ਸਤਿਨੂਰ ਨਾਨਕ : ਸਭੇ ਸਾਂਝੀਵਾਲ ਸਦਾਇਣ

10/06/2019 9:19:07 AM

ਸਤਿਨੂਰ ਦਾ ਧਿਆਨ ਉੱਖੜ ਗਿਆ। ਸੋਚਾਂ ਦੀ ਲੜੀ ਵਹਿ ਤੁਰੀ ਪਿੱਛੇ ਤੱਕ, ਬਹੁਤ ਪਿਛਾਂਹ ਵੱਲ। ਸਾਰਾ ਇਤਿਹਾਸ ਉਸਦੀਆਂ ਅੱਖਾਂ ਸਾਹਵੇਂ ਗੁਜ਼ਰਨ ਲੱਗਾ।
ਉਸ ਨੂੰ ਚੇਤੇ ਆਇਆ ਜਦੋਂ ਕਈ ਮਹੀਨਿਆਂ ਦੇ ਲੰਮੇ ਸਫਰ ਤੋਂ ਪਿੱਛੋਂ ਵੀਰ ਨੂੰ ਘਰ ਵੜਦਿਆਂ ਵੇਖ ਕੇ ਬੇਬੇ ਨਾਨਕੀ ਖੁਸ਼ੀ ਨਾਲ ਦਗ-ਦਗ ਹੋ ਗਈ ਸੀ ਤੇ ਪਲੋ-ਪਲੀ ਚਾਵਾਂ ਤੇ ਰੀਝਾਂ ਨਾਲ ਵੀਰ ਨਾਨਕ ਲਈ ਭੋਜਨ ਪਰੋਸ ਲਿਆ ਸੀ। ਉਹਨੂੰ ਯਾਦ ਆਉਂਦਾ ਗਿਆ ਕਿ ਕਿਵੇਂ ਭੈਣ ਨਾਨਕੀ ਦੇ ਬਣੇ ਪਕਵਾਨ ਤੇ ਭੈਣ ਦੇ ਮਨ 'ਚ ਸੁੱਖੀਆਂ ਸੁਖਣਾਂ ਦੀ ਸਥਿਤੀ ਦੇ ਰਲੇਵੇਂ ਨੇ ਸਤਿਨੂਰ ਦੀ ਭੁੱਖ ਚਮਕਾ ਦਿੱਤੀ ਸੀ, ਸਤਿ-ਸਤਿ ਗੁਰੂ-ਗੁਰੂ ਕਰਦਿਆਂ ਨਿਛੋਹ ਹੱਥਾਂ ਨਾਲ ਦੁੱਧ ਚਿੱਟੀ ਕਣਕ ਦੇ ਪੇੜਿਆਂ ਨੂੰ ਪਲੇਥਣ ਲਾਉਂਦਿਆਂ ਵੇਖ ਵੀਰ ਨੇ ਮਹੀਨਿਆਂ ਦੇ ਸਫਰ ਦੇ ਥਕੇਵੇਂ ਅਤੇ ਆਪਣੇ ਉਦੇਸ਼ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਸੰਘਰਸ਼ੀ ਪੜਾਅ ਤੋਂ ਪਿੱਛੋਂ ਅੱਜ ਜੀਅ ਭਰ ਕੇ ਭੋਜਨ ਖਾਧਾ ਸੀ।

ਗੁਰੂ ਵੀਰ ਨੂੰ ਉਹ ਘੜੀ ਵੀ ਯਾਦ ਆਈ ਜਦੋਂ ਭੈਣ ਨਾਨਕੀ ਨੇ ਡਡੋਲਿੱਕੇ ਹੋ ਕੇ ਕਿਹਾ ਸੀ, ''ਵੀਰ ਮੱਝਾਂ ਸੂਣ ਵਾਲੀਆਂ ਨੇ, ਜੀ ਕਰਦਾ ਮੇਰਾ ਵੀਰ ਸੱਜਰਾ ਦੁੱਧ ਰੱਜ-ਰੱਜ ਕੇ ਪੀਵੇ। ਅੰਮਾ ਵੀ ਲੰਮੇ ਵਿਛੋੜੇ ਤੋਂ ਝੂਰਦੀ ਏ। ਮੇਰੀ ਭਾਬੀ ਜਿਹੜੀ ਸੱਚ ਹੀ ਸਵੇਰੇ ਉੱਠ ਕੇ ਰੱਬ ਦਾ ਨਾਂ ਲੈਣ ਵਾਲੀ ਸੁਲੱਖਣੀ ਦੀਆਂ ਮਨ ਦੀਆਂ ਮਨ 'ਚ ਹੀ ਰਹਿ ਜਾਂਦੀਆਂ ਹਨ। ਚੰਗਾ ਹੈ ਐਤਕੀਂ ਤੁਸੀਂ ਲੰਮਾ ਸਮਾਂ ਸਾਡੇ ਕੋਲ ਟਿਕ ਜਾਵੋ। ਪਿਤਾ ਜੀ ਦਾ ਵੀ ਹੁਣ ਕੋਈ ਗੁੱਸਾ ਗਿਲਾ ਨਹੀਂ, ਉਨ੍ਹਾਂ ਤੁਹਾਡਾ ਨੂਰ ਪਛਾਣ ਲਿਆ ਹੈ, ਉਨ੍ਹਾਂ ਨੂੰ ਸਮਝ ਲੱਗ ਗਈ ਹੈ ਕਿ ਨਾਨਕ ਦਾ ਧਿਆਨ ਮਨੁੱਖੀ ਕਲਿਆਣ ਵੱਲ ਹੈ।''

ਸਤਿਨੂਰ ਨਾਨਕ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਵੀ ਘੁੰਮਣ ਲੱਗਾ ਜਦੋਂ ਉਸ ਨੇ ਨਾਨਕੀ ਨੂੰ ਆਪਣਾ ਉਦੇਸ਼ ਤੇ ਬਿਖੜਾ ਪੈਂਡਾ ਦੱਸਦਿਆਂ ਕਿਹਾ ਸੀ, ''ਬੇਬੇ ਨਾਨਕੀ! ਤੁਹਾਡਾ ਮੋਹ ਸੱਚਾ ਹੈ। ਇਹ ਵੀ ਸਤਿਗੁਰ ਨੇ ਆਪ ਉਪਾਇਆ ਹੈ। ਮੈਂ ਆਪਣੀ ਫਰਜ਼ਸਨਾਸ਼ੀ ਤੋਂ ਬੇਖਬਰ ਨਹੀਂ। ਸੁਲੱਖਣੀ ਦੇ ਮਾਪਿਆਂ ਦਾ ਮੈਨੂੰ ਪੂਰਾ ਆਦਰ ਹੈ। ਸੁਲੱਖਣੀ ਨੇਕ ਸਵਾਣੀ ਹੈ, ਕਿਉਂ ਡੋਲਦੀ ਹੈ? ਕਲਯੁੱਗ ਦਾ ਪਹਿਰਾ ਚੱਲ ਰਿਹਾ ਹੈ। ਤੂੰ ਰੋਜ਼ ਵੇਖਦੀ ਏਂ ਕਿੰਨੀ ਹਨੇਰਗਰਦੀ ਫੈਲ ਗਈ ਹੈ। ਪੈਸਾ ਹੀ ਸਭ ਦਾ ਪੀਰ ਹੈ। ਹਿੰਦੂ, ਮੁਸਲਮਾਨ ਸਭ ਰਾਹ ਤੋਂ ਭਟਕ ਗਏ ਹਨ। ਵੰਡੀਆਂ ਪਾ ਲਈਆਂ। ਦੁਨੀਆ ਸੱਚ ਤੋਂ ਦੂਰ ਹੋ ਗਈ। ਸਾਨੂੰ ਪ੍ਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਦੇ ਭਲੇ ਲਈ ਘੱਲਿਆ ਹੈ। ਸਾਡਾ ਮੋਹ ਹੁਣ ਅਕਾਲ ਪੁਰਖ ਦੀ ਸ੍ਰਿਸ਼ਟੀ ਨਾਲ ਪੈ ਗਿਆ ਹੈ। ਐਤਕੀਂ ਮੈਂ ਦੋ ਮਹੀਨੇ ਤੋਂ ਵੱਧ ਰਹਿ ਕੇ ਜਾਵਾਂਗਾ, ਇੱਥੋਂ ਦੀ ਸੰਗਤ ਨੇ ਵੀ ਇਹੋ ਹੁਕਮ ਕੀਤਾ ਹੈ ਕਿ ਅਸੀਂ ਕੁਝ ਸਥਾਨਕ ਕੰਮ ਕਰਨੇ ਹਨ ਪਰ ਮੁੜ ਕੇ ਨਾ ਇਹ ਖਹਿੜਾ ਕਰੀਂ। ਸਾਡਾ ਘਰ ਹੁਣ ਸਾਰਾ ਵਿਸ਼ਵ ਹੈ।'' ਸੁਣ ਕੇ ਸੁਲੱਖਣੀ ਦੀਆਂ ਅੱਖਾਂ ਭਰ ਆਈਆਂ, ਵੇਖ ਕੇ ਸਤਿਨੂਰ ਨੇ ਭੈਣ ਨਾਨਕੀ ਨੂੰ ਕਿਹਾ, ''ਸੁਲੱਖਣੀ ਮੇਰੇ ਸਾਹਮਣੇ ਬੈਠੀ ਹੈ। ਤੂੰ ਇਹਦੇ ਕੋਲ ਹੈਂ। ਫਿਕਰ ਨਹੀਂ ਕਰਨਾ ਚਾਹੀਦਾ। ਮੈਂ ਵੀ ਮਨ ਨੂੰ ਤਕੜਾ ਕਰਕੇ ਹੀ ਜਾ ਰਿਹਾ ਹਾਂ। ਮੈਨੂੰ ਯਕੀਨ ਹੈ ਇਹ ਸਭ ਦਾ ਧਿਆਨ ਕਰੇਗੀ ਤੇ ਗੁਰੂ ਮਾਰਗ 'ਤੇ ਚੱਲਦੀ ਰਹੇਗੀ। ਮੋਹ ਨੂੰ ਸਾਧਣਾ ਪੈਂਦਾ ਹੈ।''

ਸਤਿਨੂਰ ਦੇ ਚੇਤੇ ਵਿਚ ਅਗਲੇ ਦ੍ਰਿਸ਼ ਵੀ ਉੱਘੜ ਆਏ ਜਦੋਂ ਉਹ ਦੂਸਰੀ ਉਦਾਸੀ ਤੋਂ ਪਿੱਛੋਂ ਘਰ ਮੁੜਿਆ ਸੀ ਤਾਂ ਘਰ ਦੇ ਵੱਡੇ ਚੌਂਕੇ ਵਿਚ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਦੇ ਨਾਲ ਕਈ ਹੋਰ ਸ਼ਰਧਾਵਾਨ ਸਵਾਣੀਆਂ ਵੀ ਯਾਤਰੀਆਂ ਦੀ ਸੇਵਾ 'ਚ ਹੱਥ ਵਟਾ ਰਹੀਆਂ ਸਨ। ਉਸਨੇ ਘਰ ਦੀਆਂ ਕੋਠੜੀਆਂ, ਸੁਫਿਆਂ, ਸਬਾਤਾਂ, ਬੈਠਕਾਂ ਅਤੇ ਵਿਹੜਿਆਂ ਵੱਲ ਤੱਕਿਆ। ਸਵਾਣੀਆਂ ਸਤਿ-ਸਤਿ, ਗੁਰੂ-ਗੁਰੂ ਕਰਦੀਆਂ ਵੱਡੇ ਵਿਹੜੇ ਦੀ ਨੁੱਕਰ-ਨੁੱਕਰ ਨੂੰ ਸੁੰਭਰ ਸੰਵਾਰ ਰਹੀਆਂ ਸਨ। ਵੱਡੇ ਵਿਹੜੇ 'ਚ ਸਫਾਈ ਤੇ ਸੋਹਜ ਨੂੰ ਨਿਹਾਰਦਿਆਂ ਗੁਰੂ ਵੀਰ ਇਲਾਹੀ ਧੁਨ ਨਾਲ ਇਕਸੁਰ ਹੋ ਗਿਆ। ਉਸ ਨੂੰ ਉਹ ਦ੍ਰਿਸ਼ ਚੇਤੇ ਆਉਣ ਲੱਗੇ ਜਦੋਂ ਉਨ੍ਹਾਂ ਦੇ ਹੱਥਾਂ 'ਚ ਤੇ ਮਨਾਂ 'ਚ ਸੇਵਾ ਅਤੇ ਕਿਰਤ ਦੀ ਇਕਸੁਰਤਾ ਸੀ। ਉਸ ਨੂੰ ਉਸੇ ਪਲ ਭੈਣ ਨਾਨਕੀ ਦੇ ਹੱਥਾਂ 'ਚ ਫੜੇ ਆਟੇ ਦੇ ਪੇੜਿਆਂ 'ਤੇ ਵਰ੍ਹੀਆਂ ਸੂਰਜੀ ਕਿਰਨਾਂ 'ਚ ਇਕਮਿਕਤਾ ਦਿਖਾਈ ਦਿੱਤੀ।

ਉਸਦਾ ਚੇਤਾ ਵਹਿ ਤੁਰਿਆ, ਜਿਥੇ-ਜਿੱਥੇ ਵੀ ਉਹ ਆਪ ਅਤੇ ਜੋਤ ਰੂਪ 'ਚ ਉਸਦੇ ਸੰਗੀ ਸਾਥੀ ਗਏ, ਉਨ੍ਹਾਂ ਸਵਾਣੀਆਂ ਦੇ ਮਨਾਂ 'ਚੋਂ ਵਾਹ ਗੁਰੂ ਵਾਹ ਗੁਰੂ ਦੇ ਬੋਲ ਗੂੰਜਦੇ ਰਹਿੰਦੇ।

ਅੱਜ ਦੀ ਇਸ ਖਬਰ ਨੇ ਮੰਜੀ 'ਤੇ ਬੈਠੇ ਸਤਿਨੂਰ ਨੂੰ ਹਲੂਣ ਕੇ ਰੱਖ ਦਿੱਤਾ। ਉਸਦੀਆਂ ਅੱਖਾਂ ਸਾਹਵੇਂ, ਉਹ ਦ੍ਰਿਸ਼ ਘੁੰਮਣ ਲੱਗੇ ਜਿਥੇ ਸੂਰਜੀ ਕਿਰਨਾਂ ਵਰ੍ਹੀਆਂ ਸਨ। ਉਹ ਵਿਹੜਾ ਚਾਨਣੋ-ਚਾਨਣ ਹੋ ਗਿਆ ਸੀ, ਜਿਥੇ-ਜਿਥੇ ਵੀ ਇਲਾਹੀ ਜੋਤ ਆਈ, ਸਭੇ ਸਵਾਣੀਆਂ ਸੇਵਾ ਲਈ ਤਤਪਰ ਸਨ। ਉਹ ਸਤਿਨੂਰ, ਗੁਰੂਆਂ, ਯੋਧਿਆਂ ਅਤੇ ਸੂਰਬੀਰਾਂ ਦੇ ਸੁੱਖਾਂ ਦੀਆਂ ਦਾਤੀਆਂ ਸਨ। ਉਹ ਉਨ੍ਹਾਂ ਨੂੰ ਸੇਵਾ ਦੇ ਬਿਖੜੇ ਪੈਂਡਿਆਂ 'ਤੇ ਵਾਗਾਂ ਗੁੰਦ ਕੇ ਤੋਰਨ ਵਾਲੀਆਂ ਸਨ। ਉਨ੍ਹਾਂ ਦੀ ਜਿੱਤ ਇਨ੍ਹਾਂ ਸਵਾਣੀਆਂ ਦੀ ਜਿੱਤ ਸੀ।

ਅੱਜ ਦੀ ਇਸ ਖਬਰ ਨੇ ਸਤਿਨੂਰ ਨੂੰ ਸੋਚੀਂ ਪਾ ਦਿੱਤਾ। ਉਸ ਨੇ ਪਰਤ ਕੇ ਧਰਤੀ ਵੱਲ ਵੇਖਿਆ, ਸਵਾਣੀਆਂ ਉਸ ਵੱਡੇ ਘਰ ਦੇ ਬਾਹਰ ਬੈਠੀਆਂ ਸਨ। ਉਸਨੇ ਸਵਾਣੀਆਂ ਦੀ ਦੇਣ ਵਾਲਾ ਸ਼ਬਦ 'ਭੰਡਿ ਜੰਮੀਐ ਭੰਡਿ ਨਿਮੀਐ ਭੰਡ ਮੰਗਣ ਵਿਆਹੁ£' ਮੁੜ ਉਚਾਰਿਆ।

ਉਸਦਾ ਬੋਲ ਉਸ ਗਰਜ ਤੇ ਗੂੰਜ ਵਰਗਾ ਸੀ ਜਿਹੜੀ ਉਹਨੇ ਕਦੀ ਮੈਦਾਨਾਂ 'ਚ, ਕਦੀ ਪਹਾੜਾਂ 'ਚ, ਕਦੇ ਜਲ 'ਚ, ਕਦੇ ਥਲ 'ਚ ਪੈਦਾ ਕੀਤੀ ਸੀ ਜਦੋਂ ਜਾਬਰਾਂ ਤੇ ਵੱਡਿਆਂ ਨੇ ਨਿਤਾਣਿਆਂ ਨੂੰ ਲੂਹਣ ਦਾ ਕੰਮ ਆਰੰਭਿਆ ਸੀ। ਅੱਜ ਦੀ ਇਹ ਘਟਨਾ ਉਸ ਨੂੰ ਉਸੇ ਤਰ੍ਹਾਂ ਦੀ ਲੱਗੀ ਜਦੋਂ ਅਭਿਮਾਨ ਵਧ ਗਿਆ ਸੀ। ਤਾਕਤ-ਨਿਤਾਕਤ, ਵੱਡ-ਛੋਟ, ਮੈਂ-ਤੂੰ ਦੀਆਂ ਵਿੱਥਾਂ ਵਧ ਗਈਆਂ ਸਨ। ਉਸਨੇ ਬਾਹਵਾਂ ਉਲਾਰ ਕੇ ਕਿਹਾ, ''ਇਹ ਹਰਗਿਜ਼ ਨਹੀਂ ਹੋਏਗਾ, ਇਹ ਅੰਤਰ ਰਹਿ ਨਹੀਂ ਸਕਦਾ। ਇਹ ਘਰ ਉਨ੍ਹਾਂ ਸਭਨਾਂ ਦਾ ਹੈ ਜੋ ਗੁਰੂ ਦੇ ਸੰਦੇਸ਼ ਅਨੁਸਾਰ ਤੁਰਦੇ ਹਨ, ਜਿਨ੍ਹਾਂ ਨੇ ਨਾਮ, ਕਿਰਤ ਅਤੇ ਸਾਂਝ ਬਰਾਬਰੀ ਦਾ ਝੰਡਾ ਹੱਥ 'ਚ ਫੜਿਆ ਹੈ। ਮੇਰੀ ਸੰਤਾਨ ਪੂਰਬ 'ਚ ਰਹੇ ਜਾਂ ਪੱਛਮ 'ਚ ਮੇਰੇ ਲਈ ਉਹ ਸਭ ਕਬੂਲ ਹਨ ਜਿਨ੍ਹਾਂ ਦੇ ਮਨ 'ਚ ਸਭੇ ਸਾਂਝੀਵਾਲ ਸਦਾਇਣ ਦੇ ਭਾਵ ਹਨ। ਧੰਨ ਹਨ ਉਹ ਸਵਾਣੀਆਂ ਜਿਨ੍ਹਾਂ ਇਸ ਘਰ ਨੂੰ ਤਨ-ਮਨ ਨਾਲ ਸੰਵਾਰਿਆ ਤੇ ਭੀੜ ਬਣੀ ਵੇਖ ਜਾਨਾਂ ਵਾਰੀਆਂ।''

ਇਹ ਕਹਿੰਦਿਆਂ ਸਤਿਨੂਰ ਕਾਹਲੇ ਕਦਮੀਂ ਤੁਰ ਪਿਆ ਪਰ ਅਗਲੇ ਪਲ ਹੀ ਉਸਦਾ ਚਿਹਰਾ ਸ਼ਾਂਤ ਹੋ ਗਿਆ ਜਦ ਉਸਨੇ ਸਵਾਣੀਆਂ ਨੂੰ ਹਰਿਮੰਦਰ ਦੇ ਅੰਦਰ ਬੈਠਿਆਂ ਵੇਖਿਆ। ਮੂਹਰੇ ਹੋ ਕੇ ਪਾਕ ਜਜ਼ਬਿਆਂ ਅਤੇ ਹੱਥਾਂ ਨਾਲ ਉਸ ਸਥਾਨ ਨੂੰ ਪੂੰਝ-ਪੂੰਝ ਕੇ ਲਿਸ਼ਕਾ ਰਹੀਆਂ ਸਨ।

ਉਸ ਨੂੰ ਅੱਜ ਇਸ ਘਰ ਦੀ ਸ਼ਾਨ ਨਿਰਾਲੀ ਲੱਗੀ। ਹਰ ਪਾਸੇ ਸੁਨਹਿਰ ਫੈਲ ਰਹੀ ਸੀ, ਸੂਰਜੀ ਕਿਰਨਾਂ ਉਨ੍ਹਾਂ ਸਵਾਣੀਆਂ, ਗੁਰੂ ਘਰ 'ਚ ਆਏ ਯਾਤਰੀਆਂ ਅਤੇ ਸਤਿਨੂਰ ਨੂੰ ਜੋ ਕਈ ਦਿਨਾਂ ਤੋਂ ਡੂੰਘੀ ਸੋਚ 'ਚ ਸੀ, ਇਕ ਲੈਅ 'ਚ ਬੰਨ੍ਹ ਰਹੀਆਂ ਸਨ। ਗੁਰੂ ਘਰ ਦੇ ਸੁਨਹਿਰੀ ਗੁੰਬਦ ਸਰੋਵਰ 'ਚ ਅੱਜ ਦੂਣ ਸਵਾਈਆਂ ਚਮਕਾਂ ਮਾਰ ਰਹੇ ਸਨ। ਸਾਰੇ ਸ਼ਰਧਾਲੂਆਂ ਦੇ ਮਨ ਦਰਸ਼ਨ ਦੀਦਾਰਿਆਂ ਅਤੇ ਨਾਮ ਦੀ ਮਸਤੀ ਨਾਲ ਝੂਮ ਰਹੇ ਸਨ।
— ਡਾ. ਇਕਬਾਲ ਕੌਰ
(9646237373)

Baljeet Kaur

This news is Edited By Baljeet Kaur