ਅੱਜ ਤੋਂ ਸ਼ੁਰੂ ਹੋ ਰਹੇ ਹਨ 'ਸ਼ਾਰਦੀਯ ਨਰਾਤੇ', ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ ਅਤੇ ਵਿਧੀ

10/15/2023 8:32:55 AM

ਜਲੰਧਰ - ਹਿੰਦੂ ਕੈਲੰਡਰ ਦੇ ਅਨੁਸਾਰ ਸ਼ਾਰਦੀਯ ਨਰਾਤੇ ਅਸ਼ਵਿਨ ਮਹੀਨੇ ਦੀ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ਼ ਤੋਂ ਸ਼ੁਰੂ ਹੁੰਦੇ ਹਨ। ਸ਼ਾਰਦੀਆ ਨਰਾਤਿਆਂ ਦੇ 9 ਦਿਨਾਂ 'ਚ ਮਾਂ ਦੁਰਗਾ ਦੇ 9 ਵੱਖ-ਵੱਖ ਰੂਪਾਂ ਦੀ ਪੂਜਾ ਪੂਰੇ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਮਾਂ ਦੁਰਗਾ ਦਾ ਹਰ ਰੂਪ ਸ਼ਰਧਾਲੂਆਂ ਨੂੰ ਵਿਸ਼ੇਸ਼ ਵਰਦਾਨ ਅਤੇ ਆਸ਼ੀਰਵਾਦ ਦੇਣ ਵਾਲਾ ਮੰਨਿਆ ਜਾਂਦਾ ਹੈ। ਹਿੰਦੂ ਧਰਮ ਦੇ ਲੋਕ ਸ਼ਾਰਦੀਯ ਨਰਾਤਿਆਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਨਰਾਤਿਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਘਰ ਵਿੱਚ ਕਲਸ਼ ਦੀ ਸਥਾਪਨਾ ਕਰਦੇ ਹਨ। 

ਕਿਸ ਦਿਨ ਤੋਂ ਸ਼ੁਰੂ ਹੋਣਗੇ ਸ਼ਾਰਦੀਯ ਨਰਾਤੇ
ਇਸ ਵਾਰ ਸ਼ਾਰਦੀਯ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ, ਜਿਹਨਾਂ ਦੀ ਸਮਾਪਤੀ ਮੰਗਲਵਾਰ 23 ਅਕਤੂਬਰ ਨੂੰ ਹੋਵੇਗੀ। ਨਾਲ ਹੀ 24 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਖ਼ 14 ਅਕਤੂਬਰ ਨੂੰ ਰਾਤ 11:24 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ ਯਾਨੀ 15 ਅਕਤੂਬਰ ਨੂੰ ਦੁਪਹਿਰ 12:32 ਵਜੇ ਤੱਕ ਰਹੇਗੀ। 

ਕਲਸ਼ ਦੀ ਸਥਾਪਨਾ ਦਾ ਸ਼ੁਭ ਮਹੂਰਤ 
15 ਅਕਤੂਬਰ - ਸਵੇਰੇ 11:48 ਤੋਂ ਦੁਪਹਿਰ 12:36 ਤੱਕ 

ਕਲਸ਼ ਸਥਾਪਨਾ ਦੀ ਵਿਧੀ
1. ਤੜਕੇ ਉੱਠ ਕੇ ਇਸ਼ਨਾਨ ਕਰੋ ਤੇ ਸਾਫ਼ ਕੱਪੜੇ ਪਾਓ।
2. ਘਰ ਦੇ ਮੰਦਰ ਦੀ ਸਾਫ਼-ਸਫ਼ਾਈ ਕਰੋ।
3. ਜਿਹੜੀ ਜਗ੍ਹਾ ਸਥਾਪਨਾ ਕਰਨੀ ਹੈ, ਉਥੇ ਗੰਗਾਜਲ ਛਿੜਕੋ।
4. ਲਾਲ ਕੱਪੜਾ ਵਿਛਾ ਕੇ ਉਸ 'ਤੇ ਥੋੜ੍ਹੇ ਚੌਲ ਰੱਖੋ।
5. ਇਕ ਮਿੱਟੀ ਦੇ ਭਾਂਡੇ 'ਚ ਜੌਂ ਭਿਓਂ ਦਿਓ।
6. ਇਸ ਭਾਂਡੇ 'ਤੇ ਪਾਣੀ ਨਾਲ ਭਰਿਆ ਹੋਇਆ ਕਲਸ਼ ਸਥਾਪਤ ਕਰੋ।
7. ਕਲਸ਼ 'ਚ ਚਾਰੇ ਪਾਸੇ ਅਸ਼ੋਕ ਦੇ ਪੱਤੇ ਲਗਾਓ।
8. ਫਿਰ ਕਲਸ਼ 'ਚ ਸਾਬੁਤ ਸੁਪਾਰੀ, ਸਿੱਕਾ ਤੇ ਅਕਸ਼ਤ ਪਾਓ।
9. ਇਕ ਨਾਰੀਅਲ 'ਤੇ ਚੁੰਨੀ ਲਪੇਟ ਕੇ ਕਲਾਵਾ ਬੰਨ੍ਹੋ।
10. ਇਸ ਨਾਰੀਅਲ ਨੂੰ ਕਲਸ਼ ਦੇ ਉੱਪਰ ਰੱਖ ਕੇ ਦੇਵੀ ਦੁਰਗਾ ਜੀ ਨੂੰ ਯਾਦ ਕਰੋ।
11. ਇਸ ਤੋਂ ਬਾਅਦ ਦੀਵਾ ਜਗਾ ਕੇ ਕਲਸ਼ ਦੀ ਪੂਜਾ ਕਰੋ।
12. ਧਿਆਨ ਰੱਖੋ ਕਿ ਕਲਸ਼ ਸੋਨਾ, ਚਾਂਦੀ, ਤਾਂਬਾ, ਪਿੱਤਲ ਜਾਂ ਮਿੱਟੀ ਦਾ ਹੀ ਹੋਵੇ।

ਹਾਥੀ 'ਤੇ ਸਵਾਰ ਹੋ ਕੇ ਆ ਰਹੀ ਮਾਂ ਦੁਰਗਾ
ਇਸ ਸਾਲ ਸ਼ਾਰਦੀਯ ਨਰਾਤਿਆਂ 'ਤੇ ਮਾਂ ਦੁਰਗਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ। ਮਾਂ ਦੁਰਗਾ ਦੇ ਇਸ ਵਾਹਨ 'ਤੇ ਆਉਣ ਦੇ ਬਹੁਤ ਮਜ਼ਬੂਤ ​​ਸੰਕੇਤ ਮਿਲ ਰਹੇ ਹਨ। ਇਸ ਨਾਲ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਵਧੇਗੀ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਸਫਲਤਾ ਮਿਲੇਗੀ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਵਾਰ ਦੇ ਨਰਾਤੇ ਬਹੁਤ ਸ਼ੁੱਭ ਹੋਣ ਵਾਲੇ ਹਨ। 

rajwinder kaur

This news is Content Editor rajwinder kaur