Krishna Janmashtami : ਕ੍ਰਿਸ਼ਨ ਜਨਮ ਅਸ਼ਟਮੀ ’ਤੇ ਬਣ ਰਿਹੈ ਇਹ ਸ਼ੁਭ ਯੋਗ, ਇੰਝ ਕਰੋ ਲੱਡੂ ਗੋਪਾਲ ਦੀ ਪੂਜਾ

8/19/2022 9:33:34 AM

ਜਲੰਧਰ (ਬਿਊਰੋ) - ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਕ੍ਰਿਸ਼ਨ ਜਨਮ ਅਸ਼ਟਮੀ ਹਰ ਸਾਲ ਭਾਦੋ ਮਹੀਨੇ ਦੀ ਅਸ਼ਟਮੀ ਤਰੀਖ਼ ਨੂੰ ਮਨਾਈ ਜਾਂਦੀ ਹੈ। ਮਾਨਤਾਵਾਂ ਅਨੁਸਾਰ, ਸ਼੍ਰੀ ਕ੍ਰਿਸ਼ਨ ਦਾ ਜਨਮ ਅਸ਼ਟਮੀ ਵਾਲੇ ਦਿਨ ਰੋਹਿਣੀ ਨਕਸ਼ਤਰ ਦੀ ਅੱਧੀ ਰਾਤ ਨੂੰ ਮਥੁਰਾ ਵਿੱਚ ਹੋਇਆ ਸੀ। ਇਸ ਲਈ ਜਨਮ ਅਸ਼ਟਮੀ 'ਤੇ ਲੋਕ ਵਰਤ ਰੱਖਕੇ ਛੋਟੇ ਬਾਲ ਗੋਪਾਲ ਦੇ ਆਉਣ ਦੀ ਤਿਆਰੀ ਕਰਦੇ ਹਨ। ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿੱਚ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ। ਮੰਦਰਾਂ ਅਤੇ ਘਰਾਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਹੈ। ਇਸ ਸਾਲ ਜਨਮ ਅਸ਼ਟਮੀ ਪੰਚਾਗਾਂ ਕਾਰਨ ਦੋ ਤਾਰੀਖ਼ਾਂ 18 ਅਤੇ 19 ਅਗਸਤ ਨੂੰ ਮਨਾਈ ਜਾਵੇਗੀ। 

PunjabKesari

ਇਸ ਦਿਨ ਮਨਾਈ ਜਾਵੇਗੀ ਜਨਮ ਅਸ਼ਟਮੀ
ਇਸ ਸਾਲ ਭਾਦਰਪਦ ਦੀ ਕ੍ਰਿਸ਼ਨ ਪੱਖ ਅਸ਼ਟਮੀ ਦੀ ਤਰੀਖ਼ ਦੋ ਦਿਨ ਆ ਰਹੀ ਹੈ। 18 ਅਗਸਤ ਨੂੰ ਰਾਤ 9:21 ਵਜੇ ਤੋਂ ਇਹ ਤਾਰੀਖ਼ ਸ਼ੁਰੂ ਹੋ ਜਾਵੇਗੀ ਅਤੇ ਅਗਲੇ ਦਿਨ 19 ਅਗਸਤ ਨੂੰ ਰਾਤ 10:50 ਵਜੇ ਇਹ ਤਾਰੀਖ਼ ਖ਼ਤਮ ਹੋਵੇਗੀ। ਮਾਨਤਾਵਾਂ ਅਨੁਸਾਰ ਬਾਲ ਗੋਪਾਲ ਦਾ ਜਨਮ ਅੱਧੀ ਰਾਤ ਨੂੰ 12 ਵਜੇ ਹੋਇਆ ਸੀ। ਇਸ ਲਈ ਇਸ ਵਾਰ 18 ਅਗਸਤ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਉਣ ਦਾ ਸ਼ੁਭ ਦਿਨ ਹੈ। ਜੇਕਰ ਸੂਰਜ ਚੜ੍ਹਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਜਨਮ ਅਸ਼ਟਮੀ ਦਾ ਤਿਉਹਾਰ 19 ਅਗਸਤ ਨੂੰ ਪੂਰੇ ਦਿਨ ਮਨਾਇਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਸ਼੍ਰੀ ਕ੍ਰਿਸ਼ਨ ਦੇ ਜਨਮ ਸਥਾਨ ਮਥੁਰਾ 'ਚ 19 ਅਗਸਤ ਨੂੰ ਜਨਮ ਅਸ਼ਟਮੀ ਮਨਾਈ ਜਾਵੇਗੀ।

ਰੋਹਿਣੀ ਨਛੱਤਰ ਵਿੱਚ ਹੋਇਆ ਸੀ ਬਾਲ ਗੋਪਾਲ ਜੀ ਦਾ ਜਨਮ
ਧਾਰਮਿਕ ਮਾਨਤਾਵਾਂ ਅਨੁਸਾਰ ਬਾਲ ਗੋਪਾਲ ਦਾ ਜਨਮ ਰੋਹਿਣੀ ਨਛੱਤਰ ਵਿੱਚ ਹੋਇਆ ਸੀ ਪਰ ਇਸ ਸਾਲ 2 ਦਿਨ ਯਾਨੀ 18 ਅਤੇ 19 ਅਗਸਤ ਨੂੰ ਰੋਹਿਣੀ ਨਛੱਤਰ ਦਾ ਸੰਯੋਗ ਨਹੀਂ ਬਣ ਰਿਹਾ। 19 ਅਗਸਤ ਨੂੰ ਰਾਤ 01:53 ਤੱਕ ਕ੍ਰਿਤਿਕਾ ਨਛੱਤਰ ਰਹੇਗਾ ਅਤੇ ਉਸ ਤੋਂ ਬਾਅਦ ਹੀ ਰੋਹਿਣੀ ਨਛੱਤਰ ਸ਼ੁਰੂ ਹੋਵੇਗਾ।

PunjabKesari

ਬਣ ਰਿਹਾ ਸ਼ੁਭ ਯੋਗ
ਇਸ ਸਾਲ ਜਨਮ ਅਸ਼ਟਮੀ 'ਤੇ ਬਹੁਤ ਹੀ ਸ਼ੁਭ ਯੋਗ ਬਣ ਰਿਹਾ ਹੈ। ਇਸ ਵਾਰ ਕ੍ਰਿਸ਼ਨ ਜੀ ਦੇ ਜਨਮ ਦਿਨ 'ਤੇ ਵਰਿਧੀ ਅਤੇ ਧਰੁਵ ਨਾਮ ਦੇ ਦੋ ਸ਼ੁੱਭ ਯੋਗ ਬਣ ਰਹੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਵਰਿਧੀ ਯੋਗ ਵਿੱਚ ਕ੍ਰਿਸ਼ਨ ਜੀ ਦੇ ਨਾਲ ਦੇਵੀ ਲਕਸ਼ਮੀ ਸਵਰੂਪ ਰਾਧਾ ਜੀ ਦੀ ਪੂਜਾ ਕਰਨ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ।

ਇੰਝ ਕਰੋ ਲੱਡੂ ਗੋਪਾਲ ਦੀ ਪੂਜਾ
ਜਨਮ ਅਸ਼ਟਮੀ 'ਤੇ ਬਾਲ ਗੋਪਾਲ ਦੀ ਪੂਜਾ ਕਰਨ ਲਈ ਸਭ ਤੋਂ ਪਹਿਲਾਂ ਦੁੱਧ, ਦਹੀਂ, ਸ਼ਹਿਦ ਅਤੇ ਪਾਣੀ ਨਾਲ ਉਨ੍ਹਾਂ ਦਾ ਜਲਾਭਿਸ਼ੇਕ ਕਰਨਾ ਚਾਹੀਦਾ ਹੈ। ਫਿਰ ਬਾਲ ਗੋਪਾਲ ਜੀ ਨੂੰ ਸੋਹਣੇ ਕੱਪੜੇ ਪੁਆ ਕੇ ਝੂਲੇ ਵਿੱਚ ਬਿਠਾ ਦਿਓ ਅਤੇ ਉਨ੍ਹਾਂ ਨੂੰ ਝੂਲਾ ਝੁਲਾਓ। ਇਸ ਤੋਂ ਬਾਅਦ ਤੁਸੀਂ ਕ੍ਰਿਸ਼ਨ ਜੀ ਨੂੰ ਮੱਖਣ, ਮਿਸ਼ਰੀ, ਲੱਡੂ, ਧਨੀਆ ਪੰਜੀਰੀ ਅਤੇ ਮਠਿਆਈਆਂ ਭੋਗ ਲਗਾਓ। ਅੱਧੀ ਰਾਤ 12 ਵਜੇ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਪੂਜਾ ਕਰੋ ਅਤੇ ਪੂਜਾ ਕਰਨ ਤੋਂ ਬਾਅਦ ਲੱਡੂ ਗੋਪਾਲ ਜੀ ਦੀ ਆਰਤੀ ਜ਼ਰੂਰ ਕਰੋ।

PunjabKesari


rajwinder kaur

Content Editor rajwinder kaur