ਆਮ ਬੰਦੇ ਦਾ ਨਾਨਕ

07/23/2019 9:39:15 AM

ਆਮ ਬੰਦੇ ਦਾ ਨਾਨਕ

ਪੜ੍ਹਿਆਂ ਲਿਖਿਆਂ ਵਿਚ ਅਤੇ ਸਿਆਸਤਦਾਨਾਂ ਵਿਚਕਾਰ ਗੁਰੂ ਨਾਨਕ ਦੇਵ ਜੀ ਦੀਆਂ ਜਿਹੋ ਜਿਹੀਆਂ ਪਰਤਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨਾਲ ਆਮ ਬੰਦੇ ਦਾ ਨਾਨਕ ਗੁੰਮਿਆ ਜਿਹਾ ਲੱਗਣ ਲੱਗ ਪਿਆ ਹੈ। ਲਿਖਣ ਵਾਲਿਆਂ ਨੇ ਬੜੀ ਦੇਰ ਤੋਂ ਗੁਰੂ ਜੀ ਨੂੰ 1469 ਤੋਂ 1539 ਤੱਕ ਸੀਮਿਤ ਕਰਕੇ ਵੇਖਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਅਤੇ ਜਨਮ ਸਾਖੀਆਂ ਨੂੰ ਇਸਦਾ ਆਧਾਰ ਮੰਨ ਲਿਆ ਗਿਆ ਹੈ। ਲੇਖਕਾਂ ਦਾ ਨਾਨਕ, ਇਸ ਤਰ੍ਹਾਂ ਆਮ ਬੰਦੇ ਤੱਕ ਪਹੁੰਚਦਾ ਨਜ਼ਰ ਨਹੀਂ ਆਉਂਦਾ, ਹਾਲਾਂਕਿ ਜਨਮਸਾਖੀਆਂ ਤੋਂ ਲੈ ਕੇ ਭਾਈ ਵੀਰ ਸਿੰਘ ਦੇ “ਗੁਰੂ ਨਾਨਕ ਚਮਤਕਾਰ” ਤੱਕ ਪੜ੍ਹਣ ਵਾਲਿਆਂ ਦੀ ਗਿਣਤੀ ਕੋਈ ਥੋਹੜੀ ਨਹੀਂਹੈ। ਇਸਦੇ ਬਾਵਜੂਦ ਪੁਸਤਕ ਸਭਿਆਚਾਰ ਤੋਂ ਵਿਛੜੇ ਹੋਏ ਗੁਰੂਕਿਆਂ ਕਰਕੇ ਸਿੱਟਾ ਇਹੀ ਨਿਕਲਦਾ ਨਜ਼ਰ ਆਉਂਦਾ ਹੈ ਕਿ ਗੁਰੂ ਜੀ ਦੀ ਸਿੱਖਿਆ ਨਾਲ ਜੁੜਣ ਦੀ ਥਾਂ ਆਮ ਮਾਨਸਿਕਤਾ ਉਨ੍ਹਾਂ ਦੀ ਫੋਟੋ ਨਾਲ ਜੁੜਦੀ ਲੱਗਣ ਲੱਗ ਪਈ ਹੈ। ਸਾਖੀਆਂ, ਗੁਰੂ ਜੀ ਨੂੰ ਸਮਝਣ ਵਾਸਤੇ ਇਕ ਮਾਧਿਅਮ ਜਾਂ ਤਰੀਕਾ ਤਾਂ ਹਨ, ਪਰ ਇਨ੍ਹਾਂ ਨੂੰ ਬਾਣੀ ਦਾ ਬਦਲ ਨਹੀਂ ਮੰਨਿਆ ਜਾ ਸਕਦਾ। ਕਹਾਣੀਆਂ ਦੁਆਰਾ ਸਿੱਖਿਆ ਨੂੰ ਸਮਝਣ ਦੀ ਵਿਧੀ ਨਾਲ ਸੰਤੁਸ਼ਟ ਹੋ ਜਾਣ ਵਾਲੇ ਬਾਣੀ ਨੂੰ ਵੀ ਸਾਖੀਆਂ ਦੁਆਰਾ ਸਮਝਣਾ ਸ਼ੁਰੂ ਕਰ ਦਿੰਦੇ ਹਨ। ਧਰਮ ਦੇ ਖੇਤਰ ਵਿਚ ਜਿਹੜੀ ਨਵੀਂ ਗੱਲ ਗੁਰੂ ਜੀ ਨੇ ਸਾਹਮਣੇ ਲਿਆਂਦੀ ਸੀ, ਉਹ ਕਿਸੇ ਵੀ ਸਮੇਂ ਦੇ ਸਿਆਾਣਿਆਂ ਦੇ ਸਰੀਰ ਨਾਲ ਜੁੜਣ ਦੀ ਥਾਂ,ਸਿਆਣਿਆਂ ਦੇ ਬਚਨਾ ਨਾਲ ਜੁੜਣਦੀ ਸੀ। ਗੁਰਮਤਿ ਨਾਲ ਜੁੜੇ ਹੋਏ ਸਿਆਣਿਆਂ ਦੇ ਬਚਨਾ ਨੂੰ ਬਾਣੀ ਕਿਹਾ ਗਿਆ ਸੀ ਅਤੇ ਇਸਨੂੰ ਸਾਂਭ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਹਮਣੇ ਲਿਆਂਦਾ ਗਿਆ ਸੀ। ਇਸ ਵਿਚ ਸ਼ਾਮਲ ਬਾਣੀਕਾਰਾਂ ਦੀ ਇਤਿਹਾਸਕਤਾ ਨੂੰ ਪਾਸੇ ਕਰਕੇ ਬਾਣੀਕਾਰਾਂ ਦੇ ਬਚਨਾ ਨੂੰ ਸ਼ਬਦ-ਗੁਰੂ ਕਿਹਾ ਗਿਆ ਸੀ। ਇਸ ਨਾਲ ਬਾਣੀਕਾਰਾਂ ਦੀ ਸਿੱਖਿਆਂ ਸਰਬੱਤ ਸਮਿਆਂ ਵਿਚ ਸਾਰਿਆਂ ਦੇ ਕੰਮ ਆ ਸਕਣ ਵਾਲੀ ਸਿੱਖਿਆ ਵਾਂਗ ਆਮ ਬੰਦੇ ਦੀ ਮਾਨਸਿਕਤਾ ਵਿਚ ਰਮ ਕੇ ਵਡੀ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਆਪਣੇ ਆਪ ਵਿਚ ਸਦਾ ਵਾਸਤੇ ਸਚਾਈ ਹੋ ਗਈ ਹੈ ਕਿ ਸਰੀਰ ਨਾਲੋਂ ਟੁੱਟੇ ਬਿਨਾ, ਸਿਧਾਂਤ ਨਾਲ ਨਹੀਂ ਜੁੜਿਆ ਜਾ ਸਕਦਾ। ਇਸ ਵਾਸਤੇ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਸਰੀਰ ਨਾਲੋਂ ਟੁੱਟਣ ਵਾਸਤੇ ਤਪੱਸਵੀ ਵਿਧੀਆਂ ਨੂੰ ਗੁਰੂ ਜੀ ਨੇ ਮਾਨਤਾ ਨਹੀਂ ਦਿੱਤੀ ਸੀ। ਇਸ ਨਾਲ ਘਰ ਪਰਿਵਾਰ ਵਿਚ ਰਹਿੰਦਿਆਂ ਧਾਰਮਿਕ ਅਤੇ ਅਧਿਆਤਮਿਕ ਹੋ ਸਕਣ ਵਾਲੀ ਗੁਰਮਤਿ ਸਾਹਮਣੇ ਆ ਗਈ ਸੀ।

ਬਾਣੀ ਦੇ ਹਵਾਲਿਆਂ ਨਾਲ ਮਨਮਰਜ਼ੀ ਦੇ ਨਤੀਜੇ ਕੱਢ ਲੈਣ ਨਾਲ ਭਰਮ ਭੁਲੇਖਿਆਂ ਵਿਚ ਉਲਝਣ ਦੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਮਿਸਾਲ ਦੇ ਤੌਰ ਤੇ ਗੁਰੂ ਦੇ ਚਰਨਾ ਨੂੰ ਹਿਰਦੇ ਵਿਚ ਵਸਾਉਣ ਦੀ ਸਿੱਖਿਆ (ਗੁਰ ਕੈ ਚਰਨ ਵਸਹਿ ਮੇਰੇ ਹੀਅਰੇ) ਗੁਰੂ ਦੇ ਸਰੀਰ ਦੁਆਰਾ ਨਹੀਂ, ਗੁਰੂ ਦੀ ਸਿੱਖਿਆ ਦੁਆਰਾ ਹੀ ਸਮਝੀ ਜਾ ਸਕਦੀ ਹੈ। ਇਹ ਕੋਈ ਬਹੁਤੀ ਬਰੀਕ ਗੱਲ ਵੀ ਨਹੀਂ ਹੈ ਕਿਉਂਕਿ ਦਿਲ ਵਿਚ ਵਸਾਉਣ ਦਾ ਮੁਹਾਵਰਾ ਦਿਲ ਵਿਚ ਵਸਾਉਣ ਦੀ ਤਸਵੀਰ ਤੱਕ ਸੀਮਿਤ ਕਰਕੇ ਨਹੀਂ ਸਮਝਿਆ ਜਾ ਸਕਦਾ। ਕਲਾਕਾਰ ਨੂੰ ਹੱਕ ਹੈ ਕਿ ਉਹ ਆਪਣੀ ਕਲਾ ਦੁਆਰਾ ਗੁਰੂ ਜੀ ਨੂੰ ਪ੍ਰਗਟ ਕਰਣ ਦੀ ਕੋਸ਼ਿਸ਼ ਕਿਸੇ ਵੀ ਵਿਧਾ ਦੁਆਰਾ ਕਰਣ। ਜੇ ਕੋਈ ਕਲਾਕਾਰ ਸੱਚਾ ਸੌਦਾ ਵਾਲੀ ਸਾਖੀ ਨੂੰ ਚਿਤਰੇਗਾ ਤਾਂ ਉਹ ਗੁਰੂ ਜੀ ਨੂੰ ਕਹਾਣੀ ਵਾਪਰਨ ਵਾਲੇ ਸਮੇਂ ਤੱਕ ਮਹਿਦੂਦ ਕਰਕੇ ਹੀ ਪ੍ਰਗਟਾ ਸਕੇਗਾ। ਪਰ ਸੱਚੇ ਸੌਦੇ ਦੀ ਕਹਾਣੀ ਤਾਂ ਇਕ ਸਿਧਾਂਤਕ ਬਿੰਬ ਵਾਂਗ ਅੱਜ ਵੀ ਚੱਲ ਰਹੀ ਹੈ ਅਤੇ ਗੁਰੂ ਕੇ ਲੰਗਰ ਦੁਆਰਾ ਲਗਾਤਾਰ ਵਾਪਰ ਰਹੀ ਹੈ। ਗੁਰੂ ਜੀ ਦੇ ਨਾਮਲੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਅਤੇ ਲੰਗਰ ਨੂੰ ਇਕੱਠਿਆਂ ਉਥੇ ਵੀ ਚਲਾ ਰਹੇ ਹਨ, ਜਿਥੇ ਵੀ ਜਾ ਕੇ ਉਨ੍ਹਾਂ ਨੂੰ ਰੋਜੀ ਰੋਟੀ ਲਈ ਵੱਸਣਾ ਪੈ ਰਿਹਾ ਹੈ। ਸੱਚੇ ਸੌਦੇ ਦੀ ਕਹਾਣੀ ਇਸ ਤਰ੍ਹਾਂ ਪੰਜਾਬੀ ਸਭਿਆਚਾਰ ਵਿਚੋਂ ਨਿਕਲ ਕੇ ਸਭਿਆਚਾਰ ਦੇ ਆਲਮੀ ਪ੍ਰਸੰਗ ਵਿਚ ਬਹੁ-ਸਭਿਆਚਾਰ ਵਰਤਾਰਿਆਂ ਦਾ ਹਿੱਸਾ ਹੋ ਗਈ ਹੈ। ਸੱਚੇ ਸੌਦੇ ਦੇ ਬਿੰਬ ਨੂੰ ਖੋਲਾਂਗੇ ਤਾਂ ਇਹ ਬੰਦੇ ਨੂੰ ਨਿਤ ਲੱਗਦੀ ਭੁੱਖ ਨੂੰ ਮਿਟਾਉਣ ਦੀ ਸੇਵਾ ਵਾਂਗ ਨਜ਼ਰ ਆਉਣ ਲੱਗ ਪਵੇਗਾ। ਇਹ ਸੱਚੀ ਘਟਨਾ ਹੈ ਕਿ ਕਨੇਡਾ ਦੀ ਇਕ ਅਦਾਲਤ ਵਿਚ ਇਕ ਬੰਦੇ ਤੇ ਭੁੱਖ ਮਿਟਾਉਣ ਵਾਸਤੇ ਚੋਰੀ ਕਰਣ ਦਾ ਇਲਜ਼ਾਮ ਸੀ। ਜੱਜ ਨੇ ਪੁੱਛਿਆ ਕਿ ਜਿਸ ਇਲਾਕੇ ਵਿਚ ਤੂੰ ਰਹਿੰਦਾ ਹੈਂ, ਕੀ ਉਥੇ ਕੋਈ ਗੁਰਦੁਆਰਾ ਹੈ? ਬੰਦੇ ਦੇ ਹਾਂ ਕਹਿਣ ਤੇ ਜੱਜ ਨੇ ਪੁੱਛਿਆ ਕਿ ਕੀ ਤੂੰ ਕਦੇ ਓਥੇ ਰੋਟੀ ਖਾਧੀ ਹੈ? ਉਤਰ ਹਾਂ ਵਿਚ ਹੋਣ ਤੇ ਜੱਜ ਨੇ ਫੈਸਲਾ ਦਿੱਤਾ ਸੀ ਕਿ ਚੋਰੀ ਕਰਣਾ ਤੇਰੀ ਲੋੜ ਨਹੀਂ ਆਦਤ ਹੈ ਕਿਉਂ ਕਿ ਗੁਰਦੁਆਰਾ ਤਾਂ ਭੁੱਖ ਮਿਟਾਉਣ ਲਈ ਸਾਰਿਆਂ ਲਈ ਖੁਲ੍ਹਾ ਰਹਿੰਦਾ ਹੈ। ਗੁਰੂ ਨਾਨਕ ਦੇਵ ਦੀ ਦੇ ਸੰਦੇਸ਼ ਦਾ ਇਸ ਤਰ੍ਹਾਂ ਬੇਗਾਨੀਆਂ ਧਰਤੀਆਂ ਤੇ ਸੰਚਰ ਜਾਣਾ, ਸਾਬਤ ਕਰਦਾ ਹੈ ਕਿ ਬਾਣੀ ਦੁਆਰਾ ਆਾਤਮਿਕ ਭੁੱਖਾਂ ਨੂੰ ਓਸੇ ਤਰ੍ਹਾਂ ਸਰਚਾਇਆ ਜਾ ਸਕਦਾ ਹੈ ਜਿਵੇਂ ਲੰਗਰ ਦੁਆਰਾ ਪੇਟ ਦੀ ਭੁੱਖ ਨੂੰ ਸਰਚਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਵਰ੍ਹੇ ਨੂੰ ਸ਼ਬਦ ਦੇ ਲੰਗਰ ਨੂੰ ਸਮਰਪਿਤ ਕਰਾਂਗੇ ਤਾਂ ਜਗਤ ਜਲੰਦੇ ਨੂੰ ਠਾਰਨ ਵਾਲੇ ਸ਼ਬਦ-ਗੁਰੂ ਨੂੰ ਲੋੜਵੰਦਾਂ ਤੱਕ ਲੈ ਕੇ ਜਾਣ ਦੀ ਅਤਿ ਲੋੜੀਂਦੀ ਮੁਹਿੰਮ ਚਲਾਉਣ ਵਾਲੇ ਰਾਹ ਪੈ ਸਕਾਂਗੇ।

ਧਰਮਾਂ ਦੇ ਘੜਮੱਸ ਵਿਚ ਗੁਰੂ ਨਾਨਕ ਦੇਵ ਜੀ ਉਸ ਤਰ੍ਹਾਂ ਟਿਕ ਗਏ ਸਨ, ਜਿਵੇਂ ਭਰੇ ਹੋਏ ਕਟੋਰੇ ਵਿਚ ਚੰਬੇਲੀ ਦਾ ਫੁੱਲ ਟਿਕਾਇਆ ਜਾ ਸਕਦਾ ਹੈ। ਧਰਮ ਦੇ ਨਾਮ ਤੇ ਹੋ ਰਹੀਆਂ ਊਧੜ ਧੁੰਮੀਆਂ ਵਿਚ ਪ੍ਰਾਪਤ ਨੂੰ ਢਾਹੇ ਬਿਨਾ ਟਿਕ ਸਕਣ ਦੀ ਵਿਧੀ ਹੀ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਤ ਕੀਤਾ ਗਿਆ ਧਰਮ ਸੀ ਅਤੇ ਹੈ। ਇਸ ਦੇ ਰਸਤੇ ਵਿਚ ਧਰਮਾਂ ਦੀ ਸਿਆਸਤ ਸਦਾ ਹੀ ਆ ਕੇ ਖਲੋਂਦੀ ਰਹੀ ਹੈ। ਇਸ ਤੋਂ ਬਚਕੇ ਚੱਲਣ ਦੀ ਸ਼ੁਰੂਆਤ ਗੁਰੂ ਨਾਨਕ ਦੇ ਨਾਮ ਲੇਵਿਆਂ ਨੂੰ ਆਪਣੇ ਆਪ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ। ਏਸੇ ਤੋਂ ਜੇ 550ਵੀਂ ਸ਼ਤਾਬਦੀ ਦੀ ਸ਼ੁਰੂਆਤ ਕਰ ਲਈਏ ਤਾਂ ਸਿੱਖ-ਧਰਮ, ਆਲਮੀ ਸੁਰ ਵਿਚ ਕਿਸੇ ਵੀ ਜਗਿਆਸੂ ਬਿਰਤੀ ਵਾਲੇ ਦਾ ਧਰਮ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਿਆਂ ਦੀ ਗਿਣਤੀ ਨੂੰ ਧਿਆਨ ਵਿਚ ਰੱਖਕੇ ਕਿਹਾ ਜਾ ਸਕਦਾ ਹੈ ਕਿ ਆਲਮੀ ਪ੍ਰਸੰਗ ਵਿਚ ਧਰਮੀ ਹੋਏ ਬਿਨਾ ਧਰਮੀ ਹੋ ਸਕਣ ਦੀ ਜੋ ਸਿੱਖ-ਵਿਧੀ ਗੁਰੂ ਨਾਨਕ ਦੇਵ ਜੀ ਨੇ ਸਥਾਪਤ ਕਰ ਦਿੱਤੀ ਸੀ, ਉਸ ਨਾਲ ਗੁਰੂ ਜੀ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਨੇ ਆਪਣਾ ਮੰਨ ਲਿਆ ਸੀ। ਇਹੀ “ਜਗਤ ਗੁਰ ਬਾਬਾ” ਹੈ ਅਤੇ ਏਸੇ ਦੀ ਲੋੜ ਇਸ ਵੇਲੇ ਸਾਰੀ ਦੁਨੀਆਂ ਨੂੰ ਹੈ ਕਿਉਂ ਕਿ ਹਰ ਕੋਈ ਚਾਹੁੰਦਾ ਹੈ ਕਿ ਸਰਬੱਤ ਦੇ ਭਲੇ ਵਾਲਾ ਧਰਮ ਹੀ ਆਮ ਲੋਕਾਂ ਦਾ ਧਰਮ ਹੋਵੇ। ਧਰਮ ਨੂੰ ਧਰਮ ਦੇ ਸ਼ਿਕੰਜਿਆਂ ਵਿਚੋਂ ਮੁਕਤ ਕਰ ਸਕਣ ਦੀ ਮੁਹਿੰਮ ਦੇ ਮੋਢੀ ਵੀ ਗੁਰੂ ਨਾਨਕ ਦੇਵ ਜੀ ਹੀ ਹੋ ਗਏ ਹਨ।

ਬਲਕਾਰ ਸਿੰਘ

93163-01328