ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ ''ਤੇ ਵਿਸ਼ੇਸ਼, ਅੱਜ ਵਤਨ ਦੀਆਂ ਗੁਲਜ਼ਾਰਾਂ ਦਾ ਰੰਗ ਸੂਹਾ-ਸੂਹਾ ਹੋਇਆ ਏ

12/25/2023 1:26:52 PM

ਸ੍ਰੀ ਫਤਿਹਗੜ੍ਹ ਸਾਹਿਬ - ਲਹੂ ਭਿੱਜੀਆਂ ਜ਼ਰਖੇਜ਼ ਸ਼ਹਾਦਤਾਂ ਦਾ ਰੰਗ ਹਮੇਸ਼ਾ ਵਤਨ ਦੇ ਕੌਮ ਪ੍ਰਸਤੀ ਦੀ ਅਜ਼ਮਤ ਨੂੰ ਸੂਹਾ ਕਰਦਾ ਹੈ। ਸਾਕਾ ਸਰਹਿੰਦ ਜ਼ੁਲਮ-ਓ-ਸਿਤਮ ਦੀ ਉਹ ਇਬਾਰਤ ਸੀ, ਜੋ ਤਤਕਾਲੀ ਤੇ ਕੱਟੜਪੰਥੀ ਮੁਗਲ ਸਲਤਨਤ ਨੇ 7 ਤੇ 9 ਸਾਲਾਂ ਦੇ ਮਾਸੂਮਾਂ ਦੀ ਰੱਤ ਨਾਲ ਹਕੂਮਤ ਦੇ ਨਸ਼ੇ ’ਚ ਧੁੱਤ ਹੋ ਕੇ ਤਵਾਰੀਖ ਦੇ ਸੀਨੇ ’ਤੇ ਉਕਰੀ ਤੇ ਇਤਿਹਾਸ ਦਾ ਇਹੋ ਦੁਖਾਂਤਕ ਵਰਤਾਰਾ ਮੁਗਲ ਸਲਤਨਤ ਦੇ ਪਤਨ ਦਾ ਸਬੱਬ ਹੋ ਨਿੱਬੜਿਆ। ਇਹ ਸਾਕਾ ਅਜਿਹਾ ਲਾਸਾਨੀ ਤੇ ਬੇਨਜ਼ੀਰ ਸੀ, ਜਿਸ ਨੇ ਖਾਲਸਾਈ ਸ਼ਾਨਾਂ ਨੂੰ ਅਜ਼ਮਤ ਦਾ ਅਜਿਹਾ ਸੂਹਾ ਰੰਗ ਚਾੜ੍ਹਿਆ, ਜੋ ਪੁਸ਼ਤਾਂ ਤੱਕ ਅਣਖ ਦਾ ਨੂਰਾਨੀ ਸਰੂਪ ਹੋ ਨਿੱਬੜਿਆ।

ਇਸ ਨੇ ਤਮਾਮ ਮਜ਼੍ਹਬਾਂ ਦੀਆਂ ਵਲਗਣਾਂ ਨੂੰ ਤੋੜ ਕੇ ਨਿਰਪੱਖ ਮਨੁੱਖਤਾ ਦੇ ਜ਼ਿਹਨ ’ਤੇ ਅਜਿਹਾ ਫੱਟ ਮਾਰਿਆ, ਜੋ ਸਮੁੱਚੀ ਲੋਕਾਈ ਦਾ ਰਿਸਤਾ ਨਸੂਰ ਸਾਬਤ ਹੋਇਆ। ਇਹ ਤਵਾਰੀਖ ਦੀ ਉਹ ਲਹੂ ਨੁਚੜਦੀ ਪਰਤ ਸੀ, ਜਿਸ ਨੂੰ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਵਰਗੇ ਸੱਚੇ-ਸੁੱਚੇ ਇਸਲਾਮ ਪ੍ਰਸਤਾਂ ਨੇ ਕਲਮਬੱਧ ਕਰਕੇ ਸਪਸ਼ਟ ਕਰ ਦਿੱਤਾ ਕਿ ਜਬਰ-ਜ਼ੁਲਮ ਦੀਆਂ ਨੀਹਾਂ ਉਸਾਰਨ ਵਾਲੀਆਂ ਹਕੂਮਤਾਂ ਹਮੇਸ਼ਾ ਧਰਮ ਦਾ ਸਹਾਰਾ ਲੋੜ ਕੇ ਕੱਟੜਤਾ ਦੇ ਰੁੱਖ ਦੇ ਮੁੱਢ ਪਾਣੀ ਪਾਉਂਦੀਆਂ ਹਨ ਪਰ ਧਰਮ ਦਾ ਬੁਨਿਆਦੀ ਫਲਸਫਾ ਹਿੱਕ ਡਾਹ ਕੇ ਜਬਰ-ਜ਼ੁਲਮ ਖਿਲਾਫ਼ ਡਟਦਾ ਹੈ ਅਤੇ ਧਰਮ ਦੇ ਦਾਮਨਾਂ ਹੇਠ ਛੁਪੇ ਕਹਿਰਵਾਨ ਕਿਰਦਾਰਾਂ ਨੂੰ ਬੇਨਕਾਬ ਕਰਦਾ ਹੈ।

ਜ਼ਰਾ ਸਾਕਾ ਸਰਹਿੰਦ ਦੀਆਂ ਆਂਦਰਾਂ ਫੋਲ ਕੇ ਵੇਖੀਏ ਤਾਂ ਨਿਰਪੱਖਤਾ ਦੀ ਕਸਵੱਟੀ ’ਤੇ ਸੱਚ ਦੀ ਤੱਕੜੀ ਫੜ ਕੇ ਇਨਸਾਫ ਦਾ ਲੇਖਾ-ਜੋਖਾ ਕਰਦਾ ਨਜ਼ਰ ਆਵੇਗਾ। ਠੰਡੇ ਬੁਰਜ ’ਚ ਗੁਜ਼ਾਰੀਆਂ ਮਾਤਾ ਤੇ ਸਾਹਿਬਜ਼ਾਦਿਆਂ ਦੀਆਂ ਤਿੰਨ ਰਾਤਾਂ ਦੇ ਰੂਹਾਂ ਨੂੰ ਵਲੂੰਧਰਨ ਵਾਲੇ ਬਿਰਤਾਂਤ, ਸਮੇਂ-ਸਮੇਂ ਦੀਂ ਪੇਸ਼ੀਆਂ ਦੌਰਾਨ ਅਹਿਲਕਾਰਾਂ ਦੀ ਭੂਮਿਕਾ ਅਤੇ ਅੰਤਿਮ ਰਸਮਾਂ ਤੱਕ ਇਹ ਪੱਖ ਸਪਸ਼ਟ ਰੂਪ ’ਚ ਉਜਾਗਰ ਹੋ ਜਾਂਦਾ ਹੈ ਕਿ ਇਹ ਦਾਸਤਾਨ ਧਰਮ ਤੇ ਕੱਟੜਤਾ ਅਤੇ ਸਬਰ ਤੇ ਸਿੱਦਕ ਦੀ ਜੰਗ ਸੀ ਨਾ ਕਿ ਕਿਸੇ ਧਰਮ ਜਾਂ ਮਜ਼੍ਹਬ ਦੀ ਸਵੈ-ਖਾਨਾਜੰਗੀ ਸੀ।

ਇਹ ਖ਼ਬਰ ਵੀ ਪੜ੍ਹੋ : ਸੁੱਖ ਖਰੌੜ ਨਵਜੰਮੇ ਪੁੱਤ ਨੂੰ ਲੈ ਕੇ ਪਹੁੰਚੇ ਗੁਰੂ ਘਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

ਸੂਬਾ-ਏ-ਸਰਹਿੰਦ ਵਜ਼ੀਦ ਖਾਨ ਗੁਰੂ ਕਿਆਂ ’ਤੇ ਕਹਿਰ ਢਾਹੁੰਦਾ ਹੈ ਪਰ ਉਸ ਦੀ ਹੀ ਬੇਗਮ ਜੈਨਾ ਜ਼ੁਲਮ-ਓ-ਸਿਤਮ ਦੇ ਖਿਲਾਫ ਇਕ ਨਿਤਾਣੀ ਔਰਤ ਦੀ ਹੈਸੀਅਤ ’ਚ ਲੜਦੀ ਹੈ ਪਰ ਸਰਕਾਰੀ ਸ਼ਕਤੀ ਤੇ ਹੈਂਕੜਸ਼ਾਹ ਬਾਦਸ਼ਾਹ ਅੱਗੇ ਜਦੋਂ ਬੇਵਸ ਹੋ ਜਾਂਦੀ ਹੈ ਤਾਂ ਆਤਮ- ਹੱਤਿਆ ਕਰਕੇ ਆਪਣੇ ਉਤੇ ਲੱਗਣ ਵਾਲੇ ਦਾਗ ਧੋ ਕੇ ਇਤਿਹਾਸ ਅੰਦਰ ਸੁਰਖਰੂ ਹੋ ਜਾਂਦੀ ਹੈ। ਜਿਸ ਵਰਗ ਨਾਲ ਸਬੰਧਤ ਨਵਾਬ ਸੁੱਚਾ ਨੰਦ ਸਾਹਿਬਜ਼ਾਦਿਆਂ ਨੂੰ ਕਤਲ ਕਰਵਾਉਣ ਲਈ ਗੈਰ-ਇਖਲਾਕੀ ਅਹਿਲਕਾਰ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਉਸੇ ਵਰਗ ਦਾ ਦੀਵਾਨ ਟੋਡਰ ਮੱਲ ਖੜ੍ਹੀਆਂ ਮੋਹਰਾਂ ਵਿਛਾ ਕੇ ਸਸਕਾਰ ਲਈ ਜ਼ਮੀਨ ਖਰੀਦਦਾ ਹੈ ਤੇ ਲੰਬੇ ਸਮੇਂ ਤੱਕ ਸਰਕਾਰੀ ਜੋਖਮ ਹੰਢਾਉਂਦਾ ਹੈ। ਸਾਹਿਬਜ਼ਾਦਿਆਂ ਦੀ ਮੁਖਬਰੀ ਕਰਨ ਵਾਲੇ ਗੁੰਗੂ ਰਸੋਈਏ ਦਾ ਜਿਸ ਧਰਮ ’ਚ ਜਨਮ ਹੋਇਆ ਸੀ ਉਸ ਧਰਮ ਨਾਲ ਸਬੰਧਤ ਸੀ ਬਾਬਾ ਮੋਤੀ ਰਾਮ ਮਹਿਰਾ ,ਜਿਸ ਨੇ ਗੁਰੂ ਦੇ ਲਾਲਾਂ ਨੂੰ ਦੁੱਧ ਪਿਆ ਕੇ ਇਤਿਹਾਸ ਦੇ ਪੰਨਿਆਂ ਤੇ ਜਿੱਥੇ ਕੌਮੀ ਨਾਇਕ ਦਾ ਰੁਤਬਾ ਹਾਸਿਲ ਕੀਤਾ ਉਥੇ ਸਮੁੱਚਾ ਪਰਿਵਾਰ ਇਸ ਇਵਜ਼ ’ਚ ਸ਼ਹੀਦ ਕਰਵਾ ਕੇ ਲਾਮਿਸਾਲ ਸ਼ਹਾਦਤ ਵੀ ਪ੍ਰਾਪਤ ਕੀਤੀ।

ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ ਇਹੋ ਹਾਅ ਦਾ ਨਾਅਰਾ ਸਾਹਿਬਜ਼ਾਦਿਆਂ ਦੇ ਹੱਕ ’ਚ ਸੂਬਾ ਸਰਹਿੰਦ ਦੀ ਕਚਹਿਰੀ ’ਚ ਮਾਰਿਆ ਸੀ ਪਰ ਅੱਜ ਸਮੁੱਚੀ ਕੌਮ ਉਸ ਦੇ ਕੌਮ ਅਤੇ ਗੁਰੂ ਜੀ ਪ੍ਰਤੀ ਵਿਰੋਧੀ ਵਰਤਾਰਿਆਂ ਨੂੰ ਭੁੱਲ ਕੇ ਉਸ ਨੂੰ ਨਾਇਕ ਮੰਨ ਰਹੀ ਹੈ। ਇਹ ਪੱਖ ਵੀ ਆਪਣੇ ਆਪ ’ਚ ਮਹਾਨ ਹੈ ਕਿ ਇਸਲਾਮ-ਏ-ਨਿਜ਼ਾਮ ਅੰਦਰ ਮਸੂਮ ਬੱਚਿਆਂ ਨੂੰ ਇਸ ਕਦਰ ਜਿਬਾਹ ਕਰਨਾ ਹਰਾਮ ਮੰਨਿਆ ਗਿਆ ਹੈ ਪਰ ਹਕੂਮਤ ਹਿਤੈਸ਼ੀ ਕਾਜ਼ੀ ਨੇ ਸਾਹਿਬਜ਼ਾਦਿਆਂ ਖਿਲਾਫ਼ ਫਤਵਾ ਲਗਾ ਕੇ ਅਤੇ ਉਨਾਂ ਦੇ ਸਿਰ ਕਲਮ ਕਰਵਾ ਕੇ ਜਿਸ ਕਦਰ ਧਰਮ ਦੀ ਆੜ ’ਚ ਕੱਟੜਪੰਥੀ ਹਕੂਮਤ ਦਾ ਸਾਥ ਦਿੱਤਾ ਉਹ ਇਸਲਾਮ ਦੇ ਫਲਸਫੇ ਦੀ ਸਿਆਸੀ ਬਦਲਾਖੋਰੀ ਦੀ ਅਜੀਬ ਮਿਸਾਲ ਸੀ, ਜਿਸ ਨੂੰ ਇਸਲਾਮ ਦੇ ਸੱਚੇ ਹਿਤੈਸ਼ੀ ਤੇ ਪੈਰੋਕਾਰ ਕਿਸੇ ਵੀ ਕੀਮਤ ’ਤੇ ਪ੍ਰਵਾਨ ਨਹੀ ਕਰ ਸਕਦੇ। ਇਤਿਹਾਸ ਇਸ ਪੱਖ ਦਾ ਵੀ ਲੇਖਾ-ਜ਼ੋਖਾ ਕਰਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੌਰਾਨ ਸਰਹਿੰਦ ਫਤਹਿ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਉਚੇਚੇ ਤੌਰ ’ਤੇ ਇਹ ਹਦਾਇਤ ਕੀਤੀ ਸੀ ਕਿ ਉਹ ਨਾ ਕਿਸੇ ਨਿਰਦੋਸ਼ ਮਸੂਮ ਜਾਂ ਔਰਤ ਤੇ ਹੱਥ ਚੁੱਕਣ ਬਲਕਿ ਇਸਲਾਮ ਧਰਮ ਨਾਲ ਸਬੰਧਤ ਕਿਸੇ ਵੀ ਅਜਿਹੇ ਅਸਥਾਨ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ, ਜਿਸ ਨਾਲ ਮੋਮਨਾਂ ਦੀਆਂ ਭਾਵਨਾਵਾਂ ਤੇ ਆਸਥਾ ਜੁੜੀ ਹੋਵੇ। 

ਇਹ ਖ਼ਬਰ ਵੀ ਪੜ੍ਹੋ : ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਟੇਕਿਆ ਮੱਥਾ

ਸਾਕਾ ਸਰਹਿੰਦ ਨਾਲ ਜੁੜੀ ਇਹ ਇਤਿਹਾਸਕ ਘਟਨਾ ਵੀ ਧਰਮ ਨਿਰਪੱਖਤਾ ਦੇ ਵਰਤਾਰੇ ਦਾ ਵੱਡਾ ਪ੍ਰਮਾਣ ਹੈ। ਇਸਦੇ ਨਾਲ-ਨਾਲ ਕਾਜ਼ੀ ਨੂੰ ਸਜ਼ਾ ਦੇਣ ਦਾ ਵੱਡਾ ਕਾਰਨ ਇਹ ਸੀ ਕਿ ਉਸਨੇ ਸ਼ਰਾ ਦੀ ਪਵਿੱਤਰਤਾ ਅਤੇ ਪਾਕਿ ਫਤਵੇ ਦੀ ਤੋਹੀਨ ਕੀਤੀ ਸੀ। ਅਜਿਹੀ ਸਥਿਤੀ ’ਚ ਅਸੀ ਇਸ ਦੁਖਾਂਤ ਪ੍ਰਤੀ ਕਿਸੇ ਇਕ ਮਜ਼੍ਹਬੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਕਿਉਂਕਿ ਸੱਚ ਇਹ ਹੈ ਕਿ ਸਾਕਾ ਸਰਹਿੰਦ ਜ਼ੁਲਮ ਤੇ ਸਬਰ ਦੀ ਉਹ ਸਿਖਰ ਸੀ ਜੋ ਸਰਬ ਧਰਮਾਂ ਦੇ ਸਾਂਝ ਇਲਾਹੀ ਤੇ ਸਿਧਾਂਤਕ ਫਲਸਫੇ ਲਈ ਮਿਸਾਲ ਬਣੀ।

ਸਮਸ਼ੇਰ ਸਿੰਘ ਡੂਮੇਵਾਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita