ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ : ਚੂਹੜ ਰਬਾਬੀ

05/29/2020 11:38:05 AM

ਅਲੀ ਰਾਜਪੁਰਾ
94176 79302

ਚੂਹੜ ਰਬਾਬੀ

ਦੱਸਿਆ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਤੋਂ ਹੁੰਦੇ ਹੋਏ ਲੰਘ ਰਹੇ ਸਨ ਤਾਂ ਜੰਗਲ ਵਿੱਚੋਂ ਗਰਨੇ ਦਾ ਸੁੱਕਾ ਛਾਪਾ ਗੁਰੂ ਜੀ ਦੇ ਝੋਲ਼ੇ ਨੂੰ ਲੱਗ ਗਿਆ। ਗੁਰੂ ਜੀ ਨੇ ਉੱਥੇ ਹੀ ਘੋੜੇ ਤੋਂ ਉਤਰ ਕੇ ਸਾਥੀਆਂ ਨੂੰ ਹੁਕਮ ਦਿੱਤਾ ਕਿ ਇਸ ਗਰਨੇ ਦੇ ਛਾਪੇ ਨੂੰ ਜ਼ਮੀਨ ਵਿਚ ਗੱਡ ਦਿਓ ਅਤੇ ਜਦੋਂ ਉਹ ਗੱਡਿਆ ਗਿਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਚਨ ਦਿੱਤਾ, “ ਕਿ ਤੂੰ ਸਾਨੂੰ ਅਟਕਾਇਆ ਹੈ ,ਸਮਾਂ ਆਉਣ `ਤੇ ਹਰਾ ਹੋਵੇਂਗਾ ਅਤੇ ਸੰਸਾਰਕ ਜੀਵਾਂ ਦੀਆਂ ਰੁਕਾਵਟਾਂ ਕੱਟੇਂਗਾ।” ਗੁਰੂ ਜੀ ਅੱਗੇ ਨਿਕਲ ਗਏ। ਵਕਤ ਚਲਦਾ ਰਿਹਾ। ਮੁੜ ਜਦੋਂ ਅੱਠ ਸਾਲ ਮਗਰੋਂ ਗੁਰੂ ਜੀ ਉਸ ਥਾਂ ਤੋਂ ਗੁਜ਼ਰੇ ਤਾਂ ਉਹ ਗਰਨਾ ਹਰਾ ਹੋ ਕੇ ਰੁੱਖ ਬਣ ਚੁੱਕਿਆ ਸੀ। ਇਸ ਥਾਂ ਗੁਰੂ ਜੀ ਲੰਮਾਂ ਸਮਾਂ ਰੁਕੇ ਤੇ ਕੀਰਤਨ ਕੀਤਾ ਸੀ ਅਤੇ ਉਨ੍ਹਾਂ ਨਾਲ ਰਬਾਬ ਵਜਾਉਣ ਵਾਲਾ ਪਿੰਡ ਬੋਦਲ ਤਹਿਸੀਲ ਦਸੂਹਾ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਚੂਹੜ ਰਬਾਬੀ ਸੀ। ਗੁਰੂ ਜੀ ਨੇ ਖ਼ੁਸ਼ ਹੋ ਕੇ ਇੱਕ ਰਬਾਬ ਚੂਹੜ ਨੂੰ ਦੇ ਦਿੱਤੀ। ਊਂਝ ਚੂਹੜ ਮੀਰਆਲਮ ਘਰਾਣੇ ਨਾਲ ਸੰਬੰਧ ਰੱਖਦਾ ਸੀ। ਅੱਜ ਉਨ੍ਹਾਂ ਦੀਆਂ ਪੀੜ੍ਹੀਆਂ ਸਿੰਘ ਸਜ ਚੁੱਕੀਆਂ ਹਨ। ਅੱਜਕਲ੍ਹ ਇਹ ਪਰਿਵਾਰ ਪੰਥ ਦੀ ਸੇਵਾ ਨਿਭਾਅ ਰਿਹਾ ਹੈ। ਗਰਨੇ ਵਾਲ਼ੀ ਥਾਂ ਅੱਜਕਲ੍ਹ ਗੁਰਦੁਆਰਾ ਗਰਨਾ ਸਾਹਿਬ ਬਣਿਆ ਹੋਇਆ ਹੈ।


ਸਾਈ ਦੌਲੇ ਸ਼ਾਹ 
ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਗੁਜਰਾਤ ਦਾ ਵਾਸੀ ਸੀ ‘ਸਾਈਂ ਦੌਲੇ ਸ਼ਾਹ’, ਜਿਨ੍ਹਾਂ ਦਾ ਜਨਮ ਅਬਦੁਲ ਰਹੀਮ ਖ਼ਾਂ ਲੋਧੀ ਦੇ ਘਰ 1581 ਈ. ਨੂੰ ਹੋਇਆ। ਉਸ ਵੇਲ਼ੇ ਪੀਰ ਦੌਲੇ ਸ਼ਾਹ ਦੀ ਕਾਫ਼ੀ ਮੰਨਤ ਸੀ ਅਤੇ ਇਹਨਾਂ ਦੇ ਵਰ ਨਾਲ ਮਾਵਾਂ ਦੀ ਕੁੱਖ ਸੁਲੱਖਣੀ ਹੁੰਦੀ ਸੀ ਅਤੇ ਪੈਦਾ ਹੋਇਆ ਬੱਚਾ ਮਾਪੇ ਸਾਈਂ ਦੌਲੇ ਸ਼ਾਹ ਕੋਲ਼ ਛੱਡ ਜਾਂਦੇ ਸਨ। ਨਵੇਂ ਬਜ਼ਾਰ ਨੇੜੇ ਇਹਨਾਂ ਦਾ ਮਕਬਰਾ ਸੀ, ਜਿੱਥੇ ਕਾਫ਼ੀ ਮੁਜਾਵਰ ਰਹਿੰਦੇ ਸਨ। ਪੈਦਾ ਹੋਏ ਬੱਚਿਆਂ ਨੂੰ ਮੁਜਾਵਰ ਆਪਣੇ ਨਾਲ ਲਿਜਾ ਕੇ ਪਿੰਡਾ ’ਚੋਂ ਉਗਰਾਹੀ ਕਰਕੇ ਮਕਬਰੇ ’ਚ ਲੰਗਰ ਦਾ ਪ੍ਰਬੰਧ ਕਰਦੇ ਸਨ। ਜਦੋਂ 1621 ਈ. ਨੂੰ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਕਸ਼ਮੀਰ ਨੂੰ ਜਾਂਦੇ ਹੋਏ ਗੁਜਰਾਤ ਸ਼ਹਿਰ ਵਿਚੋਂ ਲੰਘਣ ਦੀ ਖ਼ਬਰ ਸਾਈਂ ਦੌਲੇ ਸ਼ਾਹ ਨੂੰ ਹੋਈ ਤਾਂ ਉਸ ਨੇ ਚੌਖਟਾ ਰੁਪਿਆ ਰੱਖ ਕੇ ਖ਼ਿਮਾ ਮੰਗੀ ਤੇ ਕਿਹਾ ਕਿ “ ਮੈਨੂੰ ਆਪਣੇ ਲੜ ਲਾ ਲਓ….।” ਗੁਰੂ ਸਾਹਿਬ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਬਖ਼ਸ਼ਿਸ਼ ਕੀਤੀ ਅਤੇ ਕਿਹਾ ਕਿ ਭੋਲ਼ੀ ਭਾਲੀ ਜਨਤਾ ਨੂੰ ਵਹਿਮਾਂ ਭਰਮਾਂ ’ਚੋਂ ਕੱਢਿਆ ਕਰੋ।

rajwinder kaur

This news is Content Editor rajwinder kaur