Janmashtami 2020: ਜਾਣੋ ਕਿਉਂ ਮਨਾਇਆ ਜਾਂਦਾ ਹੈ ਦਹੀਂ-ਹਾਂਡੀ ਉਤਸਵ, ਕਿਵੇਂ ਹੋਈ ਇਸ ਦੀ ਸ਼ੁਰੂਆਤ

08/12/2020 10:29:49 AM

ਜਲੰਧਰ - ਭਾਰਤ ਦੀਆਂ ਵੱਖ-ਵੱਖ ਥਾਵਾਂ ’ਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 11 ਅਤੇ 12 ਅਗਸਤ, 2020 ਨੂੰ ਮਨਾਈ ਜਾ ਰਹੀ ਹੈ। ਜਨਮ ਅਸ਼ਟਮੀ ਦੇ ਅਗਲੇ ਦਿਨ ਦਹੀਂ-ਹਾਂਡੀ ਉਤਸਵ ਵੀ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ, ਜੋ ਕਈ ਸਾਲਾਂ ਤੋਂ ਚਲਿਆ ਆ ਰਿਹਾ ਹੈ।  ਦਹੀਂ-ਹਾਂਡੀ ਉਤਸਵ ’ਤੇ ਨੌਜਵਾਨ ਪੀੜ੍ਹੀ ਟੋਲੀਆਂ ਬਣਾ ਕੇ ਉੱਚਾਈ ’ਤੇ ਲਗਾਈ ਹੋਈ ਦਹੀਂ-ਹਾਂਡੀ ਨੂੰ ਫੋੜਦੇ ਹਨ। ਦੱਸ ਦੇਈਏ ਕਿ ਇਸ ਸਾਲ ਕੋਰੋਨਾ ਦੇ ਕਾਰਨ ਲੋਕ ਦਹੀਂ-ਹਾਂਡੀ ਉਤਸਵ ਨਹੀਂ ਮਨਾਉਣਗੇ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਤੋਂ ਬਾਅਦ ਦਹੀਂ-ਹਾਂਡੀ ਉਤਸਵ ਕਿਉਂ ਮਨਾਇਆ ਜਾਂਦਾ ਹੈ...  

ਦਹੀਂ-ਹਾਂਡੀ ਉਤਸਵ
ਦਹੀਂ-ਹਾਂਡੀ ਉਤਸਵ ਮੁੱਖ ਤੌਰ 'ਤੇ ਮਹਾਰਾਸ਼ਟਰ ਤੇ ਗੁਜਰਾਤ 'ਚ ਮਨਾਇਆ ਜਾਂਦਾ ਹੈ ਪਰ ਇਹ ਦੇਸ਼ ਦੇ ਕੁਝ ਹੋਰ ਹਿੱਸਿਆਂ 'ਚ ਵੀ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਕ੍ਰਿਸ਼ਨ ਦੇ ਧਰਤੀ 'ਤੇ ਜਨਮ ਲੈਣ ਦੀ ਖੁਸ਼ੀ 'ਚ ਚੌਕਾਂ 'ਤੇ ਦਹੀਂ ਤੇ ਮੱਖਣ ਨਾਲ ਭਰੀਆਂ ਮਟਕੀਆਂ ਜਾਂ ਹਾਂਡੀ ਲਟਕਾਈ ਜਾਂਦੀ ਹੈ।

ਬੱਚੇ ਤੇ ਨੌਜਵਾਨ ਗੋਵਿੰਦਾ ਬਣ ਕੇ ਇਸ ਉਤਸਵ 'ਚ ਸ਼ਾਮਲ ਹੁੰਦੇ ਹਨ। ਗੋਵਿੰਦਾ ਦੀਆਂ ਅਲੱਗ-ਅਲੱਗ ਟੀਮਾਂ ਇਨ੍ਹਾਂ ਮਟਕੀਆਂ ਨੂੰ ਭੰਨ੍ਹਣ ਦਾ ਯਤਨ ਕਰਦੀਆਂ ਹਨ, ਜੋ ਟੀਮ ਸਫ਼ਲ ਹੁੰਦੀ ਹੈ ਉਸ ਨੂੰ ਪੁਰਸਕਾਰ ਵੀ ਦਿੱਤਾ ਜਾਂਦਾ ਹੈ।

ਦਹੀਂ-ਹਾਂਡੀ ਦਾ ਇਤਿਹਾਸ
ਭਗਵਾਨ ਕ੍ਰਿਸ਼ਨ ਦਾ ਬਚਪਨ ਗੋਕੁਲ ਤੇ ਵਰਿੰਦਾਵਨ 'ਚ ਬਾਲ ਲੀਲ੍ਹਾਵਾਂ ਕਰਦਿਆਂ ਲੰਘਿਆ ਸੀ। ਬਚਪਨ 'ਚ ਸ਼੍ਰੀ ਕ੍ਰਿਸ਼ਨ ਨੂੰ ਦਹੀਂ ਅਤੇ ਮੱਖਣ ਬਹੁਤ ਪਿਆਰਾ ਸੀ, ਅਕਸਰ ਉਹ ਗੋਪੀਆਂ ਦੇ ਘਰੋਂ ਮੱਖਣ ਚੋਰੀ ਕਰ ਕੇ ਖਾਂਦੇ ਸਨ। ਮੱਖਣ ਲਈ ਉਹ ਮਈਆ ਯਸ਼ੋਦਾ ਨੂੰ ਵੀ ਪਰੇਸ਼ਾਨ ਕਰਦੇ ਸਨ। ਕਈ ਵਾਰ ਉਹ ਮੱਖਣ ਚੋਰੀ ਦੇ ਚੱਕਰ 'ਚ ਹਾਂਡੀ ਭੰਨ੍ਹ ਦਿੰਦੇ ਸਨ। ਉਹ ਆਪਣੇ ਘਰ ਦੀਆਂ ਹੀ ਨਹੀਂ, ਗੋਪੀਆਂ ਦੀਆਂ ਵੀ ਉਨ੍ਹਾਂ ਮਟਕੀਆਂ ਨੂੰ ਭੰਨ੍ਹ ਦਿੰਦੇ ਸਨ ਜਿਨ੍ਹਾਂ ਵਿਚ ਮੱਖਣ ਰੱਖਿਆ ਹੁੰਦਾ ਸੀ।

ਇਸ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼
ਬਾਲ ਗੋਪਾਲ ਤੋਂ ਪਰੇਸ਼ਾਨ ਹੋ ਕੇ ਮਾਤਾ ਯਸ਼ੋਦਾ ਅਤੇ ਗੋਪੀਆਂ ਮੱਖਣ ਦੀਆਂ ਮਟਕੀਆਂ ਨੂੰ ਰੱਸੀ ਦੇ ਸਹਾਰੇ ਉੱਪਰ ਬੰਨ੍ਹ ਦਿੰਦੀਆਂ ਸਨ ਤਾਂ ਜੋ ਉਹ ਬਾਲ ਕ੍ਰਿਸ਼ਨ ਦੀ ਪਹੁੰਚ ਤੋਂ ਦੂਰ ਰਹਿਣ, ਪਰ ਸ਼੍ਰੀ ਕ੍ਰਿਸ਼ਨ ਕਿੱਥੇ ਮੰਨਣ ਵਾਲੇ ਸਨ, ਉਹ ਆਪਣੇ ਦੋਸਤਾਂ ਨਾਲ ਮਿਲ ਕੇ ਦਹੀਂ ਤੇ ਮੱਖਣ ਚੋਰੀ ਕਰ ਲੈਂਦੇ ਸਨ। ਇਸ ਦੌਰਾਨ ਮਟਕੀਆਂ ਟੁੱਟ ਜਾਂਦੀਆਂ ਤਾਂ ਗੋਪੀਆਂ ਮਾਤਾ ਯਸ਼ੋਦਾ ਨੂੰ ਬਾਲ ਗੋਪਾਲ ਦੀ ਸ਼ਿਕਾਇਤ ਕਰਦੀਆਂ। ਭਗਵਾਨ ਕ੍ਰਿਸ਼ਨ ਦੀਆਂ ਬਾਲ ਲੀਲ੍ਹਾਵਾਂ ਦੀ ਯਾਦ 'ਚ ਹਰ ਸਾਲ ਦਹੀਂ-ਹਾਂਡੀ ਉਤਸਵ ਮਨਾਇਆ ਜਾਂਦਾ ਹੈ।
 

rajwinder kaur

This news is Content Editor rajwinder kaur