ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਨਿਹੰਗ ਖ਼ਾਨ ( ਕੋਟਲਾ ਨਿਹੰਗ )

07/08/2020 12:14:17 PM

ਅਲੀ ਰਾਜਪੁਰਾ
9417679302

ਰੋਪੜ (ਰੂਪ ਨਗਰ) ਤੋਂ ਚੜ੍ਹਦੇ ਪਾਸੇ ਵਸਿਆ ਪਿੰਡ ਹੈ, ਕੋਟਲਾ ਨਿਹੰਗ। ਇਹ ਜ਼ਿਲ੍ਹਾ ਰੂਪ ਨਗਰ ਦਾ ਮਸ਼ਹੂਰ ਤੇ ਇਤਿਹਾਸਕ ਪਿੰਡ ਹੈ। ਇਸੇ ਪਿੰਡ ਦਾ ਪਠਾਣ ਸ਼ਮਸ ਖ਼ਾਨ ਧਾਰਮਿਕ ਬਿਰਤੀ ਵਾਲ਼ਾ ਇਨਸਾਨ ਸੀ। ਉਹ ਨੇੜੇ-ਤੇੜੇ ਵਾਲੇ ਲਗਭਗ 84 ਪਿੰਡਾਂ ਦਾ ਜ਼ੈਲਦਾਰ ਸੀ। ਉਸ ਕੋਲ਼ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਕਈ ਫ਼ਕੀਰਾਂ ਅਤੇ ਧਾਰਮਿਕ ਥਾਵਾਂ ’ਤੇ ਮੱਥਾ ਟੇਕਿਆ ਪਰ ਕਿਤੋਂ ਵੀ ਕੋਈ ਬਖ਼ਸ਼ਿਸ਼ ਨਾ ਹੋਈ। ਕਿਸੇ ਨੇ ਸ਼ਮਸ ਖ਼ਾਨ ਕੋਲ ਦੱਸ ਪਾਈ ਕਿ ਜੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇਰੇ ’ਤੇ ਕ੍ਰਿਪਾ ਕਰਨ ਤਾਂ ਤੇਰੇ ਘਰ ਔਲਾਦ ਪੈਦਾ ਹੋ ਸਕਦੀ ਹੈ। ਓਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਅਤੇ ਹੋਰ ਸੰਗਤਾਂ ਨਾਲ ਸ੍ਰੀ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ। ਜਦੋਂ ਸ਼ਮਸ ਖ਼ਾਨ ਨੂੰ ਗੁਰੂ ਜੀ ਦੇ ਲੰਘਣ ਦਾ ਪਤਾ ਲੱਗਿਆ ਤਾਂ ਉਹ ਰਾਹ ਵਿਚ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਜਾ ਬਿਰਾਜਿਆ ਅਤੇ ਬੇਨਤੀ ਕੀਤੀ, “ ਕਿ ਮੇਰੇ ਘਰ ਆਪਣੇ ਪਵਿੱਤਰ ਚਰਨ ਜ਼ਰੂਰ ਪਾ ਕੇ ਜਾਣਾ। ” ਗੁਰੂ ਸਾਹਿਬ ਜੀ ਨੇ ਪਠਾਣ ਸ਼ਮਸ ਖ਼ਾਨ ਦੀ ਬੇਨਤੀ ਖਿੜੇ ਮੱਥੇ ਪ੍ਰਵਾਨ ਕੀਤੀ ਤੇ 52 ਰਾਜਿਆਂ ਸਮੇਤ ਗੁਰੂ ਜੀ ਪਠਾਣ ਸ਼ਮਸ ਖ਼ਾਨ ਦੀ ਹਵੇਲੀ ਵਿਚ ਠਹਿਰੇ। ਰਾਤ ਠਹਿਰਣ ਪਿੱਛੋਂ ਜਦੋਂ ਗੁਰੂ ਜੀ ਕੀਰਤਪੁਰ ਵੱਲ ਨੂੰ ਤੁਰਨ ਲੱਗੇ ਸੀ ਤਾਂ ਸ਼ਮਸ ਖ਼ਾਨ ਨੇ ਬੇਨਤੀ ਕੀਤੀ, “ ਗੁਰੂ ਜੀ, ਮੇਰੇ ਘਰ ਪੁੱਤਰ ਨਹੀਂ ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖ਼ਸੋਂ….। ” ਤਾਂ ਗੁਰੂ ਜੀ ਨੇ ਕਿਹਾ, “ ਤੁਸੀਂ ਗੁਰੂ ਘਰ ਦੇ ਸੇਵਕ ਹੋ, ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਹੋ, ਵਾਹਿਗੁਰੂ ਤੁਹਾਨੂੰ ਜ਼ਰੂਰ ਪੁੱਤਰ ਦੀ ਦਾਤ ਬਖ਼ਸ਼ੇਗਾ…। ਜਦੋਂ ਤੁਹਾਡੇ ਪੁੱਤਰ ਹੋਵੇਗਾ ਤਾਂ ਪੁੱਤਰ ਦੇ ਚਾਲ਼ੀ ਦਿਨ ਹੋਣ ਤੋਂ ਬਾਅਦ ਉਸ ਨੂੰ ਸਾਡੇ ਕੋਲ਼ ਕੀਰਤਪੁਰ ਲੈ ਕੇ ਆਉਣਾ। ” ਸ਼ਮਸ ਖ਼ਾਂ ਦੇ ਘਰ ਸਮਾਂ ਪਾ ਕੇ ਪੁੱਤਰ ਨੇ ਜਨਮ ਲਿਆ। ਚਾਲ਼ੀ ਦਿਨਾਂ ਤੋਂ ਬਾਅਦ ਸ਼ਮਸ ਖ਼ਾਨ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਜੀ ਕੋਲ਼ ਕੀਰਤਪੁਰ ਲੈ ਕੇ ਗਿਆ। ਗੁਰੂ ਜੀ ਨੇ ਚੋਲ਼ਾ ਮੰਗਵਾ ਕੇ ਬੱਚੇ ਨੂੰ ਪਹਿਣਾ ਦਿੱਤਾ। ਉਸੇ ਵਕਤ ਹੀ ਉਸ ਨੂੰ ਨਿਹੰਗ ਖ਼ਾਂ ਦਾ ਨਾਂ ਦਿੱਤਾ। ਇਸ ਤੋਂ ਮਗਰੋਂ ਹੀ ਪਿੰਡ ਦਾ ਨਾਮ ਕੋਟਲਾ ਪਠਾਣ ਤੋਂ ਕੋਟਲਾ ਨਿਹੰਗ ਹੋ ਗਿਆ।

ਇਹ ਵੀ ਆਪਣੇ ਅੱਬਾ ਵਾਂਗ ਧਾਰਮਿਕ ਬਿਰਤੀ ਵਾਲ਼ਾ ਸੀ ਤੇ ਇਸ ਨੇ ਕਿੱਤੇ ਵਜੋਂ ਘੋੜਿਆਂ ਦਾ ਵਪਾਰ ਅਪਣਾ ਲਿਆ। ਇਹ ਚੰਗੀਆਂ ਨਸਲਾਂ ਦੇ ਘੋੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਕੋਲ਼ ਲੈ ਕੇ ਜਾਂਦਾ ਸੀ। ਇਸ ਤਰ੍ਹਾਂ ਆਉਣੀ-ਜਾਣੀ ਕਰਕੇ ਨਿਹੰਗ ਖ਼ਾਂ ਦਾ ਗੁਰੂ ਜੀ ਨਾਲ ਡੂੰਘਾ ਸਨੇਹ ਪੈ ਗਿਆ ਸੀ। ਦੂਜਾ ਇਹ ਆਪਣੇ ਪਿਤਾ ਵਾਂਗ ਗੁਰੂ ਘਰ ਦਾ ਸ਼ਰਧਾਲੂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤ ਕੇ ਵਾਪਿਸ ਪਰਤ ਰਹੇ ਸਨ ਤਾਂ ਗੁਰੂ ਜੀ ਕੋਟਲਾ ਨਿਹੰਗ ਦੇ ਇਕ ਭੱਠੇ ’ਤੇ ਪੁੱਜੇ ਤਾਂ ਗੁਰੂ ਜੀ ਨੇ ਉੱਥੇ ਕਰਿੰਦਿਆਂ ਨੂੰ ਆਰਾਮ ਕਰਨ ਲਈ ਥਾਂ ਪੁੱਛੀ ਸੀ ਤੇ ਕਰਿੰਦਿਆਂ ਨੇ ਮਜ਼ਾਕ ’ਚ ਤਪਦਦੇ ਭੱਠੇ ਵੱਲ ਇਸ਼ਾਰਾ ਕਰ ਦਿੱਤਾ ਸੀ। ਭਾਵੇਂ ਗੁਰੂ ਜੀ ਸਭ ਕਾਸੇ ਬਾਰੇ ਜਾਣੀ-ਜਾਣ ਸਨ ਪਰ ਉਨ੍ਹਾਂ ਨੇ ਕੁਝ ਵੀ ਬੋਲਣਾ-ਕਹਿਣਾ ਠੀਕ ਨਾ ਸਮਝਿਆ ਅਤੇ ਆਪ ਘੋੜੇ ਸਮੇਤ ਉਸ ਤਪਦੇ ਭੱਠੇ ’ਤੇ ਜਾ ਚੜ੍ਹੇ ਸਨ।

ਜਦੋਂ ਘੋੜੇ ਨੇ ਤਪਦੇ ਭੱਠੇ ’ਤੇ ਪੈਰ ਧਰਿਆ ਤਾਂ ਤਪਦਾ ਭੱਠਾ ਠਰ ਗਿਆ ਸੀ। ਉਹ ਕਰਿੰਦੇ ਬਹੁਤ ਹੈਰਾਨ ਹੋਏ। ਇਸ ਘਟਨਾ ਤੋਂ ਉਨ੍ਹਾਂ ’ਚੋਂ ਇਕ ਕਰਿੰਦੇ ਨੇ ਸਾਰੀ ਘਟਨਾ ਬਾਰੇ ਜਾਣਕਾਰੀ ਨਿਹੰਗ ਖ਼ਾਂ ਨੂੰ ਦਿੱਤੀ ਤਾਂ ਉਸ ਨੂੰ ਮੂਰਖ ਕਾਮਿਆਂ ’ਤੇ ਬੇਅੰਤ ਗੁੱਸਾ ਆਇਆ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਭੱਜ ਤੁਰਿਆ। ਗੁਰੂ ਜੀ ਨੂੰ ਚੌਂਕੜਾ ਮਾਰੀ ਦੇਖ ਭਰੀਆਂ ਅੱਖਾਂ ਨਾਲ ਮਾਫ਼ੀ ਮੰਗੀ। ਜਦੋਂ ਨਿਹੰਗ ਖ਼ਾੰ ਨੇ ਉਨ੍ਹਾਂ ਕਾਮਿਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਤਾਂ, ਗੁਰੂ ਜੀ ਨੇ ਕਿਹਾ ਕਿ, “ ਇਹ ਸਭ ਕੁਝ ਮਹਾਰਾਜ ਦੀ ਆਗਿਆ ਨਾਲ ਵਾਪਰ ਰਿਹਾ ਹੈ, ਮੈਂ ਅਕਾਲ ਪੁਰਖ ਦੀ ਰਜ਼ਾ ’ਚ ਰਾਜ਼ੀ ਹਾਂ। ” ਨਿਹੰਗ ਖ਼ਾਂ ਗੁਰੂ ਜੀ ਦੇ ਮੂੰਹੋਂ ਇਹ ਕੁਝ ਸੁਣ ਕੇ ਪ੍ਰਭਾਵਿਤ ਹੋ ਉੱਠਿਆ, ਉਸ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਾਥੀਆਂ ਦੀ ਦਿਲੋਂ ਆਓ ਭਗਤ ਕੀਤੀ ਸੀ। ਨਿਹੰਗ ਖ਼ਾਂ ਦੇ ਲੜਕੇ ਆਲਮ ਖ਼ਾਂ ਦੀ ਮੰਗਣੀ ਮੌਕੇ ਗੁਰੂ ਜੀ ਵੀ ਸ਼ਾਮਲ ਹੋਏ ਸਨ। ਗੁਰਦੁਆਰਾ ਭੱਠਾ ਸਾਹਿਬ ਵਿਖੇ ਅੱਜ ਵੀ ਘੋੜੇ ਦੇ ਪੈਰਾਂ ਦੇ ਨਿਸ਼ਾਨ ਦੇਖਣ ਨੂੰ ਮਿਲਦੇ ਹਨ।

ਅਨੰਦਪੁਰ ਸਾਹਿਬ ਦੇ ਯੁੱਧ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੁੱਧ ਕਰਦੇ-ਕਰਦੇ ਜਦੋਂ ਸਰਸਾ ਨਦੀ ਪੁੱਜੇ ਤਾਂ ਆਪਣੇ ਪਰਿਵਾਰ ਨੂੰ ਤਿੰਨ ਥਾਂ ਵੰਡ ਦਿੱਤਾ। ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘਾਂ ਨਾਲ ਗੁਰੂ ਜੀ ਸਰਸਾ ਨਦੀ ਪਾਰ ਕਰਕੇ ਕੋਟਲਾ ਨਿਹੰਗ ਨੂੰ ਚੱਲ ਪਏ ਸਨ। ਜਦੋਂ ਇਹ ਕੋਟਲਾ ਨਿਹੰਗ ਜਾ ਰਹੇ ਸਨ ਤਾਂ ਉਦੋਂ ਹੀ ਭਾਈ ਬਚਿੱਤਰ ਸਿੰਘ ਦੀ ਮਲਕਪੁਰ ਨੇੜੇ ਰੰਘੜਾਂ ਤੇ ਗੁੱਜਰਾਂ ਨਾਲ ਮੁੱਠਭੇੜ ਹੋਈ ਤਾਂ ਕਾਫ਼ੀ ਜ਼ਖ਼ਮੀ ਹੋ ਗਏ। ਸਾਹਿਬਜ਼ਾਦਾ ਅਜੀਤ ਸਿੰਘ, ਬਚਿੱਤਰ ਸਿੰਘ ਨੂੰ ਨਿਹੰਗ ਖ਼ਾਂ ਦੇ ਕਿਲ੍ਹੇ ’ਚ ਲੈ ਗਏ, ਜਿੱਥੇ ਖ਼ਬਰ ਮਿਲਦਿਆਂ ਹੀ ਗੁਰੂ ਸਾਹਿਬ ਜੀ ਵੀ ਆਣ ਪਹੁੰਚੇ। ਗੁਰੂ ਜੀ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖ਼ਾਂ ਨੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਨੂੰ ਕੂਚ ਕਰ ਗਏ। ਜਾਂਦੇ-ਜਾਂਦੇ ਗੁਰੂ ਜੀ ਇਸ ਪਠਾਣ ਪਰਿਵਾਰ ਨੂੰ ਸੌਗਾਤ ਵਜੋਂ ਇਕ ਤਲਵਾਰ ਜਿਸ ਉੱਤੇ ਫ਼ਾਰਸੀ ’ਚ ਲਿਖਿਆ ਹੈ, “ ਸ਼ਹਿਨਸ਼ਾਹ-ਏ-ਮੀਰ ਮਹੁੰਮਦ ਮੈਮੂੰ ਖਾਂ ” ਤੇ ਇਕ ਢਾਲ। ਇਹ ਪਠਾਣ ਪਰਿਵਾਰ ਪਾਕਿਸਤਾਨ ਜਾਣ ਵੇਲੇ ਆਪਣੇ ਘਰ ’ਚ ਰਹਿ ਰਹੇ ਪਰਿਵਾਰ ਸਪੁਰਦ ਕਰ ਗਏ ਸੀ। ਅੱਜ ਵੀ 16 ਤੋਂ 18 ਦਸੰਬਰ ਨੂੰ ਭਾਈ ਬਚਿੱਤਰ ਤੇ ਨਿਹੰਗ ਖ਼ਾਂ ਦੀ ਯਾਦ ਵਿਚ ਗੁਰੂ ਘਰ ਦਾ ਭਾਰੀ ਇਕੱਠ ਜੁੜਦਾ ਹੈ। ਜਦੋਂ ਮੁਗ਼ਲਾਂ ਨੂੰ ਭਾਈ ਬਚਿੱਤਰ ਦੀ ਨਿਹੰਗ ਖ਼ਾਂ ਕੋਲ ਹੋਣ ਬਾਰੇ ਸੂਹ ਮਿਲੀ ਤਾਂ ਮੁਗ਼ਲਾਂ ਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ ਤੇ ਨਿਹੰਗ ਖ਼ਾਨ ਨੂੰ ਕਿਹਾ ਕਿ, “ ਤੂੰ ਸਿੱਖਾਂ ਦੇ ਗੁਰੂ ਨੇ ਆਪਣੇ ਕਿਲ੍ਹੇ ’ਚ ਸ਼ਰਨ ਦਿੱਤੀ ਹੋਈ ਐ। ਅਸੀਂ ਤੇਰੇ ਕਿਲ੍ਹੇ ਦੀ ਤਲਾਸ਼ੀ ਲੈਈ ਐ। ”

ਨਿਹੰਗ ਖ਼ਾਂ ਨੇ ਤਲਾਸ਼ੀ ਦੇਣ ਲਈ ਹਾਮੀ ਭਰ ਦਿੱਤੀ ਪਰ ਇੱਕ ਕਮਰੇ ਦੀ ਤਲਾਸ਼ੀ ਨਾ ਲੈਣ ਦਿੱਤੀ ਜਿਸ ਕਮਰੇ ਵਿਚ ਉਸ ਦੀ ਸਪੁੱਤਰੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਮਲਹਮ-ਪੱਟੀ ਕਰ ਰਹੀ ਸੀ। ਜਦੋਂ ਫ਼ੌਜ ਦੇ ਮੁਖੀ ਨੇ ਉਸ ਕਮਰੇ ਦੀ ਤਲਾਸ਼ੀ ਨਾ ਦੇਣ ਦਾ ਕਾਰਨ ਪੁੱਛਿਆ ਤਾਂ ਨਿਹੰਗ ਖ਼ਾਂ ਨੇ ਕਿਹਾ, “ ਕਿ ਅੰਦਰ ਸਪੁੱਤਰੀ ਤੇ ਮੇਰਾ ਦਾਮਾਦ ਆਰਾਮ ਫਰਮਾ ਰਹੇ ਹਨ। ” ਫ਼ੌਜ ਦੇ ਮੁਖੀ ਨੇ ਕਿਹਾ ਕਿ ਉਹ ਆਪਣੀ ਬੇਟੀ ਨੂੰ ਆਵਾਜ਼ ਮਾਰੇ….. ਨਿਹੰਗ ਖ਼ਾਂ ਨੇ ਆਪਣੀ ਸਪੁੱਤਰੀ ਨੂੰ ਆਵਾਜ਼ ਮਾਰ ਕੇ ਪੁੱਛਿਆ, “ ਕਿ ਮਹਿਮਾਨ ਸੌਂ ਰਹੇ ਹਨ ਕਿ, ਜਾਗ ਰਹੇ ਹਨ। ” ਮੁਮਤਾਜ਼ ਨੇ ਅੰਦਰੋਂ ਅਵਾਜ਼ ਦਿੱਤੀ ਕਿ, “ ਆਰਾਮ ਫਰਮਾ ਰਹੇ ਹਨ। ” ਇਨਾਂ ਸੁਣਨ ਤੋਂ ਮਗਰੋਂ ਮੁਗ਼ਲ ਫੌਜਾਂ ਬਿਨਾਂ ਤਲਾਸ਼ੀ ਲਏ ਚਲੀਆਂ ਗਈਆਂ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ, ਵਾਹਿਗੁਰੂ ਨੂੰ ਪਿਆਰਾ ਹੋ ਗਿਆ। ਸਮਾਂ ਪਾ ਕੇ ਨਿਹੰਗ ਖ਼ਾਂ ਆਪਣੀ ਸਪੁੱਤਰੀ ਦਾ ਵਿਆਹ ਕਰਨ ਲੱਗਿਆ ਤਾਂ ਮੁਮਤਾਜ ਨੇ ਵਿਆਹ ਕਰਵਾਣੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਅਬਾ ਨੂੰ ਕਿਹਾ ਕਿ, “ ਆਪ ਨੇ ਖੁਦ ਭਾਈ ਬਚਿੰਤਰ ਜੀ ਨੂੰ ਮੇਰਾ ਪਤੀ ਆਖਿਆ ਸੀ, ਬਦਕਿਸਮਤੀ ਨਾਲ ਉਹ ਅੱਲ੍ਹਾ ਨੂੰ ਪਿਆਰੇ ਹੋ ਗਏ। ਹੁਣ ਮੈਂ ਉਨ੍ਹਾਂ ਦੀ ਸ਼ਹੀਦ ਬੇਗ਼ਮ ਹਾਂ ਤੇ ਇਕ ਵਿਧਵਾ ਹੋਣ ਨਾਤੇ ਮੈਂ ਸ਼ਾਦੀ ਕਰਵਾ ਕੇ ਇਸ ਪਵਿੱਤਰ ਰਿਸ਼ਤੇ ਨੂੰ ਲਾਜ ਨਹੀਂ ਲਾਉਣਾ ਚਾਹੁੰਦੀ। ” ਇਸ ਮਗਰੋਂ ਉਹ ਇਕਾਂਤ ਵਿਚ ਰਹਿਣ ਲੱਗੀ। ਜਿਸ ਦੀ ਯਾਦ ਵਿਚ ਲਗਭਗ 20 ਕਿਲੋਮੀਟਰ ’ਤੇ ਨਿਹੰਗ ਖ਼ਾਂ ਨੇ ਧੀ ਦੀ ਇੱਛਾ ਅਨੁਸਾਰ ਨਰੰਗਪੁਰ ਬੜੀ ਪਿੰਡ ਵਿਖੇ ਇਕ ਉੱਚੀ ਟਿੱਬੀ ’ਤੇ ਕਿਲ੍ਹਾ ਉਸਾਰ ਕੇ ਦਿੱਤਾ। ਜੋ ਕਿ ਅੱਜ ਆਪਣੀ ਹੋਂਦ ਗੁਆ ਚੁੱਕਿਆ ਹੈ, ਜਿੱਥੇ ਸਿਰਫ਼ ਇਕ ਅੱਧ-ਪੂਰੀ ਖੂਰੀ ਹੈ ਤੇ ਬੀਬੀ ਮੁਮਤਾਜ਼ ਦੀ ਯਾਦ ਵਿਚ “ ਤਪ ਸਥਾਨ ਮੁਮਤਾਜ਼ਗੜ੍ਹ ” ਗੁਰੂ ਘਰ ਉਸਾਰਿਆ ਗਿਆ ਹੈ। ਜਿਸ ਦੀ ਸੇਵਾ ਸੰਤ ਬਾਬਾ ਕਰਤਾਰ ਸਿੰਘ, ਬੀਬੀ ਹਿੰਮਤ ਕੌਰ ਤੇ ਪਰਮਜੀਤ ਸਿੰਘ ਵੱਲੋਂ ਸਹਿਯੋਗ ਦੇ ਕੇ ਕੀਤੀ ਗਈ ਹੈ। ਕੁਝ ਫਰਕ ਉੱਤੇ ਜਾ ਕੇ ਬੀਬੀ ਮੁਮਤਾਜ਼ ਦੀ ਕਬਰ ਵੀ ਮੌਜੂਦ ਹੈ।

ਬਾਬਾ ਜਰਨੈਲ ਸਿੰਘ ਜੀ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਹਨ। ਇਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਸ. ਰਣਜੀਤ ਸਿੰਘ ਟਕਸਾਲੀ ਜੀ ਸੇਵਾ ਕਰਦੇ ਹਨ। ਪੰਚਮੀ ਨੂੰ ਇਥੇ ਭਾਰੀ ਸੰਗਤ ਜੁੜਦੀ ਹੈ ਤੇ ਦੀਵਾਨ ਸਜਾਇਆ ਜਾਂਦਾ ਹੈ।

rajwinder kaur

This news is Content Editor rajwinder kaur