ਮਹਾ ਸ਼ਿਵਰਾਤਰੀ : ਸ਼ਿਵਲੋਕ ਦੀ ਪ੍ਰਾਪਤੀ ਦਾ ਤਿਉਹਾਰ

02/18/2023 4:05:09 PM

ਮਹਾਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਕਿ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਵਉੱਤਮ ਦਿਨ ਮੰਨਿਆ ਜਾਂਦਾ ਹੈ, ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ’ਚ ਪ੍ਰਵੇਸ਼ ਕਰਦੇ ਹਨ, ਇਸ ਦਿਨ ਹਰ ਥਾਂ ’ਤੇ ਸ਼ਿਵ ਮੰਦਿਰਾਂ ’ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸ਼ਿਵਰਾਤਰੀ ਦਾ ਇਹ ਦਿਹਾੜਾ ਪ੍ਰਾਣੀਆਂ ’ਤੇ ਦਇਆ ਭਾਵ ਰੱਖਣ ਦੇ ਸਿਧਾਂਤਾ ਨੂੰ ਸਮਝਣ ਲਈ ਬੜੇ ਹੀ ਮਹੱਤਵ ਦਾ ਦਿਨ ਹੈ। ਇਸ ਸਬੰਧੀ ਕਥਾ ਨਿਯਮ ਅਨੁਸਾਰ ਹੈ। ਪ੍ਰਸ਼ਾਂਤ ਦੇਸ਼ ਦਾ ਇਕ ਸ਼ਿਕਾਰੀ ਜਿਹੜਾ ਜੀਵਾਂ ਨੂੰ ਮਾਰ ਕੇ  ਜਾ ਜਿਊਂਦੇ ਫੜ੍ਹ ਕੇ ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ, ਇਸ ਸ਼ਿਕਾਰੀ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ। ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਸ਼ਿਕਾਰ ਲਈ ਇਕ ਅਜਿਹੀ ਥਾਂ ਜਾਣ ਲਈ ਮਜਬੂਰ ਕਰ ਦਿੱਤਾ ਸੀ, ਜਿੱਥੇ ਕਿ ਇਕ ਤਲਾਬ ਦੇ ਕਿਨਾਰੇ ਦਰਖਤ ਦੇ ਹੇਠਾਂ ਸ਼ਿਵਲਿੰਗ ਦੇ ਕੋਲ ਬੈਠ ਕੇ ਹਿਰਨ ਆਰਾਮ ਕਰਦੇ ਸਨ, ਉਥੇ ਦਰਖਤ ’ਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ। ਇੰਨੇ  ਨੂੰ  ਇਕ  ਹਿਰਨੀ ਆਈ, ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਧਨੁੱਸ਼ ’ਤੇ ਤੀਰ ਚੜ੍ਹਾਇਆ ਹੀ ਸੀ ਕਿ ਹਿਰਨੀ ਨੇ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ, ਜੇਕਰ ਤੁਸੀਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਵੋ ਤਾਂ ਚੰਗਾ ਹੋਵੇਗਾ, ਇਹ ਸੁਣ ਕੇ ਸ਼ਿਕਾਰੀ ਮੰਨ ਗਿਆ ਅਤੇ ਹਿਰਨੀ ਚਲੀ ਗਈ। ਕੁਝ ਸਮੇਂ ਬਾਅਦ ਉਥੇ ਦੂਜੀ ਹਿਰਨੀ ਆਈ, ਜਿਸ ਦਾ ਕਿ ਅਜੇ ਤੱਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ। ਸ਼ਿਕਾਰੀ ਨੂੰ ਤੀਰ ਚਲਾਉਂਦਾ ਦੇਖ ਕੇ ਉਹ ਬੋਲੀ ਕਿ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ’ਚ ਕਾਮੁਕ ਸੁਭਾਅ ਵਾਲੀ ਬਣਾਂਗੀ, ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ। ਜੇਕਰ ਤੁਸੀਂ ਮੈਨੂੰ ਹੁਣ ਜਾਣ ਦਿਓ ਤਾਂ ਮੈਂ ਆਪਣੇ ਪਤੀ ਦਾ ਸੰਗ ਕਰਕੇ ਤ੍ਰਿਸ਼ਨਾ ਪੂਰੀ ਕਰਕੇ ਆ ਜਾਵਾਂ ਤੇ  ਫਿਰ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਉਸ ਨੂੰ ਵੀ ਜਾਣ ਦਿੱਤਾ।

ਕੁਝ ਚਿਰ ਮਗਰੋਂ ਤੀਜੀ ਹਿਰਨੀ ਆਈ ਅਤੇ ਸ਼ਿਕਾਰੀ ਨੂੰ ਦੇਖ ਕੇ ਉਸ ਨੇ ਵੀ ਕਿਹਾ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਹਨ। ਜੇਕਰ ਹੁਣੇ ਤੁਸੀਂ ਮੈਨੂੰ ਮਾਰ ਦਿੱਤਾ ਤਾਂ ਇਹ ਬੇਸਹਾਰਾ ਹੋ ਜਾਣਗੇ। ਮੈਂ ਇਨ੍ਹਾਂ ਨੂੰ ਆਪਣੇ ਪਤੀ ਕੋਲ ਛੱਡ ਆਵਾਂ ਅਤੇ ਵਾਪਸ ਆਉਣ ’ਤੇ ਤੁਸੀਂ ਮੇਰਾ ਸ਼ਿਕਾਰ ਕਰ ਲੈਣਾ।  ਸ਼ਿਕਾਰੀ ਨੇ ਇਸ ਨੂੰ ਵੀ ਛੱਡ ਦਿੱਤਾ।  ਕੁਝ ਚਿਰ ਮਗਰੋਂ ਉਥੇ ਇਕ ਹਿਰਨ ਆਇਆ।  ਸ਼ਿਕਾਰੀ ਨੂੰ ਦੇਖ ਕੇ ਉਹ ਬੋਲਿਆ ਕਿ ਜੇਕਰ ਤੁਸੀਂ ਮੈਥੋਂ ਪਹਿਲਾ ਆਉਣ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਤਾਂ ਉਸ ਦੀ ਪ੍ਰਤਿੱਗਿਆ ਪੂਰੀ ਨਹੀਂ ਹੋਵੇਗੀ।  ਇਸ ਤਰ੍ਹਾਂ ਮੈਂ ਜਾ ਕੇ ਉਨ੍ਹਾਂ  ਸਭਨਾਂ ਨੂੰ ਨਾਲ ਲੈ ਆਵਾਂਗਾ, ਤੁਸੀਂ ਸਾਨੂੰ  ਸਭ ਨੂੰ ਹੀ ਮਾਰ ਦੇਣਾ। ਸ਼ਿਕਾਰੀ ਨੇ ਉਸ ਨੂੰ ਵੀ ਛੱਡ ਦਿੱਤਾ। ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਨ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇਕ ਰਾਤ ਸ਼ਿਵ ਮੰਦਿਰ ’ਚ ਬੰਦ ਕਰ ਦਿੱਤਾ ਗਿਆ ਸੀ।  ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਤੇਰਸ ਦੀ ਸੀ।  ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਹੋ ਰਹੀ ਸੀ । ਰਾਤ ਭਰ ਜਾਗਣ ਕਾਰਨ ਉਸ ਨੂੰ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ਤੇ ਆਇਆ। ਸੰਯੋਗ ਦੀ ਗੱਲ ਸੀ ਕਿ ਜਿਸ ਦਰਖਤ ’ਤੇ ਸ਼ਿਕਾਰੀ ਬੈਠਾ ਸੀ। ਉਹ ਦਰਖਤ ਬੇਲ ਦਾ ਸੀ ਅਤੇ ਉਸ ਦੇ ਹੇਠਾਂ ਸ਼ਿਵਲਿੰਗ ਬਣਿਆ ਹੋਇਆ ਸੀ। ਦਰਖਤ ’ਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੇਠਾਂ ਡਿੱਗੇ, ਉਨ੍ਹਾਂ ਨਾਲ ਸ਼ਿਵਲਿੰਗ ਢੱਕਿਆ ਗਿਆ ਸੀ, ਜਿਸ ਕਾਰਨ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਵੀ ਹੋ ਗਿਆ। ਇਨ੍ਹਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਹੀ ਉਸ ਦੀ ਅੰਤਰਆਤਮਾ ਪਵਿੱਤਰ ਹੋ ਗਈ ਸੀ ਅਤੇ ਉਸ ਦੇ ਮਨ ’ਚ ਪ੍ਰੇਮ ਭਾਵ ਅਤੇ ਦਇਆ ਭਾਵ ਪੈਦਾ ਹੋ ਗਿਆ ਸੀ ਅਤੇ ਉਸ ਦੇ ਅੰਦਰ ਦਇਆ ਅਤੇ ਪ੍ਰੇਮ ਭਾਵ ਦੀ ਜੋਤੀ ਪ੍ਰਚੰਡ ਹੋ ਚੁੱਕੀ ਸੀ। 

ਇਹ ਜੋਤੀ ਜਵਾਲਾ ਇੰਨੀ ਪ੍ਰਚੰਡ ਸੀ ਕਿ ਜਦੋਂ ਹਿਰਨ, ਹਿਰਨੀਆਂ ਅਤੇ ਬੱਚਿਆਂ ਸਮੇਤ ਉੱਥੇ ਆਇਆ ਤਾਂ ਸ਼ਿਕਾਰੀ ਨੇ ਕਿਸੇ ਦਾ ਵੀ ਸ਼ਿਕਾਰ ਨਾ ਕੀਤਾ। ਮਹਾਸ਼ਿਵਰਾਤਰੀ ਦੀ ਪੂਜਾ ਅਤੇ ਵਰਤ ਦਾ ਪੁੰਨ ਮਿਲਣ ਕਾਰਨ ਭਗਵਾਨ, ਸ਼ਿਕਾਰੀ ਤੋਂ ਅਤਿਅੰਤ ਪ੍ਰਸੰਨ ਹੋ ਗਏ ਸਨ ਅਤੇ ਹੁਣ ਉਸ  ਦੇ ਦਇਆ ਭਾਵ ’ਤੇ ਭਗਵਾਨ ਸ਼ਿਵ ਗਦਗਦ ਹੋ ਉੱਠੇ ਅਤੇ ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁੱਖ ਪ੍ਰਦਾਨ ਕੀਤਾ ਅਤੇ ਇਸ ਦੇ ਨਾਲ ਹੀ ਬਚਨ ਪਾਲਕ ਹਿਰਨ ਪਰਿਵਾਰ ਨੂੰ ਵੀ ਸ਼ਿਵਲੋਕ ਦੀ ਪ੍ਰਾਪਤੀ ਹੋਈ। ਇਕ ਹੋਰ ਕਥਾ ਅਨੁਸਾਰ ਇਕ ਚੋਰ ਸ਼ਿਵ ਮੰਦਿਰ ਵਿਚ ਆ ਗਿਆ, ਜਦੋਂ ਕਿ ਉਥੇ ਕੋਈ ਨਹੀਂ ਸੀ ਅਤੇ ਚੋਰ ਮੰਦਿਰ ’ਚ ਇਕ ਪਿੱਤਲ ਦਾ ਘੰਟਾ ਲਟਕਦਾ ਦੇਖ ਕੇ ਚੁਰਾਉਣ ਲਈ ਤਿਆਰ ਹੋ ਗਿਆ ਪਰ ਘੰਟਾ ਉੱਚਾ ਲੱਗਾ ਹੋਇਆ ਸੀ ਤਾਂ ਚੋਰ ਆਪਣਾ ਹੱਥ ਉਸ ਤੱਕ ਪਹੁੰਚਾਉਣ ਲਈ ਸ਼ਿਵਲਿੰਗ ਤੇ ਹੀ ਚੜ੍ਹ ਗਿਆ, ਉਸੇ ਸਮੇਂ ਭਗਵਾਨ ਸ਼ਿਵ ਪ੍ਰਗਟ ਹੋ ਗਏ ਦੇਖ ਕੇ ਚੋਰ ਕੁਝ ਡਰ ਗਿਆ ਪਰ ਭੋਲੇ ਭੰਡਾਰੀ ਸ਼ਿਵ ਜੀ ਨੇ ਚੋਰ ਨੂੰ ਵਰ ਮੰਗਣ ਲਈ ਕਿਹਾ ਤਾਂ ਚੋਰ ਨੇ ਕਿਹਾ ਕਿ ਮੈਂ ਤਾਂ ਤੁਹਾਡੇ ਮੰਦਿਰ ’ਚ ਚੋਰੀ ਕਰਨ ਆਇਆ ਸੀ ਤਾਂ ਭੋਲੇ ਭੰਡਾਰੀ ਸ਼ਿਵ ਜੀ ਨੇ ਕਿਹਾ ਕਿ ਮੈਂ ਤਾਂ ਸੋਚਿਆ ਸੀ ਕਿ ਰਾਵਣ ਤਾਂ ਮੇਰੀ ਪੂਜਾ ਸਿਰ ਚੜ੍ਹਾ ਕੇ ਕਰਿਆ ਕਰਦਾ ਸੀ ਪਰ ਤੁਸੀਂ ਤਾਂ ਸਾਰਾ ਸਰੀਰ ਹੀ ਮੇਰੇ ਉੱਪਰ ਚੜ੍ਹਾ ਦਿੱਤਾ ਹੈ। ਇਸ ਲਈ ਮੈਂ ਤੇਰੇ ਤੋਂ ਪ੍ਰਸੰਨ ਹਾਂ ਅਤੇ ਮੇਰਾ ਪ੍ਰਗਟ ਹੋਣਾ ਕਦੇ ਬੇਅਰਥ ਨਹੀਂ ਜਾਂਦਾ ਹੈ। ਤੁਸੀਂ ਮੇਰੇ ਹਾਣੀ ਬਣੋਗੇ ਅਤੇ ਸਦਲੋਕ ਨੂੰ ਪ੍ਰਾਪਤ ਹੋਵੋਗੇ। ਅਜਿਹੇ ਹਨ ਸ਼ਿਵ ਭੋਲੇ-ਭੰਡਾਰੀ, ਜਿਹੜੇ ਕਿ ਬਹੁਤ ਜਲਦੀ ਹੀ ਭਗਤਾਂ ’ਤੇ ਕਿਰਪਾ ਕਰਦੇ ਹਨ।        
—ਸੱਤ ਪ੍ਰਕਾਸ਼ ਸਿੰਗਲਾ

Anuradha

This news is Content Editor Anuradha