ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

09/23/2019 5:32:12 PM

ਫਰੀਦਕੋਟ (ਜਗਤਾਰ) - ਬਾਬਾ ਸ਼ੇਖ ਫਰੀਦ ਜੀ ਦੇ 50ਵੇਂ ਆਗਮਨ ਪੁਰਬ ਨੂੰ ਸਮਰਪਤ ਫਰੀਜਕੋਟ ਜ਼ਿਲੇ 'ਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਟਿੱਲਾ ਬਾਬਾ ਫਰੀਦ ਜੀ ਦੇ ਜਨਮ ਅਸਥਾਨ ਤੋਂ ਸ਼ੁਰੂ ਹੋਇਆ ਇਹ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਦੀ ਹੁੰਦਾ ਹੋਇਆ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪਹੁੰਚਾ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ 'ਚ ਸਜਾਇਆ ਗਿਆ।ਇਸ ਮੌਕੇ ਲੱਖਾਂ ਦੀ ਗਿਣਤੀ 'ਚ ਲੋਕ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ, ਜੋ ਬਾਣੀ ਉਚਾਰ ਰਹੇ ਸਨ।


ਇਸ ’ਚ ਸ਼ਾਮਲ ਭਾਰੀ ਗਿਣਤੀ ’ਚ ਸੰਗਤਾਂ ਨੇ ਵੱਖ-ਵੱਖ ਵਾਹਨਾਂ ’ਤੇ ਲੱਗੇ ਲਾਊਡ ਸਪੀਕਰਾਂ ਰਾਹੀਂ ਬਾਬਾ ਫ਼ਰੀਦ ਜੀ ਦੀ ਇਲਾਹੀ ਬਾਣੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਜੈਕਾਰਿਆਂ ਦੀ ਗੂੰਜ ਨਾਲ ਗੁਰਦੁਆਰਾ ਗੋਦੜੀ ਸਾਹਿਬ ਨਗਰ ਕੀਰਤਨ ਪਹੁੰਚਣ 'ਤੇ ਬਾਬਾ ਫਰੀਦ ਸੁਸਾਇਟੀ ਨੇ ਇਸ ਮੌਕੇ ਮਹਾਨ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐੱਸ. ਨੂੰ ਮੇਲੇ ਦੌਰਾਨ ਕੀਤੇ ਗਏ ਖਾਸ ਪ੍ਰਬੰਧਾਂ ਲਈ ਵਿਸ਼ੇਸ਼ ਅਵਾਰਡ ਦਿੱਤਾ ਗਿਆ, ਜਿਸ 'ਚ ਉਨ੍ਹਾਂ ਨੂੰ ਸਮ੍ਰਿਤੀ ਚਿੰਨ੍ਹ ਅਤੇ ਸਿਰੋਪਾਓ ਭੇਟ ਕੀਤਾ ਗਿਆ।

ਇਸ ਦੌੌਰਾਨ ਸਾਰੇ ਰਸਤੇ ’ਤੇ ਸੰਗਤਾਂ ਵੱਲੋੋਂ ਬਡ਼ੀ ਸ਼ਰਧਾ ਨਾਲ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਪੂਰੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਚਾਹ, ਮਠਿਆਈ, ਫਲ ਆਦਿ ਦੇ ਲੰਗਰ ਵੀ ਲਾਏ ਗਏ। ਬਾਬਾ ਫ਼ਰੀਦ ਜੀ ਦੀ ਉਚਾਰੀ ਬਾਣੀ ਦਾ ਜਾਪ ਕਰਦਿਆਂ ਜਦ ਇਹ ਨਗਰ ਕੀਰਤਨ ਡਿਪਟੀ ਕਮਿਸ਼ਨਰ ਨਿਵਾਸ ’ਤੇ ਪਹੁੰਚਿਆ ਤਾਂ ਇਥੇ ਡਿਪਟੀ ਕਮਿਸ਼ਨਰ ਕੁਮਾਰ ਸੌੌਰਭ ਰਾਜ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਰੁਮਾਲਾ ਭੇਟ ਕੀਤਾ ਅਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।  

rajwinder kaur

This news is Edited By rajwinder kaur