ਸਿਧ ਗੋਸ਼ਟਿ

05/27/2019 2:20:07 PM

ਨਾਨਕ ਯਾਤਰਾ ਦਾ ਪੜਾਅ- 2 
ਸਿਧ ਗੋਸ਼ਟਿ

ਸਿਧ ਗੋਸਟਿ ਦੀ ਬਾਣੀ ਰਾਮਕਲੀ ਰਾਗ ਵਿਚ ਹੈ ਜੋ ਜੋਗੀਆਂ ਵਿਚ ਸਭ ਤੋਂ ਵੱਧ ਪ੍ਰਚਲਤ ਅਤੇ ਉਹਨਾਂ ਦਾ ਮਨ ਭਾਉਂਦਾ ਰਾਗ ਹੈ। ਇਸ ਵਿਚ ਸਿੱਧ-ਪੱਖ ਲਈ ਜੋਗ ਮੱਤ ਦੀ ਚੋਖੀ ਸ਼ਬਦਾਵਲੀ ਵਰਤੀ ਗਈ ਹੈ। ਜਿਵੇਂ ਅਉਧੂ, ਪਾਰਗਰਾਮੀ, ਅਸਟ ਸਿਧੀ, ਅਨਹਤ, ਸੁੰਨ, ਅਲਖ ਅਪਾਰੋ ਆਦਿ। ਸੰਤ-ਪੱਖ ਵਲੋਂ ਉਸ ਸ਼ਬਦਾਵਲੀ ਦੀ ਵਰਤੋਂ ਹੋਈ ਹੈ ਜਿਸ ਨੂੰ ਗੁਰਮਤਿ ਦੀ ਸ਼ਬਦਾਵਲੀ ਕਿਹਾ ਜਾ ਸਕਦਾ ਹੈ। ਜਿਵੇਂ ਸਤਿਗੁਰ, ਗੁਰਮਤਿ, ਗੁਰਮੁਖਿ, ਅਰਦਾਸਿ, ਨਾਮੁ, ਗੁਰੂ, ਮਨਮੁਖਿ, ਨਿਰਭਉ, ਅੰਮ੍ਰਿਤ ਆਦਿ। ਸਿਧ ਗੋਸਟਿ ਲਿਖੇ ਜਾਣ ਤੋਂ ਪਹਿਲਾਂ ਇਸ ਸਾਰੀ ਸ਼ਬਦਾਵਲੀ ਦੀ ਇਹਨਾਂ ਸੰਤਾਂ ਭਗਤਾਂ ਦੀ ਬਾਣੀ ਵਿਚ ਖ਼ੂਬ ਵਰਤੀ ਹੋਈ ਹੈ। ਇਸ ਤਰ੍ਹਾਂ ਸਿਧ ਗੋਸਟਿ ਦੀ ਬਾਣੀ ਗੁਰਮਤਿ ਦੇ ਜੋਗ ਮੱਤ ਨਾਲ ਚਾਰ ਹਜ਼ਾਰ ਕਿਲੋਮੀਟਰ ਦੀ ਲੰਬਾਈ ਚੌੜਾਈ ਵਾਲੇ ਇਸ ਭੂਖੰਡ ਵਿਚ ਤਕਰੀਬਨ ਚਾਰ ਸਦੀਆਂ ਦੌਰਾਨ ਹੋਏ ਸੰਵਾਦ ਦਾ ਗੁਰੂ ਨਾਨਕ ਦੁਆਰਾ ਲਿਖਿਆ ਗਿਆ ਸੰਵਾਦਨਾਮਾ ਹੈ। ਗੁਰਮਤਿ ਵਿਚਾਰਧਾਰਾ ਦੇ ਉਸਰੱਈਏ ਇਹਨਾਂ ਸੰਤਾਂ ਨੇ 'ਗੁਰ ਕੇ ਸ਼ਬਦ' ਦੀ ਗੁਰਮਤਿ ਦੇ ਪ੍ਰਮੁੱਖ ਸਿਧਾਂਤ ਦੇ ਤੌਰ ਤੇ ਬਹੁਤ ਮਹਿਮਾ ਕੀਤੀ:

ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ॥ (1351, ਨਾਮਦੇਵ ਜੀ)

ਰਾਮਾਨੰਦ ਸੁਆਮੀ ਰਮਤ ਬ੍ਰਹਮ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ (1195, ਰਾਮਾਨੰਦ ਜੀ)

ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ॥ 
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ॥ (334, ਕਬੀਰ ਜੀ)

ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ॥ 
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ॥ (335, ਕਬੀਰ ਜੀ)

ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ॥  
ਤ੍ਰਿਸਨਾ ਕਾਮੁ ਕ੍ਰੋਧੁੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ॥ (969, ਕਬੀਰ ਜੀ)

ਸੰਤ ਸਭਾ ਵਲੋਂ ਦ੍ਰਿੜਾਏ 'ਗੁਰ ਕੇ ਸ਼ਬਦ' ਦੇ ਇਸ ਮਹੱਤਵ ਨੂੰ ਗੁਰੂ ਨਾਨਕ ਨੇ ਇਸ ਸੰਵਾਦਨਾਮੇ ਵਿਚ ਕਈ ਪ੍ਰਸੰਗਾਂ ਵਿਚ ਉਘਾੜਿਆ ਹੈ:

ਕਾਮੁ ਕ੍ਰੋਧੁੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ॥ (939, ਸਿਧ ਗੋਸਟਿ)

ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ॥ (940, ਸਿਧ ਗੋਸਟਿ)

ਗੁਰ ਕੈ ਸਬਦਿ ਰਪੈ ਰੰਗੁ ਲਾਇ॥ 
ਸਾਚਿ ਰਤਉ ਪਤਿ ਸਿਉ ਘਰਿ ਜਾਇ॥ (941, ਸਿਧ ਗੋਸਟਿ)

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ॥ (941, ਸਿਧ ਗੋਸਟਿ)

ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥ (941, ਸਿਧ ਗੋਸਟਿ)

ਰੰਗਿ ਨ ਰਾਤਾ ਰਸਿ ਨਹੀ ਮਾਤਾ॥ 
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ॥ (945, ਸਿਧ ਗੋਸਟਿ)

ਸੰਤ ਸਭਾ ਵਲੋਂ ਪ੍ਰਸਤੁਤ ਹੋਈ ਗੁਰਮਤਿ ਵਿਚਾਰਧਾਰਾ ਨੂੰ ਬੱਝਵੇਂ ਰੂਪ ਵਿਚ ਪੇਸ਼ ਕਰਨਾ ਸਿਧ ਗੋਸਟਿ ਦੀ ਬਾਣੀ ਦਾ ਮੂਲ ਉਦੇਸ਼ ਜਾਪਦਾ ਹੈ। ਗੁਰਮਤਿ ਦੀ ਬਾਤ ਨਾਮਦੇਵ ਦੇਵ ਜੀ ਨੇ ਅਰੰਭੀ ਅਤੇ ਕਬੀਰ ਜੀ ਨੇ ਬੜੀ ਸਰਗਰਮੀ ਨਾਲ ਇਸ ਨੂੰ ਅੱਗੇ ਤੋਰਿਆ:
 
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ॥ 
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ॥ (718, ਨਾਮਦੇਵ ਜੀ)

ਗੁਰਮਤਿ ਰਾਮ ਨਾਮ ਗਹੁ ਮੀਤਾ॥ 
ਪ੍ਰਣਵੈ ਨਾਮਾ ਇਉ ਕਹੈ ਗੀਤਾ॥ (874, ਨਾਮਦੇਵ ਜੀ)

ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ॥ 
ਰਾਮੈ ਰਾਮ ਰਮਤ ਸੁਖੁ ਪਾਵੈ॥ (326, ਕਬੀਰ ਜੀ)

ਗੁਰਮਤਿ ਮਨੂਆ ਅਸਥਿਰੁ ਰਾਖਹੁ
ਇਨ ਬਿਧਿ ਅੰਮ੍ਰਿਤੁ ਪੀਓਈਐ॥ (332, ਕਬੀਰ ਜੀ)

ਗੁਰਮਤਿ ਰਾਮੈ ਨਾਮਿ ਬਸਾਈ॥ 
ਅਸਥਿਰੁ ਰਹੈ ਨ ਕਤਹੂੰ ਜਾਈ॥ (481, ਕਬੀਰ ਜੀ)

ਕਬੀਰ ਜੀ ਵਲੋਂ ਗੁਰਮਤਿ ਨੂੰ ਧਾਰਨ ਕਰਨ ਵਾਲੇ ਨਾਮ-ਰਤਿਆਂ ਨੂੰ ਗੁਰਮੁਖ ਕਿਹਾ ਗਿਆ। ਸਿਧ ਗੋਸਟਿ ਦੀ ਬਾਣੀ ਦੀਆਂ ਕਈ ਪਾਉੜੀਆਂ ਵਿਚ ਗੁਰਮੁਖ ਦੇ ਗੁਣਾਂ ਅਤੇ ਪਛਾਣਾਂ ਦੀ ਚਰਚਾ ਕਰ ਕੇ ਗੁਰਮਤਿ ਦੀ ਵਿਸਥਾਰ ਨਾਲ ਵਿਆਖਿਆ ਹੋਈ ਹੈ। ਕਬੀਰ ਜੀ ਨੇ ਜੋਗੀਆਂ ਨੂੰ ਗੁਰਮੁਖ ਬਣ ਕੇ ਭਾਵ ਗੁਰਮਤਿ ਸਿਧਾਤਾਂ ਨੂੰ ਧਾਰਨ ਕਰਕੇ ਸਹੀ ਅਰਥਾਂ ਵਿਚ ਯੋਗੀ ਹੋਣ ਦਾ ਸੱਦਾ ਦਿੱਤਾ:

ਐਸਾ ਜੋਗੁ ਕਮਾਵਹੁ ਜੋਗੀ॥ 
ਜਪ ਤਪ ਸੰਜਮੁ ਗੁਰਮੁਖਿ ਭੋਗੀ॥ (970, ਕਬੀਰ ਜੀ)

ਇਸ ਸੱਦੇ ਨੂੰ ਗੁਰੂ ਨਾਨਕ ਨੇ ਸੰਵਾਦਨਾਮੇ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ:

ਸਤੁ ਸੰਤੋਖੁ ਸੰਜਮੁ ਹੈ ਨਾਲਿ॥ 
ਨਾਨਕ ਗੁਰਮੁਖਿ ਨਾਮੁ ਸਮਾਲਿ॥ (939, ਸਿਧ ਗੋਸਟਿ)

ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ॥ (939, ਸਿਧ ਗੋਸਟਿ)

    ਕਬੀਰ ਜੀ ਨੇ ਗੁਰਮੁਖ ਦੀ ਅਤਾਮਿਕ ਅਵੱਸਥਾ ਅਤੇ ਉਸ ਦੇ ਪ੍ਰਮੇਸ਼ਰ ਨਾਲ ਮਿਲਾਪੀ ਸਬੰਧ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਨੇ ਇਸ ਗੁਰਮਤਿ ਬੋਧ ਨੂੰ ਸਿਧ ਗੋਸਟਿ ਵਿਚ ਰੇਖਾਂਕਿਤ ਕੀਤਾ:

ਜਾ ਕਉ ਗੁਰਮੁਖਿ ਆਪਿ ਬੁਝਾਈ॥ 
ਤਾ ਕੇ ਹਿਰਦੈ ਰਹਿਆ ਸਮਾਈ॥ (655, ਕਬੀਰ ਜੀ)

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ॥ (970, ਕਬੀਰ ਜੀ)

ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ॥(939, ਸਿਧ ਗੋਸਟਿ)

ਨਾਨਕ ਗੁਰਮੁਖਿ ਸਾਚਿ ਸਮਾਇ / ਸਮਾਵੈ॥ (939/941, ਸਿਧ ਗੋਸਟਿ)

ਇਸ ਵਿਚਾਰ ਨੂੰ ਹੋਰ ਗੂੜ੍ਹਾ ਕਰਦਿਆਂ ਕਬੀਰ ਜੀ ਨੇ ਕਿਹਾ ਕਿ ਗੁਰਮਤਿ ਦਾ ਧਾਰਨੀ ਗੁਰਮੁਖ ਪ੍ਰਮਾਤਮਾ ਦੀ ਜੋਤ ਨਾਲ ਇਕ-ਮਿਕ ਹੋ ਜਾਂਦਾ ਹੈ, ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ:

ਕਹੈ ਕਬੀਰੁ ਏਕੈ ਕਰਿ ਕਰਨਾ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ॥ (872, ਕਬੀਰ ਜੀ)

ਇਸ ਨਿਰਨੇ ਨੂੰ ਗੁਰੂ ਨਾਨਕ ਨੇ ਆਪਣੇ ਸ਼ਬਦਾਂ ਰਾਹੀਂ ਸੰਵਾਦਨਾਮੇ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ:

ਗੁਰਮੁਖਿ ਪਾਈਐ ਅਲਖ ਅਪਾਰੁ॥ 
ਨਾਨਕ ਗੁਰਮੁਖਿ ਮੁਕਤਿ ਦੁਆਰੁ॥ (941, ਸਿਧ ਗੋਸਟਿ)

ਗੁਰੂ ਨਾਨਕ ਜੀ ਲਿਖਦੇ ਹਨ ਕਿ ਨਾਮ-ਰਤੇ ਸੰਤਾਂ (ਜੈ ਦੇਵ ਜੀ, ਨਾਮਦੇਵ ਜੀ, ਬੇਣੀ ਜੀ, ਕਬੀਰ ਜੀ ਅਦਿ) ਨੇ ਆਪਣੀ ਬਾਣੀ ਵਿਚ ਜੋਗ ਮੱਤ ਦੁਆਰਾ ਸਥਾਪਤ ਕੀਤੀਆਂ ਅਤੇ ਪ੍ਰਚਾਰੀਆਂ ਗਈਆਂ ਜੁਗਤਾਂ ਬਾਰੇ ਵਿਚਾਰ ਕਰਕੇ ਆਪਣਾ ਅਨੁਭਵ ਅਤੇ ਦ੍ਰਿਸ਼ਟੀਕੋਨ ਪੇਸ਼ ਕੀਤਾ ਹੋਇਆ ਹੈ:

ਨਾਮਿ ਰਤੇ ਜੋਗ ਜੁਗਤਿ ਬੀਚਾਰੁ॥
ਨਾਮਿ ਰਤੇ ਪਾਵਹਿ ਮੋਖ ਦੁਆਰੁ॥ (941, ਸਿਧ ਗੋਸਟਿ)

ਇਸ ਪ੍ਰਥਾਏ ਭਾਵ ਜੋਗ-ਜੁਗਤ ਨਾਲ ਸਬੰਧਤ ਇੜਾ, ਪਿੰਗਲਾ ਅਤੇ ਸੁਖਮਨਾ ਦੇ ਹਵਾਲੇ ਨਾਲ ਉਚਾਰੇ ਨਾਮਦੇਵ ਜੀ ਅਤੇ ਬੇਣੀ ਜੀ ਦੇ ਰਾਮਕਲੀ ਰਾਗ ਵਿਚ ਹੀ ਦਰਜ ਸ਼ਬਦ ਸਾਡੇ ਸਾਹਮਣੇ ਹਨ:

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ॥
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥ (973, ਨਾਮਦੇਵ ਜੀ)

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ॥
ਸੰਤਹੁ ਤਹਾ ਨਿਰੰਜਨ ਰਾਮੁ ਹੈ॥ (974, ਬੇਣੀ ਜੀ)

ਸੰਵਾਦਨਾਮੇ ਵਿਚ ਸੰਤ-ਪੱਖ ਦਾ ਇਹ ਵਿਚਾਰ ਗੁਰੂ ਨਾਨਕ ਦੇ ਸ਼ਬਦਾਂ ਵਿਚ ਇਸ ਤਰ੍ਹਾਂ ਦਰਜ ਹੋਇਆ:

ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ॥
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ॥ (944, ਸਿਧ ਗੋਸਟਿ)

ਜੋਗਮੱਤ ਨਾਲ ਸੰਵਾਦ ਰਚਾਉਂਦਿਆਂ ਨਾਮ-ਰਤੇ ਸੰਤ ਕਬੀਰ ਜੀ ਨੇ ਜੋਗ-ਚਿੰਨਾਂ 'ਤੇ ਟਿੱਪਣੀ ਕਰਦਿਆਂ ਇਹਨਾਂ ਨੂੰ ਸ਼ੁਭ-ਭਾਵਾਂ ਅਤੇ ਸ਼ੁਭ-ਕਰਮਾਂ ਵਿਚ ਰੁਪਾਂਤਰਣ ਕਰਨ ਅਤੇ ਅਪਨਾਉਣ ਦਾ ਗੁਰਮਤਿ ਪੱਖ ਰੱਖਿਆ:

ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥ (970, ਕਬੀਰ ਜੀ)

ਇਹਨਾਂ ਜੋਗ-ਚਿੰਨਾਂ ਦੇ ਮਹੱਤਵ ਨੂੰ ਚਰਿੱਤਰ ਦੇ ਰੂਪ 'ਚ ਧਾਰਨ ਕਰਨ ਦਾ ਸੁਨੇਹਾ ਸੰਵਾਦਨਾਮੇ ਦੇ ਰੂਪ ਵਿਚ ਰਚੀ ਸਿਧ ਗੋਸਟਿ ਦੀ ਬਾਣੀ ਵਿਚ ਗੁਰੂ ਨਾਨਕ ਦੇ ਸ਼ਬਦਾਂ ਰਾਹੀਂ ਇਸ ਤਰ੍ਹਾਂ ਪ੍ਰਗਟ ਹੋਇਆ:

ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ॥ 
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ॥ 
............
ਊਂਧਉ ਖਪਰੁ ਪੰਚ ਭੂ ਟੋਪੀ॥ 
ਕਾਂਇਆ ਕੜਾਸਣੁ ਮਨੁ ਜਾਗੋਟੀ॥ (939, ਸਿਧ ਗੋਸਟਿ)

ਸੰਤ / ਭਗਤ ਬਾਣੀਕਾਰਾਂ ਦੁਆਰਾ ਵਿਚਾਰੇ ਗਏ ਗੁਰਮਤਿ ਵਿਚਾਰਧਾਰਾ ਦੇ ਕਈ ਹੋਰ ਪਹਿਲੂਆਂ ਦੀ ਨਿਸ਼ਾਨਦੇਹੀ ਵਿਚਾਰਵਾਨ ਜਗਿਆਸੂ ਆਪ ਕਰ ਸਕਦੇ ਹਨ। ਤੀਸਰੀ ਉਦਾਸੀ ਵੇਲੇ ਸੁਮੇਰ ਪਰਬਤ ਜਾਣ ਤੋਂ ਪਹਿਲਾਂ ਗੁਰੂ ਨਾਨਕ ਬਾਬਾ ਫਰੀਦ ਜੀ ਦੇ ਅਸਥਾਨ ਪਾਕਿ ਪਟਨ ਤੋਂ ਹੋ ਕੇ ਗਏ। ਇਸ ਤਰ੍ਹਾਂ ਤੀਸਰੀ ਉਦਾਸੀ ਦੌਰਾਨ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਦੇ ਰੂਪ ਵਿਚ ਗੁਰੂ ਨਾਨਕ ਦੇ ਸੰਗ ਸਾਥ ਸਨ। ਪਰ ਫਰੀਦ ਜੀ ਚਿਸ਼ਤੀਆ ਸੂਫ਼ੀ ਸਿਲਸਿਲੇ ਨਾਲ ਸਬੰਧਤ ਸਨ ਜੋ ਰੱਬ ਨਾਲ ਮਿਲਾਪ ਲਈ ਜੋਗੀਆਂ ਵਾਂਗ ਕਰੜੇ ਤਪ ਕਰਦੇ ਅਤੇ ਚਿਲੇ ਕੱਟਦੇ ਸਨ। ਬਾਬਾ ਫ਼ਰੀਦ ਜੀ ਰੱਬੀ ਮਿਲਾਪ ਲਈ ਕਰੜੀਆਂ ਵਿਧੀਆਂ ਕਾਰਨ ਤਨ ਦੇ ਤੰਦੂਰ ਵਾਂਗ ਤਪਣ, ਹੱਡਾਂ ਦੇ ਬਾਲਣ ਵਾਂਗ ਬਲਣ ਅਤੇ ਪੈਰਾਂ ਦੇ ਥੱਕਣ 'ਤੇ ਸਿਰ ਭਾਰ ਤੁਰਨ ਦੀ ਹਾਲਤ ਨੂੰ ਬਿਆਨਦੇ ਹਨ ਤਾਂ ਗੁਰੂ ਨਾਨਕ ਅਜਿਹੀ ਕਰੜੀ ਤਪੱਸਿਆ ਦੀ ਲੋੜ ਨੂੰ ਵਜਿਬ ਨਹੀਂ ਮੰਨਦੇ। ਇਸ ਲਈ ਆਪ ਸੁਮੇਰ ਪਰਬਤ ਜਾਣ ਤੋਂ ਪਹਿਲਾਂ ਬਾਬੇ ਫ਼ਰੀਦ ਨਾਲ ਇਸ ਵਿਸ਼ੇ 'ਤੇ ਗੱਲ ਮੁਕਾ ਕੇ ਤੁਰਦੇ ਹਨ:

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ॥ 
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ॥(1384, ਫਰੀਦ ਜੀ)
 
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥ 
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥ (1384, ਮ.1)

ਜਿਸ ਤਰ੍ਹਾਂ ਗੁਰੂ ਨਾਨਕ ਨੇ ਅਕਾਸ਼, ਸੂਰਜ, ਚੰਨ, ਤਾਰਿਆਂ ਦੇ ਵਿਸ਼ਾਲ ਬ੍ਰਹਿਮੰਡੀ ਵਰਤਾਰੇ ਨੂੰ ਵਿਸ਼ਾਲ ਆਰਤੀ ਦਾ ਨਾਮ ਦਿੱਤਾ ਹੈ ਉਸੇ ਤਰ੍ਹਾਂ ਜੋਗਮੱਤ ਅਤੇ ਗੁਰਮਤਿ ਵਿਚਕਾਰ ਹਜ਼ਾਰਾਂ ਮੀਲਾਂ ਅਤੇ ਸੈਂਕੜੇ ਸਾਲਾਂ ਵਿਚ ਫੈਲੀ ਇਹ ਸਿਧ ਗੋਸਟਿ ਪਰਮਾਤਮਾ ਦੀ ਵਿਸ਼ਾਲ ਰਹਿਰਾਸ ਜਾਪਦੀ ਹੈ:

ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥ (938, ਸਿਧ ਗੋਸਟਿ)



ਚਲਦਾ...

 ਜਸਵੰਤ ਸਿੰਘ ਜ਼ਫ਼ਰ


#28, ਬਸੰਤ ਵਿਹਾਰ, ਜਵੱਦੀ, ਲੁਧਿਆਣਾ, ਪੰਜਾਬ-141013    96461-18209     jaszafar@yahoo.com

jasbir singh

This news is Edited By jasbir singh