਸ਼ ਯਾਦ ਆ ਜਾਂਦਾ ਹੈ। ਬਾਬਾ ਕਿੱਡਾ ਨਿਆਰਾ ਕਵੀ ਹੈ, ਜੋ ਅਕਾਸ਼ ਨੂੰ ਥਾਲ ਦੇਖਦਾ ਹੈ ਤੇ ਸੂਰਜ ਚੰਦਰਮਾ ਨੂੰ ਦੀਵੇ! ਏਸ ਵੇਲ਼ੇ ਮੈਂ ਤੇ ਮੇਰੇ ਵਿਦਿਆਰਥੀ ਸੱਚ-ਮੁੱਚ ਕੁਦਰਤ ਨਾਲ਼ ਇਕਮਿਕ ਹੁੰਦੇ ਹਾਂ। ਫੋਟੋ ਤੋਂ ਹੀ ਮੈਨੂੰ ਬਚਪਨ ਦੀ ਇਕ ਹੋਰ ਘਟਨਾ ਯਾਦ ਆਉਂਦੀ ਹੈ। ਸਾਡੇ ਘਰ 'ਚ ਸਹਿਜ-ਪਾਠ ਪ੍ਰਕਾਸ਼ ਸੀ। ਉਨ੍ਹਾਂ ਵੇਲ਼ਿਆਂ 'ਚ ਚਾਣਨੀਆਂ 'ਤੇ ਗੁਰੂਆਂ ਦੀ ਫੋਟੋਆਂ ਬਣੀਆਂ ਹੁੰਦੀਆਂ ਸਨ। ਮੈਂ ਹੇਠਾਂ ਫਰਸ਼ 'ਤੇ ਬਾਬੇ ਨਾਨਕ ਦੀ ਫੋਟੋ ਲੱਕੜ ਦੇ ਕੋਲੇ ਨਾਲ਼ ਵਾਹ ਦਿੱਤੀ।

ਫੋਟੋ ਤਾਂ ਬਿਲਕੁਲ ਬਾਬੇ ਨਾਨਕ ਦੀ ਫੋਟੋ ਨਾਲ਼ ਮਿਲਦੀ-ਜੁਲਦੀ ਸੀ। ਮੈਨੂੰ ਚਾਅ ਚੜ੍ਹ ਗਿਆ! ਆਪਣੀ ਪ੍ਰਾਪਤੀ ਦਿਖਾਉਣ ਲਈ ਭੂਆ ਨੂੰ ਅਵਾਜ਼ ਮਾਰੀ।ਉਸ ਨੇ ਆਉਂਦਿਆਂ ਹੀ ਥੱਪੜ ਮੇਰੀ ਗੱਲ੍ਹ 'ਤੇ ਧਰ ਦਿੱਤਾ। ਮੈਂ ਡੌਰ-ਭੌਰ ਹੋ ਗਿਆ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਭੂਆ ਉੱਚੀ ਅਵਾਜ਼ 'ਚ ਗਰਜੀ, “ ਕੁੱਕੀ, ਤੈਨੂੰ ਅਕਲ ਹੈ ਭੋਰਾ ਕਿ ਨਹੀਂ, ਤੂੰ ਬਾਬਾ ਜੀ ਦੀ ਫੋਟੋ ਹੇਠਾਂ ਫਰਸ਼ 'ਤੇ ਹੀ ਬਣਾ ਦਿੱਤੀ!“ ਮੈਂ ਡਰ ਗਿਆ। ਮੈਨੂੰ ਲੱਗਿਆ ਜਿਵੇਂ ਮੈਂ ਕੋਈ ਪਾਪ ਕਰ ਦਿੱਤਾ ਹੋਵੇ। ਮੈਂ ਕਿੰਨਾ ਹੀ ਚਿਰ 'ਸਤਿਨਾਮ-ਵਾਹਿਗੁਰੂ' ਦਾ ਨਾਮ ਜਪਦਾ ਰਿਹਾ। ਥੋੜ੍ਹੇ ਚਿਰ ਬਾਅਦ ਭੂਆ ਨੇ ਮੈਨੂੰ ਕੁੱਛੜ 'ਚ ਲੈ ਲਿਆ। ਮੇਰੇ ਹੰਝੂ ਪੂੰਝੇ ਤੇ ਮੈਨੂੰ ਸਮਾਝਿਆ, “ਬੇਟਾ! ਬਾਬਾ ਜੀ ਦੀ ਫੋਟੋ ਕਦੇ ਵੀ ਹੇਠਾਂ ਨਹੀਂ ਬਣਾਉਂਦੇ ਹੁੰਦੇ, ਠੀਕ ਐ ਨਾ...“ਭੂਆ ਨੇ ਮੈਨੂੰ ਪਤਾਸਿਆਂ ਦਾ ਪ੍ਰਸਾਦ ਦਿੱਤਾ। ਪਤਾਸਿਆਂ ਦੀ ਮਿਠਾਸ 'ਚ ਥੱਪੜ ਦਾ ਦਰਦ ਭੁੱਲ ਗਿਆ। ਮੈਨੂੰ ਹੁਣ ਵੀ ਯਾਦ ਹੈ ਮੈਂ ਬਹੁਤ ਵਾਰ ਆਪਣੀ ਮਾਂ ਦੀ ਪੇਟੀ ਕੋਲ਼ ਜਾ ਖੜ੍ਹਦਾ ਜੋ ਅੰਦਰਲੀ ਸਬਾਤ 'ਚ ਪਈ ਹੁੰਦੀ। ਉੱਥੇ ਮੱਧਮ ਰੋਸ਼ਨੀ ਹੁੰਦੀ ਪਰ ਪੇਟੀ 'ਤੇ ਫਰੇਮ 'ਚ ਜੜੀ ਬਾਬੇ ਨਾਨਕ ਦੀ ਫੋਟੋ ਚਮਕ ਰਹੀ ਹੁੰਦੀ। ਫੋਟੋ 'ਚ ਭੈਣ ਨਾਨਕੀ ਬਾਬੇ ਦੇ ਰੱਖੜੀ ਬੰਨ੍ਹ ਰਹੀ ਹੁੰਦੀ। ਇਸ ਫੋਟੋ ਮੂਹਰੇ ਮੈਂ ਹੱਥ ਜੋੜ ਨਿੱਕੀਆਂ-ਨਿੱਕੀਆਂ ਮੰਗਾਂ ਮੰਗਦਾ। ਫੋਟੋ ਵਾਲ਼ਾ ਬਾਬਾ ਨਾਨਕ ਬਹੁਤ ਆਪਣਾ-ਆਪਣਾ ਲਗਦਾ। ਮੈਂ ਕਈ ਵਾਰ ਆਪਣੇ ਮਾਂ-ਬਾਪ ਦੀ ਕੋਈ ਸ਼ਿਕਾਇਤ ਵੀ ਬਾਬਾ ਜੀ ਨੂੰ ਲਾ ਦਿੰਦਾ। ਭੂਆ ਦੇ ਥੱਪੜ ਵਾਲ਼ੀ ਗੱਲ ਵੀ ਮੈਂ ਬਾਬਾ ਜੀ ਦੱਸੀ। ਮੈਨੂੰ ਉਦੋਂ ਇਉਂ ਹੀ ਲੱਗਿਆ ਜਿਵੇਂ ਰੱਖੜੀ ਵਾਲ਼ਾ ਹੱਥ ਉਨ੍ਹਾਂ ਨੇ ਮੇਰੇ ਸਿਰ 'ਤੇ ਰੱਖ ਦਿੱਤਾ ਹੋਵੇ। ਇੱਥੇ ਪੇਟੀ 'ਤੇ ਹੀ ਇਕ ਹੋਰ ਫੋਟੋ ਸੀ ਬਾਬੇ ਦੀ। ਬਾਬਾ ਜੀ ਸੁੱਤੇ ਪਏ ਹੁੰਦੇ ਤੇ ਕੋਲ਼ ਹੀ ਮੱਝਾਂ ਚਰ ਰਹੀਆਂ ਹੁੰਦੀਆਂ। ਇਕ ਫੋਟੋ 'ਚ ਬਾਬਾ ਜੀ ਹਲ ਵਾਹ ਰਹੇ ਹੁੰਦੇ। ਮੈਂ ਬੜਾ ਹੈਰਾਨ ਹੁੰਦਾ ਕਿ ਗੁਰੂ ਜੀ ਨੂੰ ਮੱਝਾਂ ਚਾਰਨ ਤੇ ਹਲ ਵਾਹੁਣ ਦਾ ਕੰਮ ਕਰਨਾ ਪੈਂਦਾ ਸੀ। ਬਾਬਾ ਨਾਨਕ ਤਾਂ ਸਾਡੀ ਖੇਡ 'ਚ ਵੀ ਸ਼ਾਮਲ ਹੁੰਦੇ। ਚਾਰ-ਪੰਜ ਨਿਆਣੇ 'ਕੱਠੇ ਹੁੰਦੇ ਤਾਂ ਗਾਉਣ ਲਗਦੇ: 

ਅੰਬਾਂ ਵਾਲ਼ੀ ਕੋਠੜੀ 
ਅਨਾਰਾਂ ਵਾਲ਼ਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ 


ਦਾਈ ਵਾਲ਼ਾ ਜੁਆਕ ਇਸ਼ਾਰਾ ਕਰਦਾ ਆਖਦਾ, “ਔਹ, ਬਨਾਰਸੀ ਦਾ ਘਰ “ਅਸੀਂ ਉਸ ਘਰ ਨੂੰ ਛੂਹਣ ਲਈ ਭੱਜਦੇ। ਫਿਰ ਇਹੀ ਪੰਕਤੀਆਂ ਦੁਹਰਾਈਆਂ ਜਾਂਦੀਆਂ। ਤਾਂ ਕਿਸੇ ਹੋਰ ਘਰ ਵੰਨੀਂ ਇਸ਼ਾਰਾ ਕਰਦੇ ਆਖਦੇ, “ਔਹ, ਅਨੋਖੇ ਕਾ ਘਰ “ਇਸੇ ਤਰ੍ਹਾਂ ਕਦੇ ਫਖਰੂਦੀਨ ਦੇ ਘਰ ਵੱਲ ਉਂਗਲ ਕਰ ਦਿੰਦੇ। ਘਰ ਛੂੰਹਦਿਆਂ ਸੱਚੀਂ-ਮੁੱਚੀਂ ਇਉਂ ਲਗਦਾ ਜਿਉਂ ਬਾਬੇ ਦੇ ਘਰ ਨੂੰ ਛੂਹ ਰਹੇ ਹੁੰਦੇ। ਵਾਕਈ ਬਾਬਾ ਨਾਨਕ ਵਿਸ਼ਵ ਦਾ ਗੁਰੂ ਸੀ। ਹਰ ਇਕ ਦਾ ਗੁਰੂ। ਹੁਣ ਸਮਝ ਆਉਂਦੀ ਹੈ ਕਿ ਉਹਨੂੰ ਹਰ ਕੋਈ ਆਪਣਾ ਕਿਉਂ ਸਮਝਦਾ ਸੀ। ਇਨ੍ਹਾਂ ਸਤਰਾਂ ਨੂੰ ਲੈ ਕੇ ਕਵੀ ਅਮਰਜੀਤ ਚੰਦਨ ਨੇ ਇਕ ਕਵਿਤਾ ਲਿਖੀ ਹੈ। ਇਸ ਵਿਚ ਉਹ ਦੀਵੇ 'ਤੇ ਸ਼ਬਦ ਦੇ ਜਗਣ ਅਤੇ ਰਬਾਬ ਦੇ ਵੱਜਣ ਦੀ ਗੱਲ ਕਰਦਾ ਹੈ। ਮੇਰਾ ਜੀਅ ਕਰਦਾ ਹੈ ਕਿ ਅੱਜ ਦੇ ਬੱਚੇ ਚੰਦਨ ਦੀ ਇਸ ਕਵਿਤਾ ਨਾਲ਼ ਉਵੇਂ ਖੇਡਣ ਜਿਵੇਂ ਕਦੇ ਅਸੀਂ ਖੇਡਦੇ ਰਹੇ ਹਾਂ, ਭਾਵੇਂ ਮੋਬਾਇਲ ਫੋਨ 'ਤੇ ਹੀ ਖੇਡਣ। ਚੰਦਨ ਦੀ ਕਾਵਿ-ਪੋਥੀ 'ਪੈਂਤੀ' ਵਿਚ ਸ਼ਾਮਲ ਇਹ ਕਵਿਤਾ ਮੈਂ ਕਈ ਵਾਰ ਪੜ੍ਹਦਾ ਹਾਂ ਤੇ ਮੁੜ ਨਿਆਣਾ ਬਣ ਜਾਂਦਾ ਹਾਂ।


rajwinder kaur

Edited By rajwinder kaur