ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਬ੍ਰਹਮ ਵਿੱਦਿਆ ਤੇ ਸ਼ਸਤਰ ਵਿੱਦਿਆ ਵਿਚ ਕੁਸ਼ਲ ਭਗਵਾਨ ਪਰਸ਼ੂਰਾਮ ਜੀ

05/14/2021 2:52:20 PM

ਜਦੋਂ ਜਦੋਂ ਵੀ ਧਰਤ 'ਤੇ ਪਾਪ ਅਤੇ ਅੱਤਿਆਚਾਰ ਵਧ ਜਾਂਦੇ ਹਨ, ਧਰਮ ਦੀ ਹਾਨੀ ਹੁੰਦੀ ਹੈ, ਉਦੋਂ-ਉਦੋਂ ਹੀ ਪਾਪ ਤੇ ਪਾਪੀਆਂ ਦਾ ਨਾਸ਼ ਕਰਨ, ਰਿਸ਼ੀਆਂ-ਮੁਨੀਆਂ ਦੀ ਰੱਖਿਆ ਅਤੇ ਕਲਿਆਣ ਕਰਨ, ਫਿਰ ਤੋਂ ਧਰਮ ਦੀ ਸਥਾਪਨਾ ਲਈ ਈਸ਼ਵਰ ਆਪ ਮਨੁੱਖੀ ਰੂਪ ਵਿਚ ਅਵਤਾਰ ਧਾਰਨ ਕਰਦੇ ਹਨ। ਇਹ ਰੱਬੀ ਬੋਲ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦਾ ਅਨਮੋਲ ਸੰਵਾਦ, ਗਿਆਨ ਦਾ ਸੋਮਾ, ਭਗਤੀ ਦਾ ਖਜ਼ਾਨਾ, ਸਦਕਰਮ, ਨੇਕੀ ਤੇ ਸੱਚ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦੇਣ ਵਾਲੀ ਤੇ ਭਾਰਤ ਹੀ ਨਹੀਂ ਵਿਸ਼ਵ ਦੇ ਕਣ-ਕਣ ਵਿਚ ਸਮਾਈ ਸ਼੍ਰੀਮਦ ਭਾਗਵਤ ਗੀਤਾ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵਲੋਂ ਲੋਕਾਈ ਨੂੰ ਕਲਿਆਣ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਚਾਰੇ ਗਏ ਹਨ। ਅਜਿਹਾ ਹਰ ਯੁੱਗ ਅੰਦਰ ਪ੍ਰਤੱਖ ਹੁੰਦਾ ਆਇਆ ਹੈ ਤੇ ਹੁੰਦਾ ਰਹੇਗਾ। ਅਜਿਹੀ ਵੇਦ-ਉਦਘੋਸ਼ਣਾ/ ਧਾਰਨਾ ਨੂੰ ਸੱਚਾ ਸਿੱਧ ਕਰਦਿਆਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਅਵਤਾਰ ਰੂਪ ਧਾਰਨ ਕਰ ਕੇ, ਚੰਡਾਲ ਲੋਕਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਤੋਂ ਬਚਾਉਣ ਲਈ ਧਰਤ ਨੂੰ ਅੱਤਿਆਚਾਰੀ ਤੇ ਜ਼ਾਲਮ ਰਾਜਿਆਂ ਤੋਂ ਮੁਕਤ ਕਰਵਾਇਆ। ਧਰਮ ਦੀ ਸਥਾਪਨਾ ਲਈ ਯੁੱਧ ਜ਼ਰੂਰੀ ਹੈ। ਮਹਾਕਵੀ ਰਾਮਧਾਰੀ ਸਿੰਘ ਦਿਨਕਰ ਜੀ ਭਗਵਾਨ ਪਰਸ਼ੂਰਾਮ ਜੀ ਬਾਰੇ ਆਪਣੇ ਸ਼ਬਦਾਂ ਵਿਚ ਲਿਖਦੇ ਹਨ :

''ਮੁਖ ਮੇਂ ਵੇਦ, ਪੀਠ ਪਰ ਤਰਕਸ਼,
ਕਰ ਮੇਂ ਕਠਿਨ ਕੁਠਾਰ ਵਿਮਲ
ਸ਼ਾਪ ਔਰ ਸ਼ਰ ਦੋਨੋਂ ਹੀ ਥੇ
ਜਿਸ ਮਹਾਨ ਰਿਸ਼ੀ ਕੇ ਸੰਬਲ''

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅੰਸ਼ਾਵਤਾਰ ਹਨ। ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੇ ਰਿਸ਼ੀ ਜਮਦਗਨੀ ਦੀ ਧਰਮਾਤਮਾ ਪਤਨੀ ਰੇਣੂਕਾ (ਜੋ ਕਿ ਈਕਸ਼ਵਾਕੂ ਵੰਸ਼ ਦੇ ਮਹਾਰਾਜਾ ਪ੍ਰਸੇਨਜਿਤ ਦੀ ਸਪੁੱਤਰੀ ਸੀ) ਦੀ ਕੁੱਖੋਂ ਵਿਸਾਖ ਮਹੀਨੇ ਸ਼ੁਕਲ ਪੱਖ ਦੀ ਅਕਸ਼ੈ ਤ੍ਰਿਤੀਆ (ਤੀਜ) ਨੂੰ ਰਾਤ ਦੇ ਪਹਿਲੇ ਪਹਿਰ ਅਵਤਾਰ ਧਾਰਨ ਕੀਤਾ। ਆਪ ਜੀ ਦੇ ਬਚਪਨ ਦਾ ਨਾਂ ਰਾਮ ਸੀ। ਆਪ ਆਪਣੇ ਭਰਾਵਾਂ ਰੁਕਮਵਾਨ, ਸੁਸ਼ੇਣਵਸੂ, ਵਿਸ਼ਵਾਸ਼ੂ ਤੋਂ ਸਭ ਤੋਂ ਛੋਟੇ ਹਨ। ਬਚਪਨ ਤੋਂ ਹੀ ਆਪ ਭਗਵਾਨ ਸ਼ਿਵ ਦੀ ਤਪੱਸਿਆ ਵਿਚ ਲੱਗੇ ਰਹਿੰਦੇ ਸਨ। ਭਗਵਾਨ ਸ਼ਿਵ ਵਲੋਂ ਇਨ੍ਹਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇਨ੍ਹਾਂ ਨੂੰ ਪਰਸ਼ਾ/ ਫਰਸ਼ਾ ਵਰਦਾਨ ਵਜੋਂ ਦਿੱਤਾ ਸੀ। ਇਨ੍ਹਾਂ ਵਲੋਂ ਸ਼ਿਵ ਦੀ ਆਗਿਆ ਅਨੁਸਾਰ ਪਰਸ਼ੇ ਦੀ ਵਰਤੋਂ ਗਰੀਬ-ਮਜ਼ਲੂਮ ਦੇ ਹੱਕ ਵਿਚ ਕਰਦਿਆਂ ਦੇਖ ਕੇ ਹੀ 'ਪਰਸ਼ੂਰਾਮ' ਵਜੋਂ ਲੋਕਾਂ ਨੇ ਜੈ-ਜੈਕਾਰ ਕੀਤੀ।

ਇਹ ਵੀ ਪੜ੍ਹੋ : ਅੱਜ ਅਕਸ਼ੈ ਤ੍ਰਿਤੀਆ ਦੇ ਦਿਨ ਸੋਨਾ ਖਰੀਦਣਾ ਹੁੰਦੈ ਸ਼ੁੱਭ, ਧਨ ਅਤੇ ਖੁਸ਼ਹਾਲੀ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਦਾਨ

ਭਗਵਾਨ ਪਰਸ਼ੂਰਾਮ ਜੀ ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਗਿਆਨ ਦੇ ਸੋਮੇ, ਯੋਗ, ਵੇਦ, ਨੀਤੀ ਵਿਚ ਨਿਪੁੰਨ, ਬ੍ਰਹਮ ਵਿੱਦਿਆ ਤੇ ਸ਼ਸਤਰ ਵਿੱਦਿਆ ਵਿਚ ਕੁਸ਼ਲ ਸਨ। ਭਗਵਾਨ ਪਰਸ਼ੂਰਾਮ ਜੀ ਨੇ ਆਪਣੇ ਸ਼ਸਤਰਾਂ ਦੀ ਵਰਤੋਂ ਕਿਸੇ ਧਰਮ ਜਾਂ ਜਾਤੀ ਵਿਰੁੱਧ ਨਹੀਂ ਸੀ ਕੀਤੀ, ਉਨ੍ਹਾਂ ਨੇ ਆਪਣੇ ਸ਼ਸਤਰ ਸਦਾ ਤਾਕਤ ਦੇ ਨਸ਼ੇ ਵਿਚ ਚੂਰ ਤੇ ਆਪਣੀ ਪਰਜਾ 'ਤੇ ਜ਼ੁਲਮ ਕਰਨ ਵਾਲੇ ਰਾਜਿਆਂ ਵਿਰੁੱਧ ਉਠਾਏ। ਪੌਰਾਣਿਕ ਕਥਾ ਅਨੁਸਾਰ ਕਾਰਤਵੀਰਯ ਅਰਜੁਨ ਨਾਮ ਦੇ ਰਾਜਾ ਨੇ ਭਗਵਾਨ ਪਰਸ਼ੂਰਾਮ ਜੀ ਦੇ ਸ਼ਿਵ ਤਪੱਸਿਆ ਲਈ ਜਾਣ ਪਿੱਛੋਂ ਉਨ੍ਹਾਂ ਦੇ ਪਿਤਾ ਰਿਸ਼ੀ ਜਮਦਗਨੀ ਦੇ ਆਸ਼ਰਮ 'ਤੇ ਹਮਲਾ ਕਰ ਕੇ ਰਿਸ਼ੀ ਜਮਦਗਨੀ ਦਾ ਕਤਲ ਕਰ ਕੇ ਤੇ ਆਸ਼ਰਮ ਨੂੰ ਤਹਿਸ-ਨਹਿਸ ਕਰਨ ਪਿੱਛੋਂ ਮਨ ਦੀ ਹਰ ਇੱਛਾ ਪੂਰੀ ਕਰਨ ਵਾਲੀ ਕਾਮਧੇਨੂੰ ਗਊ ਨੂੰ ਚੁਰਾ ਲਿਆ ਸੀ। ਇਹ ਸਭ ਗਿਆਤ ਹੋਣ 'ਤੇ ਕ੍ਰੋਧ ਵਿਚ ਪਰਸ਼ੂਰਾਮ ਜੀ ਨੇ ਪਾਪੀ ਰਾਜਾ ਕਾਰਤਵੀਰਯ ਅਰਜੁਨ ਅਤੇ ਉਸ ਦੇ ਵੰਸ਼ ਨੂੰ ਖਤਮ ਕਰ ਕੇ, ਉਸਦਾ ਸਾਰਾ ਰਾਜਭਾਗ ਮਹਾਰਿਸ਼ੀ ਕਸ਼ਯਪ ਨੂੰ ਦਾਨ ਵਿਚ ਦੇ ਦਿੱਤਾ। ਇਸ ਪ੍ਰਕਾਰ ਪਰਸ਼ੂਰਾਮ ਜੀ ਨੇ 21 ਵਾਰ ਸਾਰੀ ਧਰਤੀ ਨੂੰ ਫਤਿਹ ਕੀਤਾ। ਸਾਰੀ ਧਰਤੀ ਨੂੰ ਆਪਣੇ ਅਧੀਨ ਕਰ ਚੁੱਕਣ ਤੋਂ ਬਾਅਦ ਫਿਰ ਵੀ ਪਰਸ਼ੂਰਾਮ ਜੀ ਦੇ ਮਨ ਵਿਚ 'ਰਾਜਸੁੱਖ' ਦੀ ਇੱਛਾ ਨਹੀਂ ਹੋਈ। ਸਾਰੀ ਧਰਤੀ ਦਾ ਦਾਨ ਰਿਸ਼ੀਆਂ ਨੂੰ ਕਰ ਕੇ, ਤਿਆਗ ਦੀ ਮੂਰਤੀ ਸਿੱਧ ਹੋਏ, ਅਜਿਹਾ ਕਰਕੇ ਹੀ ਇਨ੍ਹਾਂ ਨੂੰ 'ਦਾਨਵੀਰ' ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ।

ਇਹ ਵੀ ਪੜ੍ਹੋ :  ਮੰਦਿਰ ਵਿਚ ਨਹੀਂ ਹੋਣੀਆਂ ਚਾਹੀਦੀਆਂ ਅਜਿਹੀਆਂ ਵਸਤੂਆਂ, ਜਾਣੇ ਅਣਜਾਣੇ ਹੋਈ ਗ਼ਲਤੀ ਪੈ ਸਕਦੀ ਹੈ ਭਾਰੀ

ਭਗਵਾਨ ਪਰਸ਼ੂਰਾਮ ਜੀ ਚਿਰੰਜੀਵੀ ਹਨ। ਉਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਨਹੀਂ। ਅੱਜ ਵੀ ਮਹੇਂਦਰਾਚਲ ਗਿਰੀ 'ਤੇ ਤਪੱਸਿਆ ਵਿਚ ਲੀਨ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਇਸ ਦੇ ਪ੍ਰਮਾਣ ਵਜੋਂ ਕਿਹਾ ਜਾ ਸਕਦਾ ਹੈ ਕਿ ਉਹ ਹਰ ਯੁੱਗ ਵਿਚ ਲੀਲਾ ਕਰਦੇ ਦਿਖਾਈ ਦੇ ਰਹੇ ਹਨ। ਜਿਵੇਂ ਰਾਜਾ ਕਾਰਤਵੀਰਯ ਦਾ ਨਾਸ਼, ਸ਼ਿਵ ਧਨੁਸ਼ ਤੋੜਨ 'ਤੇ ਭਗਵਾਨ ਰਾਮ ਦੀ ਪ੍ਰੀਖਿਆ ਲੈਣੀ ਕਿ ਉਹ ਸੱਚਮੁਚ ਵਿਸ਼ਨੂੰ ਜੀ ਦੇ ਹੀ ਅਵਤਾਰ ਹਨ ਵੀ ਜਾਂ ਕੇਵਲ ਸਾਧਾਰਨ ਰਾਜਕੁਮਾਰ, ਕੌਰਵਾਂ ਦੀ ਸਭਾ ਵਿਚ ਸ਼੍ਰੀ ਭੀਸ਼ਮ ਪਿਤਾਮਾ ਨਾਲ ਯੁੱਧ ਕਰਦੇ ਦਿਖਾਈ ਦੇਣਾ ਅਤੇ ਭਵਿੱਖ ਦੇ ਅਵਤਾਰ ਭਗਵਾਨ ਕਲਕੀ ਨੂੰ ਵੇਦਾਂ-ਸ਼ਾਸਤਰਾਂ ਦੇ ਅਸਤਰਾਂ-ਸ਼ਸਤਰਾਂ ਦੀ ਸਿੱਖਿਆ ਦੇਣ ਦੀ ਸਪੱਸ਼ਟ ਰੂਪ ਵਿਚ ਧਰਮ-ਸ਼ਾਸਤਰਾਂ ਵਲੋਂ ਉਦਘੋਸ਼ਣਾ ਕਰਨਾ ਆਪਣੇ ਆਪ ਵਿਚ ਮਹੱਤਵਪੂਰਨ ਪ੍ਰਮਾਣ ਹੈ।

ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਵਲੋਂ ਪਰਸ਼ੂਰਾਮ ਜੀ ਅੱਗੇ ਆਦਰਪੂਰਵਕ ਸਿਰ ਝੁਕਾਉਣਾ ਸੱਚਮੁਚ ਪਰਸ਼ੂਰਾਮ ਜੀ ਨੂੰ 'ਭਗਵਾਨ' ਦੇ ਰੂਪ ਵਿਚ ਸੁਸ਼ੋਭਿਤ ਕਰਦਾ ਹੈ। ਅੱਜ ਭਗਵਾਨ ਪਰਸ਼ੂਰਾਮ ਜੀ ਦੀ ਪਵਿੱਤਰ ਜਯੰਤੀ ਦੇ ਮੌਕੇ ਸੰਕਲਪ ਕਰੀਏ ਕਿ ਸਮਾਜ ਵਿਚ ਫੈਲੀਆਂ ਕੁਰੀਤੀਆਂ ਰੂਪੀ ਹਨੇਰੇ, ਜ਼ਾਲਮਾਂ, ਪਾਪੀਆਂ ਤੇ ਦੁਸ਼ਟ ਤਾਕਤਾਂ ਵਿਰੁੱਧ ਲੋੜ ਪੈਣ 'ਤੇ ਸ਼ਕਤੀ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ।  

— ਤਲਵਿੰਦਰ ਸ਼ਾਸਤਰੀ ਨਾਰੀਕੇ
(94643-48258)

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur