ਜੋਤੀ ਜੋਤ ਦਿਵਸ 'ਤੇ ਵਿਸ਼ੇਸ਼ : ਸੀਤਲ ਸੁਭਾ ਅਤੇ ਭਗਤੀ ਰਸ ਦੇ ਧਾਰਨੀ ਸ੍ਰੀ ਗੁਰੂ ਅਮਰਦਾਸ ਜੀ

09/13/2019 1:24:36 PM

ਜਲੰਧਰ - ਸ੍ਰੀ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ, ਜੋ ਅਤਿ ਸੀਤਲ ਸੁਭਾ, ਨਿਮਰਤਾ, ਭਗਤੀ ਰਸ ਦੇ ਧਾਰਨੀ, ਮਨੁਖਤਾ ਦਾ ਭਲਾ ਸੋਚਣ ਵਾਲੇ ਅਤੇ ਗਰੀਬਾਂ ਅਤੇ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ ਦਰਿਆ ਦਿਲ ਵਾਲੇ ਸਨ। ਗੁਰੂ ਅਮਰਦਾਸ ਜੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਵੀ ਸਨ। ਗੁਰੂ ਜੀ ਸਭ ਗੁਰੂਆ ਸਹਿਬਾਨਾਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਗੁਰੂ ਸਨ। ਆਪ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੇਵਲ 10 ਵਰ੍ਹੇ ਛੋਟੇ ਸਨ। ਗੁਰੂ ਜੀ ਦਾ ਜਨਮ 4 ਮਈ ਮਹੀਨੇ 1479 ਈ. (ਵਿਸਾਖ ਸੁਦੀ 14 ਸੰਮਤ 1536) 'ਚ ਜ਼ਿਲਾ ਅੰਮ੍ਰਿਤਸਰ ਵਿਖੇ ਸਥਿਤ ਬਾਸਰਕੇ ਨਾਮੀ ਪਿੰਡ 'ਚ ਮਾਤਾ ਲੱੱਖਮੀ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਜੀ ਦੇ ਪਿਤਾ ਤੇਜ ਭਾਨ ਜੀ ਭੱਲਾ ਪਰਿਵਾਰ ਦੇ ਇਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ 'ਚ ਗੁਰੂ ਜੀ ਦਾ ਵਿਆਹ ਦੇਵੀ ਚੰਦ ਜੀ ਦੀ ਪੁੱਤਰੀ ਰਾਮੋ ਨਾਲ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ। ਗੁਰੂ ਜੀ ਵੈਸ਼ਨੂੰ ਮੱਤ ਦੇ ਪੱਕੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ।

ਇਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇਕ ਸਾਧੂ ਨਾਲ ਹੋਈ। ਗੁਰੂ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਗੁਰੂ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਗੁਰੂ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ। ਇਕ ਦਿਨ ਗੁਰੂ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਗੁਰੂ ਜੀ ਦੇ ਮਨ 'ਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ 'ਤੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ, ਜਿਸ ਮਗਰੋਂ ਉਹ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਗੁਰੂ ਜੀ ਦੀ ਉਮਰ ਤਕਰੀਬਨ 62 ਸਾਲਾ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾ 'ਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ।

ਗੁਰੂ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ 'ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ 'ਨੌਕਰ, ਪਾਗਲ, ਕਹਾਰ' ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਗੁਰੂ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਸੀ ਕਰਦੇ। ਉਨ੍ਹਾਂ ਦੇ ਮਨ 'ਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ 'ਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ। ਇਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। 'ਕੌਣ ਹੈ? ' ਜੁਲਾਹੇ ਦੀ ਪਤਨੀ ਦੀ ਉਸ ਦੇ ਪਤੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾਂ ਜਿਸ ਨੂੰ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤਨੀ ਨੇ ਉੱਤਰ ਦਿੱਤਾ।

ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਗੁਰੂ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈ. 'ਚ ਗੁਰੂ ਜੀ ਦੇ ਗੁਰਗੱਦੀ 'ਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ। ਉਨ੍ਹਾਂ ਨੂੰ ਗੱਦੀ 'ਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਗੁਰੂ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਕੀਤੇ, ਜਿਨ੍ਹਾਂ 'ਚੋਂ 22 ਪ੍ਰਚਾਰਕਾਂ ਦੇ ਨਾਂ ਦਰਸਾਉਂਦੀ ਇਹ ਤਖਤੀ ਗੁਰਦੁਆਰਾ ਚੁਬਾਰੇ ਸਾਹਿਬ ਗੋਇੰਦਵਾਲ ਵਿਖੇ ਸਥਾਪਿਤ ਹੈ। ਗੋਇੰਦਵਾਲ 'ਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਅਤੇ ਸ਼ਬਦਾਂ ਦੇ ਸੰਗ੍ਰਹਿ ਅਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ 'ਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ 'ਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ। ਗੁਰੂ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ 'ਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ।ਗੁਰੂ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 907 ਸ਼ਬਦ, 19 ਰਾਗਾਂ 'ਚ ਅੰਕਿਤ ਹਨ। ਉਨ੍ਹਾਂ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।

rajwinder kaur

This news is Edited By rajwinder kaur