ਇਸ ਵਿਧੀ ਰਾਹੀਂ ਘਰ ''ਚ ਹੀ ਕਰੋ ਆਪਣੇ ਪਿੱਤਰਾਂ ਦਾ ‘ਸ਼ਰਾਧ’

09/03/2020 10:16:34 AM

ਜਲੰਧਰ (ਬਿਊਰੋ) — 2 ਸਤੰਬਰ ਯਾਨੀਕਿ ਅੱਜ ਤੋਂ ਸ਼ਰਾਧ ਸ਼ੁਰੂ ਹੋ ਚੁੱਕੇ ਹਨ। ਅੱਜ ਪਹਿਲਾ ਸ਼ਰਾਧ ਹੈ। ਇਹ ਸ਼ਰਾਧ 17 ਸਤੰਬਰ ਤੱਕ ਰਹਿਣਗੇ। ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸ਼ਰਾਧ ਕੀਤੇ ਜਾਂਦੇ ਹਨ।

ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸ਼ਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸ਼ਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸ਼ਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਨਦੀ ਦੇ ਕਿਨਾਰੇ ਜਾ ਕੇ ਸ਼ਰਾਧ ਨਹੀਂ ਕਰ ਪਾਉਂਦੇ ਹੋ ਤਾਂ ਘਬਰਾਓ ਨਾ ਤੁਸੀਂ ਘਰ 'ਚ ਵੀ ਸ਼ਰਾਧ ਕਰ ਸਕਦੇ ਹੋ। ਇੰਝ ਕਰੋ ਘਰ 'ਚ ਸ਼ਰਾਧ :-

ਘਰ 'ਚ ਸ਼ਰਾਧ ਕਰਨ ਦੀ ਵਿਧੀ :
ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਘਰ ਦੀ ਸਫ਼ਾਈ ਚੰਗੇ ਤਰੀਕੇ ਨਾਲ ਕਰੋ। ਗੰਗਾਜਲ ਨੂੰ ਪੂਰੇ ਘਰ 'ਚ ਛਿੜਕੋ। ਇਸ ਤੋਂ ਬਾਅਦ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਅਤੇ ਖੱਬੇ ਪੈਰ ਨੂੰ ਮੋੜਕੇ ਬੈਠ ਜਾਓ। ਤਾਂਬੇ ਦੇ ਬਰਤਨ 'ਚ ਤਿੱਲ, ਦੁੱਧ, ਗੰਗਾਜਲ ਤੇ ਪਾਣੀ ਰੱਖੋ। ਉਸ ਜਲ ਨੂੰ ਹੱਥਾਂ 'ਚ ਭਰ ਕੇ ਸਿੱਧੇ ਹੱਥ ਦੇ ਅੰਗੂਠੇ ਨਾਲ ਉਸੇ ਬਰਤਨ 'ਚ ਵਾਪਸ ਪਾ ਦਿਓ। ਪਿੱਤਰਾਂ ਦਾ ਧਿਆਨ ਕਰਦੇ ਹੋਏ ਅਜਿਹਾ ਲਗਾਤਾਰ 11 ਵਾਰ ਕਰੋ।

ਰੰਗੋਲੀ ਬਣਾਉਣ ਦੀ ਪ੍ਰਥਾ :
ਘਰ ਦੇ ਵਿਹੜੇ 'ਚ ਰੰਗੋਲੀ ਬਣਾਉਣ ਦੀ ਵੀ ਪ੍ਰਥਾ ਹੈ। ਮਹਿਲਾਵਾਂ ਪਿੱਤਰਾਂ ਲਈ ਭੋਜਨ ਬਣਾ ਕੇ ਬ੍ਰਾਹਮਣ ਨੂੰ ਸੱਦਾ ਦੇ ਕੇ ਘਰ ਬੁਲਾਉਣ। ਬ੍ਰਾਹਮਣਾਂ ਦੇ ਆਉਣ 'ਤੇ ਉਨ੍ਹਾਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਭੋਜਨ ਦਿਓ ਅਤੇ ਇਸ ਦੌਰਾਨ ਪਤਨੀ ਨੂੰ ਸੱਜੇ ਪਾਸੇ ਹੋਣਾ ਚਾਹੀਦਾ ਹੈ, ਜੋ ਕਿ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਭੋਜਨ 'ਚ ਪਿੱਤਰਾਂ ਲਈ ਖੀਰ ਜ਼ਰੂਰ ਬਣਾਓ। ਬ੍ਰਾਹਮਣਾਂ ਨੂੰ ਭੋਜਨ ਕਰਵਾਉਣ ਤੋਂ ਪਹਿਲਾਂ ਗਾਂ, ਕੁੱਤੇ, ਕਾਂ, ਦੇਵਤਾ ਤੇ ਕੀੜੀਆਂ ਲਈ ਭੋਜਨ ਸਮੱਗਰੀ ਕੱਢ ਲਓ। ਦੱਖਣ ਦਿਸ਼ਾ ਵੱਲ ਮੂੰਹ ਕਰਕੇ ਜੌ, ਤਿੱਲ, ਚਾਵਲ ਤੇ ਜਲ ਲੈ ਕੇ ਸਕੰਲਪ ਤੇ ਸ਼ਰਧਾ ਅਨੁਸਾਰ 1 ਜਾਂ 3 ਬ੍ਰਾਹਮਣਾਂ ਨੂੰ ਭੋਜਨ ਕਰਵਾਓ।

ਦਾਨ ਕਰੋ ਇਹ ਸਮੱਗਰੀ :
ਭੋਜਨ ਕਰਵਾਉਣ ਤੋਂ ਉਪਰੰਤ ਬਾਅਦ ਸਮੱਗਰੀ ਦਾਨ ਕਰੋ, ਜਿਸ 'ਚ ਤਿੱਲ, ਘਿਓ, ਅਨਾਜ, ਗੁੜ੍ਹ, ਚਾਂਦੀ ਤੇ ਨਮਕ ਹੋਵੇ। ਬ੍ਰਾਹਮਣ ਵੈਦਿਕ ਪਾਠ ਕਰਨ ਤੇ ਘਰ ਅਤੇ ਵੱਡ-ਵੱਡੇਰਿਆਂ ਨੂੰ ਸ਼ੁੱਭਕਾਮਨਾਵਾਂ ਦੇਣ।

ਜਾਣੋ ਕਦੋ ਕਿਹੜਾ ਹੈ ਸ਼ਰਾਧ :
ਜੋਤਿਸ਼ ਆਚਾਰੀਆ ਮੁਤਾਬਕ, 2 ਸਤੰਬਰ- ਪੂਰਨਿਮਾ ਸ਼ਰਾਧ, 3 ਸਤੰਬਰ- ਪ੍ਰਤੀਪਦਾ ਭਾਵ ਪਹਿਲਾ, 4 ਸਤੰਬਰ- ਦ੍ਰਿਤੀਆ ਭਾਵ ਦੂਜਾ, 5 ਸਤੰਬਰ- ਤ੍ਰਿਤੀਆ ਭਾਵ ਤੀਜਾ, 6 ਸਤੰਬਰ- ਚਤੁਰਥੀ ਭਾਵ ਚੌਥਾ, 7 ਸਤੰਬਰ- ਪੰਚਮੀ ਭਾਵ ਪੰਜਵਾਂ, ਮਹਾਂਭਾਰਣੀ, 8 ਸਤੰਬਰ- ਛਠੀ ਭਾਵ ਛੇਵਾਂ, 9 ਸਤੰਬਰ- ਸਪਤਮੀ ਭਾਵ ਸੱਤਵਾਂ, 10 ਸਤੰਬਰ - ਅਸ਼ਟਮੀ ਭਾਵ ਅੱਠਵਾਂ, 11 ਸਤੰਬਰ - ਨਵਮੀ ਭਾਵ ਨੌਵੀਂ, 12 ਸਤੰਬਰ - ਦਸਮੀ, 13 ਸਤੰਬਰ - ਏਕਾਦਸ਼ੀ - ਦੁਆਦਸ਼ੀ, 14 ਸਤੰਬਰ - ਤ੍ਰਯੋਦਸ਼ੀ, 15 ਸਤੰਬਰ ਚਤੁਰਦਸ਼ੀ, ਮਘਾ ਸ਼ਰਾਧ, 16 ਸਤੰਬਰ - ਸਰਵਪਿੱਤਰ ਮੱਸਿਆ, 17 ਸਤੰਬਰ ਮਾਤਮਾਹ ਸ਼ਰਾਧ।


ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ : 
ਪਿੱਤਰਾਂ ਵਾਲੇ ਪਾਸੇ ਛੋਲੇ ਤੇ ਮਸਰ ਦੀ ਦਾਲ, ਬੈਂਗਣ, ਹੀਂਗ, ਸ਼ਲਗਮ, ਮੀਟ, ਲਸਣ, ਪਿਆਜ਼ ਤੇ ਕਾਲਾ ਲੂਣ ਵੀ ਨਹੀਂ ਖਾਧਾ ਜਾਂਦਾ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਨਵੇਂ ਕੱਪੜੇ, ਨਵੀਆਂ ਇਮਾਰਤਾਂ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਨਹੀਂ ਖਰੀਦਦੇ।

sunita

This news is Content Editor sunita