ਵਿਆਖਿਆ ਸ੍ਰੀ ਜਪੁ ਜੀ ਸਾਹਿਬ

2/5/2018 7:23:36 AM

ਸਹੀ ਗੱਲ ਤਾਂ ਇਹ ਹੀ ਹੈ ਕਿ ਚਾਹੇ ਕੋਈ ਬ੍ਰਹਮਚਾਰੀ, ਸੰਨਿਆਸੀ ਹੋਵੇ ਜਾਂ ਗ੍ਰਹਿਸਥੀ ਹੋਵੇ - ਸੰਜਮ ਦੀ ਸਾਧਨਾ ਤਾਂ ਉਦੋਂ ਹੀ ਮੰਨੀ ਜਾਵੇਗੀ - ਜੇ ਨੌਂ ਦੇ ਨੌਂ ਇੰਦਰੀ ਛਿੱਦਰਾਂ 'ਚ ਵਗਦੀ ਹੋਈ ਪ੍ਰਾਣਾਂ ਦੀ ਧਾਰਾ ਨੂੰ - (1) ਬਾਹਰ ਦੇ ਵਿਸ਼ਿਆਂ ਦੀ ਗੁਲਾਮੀ ਤੋਂ ਮੁਕਤ ਕੀਤਾ ਜਾਵੇ (2) ਅੰਦਰ ਸੁਖਮਨਾ ਦੇ ਅਗਨਿ ਪਥ ਵਿਚ ਜੋੜਿਆ ਜਾਵੇ। ਦੋ ਪੱਖੀ ਇਸ ਸੰਜਮ ਸਾਧਨਾ ਵਿਚ ਬੰਧ, ਮੁਦਰਾ, ਪ੍ਰਾਣਾਯਾਮ ਆਦਿ ਦੀਆਂ ਕਠਿਨ ਸਾਧਨਾਵਾਂ ਵੀ ਕਈ ਪਰੰਪਰਾਵਾਂ ਵਿਚ ਪ੍ਰਚੱਲਿਤ ਹਨ ਪਰ ਗੁਰੂ ਸਾਹਿਬ ਨੇ ਉਸ ਸਹਿਜ ਸਾਧਨਾ 'ਤੇ ਹੀ ਜ਼ਿਆਦਾ ਜ਼ੋਰ ਦਿੱਤੈ ਜਿਸਦਾ ਮੂਲ ਹੈ - ਸੇਵਾ ਤੇ ਸਿਮਰਨ।
ਨਿਹਕਾਮ ਸੇਵਾ ਰਾਹੀਂ ਬਾਹਰ ਦੇ ਵਿਸ਼ਿਆਂ ਦਾ ਆਕਰਸ਼ਣ ਖਤਮ ਹੁੰਦੈ ਤੇ ਸਿਮਰਨ ਰਾਹੀਂ, ਪ੍ਰਾਣਾਂ ਦੀ ਧਾਰਾ ਸੁਖਮਨਾ ਵੱਲ ਗਤੀ ਕਰਨ ਲੱਗਦੀ ਹੈ। ਭਾਵੇਂ ਇਹ ਸਿਮਰਨ ਬੈਖਰੀ ਮੰਤਰਾਂ ਦਾ ਹੈ ਪਰ ਹੌਲੀ-ਹੌਲੀ ਇਹ ਸਿਮਰਨ ਵੀ ਸਵਾਸਾਂ ਵਿਚ ਰਚ ਪਚ ਜਾਣਾ ਚਾਹੀਦੈ, 'ਸਵਾਸ ਸਵਾਸ' ਸਹਿਜ ਸਿਮਰਨ ਹੋਣਾ ਚਾਹੀਦੈ। ਇਸ ਸਿਮਰਨ ਨਾਲ ਇੰਦਰੀ ਛਿੱਦਰ ਪਵਿੱਤਰ ਹੋ ਜਾਂਦੇ ਹਨ ਤੇ ਪ੍ਰਾਣਾਂ ਦੀ ਧਾਰਾ ਅੰਤਰਮੁਖ ਸੁਖਮਨਾ ਵਿਚ ਜਾ ਕੇ ਅਗਨਿ ਪਰਚੰਡ ਕਰਨ ਲੱਗਦੀ ਹੈ। ਗੁਰਬਾਣੀ ਦਾ ਪ੍ਰਮਾਣ ਹੈ -
ਨਵੇ ਛਿਦ੍ਰ ਸ੍ਰਵਹਿ ਅਪਵਿਤ੍ਰਾ£ ਬੋਲਿ ਹਰਿ ਨਾਮ ਪਵਿਤ੍ਰ ਸਭਿ ਕੀਤਾ£ (ਮ. 4, ਪੰ. 998)
ਪ੍ਰਾਣਾਂ ਦੀ ਧਾਰਾ ਦਾ ਇੰਦਰੀ ਛਿੱਦਰਾਂ ਰਾਹੀਂ, ਵਿਸ਼ਿਆਂ ਦਾ ਗੁਲਾਮ ਬਣੇ ਰਹਿਣਾ ਹੀ ਅਪਵਿੱਤਰਤਾ ਹੈ। ਹਰਿ ਨਾਮ ਦਾ ਉਚਾਰਣ ਹੀ ਸਾਰੇ ਇੰਦਰੀ ਛਿੱਦਰਾਂ ਨੂੰ ਪਵਿੱਤਰ (ਅੰਤਰਮੁਖੀ) ਕਰਨ ਦੀ ਸਹਿਜ ਸਾਧਨਾ ਹੈ। ਅੰਤਰਮੁਖੀ ਹੋਈ ਇਸ ਪ੍ਰਾਣਾਂ ਦੀ ਧਾਰਾ ਨਾਲ ਸੰਜਮ ਰੂਪੀ ਭੱਠੀ ਵਿਚ ਅਗਨਿ ਪ੍ਰਚੰਡ ਹੁੰਦੀ ਹੈ। ਇਕ ਹੋਰ ਖਾਸ ਸਿਧਾਂਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਸੰਜਮ, ਮਤਿ, ਅਗਨਿ, ਭਉ, ਭਾਉ ਆਦਿ ਸਾਰੇ ਸਾਧਨ, ਪਰਸਪਰ ਇਕ-ਦੂਜੇ ਦੇ ਸਾਧਨ ਹਨ। ਸ਼ਬਦ ਘੜਨ ਦੀਆਂ (ਇਹ ਇਕ ਦੇ ਬਾਅਦ ਆਉਣ ਵਾਲੀ ਦੂਜੀ) ਪਉੜੀਆਂ ਹੀ ਨਹੀਂ ਹਨ, ਸਗੋਂ ਇਹ ਇਕ ਦੂਜੇ ਦੇ ਅੰਗ ਵੀ ਹਨ।