ਸਭਨਾ ਜੀਆ ਕਾ ਇਕੁ ਦਾਤਾ (550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ)

05/22/2019 2:24:27 PM

ਛੇਵੀਂ  ਪਾਉੜੀ
ਸਭਨਾ ਜੀਆ ਕਾ ਇਕੁ ਦਾਤਾ ..!

ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੬॥

ਇਸ ਪਾਉੜੀ ਦਾ ਆਰੰਭ ਹੀ ਸੰਕੇਤ ਹੈ, ਕਰਮ-ਕਾਂਡ ਨਾਲ ਜੁੜਿਆ ਹੈ। ਮਨੁੱਖਾ ਮਨ ਕਿਸੇ ਤਰ੍ਹਾਂ ਵੀ ਕਰਮ ਕਾਂਡ ਤੋਂ ਮੁਕਤ ਨਹੀਂ ਹੋ ਰਿਹਾ ਤਾਂ ਗੁਰੂ ਸਾਹਿਬ ਬਹੁਤ ਹੀ ਸੰਕੇਤਕ ਤਰੀਕੇ ਨਾਲ ਸਮਝਾਉਂਦੇ ਨੇ ਕਿ ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ ਤੀਰਥ ਨਹਾਉਣਾ ਵੀ ਉਸੇ ਦੀ ਰਜ਼ਾ ਹੈ। ਜੇਕਰ ਭਾਣਾ ਨਹੀਂ ਤਾਂ ਕੋਈ ਨਹਾਉਣ ਨਹੀਂ। ਇਹ ਨਹਾਉਣ ਜੋ ਹੈ, ਬਹੁਤ ਸੂਖਮ ਹੈ। ਕਰਮ-ਕਾਂਡ ਨਹੀਂ ਹੈ, ਇਸ ਵਾਸਤੇ ਨਹਾਉਣਾ ਵੀ ਸਰੀਰ ਦਾ ਨਹੀਂ ਸੂਖਮ ਸਰੀਰ ਦਾ ਹੈ। ਸੂਖਮ ਨੂੰ ਸਮਝਣਾ ਹੈ ਤਾਂ ਭਾਰਤੀ ਦਰਸ਼ਨ 'ਚੋਂ ਸਤੋ ਗੁਣ, ਰਜੋ ਗੁਣ, ਤਮੋ ਗੁਣ ਨੂੰ ਸਮਝਣਾ ਪਵੇਗਾ। ਤੱਤਵ ਗਿਆਨ ਜ਼ਰੂਰੀ ਹੈ, ਧਰਤੀ, ਹਵਾ, ਅਗਨੀ, ਪਾਣੀ, ਆਕਾਸ਼। ਇਹਨਾਂ ਨੂੰ ਸਮਝਣਾ ਪਵੇਗਾ। ਇਸੇ ਕਰਕੇ ਸਤਿਗੁਰ ਅਗਲੀ ਹੀ ਪੰਕਤੀ 'ਚ ਮਨੁੱਖ ਨੂੰ ਸਰੀਰ 'ਚੋਂ ਕੱਢ ਬ੍ਰਹਮਾਂਡ ਨਾਲ ਜਾ ਜੋੜਦੇ ਨੇ। ਸਮਝਣ ਵਾਲੀ ਗੱਲ ਹੈ। ਪਹਿਲੀ ਪੰਕਤੀ 'ਚ ਮਨੁੱਖ ਬਾਰੇ ਵਿਚਾਰ ਹੋ ਰਹੀ ਹੈ। ਦੂਸਰੀ ਪੰਕਤੀ 'ਸਿਰਠਿ' ਤੱਕ ਫੈਲ ਗਈ। ਵਿਸ਼ਾਲ ਹੋ ਗਈ। ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥ ਇਹ ਜੋ ਸ਼੍ਰਿਸ਼ਟੀ ਹੈ, ਜੋ ਕਾਇਨਾਤ ਹੈ, ਜੋ ਵਣ-ਤ੍ਰਿਣ ਨੇ, ਜੋ ਹਵਾ ਹੈ, ਸੂਰਜ ਹੈ, ਅਗਨ ਹੈ, ਜੋ ਵੀ ਹੈ, ਬਿਨਾਂ ਕਰਮਾਂ ਦੇ, ਬਿਨਾਂ ਉਸਦੇ ਭਾਣੇ ਮਿਲਣੀ ਨਹੀਂ। ਔਰ ਜੇ ਇਹ ਮੱਤ ਆ ਗਈ, ਜੇਕਰ ਗੁਰੂ ਦੀ ਕਿਰਪਾ ਹੋ ਗਈ, ਉਸਦੀ ਨਦਰਿ ਹੋ ਗਈ ਤਾਂ ਉਸ ਵਿਅਕਤੀ ਦੀ ਬੱਧ (ਇੰਟੇਲੈਕਟ) ਸਮਝੋ ਹੀਰੇ ਜਵਾਰਾਤਾਂ ਨਾਲ ਭਰ ਗਈ। ਉਸਨੂੰ ਲੋਅ ਹੋ ਗਈ। ਉਹ ਸੱਚ ਵਿੱਚ ਅਮੀਰ ਹੋ ਗਿਆ। ਪਹੁੰਚ ਗਿਆ। ਸਚਿਆਰ ਪਦ ਨੂੰ ਪਾ ਗਿਆ। ਬੱਸ ਇਹੀ ਇੱਕ ਨੁਕਤਾ ਹੈ, ਜੇਕਰ ਸਮਝ ਆ ਜਾਵੇ ਕਿ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੬॥ ਸਾਰੇ ਜੀਆਂ ਦਾ ਜੋ ਦਾਤਾ ਹੈ, ਉਸਨੂੰ ਵਿਸਾਰਨਾ ਨਹੀਂ ਹੈ। ਉਸਨੂੰ ਧਿਆਉਣਾ ਹੈ, ਉਸਨੂੰ ਜੱਪਣਾ ਹੈ। ਸਵਾਸ-ਸਵਾਸ ਜੱਪਣਾ ਹੈ।
ਇਸ ਪਾਉੜੀ ਦੀ ਤੋਰ ਬਾਰੇ ਜਾਂ ਇੱਕਦਮ ਖਿਆਲ ਮਨੁੱਖ ਤੋਂ ਕਿਵੇਂ ਸ਼੍ਰਿਸ਼ਟੀ ਵੱਲ ਜਾ ਰਿਹਾ ਹੈ ਤੇ ਕਿਵੇਂ ਫੇਰ ਮਨੁੱਖ ਵੱਲ ਪਰਤ ਰਿਹਾ ਹੈ। ਇਸ ਸੱਭ ਦੇ ਵਿਚਕਾਰ ਗੁਰੂ ਹੈ। ਗੁਰੂ ਦੀ ਸੁਣ ਲਈ ਤੇ ਸਮਝ ਲਈ ਜਾਂ ਫਿਰ ਗੁਰੂ ਨੇ ਬੁਝਾ ਦਿੱਤੀ, ਸਮਝਾ ਦਿੱਤੀ। ਦੇਖੋ ਮੂਲ ਮੰਤਰ 'ਚ ਹੀ ਕਿਹਾ ਹੈ ਕਿ ਗੁਰ ਪ੍ਰਸਾਦਿ। ਇੱਥੇ ਪਹਿਲੀ ਸਤਰ ਹੀ ਮਨੁੱਖੀ ਮਨ ਦੇ ਭਟਕਾਅ ਨੂੰ ਬਿਆਨ ਕਰਦਿਆਂ ਸਮਝੌਤੀ ਦੇ ਰਹੀ ਹੈ, ਪਰ ਨਾਲ ਹੀ ਗੁਰੂ ਸਾਹਿਬ ਅਗਲੀ ਹੀ ਪੰਕਤੀ 'ਚ ਬ੍ਰਹਿਮੰਡ ਨਾਲ ਮਨੁੱਖ ਨੂੰ ਇੱਕ-ਮਿੱਕ ਮੰਨ ਕੇ, ਦੱਸ ਕੇ ਗੁਰੂ ਵੱਲ ਸੰਕੇਤ ਕਰ ਰਹੇ ਨੇ। ਇਹ ਜੋ ਪਿੰਡੇ ਤੇ ਬ੍ਰਹਿਮੰਡੇ ਦੀ ਸੁਮੇਲਤਾ ਹੈ, ਇਹ ਕੋਈ ਗੁਰੂ ਹੀ ਸਮਝਾ ਸਕਦਾ ਹੈ। ਗੁਰੂ ਹੀ ਕਿਰਪਾ ਕਰੇ ਤਾਂ ਸੰਭਵ ਹੋ ਸਕਦਾ ਹੈ। ਇਹਨੂੰ ਸਮਝੇ ਬਗੈਰ ਉਸ ਸੂਖਮ ਸਰੀਰ ਦੀ ਸਮਝ ਨਹੀਂ ਬਣ ਸਕਦੀ, ਜਿਸਦੇ ਤੀਰਥ ਭਾਣੇ 'ਚ ਨਹਾਉਣ ਦੀ ਸਤਿਗੁਰ ਗੱਲ ਕਰਦੇ ਹਨ। ਇਹ ਪਾਉੜੀ ਸਵੈ ਨਾਲ ਸੰਵਾਦ ਵੀ ਹੈ। ਗੁਰੂ ਸਾਹਿਬ ਸਵੈ ਨਾਲ ਹੀ ਗੱਲਾਂ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਇਹ ਖੂਬਸੂਰਤੀ ਹੈ ਕਿ ਉਹ ਦੂਸਰੇ ਨੂੰ ਬਹੁਤਾ ਸਮਝਾਉਣ ਦੀ ਥਾਂ ਇੰਝ ਗੱਲ ਕਰਦੇ ਨੇ ਕਿ ਖੁਦ ਨੂੰ ਹੀ ਸੰਬੋਧਨ ਹੈ। ਇਸ ਕਾਵਿ-ਜੁਗਤ ਦੇ ਵੀ ਮਾਅਨੇ ਨੇ। ਸਾਰੀ ਬਾਣੀ ਸਿਰਫ ਤੇ ਸਿਰਫ ਆਪਨੜੈ ਗਿਰੇਵਾਨ ਮੇਂ, ਸਿਰ ਨੀਵਾਂ ਕਰ ਦੇਖ, ਦੇ ਰਾਹ ਚੱਲਦਿਆਂ ਹੀ ਲਿਖੀ ਗਈ ਹੈ। ਬਾਣੀ ਨੂੰ ਅਸੀਂ ਜਦੋਂ ਪੜ੍ਹਨਾ ਹੈ ਤਾਂ ਆਪਣੇ ਗਿਰੇਵਾਨ 'ਚ ਹੀ ਝਾਕਣਾ ਹੈ, ਕਿਸੇ ਹੋਰ ਨੂੰ ਸੰਬੋਧਨ ਕਰਕੇ ਬਾਣੀ ਨਹੀਂ ਪੜ੍ਹੀ ਜਾ ਸਕਦੀ ਤੇ ਨਾ ਹੀ ਸਮਝੀ ਜਾ ਸਕਦੀ ਹੈ।


ਸੱਤਵੀਂ ਪਾਉੜੀ
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥੭॥
ਇਸ ਪਾਉੜੀ ਵਿੱਚ ਕੋਝ ਪਰੋਖ ਚੀਜ਼ਾਂ ਨੇ, ਵਿਚਾਰ ਨੇ, ਸਿਧਾਂਤ ਨੇ, ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਪੂਰੀ ਬਾਣੀ ਵਿੱਚ ਹੀ ਬਹੁਤ ਕੁੱਝ ਅਣਕਿਹਾ ਹੈ, ਉਸਨੂੰ ਬੋਲਣ ਲਾਉਣਾ ਹੈ। ਬਹੁਤ ਹੀ ਬਰੀਕ ਨੁਕਤਾ ਹੈ, ਸਮਝੋ ਇਸਨੂੰ। ਪਹਿਲੀ ਪਾਉੜੀ ਵਿੱਚ 'ਬੰਨਾ ਪੁਰੀਆ ਭਾਰੁ' ਨੂੰ ਜੇਕਰ ਖੋਲ੍ਹ ਕੇ ਸਮਝਣਾ ਹੋਵੇ, ਤਾਂ ਯੋਗ ਦੀ ਇਹ ਇੱਕ ਕਿਰਿਆ ਵੀ ਹੈ, ਜਿਸ ਨਾਲ ਯੋਗੀ ਜੋ ਸਨ ਉਹ ਆਪਣੇ ਪੇਟ ਨੂੰ ਇੱਕ ਕਿਸਮ ਦੀ ਗੰਢ ਮਾਰ ਲੈਂਦੇ ਸਨ, ਜਿਸ ਨਾਲ ਭੁੱਖ ਨਹੀਂ ਲੱਗਦੀ। ਹੁਣ ਗੁਰੂ ਸਾਹਿਬ ਤਾਂ ਇਸ ਤਰ੍ਹਾਂ ਦੇ ਯੋਗ ਨਾਲ ਪਹਿਲਾਂ ਹੀ ਸਵਾਲ ਖੜੇ ਕਰੀ ਬੈਠੇ ਹਨ। ਸੋ ਉੱਥੇ ਪਰੋਖ ਰੂਪ 'ਚ ਯੋਗ ਦੀ ਗੰਢ ਨੂੰ ਸਵਾਲ ਕਰਨਾ ਹੈ। ਇਵੇਂ ਹੀ ਇਸ ਪਾਉੜੀ ਦੀ ਪਹਿਲੀ ਸਤਰ ਹੀ, ਪਰੋਖ ਰੂਪ 'ਚ ਯੋਗ ਦੇ ਇੱਕ ਸਿਧਾਂਤ ਨੂੰ ਘੇਰੇ ਵਿੱਚ ਲੈ ਰਹੀ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਆਰਜਾ ਨੂੰ ਯੁੱਗ ਨਾਲ ਬੰਨ੍ਹਣਾ ਸਮਝਣ ਵਾਲਾ ਹੈ। ਯੋਗੀ ਪ੍ਰਾਣਾਯਾਮ ਵਰਗੇ ਕੁੱਝ ਅਜਿਹੇ ਯੋਗ ਵੀ ਕਰਦੇ ਸਨ, ਜਿਹਨਾਂ ਨਾਲ ਉਮਰ ਵਿੱਚ ਵਾਧਾ ਕੀਤਾ ਜਾ ਸਕਦਾ ਸੀ। ਹੁਣ ਗੁਰੂ ਸਾਹਿਬ ਸਿੱਧਾ ਨਹੀਂ ਕਹਿ ਰਹੇ, ਪਰੰਤੂ ਸਵਾਲ ਵਾਲੀ ਉਂਗਲ ਓਧਰ ਵੀ ਹੈ, ਬਾਣੀ ਦੀ ਇਸ ਜੁਗਤ ਨੂੰ ਵੀ ਸਮਝਣਾ ਹੈ। ਜੇਕਰ ਮਨੁੱਖ ਦੀ ਉਮਰ ਚਾਰ ਜੁੱਗਾਂ ਜਿੱਡੀ ਹੋ ਜਾਏ ਜਾਂ ਉਸਤੋਂ ਵੀ ਦੱਸ ਗੁਣਾ ਹੋ ਜਾਏ। ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਉਸਨੂੰ ਨੌਂ ਖੰਡਾਂ 'ਚ ਹਰ ਕੋਈ ਜਾਨਣ ਲੱਗ ਜਾਵੇ। ਸਾਡੇ ਦਾਰਸ਼ਨਿਕ ਸਿਧਾਂਤਾਂ 'ਚ ਧਰਤੀ ਨੂੰ ਨੌਂ ਖੰਡਾਂ 'ਚ ਵੰਡ ਕੇ ਸਮਝਿਆ ਗਿਆ ਹੈ। ਇਹ ਨੌਂ ਖੰਡ ਨੇ- ਭਾਰਤ, ਇਲਾਵ੍ਰਤ, ਕਿਪੁਰਸ਼, ਭਾਦਰ, ਕੇਤੁਮਲ, ਹਰਿ, ਹਿਰਣਯ, ਰਮਯ ਅਤੇ ਕੁਛ। ਇਹਨਾਂ ਦੀ ਵਿਆਖਿਆ ਵਿੱਚ ਨਹੀਂ ਜਾਣਾ, ਬੱਸ ਇਹ ਧਰਤੀ ਦੀ ਦਾਰਸ਼ਨਿਕ ਸਮਝ ਵਾਸਤੇ ਪੌਰਾਣਾਂ 'ਚ ਇਸਤੇਮਾਲ ਕੀਤੇ ਗਏ ਨੇ। ਨੌਂ ਖੰਡਾਂ 'ਚ ਮਸ਼ਹੂਰ ਹੋ ਜਾਏ। ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਨਾਮ ਬਣਾ ਲਵੇ। ਜੱਸ/ਕੀਰਤੀ ਹੋਣ ਲੱਗੇ। ਵੱਡੀ ਸ਼ੁਹਰਤ ਮਿਲ ਜਾਵੇ। ਲੋਕ ਮੰਨਣ ਲੱਗ ਪੈਣ। ਜੱਸ ਗਾਇਆ ਜਾ ਰਿਹਾ ਹੈ। ਕੀਰਤੀ ਹੋ ਰਹੀ ਹੈ। ਪਰ, ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ£ ਹੁਣ ਸਿਧਾਂਤ ਕੀ ਹੈ? ਸਿਧਾਂਤ ਉਹੀ ਕਿ ਜੇਕਰ ਉਸਦੀ ਨਦਰਿ ਨਹੀਂ ਹੈ, ਤਾਂ ਬਾਤ ਕਿਸੇ ਨੇ ਨਹੀਂ ਪੁੱਛਣੀ। ਇਹ ਜੋ ਜੱਸ ਹੈ, ਕੀਰਤੀ ਹੈ, ਨਾਮ ਹੈ, ਪਛਾਣ ਹੈ, ਇਹ ਸਾਰੇ ਬਾਹਰੀ ਨੇ, ਦੁਨਿਆਵੀ ਨੇ, ਅਸਲ ਭੇਤ ਜੋ ਹੈ, ਉਹ ਤਾਂ ਕਿਤੇ ਗਹਿਰੇ ਅੰਦਰ ਬੈਠਾ ਹੈ। ਉਹਦਾ ਪਤਾ ਵੀ ਉਸੇ ਬੰਦੇ ਨੂੰ ਹੈ, ਜਿਹਦੇ ਨਾਲ ਬੀਤ ਰਹੀ ਹੁੰਦੀ ਹੈ। ਉਹ ਬਾਹਰੋਂ ਜੱਸ ਸੁਣ ਰਿਹਾ ਹੈ, ਅੰਦਰ ਕਿਤੇ ਵੈਰਾਗ ਚੱਲ ਰਿਹਾ ਹੈ। ਅੰਦਰ ਨੂੰ ਖਬਰ ਹੈ ਤੇ ਉਹ ਤੜਪ ਰਿਹਾ ਹੈ। ਜੱਸ ਨਹੀਂ ਵੀ ਹੈ, ਪਰ ਅੰਦਰੋਂ ਕਿਤੇ ਜੁੜਿਆ ਹੋਇਆ ਹੈ, ਅੰਦਰ ਇਹ ਕਹਿ ਰਿਹਾ ਹੈ ਕਿ 'ਮੋ ਕੋ ਤੂ ਨਾ ਵਿਸਾਰੁ, ਤੂ ਨਾ ਵਿਸਾਰੁ, ਤੂ ਨਾ ਵਿਸਾਰੁ ਰਾਮਈਆ॥' ਫਿਰ ਉਹਨੇ ਪਾ ਲਿਆ ਹੈ। ਬਹੁਤ ਹੀ ਗਹਿਰਾ ਵਿਚਾਰ ਹੈ। ਬੰਦੇ ਦੀ ਬੰਦਿਆਈ ਬਚਾਏ ਰੱਖਣ ਵਾਲਾ ਵਿਚਾਰ।
ਪਾਉੜੀ ਅਗਲੇ ਪੜਾਅ 'ਤੇ ਆਣ ਖੜ੍ਹਦੀ ਹੈ। ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਇਸ ਸਤਰ ਨੂੰ ਹੁਣ ਉੱਪਰ ਵਾਲੀ ਸਤਰ ਨਾਲ ਨਹੀਂ, ਸਗੋਂ ਇਸਤੋਂ ਬਾਦ ਵਾਲੀ ਸਤਰ ਨਾਲ ਜੋੜ ਕੇ ਪੜ੍ਹਿਆ ਜਾਵੇ। ਸ਼ਬਦ ਦੀ ਥਾਹ ਵੀ ਤਾਂ ਹੀ ਪਾਈ ਜਾ ਸਕਦੀ ਹੈ, ਜੇਕਰ ਸਾਨੂੰ ਠਹਿਰਾਅ ਕਿੱਥੇ ਦੇਣਾ ਹੈ ਤੇ ਕਿਸ ਸਤਰ ਨਾਲ ਵਿਚਾਰ ਦਾ ਕਦਮ ਅੱਗੇ ਤੁਰਨਾ ਹੈ, ਇਸਦਾ ਗਿਆਨ ਹੋਵੇਗਾ। ਹੁਣ ਉਹ ਕਹਿੰਦੇ ਨੇ ਕਿ ਉਹੀ ਕਰਤਾ ਹੈ, ਉਸੇ ਦੀ ਮਿਹਰ ਨਾਲ ਸਭ ਹੋ ਰਿਹਾ ਹੈ। ਕੀੜਿਆਂ ਅੰਦਰ ਵੀ ਕੀੜੇ ਪੈਦਾ ਕਰ ਸਕਦਾ ਹੈ। ਦੋਸ਼ੀਆਂ ਅੰਦਰ ਦੋਸ਼ ਭਰਦਾ ਹੈ। ਉਹਦਾ ਹੀ ਕ੍ਰਿਸ਼ਮਾ ਹੈ। ਉਹਦਾ ਹੀ ਹੱਥ ਹੈ। ਉਹ ਕੀ ਕਰ ਸਕਦਾ ਹੈ? ਇਸ ਪੰਕਤੀ 'ਚ ਜੋ ਠਹਿਰਾਅ ਵਾਲਾ ਨੁਕਤਾ ਅਸੀਂ ਛੇੜਿਆ ਹੈ, ਉਸਦਾ ਬਹੁਤ ਮਹੱਤਵ ਹੈ। ਗੁਰੂ ਸਾਹਿਬ ਕਹਿ ਰਹੇ ਨੇ- ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ, ਇੱਥੇ ਠਹਿਰਾਅ ਹੈ ਸ਼ਬਦ 'ਚ। ਇੱਥੇ ਠਹਿਰੋ। ਹੁਣ ਇਸ ਸਤਰ ਨੂੰ ਪੜ੍ਹੋ। ਅਰਥ ਹੀ ਬਦਲ ਗਏ। ਸਤਿਗੁਰ ਕਹਿ ਰਹੇ ਨੇ ਕਿ ਉਹ ਜੋ ਨਿਰਗੁਣ ਹੈ, ਹੇ ਗੁਣਵੰਤਿਆ, ਉਹੀ ਗੁਣ ਦਿੰਦਾ ਹੈ। ਗੁਣਵਾਨ ਬੰਦੇ ਨੂੰ ਸੰਬੋਧਨ ਨੇ ਕਿ ਉਹੀ ਗੁਣ ਬਖਸ਼ਿਸ਼ ਕਰਦਾ ਹੈ। ਗੁਣ ਦੇ। ਗੁਣ ਦਿੰਦਾ ਹੈ। ਉਹੀ ਹੈ ਜਿਸਨੇ ਜੱਸ ਦਿੱਤਾ ਹੈ, ਕੀਰਤੀ ਦਿੱਤੀ ਹੈ। ਗੁਣ ਦਿੱਤੇ ਨੇ। ਤੇ ਅਖੀਰ 'ਚ ਕੀ ਹੈ- ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥੭॥ ਉਹਦੇ ਵਰਗਾ ਹੋਰ ਨਹੀਂ ਲੱਭਦਾ, ਕੋਈ ਨਹੀਂ ਲੱਭਦਾ ਜੋ ਉਹਦੇ ਗੁਣਾਂ ਦੀ ਥਾਹ ਪਾ ਲਵੇ। ਉਸੇ ਨਿਰਗੁਣ ਦਾ ਜਾਪ ਹੈ, ਉਹ ਵੀ ਅਜਪਾ ਜਾਪ। ਅਣਮੜਿਆ ਮਾਂਦਲ ਵਾਜੇ। ਬਿਨਾਂ ਬੱਦਲਾਂ ਤੋਂ ਘਨਹਰ ਗਰਜ ਰਿਹਾ ਹੈ। ਮੜਿਆ ਮਾਂਦਲ ਤਾਂ ਸਭ ਨੇ ਸੁਣਿਆ ਹੈ। ਗੁਰੂ ਲੋਕ ਅਣਮੜਿਆ ਮਾਂਦਲ ਸੁਣ ਰਹੇ ਨੇ। ਬਿਨਾਂ ਬੱਦਲਾਂ ਤੋਂ ਘਨਹਰ ਦੀ ਗਰਜਨਾ ਸੁਣ ਰਹੇ ਨੇ। ਇਹ ਬਹੁਤ ਹੀ ਉੱਚੀ ਅਵਸਥਾ ਵਾਲੇ ਲੋਕ ਨੇ। ਇਹਨਾਂ ਦੀ ਅਵਸਥਾ ਦੀ ਥਾਹ ਨਹੀਂ ਪਾਈ ਜਾ ਸਕਦੀ। ਇਹਨਾਂ ਦੇ ਗੁਣਾਂ ਨੂੰ ਨਹੀਂ ਸਮਝਿਆ ਜਾ ਸਕਦਾ। ਇਹ ਕੁਦਰਤ ਦੀ ਡਾਇਲੈਕਟਸ ਵਿੱਚੋਂ ਵਿਚਾਰ ਪੈਦਾ ਕਰ ਰਹੇ ਨੇ। ਜਦੋਂ ਗੁਰੂ ਸਾਹਬ ਨੂਰ ਅਰਸ ਤੋਂ ਕੁਰਸ ਦੀ ਥਾਂ ਕੁਰਸ ਤੋਂ ਅਰਸ ਵੱਲ ਵਰਸਦਾ ਦੇਖ ਰਹੇ ਨੇ ਤਾਂ ਅਵਸਥਾ ਤੁਸੀਂ ਸੋਚ ਵੀ ਨਹੀਂ ਸਕਦੇ। ਇਸੇ ਅਵਸਥਾ ਦੇ ਵਿਸਮਾਦ ਦੀ ਸਿਖਰ ਹੈ ਸਤਿਗੁਰ ਨਾਨਕ ਦੇਵ ਜੀ ਦੀ ਇਹ ਬਾਣੀ।



ਨਿਰਗੁਣ ਸ਼ਬਦ ਵਿਚਾਰ / ਦੇਸ ਰਾਜ ਕਾਲੀ 7986702493

jasbir singh

This news is Edited By jasbir singh