ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

07/11/2019 9:56:29 AM

(ਕਿਸ਼ਤ ਦਸਵੀਂ)

ਫਾਰਸੀ ਦੀ ਵਿੱਦਿਆ

ਮਾਲਕ ਰਾਇ ਬੁਲਾਰ ਰੱਬ ਤੋਂ ਡਰਨ ਵਾਲਾ ਬੜਾ ਨੇਕ ਦਿਲ, ਸੁਹਿਰਦ ਅਤੇ ਸੂਝਵਾਨ ਇਨਸਾਨ ਸੀ। ਆਪਣੇ ਕਾਰਦਾਰ (ਮੁਲਾਜ਼ਮ) ਮਹਿਤਾ ਕਲਿਆਣ ਦਾਸ ਦੀ ਉਖੜੀ ਮਨੋ-ਅਵਸਥਾ ਨੂੰ ਤਾੜਦਿਆਂ, ਉਨ੍ਹਾਂ ਇਕ ਦਿਨ ਉਸ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਬੁਲਾਇਆ। ਪੂਰੇ ਅਪਣੱਤ ਭਾਵ ਨਾਲ ਸਿਹਤ ਅਤੇ ਘਰ-ਪਰਿਵਾਰ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਦਿਲ ਦਾ ਸਾਰਾ ਹਾਲ ਬੇਝਿਜਕ ਹੋ, ਬਿਆਨ ਕਰਨ ਲਈ ਆਖਿਆ। ਮਾਲਕ ਨੂੰ ਹਮਦਰਦ, ਦਿਆਲੂ ਅਤੇ ਆਪਣੇ ਦਿਲ ਦਾ ਮਹਿਰਮ ਜਾਣਦਿਆਂ ਜਦੋਂ ਮਹਿਤਾ ਜੀ ਨੇ ਆਪਣੇ ਦਿਲ ਦਾ ਭਾਰ ਹਲਕਾ ਕਰਦਿਆਂ, ਖੁੱਲ੍ਹ ਕੇ ਸਾਰਾ ਦੁੱਖੜਾ ਦੱਸਿਆ ਤਾਂ ਉਨ੍ਹਾਂ ਹਮਦਰਦੀ ਕਰਨ ਦੇ ਨਾਲ-ਨਾਲ ਧਰਵਾਸਾ ਅਤੇ ਹੌਸਲਾ ਦਿੰਦਿਆਂ, ਦਾਨਿਆ ਵਾਲੀ ਸਲਾਹ ਦਿੱਤੀ, ਮਹਿਤਾ ਬਿਨਾਂ ਸ਼ੱਕ ਤੂੰ ਆਪਣੇ ਪੁੱਤ ਨੂੰ ਦੇਵਨਾਗਰੀ, ਟਾਕਰੀ, ਮੁਨੀਮੀ, ਸੰਸਕ੍ਰਿਤ ਆਦਿ ਦੀ ਤਾਲੀਮ ਦਿਲਵਾ ਚੁੱਕਾ ਹੈਂ। ਹੁਣ ਤੂੰ ਮੇਰੀ ਮੰਨ। ਪੁੱਤ ਨੂੰ ਫ਼ਾਰਸੀ ਵੀ ਪੜ੍ਹਾ। ਮੈਂ ਤੈਨੂੰ ਦੱਸਾਂ, ਜੇ ਤੇਰਾ ਪੁੱਤ ਨਾਨਕ ਫ਼ਾਰਸੀ ਪੜ੍ਹ ਗਿਆ ਤਾਂ ਭਵਿੱਖ ਵਿਚ ਇਸ ਦਾ ਉਸ ਨੂੰ ਅਤੇ ਤੈਨੂੰ ਬਹੁਤ ਫ਼ਾਇਦਾ ਹੋਵੇਗਾ। ਇਸ ਨਾਲ ਉਹ ਤੇਰਾ ਕਾਰਦਾਰੀ (ਪਟਵਾਰੀ) ਵਾਲਾ ਕੰਮ ਵੀ ਸਿੱਖ ਜਾਵੇਗਾ। ਸਿੱਟੇ ਵਜੋਂ ਲੋੜ ਪੈਣ ’ਤੇ ਅਤੇ ਤੇਰੇ ਤੋਂ ਬਾਅਦ ਉਸ ਨੂੰ ਪਟਵਾਰੀ ਬਣਾ ਦਿਆਂਗੇ। ਇਸ ਤੋਂ ਇਲਾਵਾ ਅੱਜ-ਕੱਲ ਕਿਉਂਕਿ ਸਰਕਾਰੀ ਕੰਮਾਂ-ਕਾਜਾਂ ਵਿਚ ਉਰਦੂ-ਫ਼ਾਰਸੀ ਇਸਤੇਮਾਲ ਹੁੰਦੀ ਹੈ, ਇਸ ਲਈ ਸਰਕਾਰੇ-ਦਰਬਾਰੇ ਕੋਈ ਹੋਰ ਨੌਕਰੀ ਪ੍ਰਾਪਤ ਕਰਨ ਵਿਚ ਵੀ ਸਹੂਲਤ ਰਹੇਗੀ।

ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਮੇਰਾ ਸਿੱਧੇ ਤੌਰ ’ਤੇ ਉਸ (ਤੇਰੇ ਪੁੱਤਰ) ਨਾਲ ਭਾਵੇਂ ਕਦੇ ਕੋਈ ਵਾਹ-ਵਾਸਤਾ ਨਹੀਂ ਪਿਆ ਪਰ ਇਲਾਕੇ ਦੇ ਗੁਣੀ-ਜਨਾਂ ਅਤੇ ਆਮ ਲੋਕਾਂ ਨਾਲ ਨੇੜਿਓਂ ਜੁੜਿਆ ਹੋਣ ਕਾਰਣ ਮੈਂ ਅਕਸਰ ਉਨ੍ਹਾਂ ਨੂੰ ਮਿਲਦਾ-ਗਿਲਦਾ ਰਹਿੰਦਾ ਹਾਂ। ਉਨ੍ਹਾਂ ਕੋਲੋਂ ਮੈਂ ਤੇਰੇ ਪੁੱਤਰ ਬਾਰੇ ਬਹੁਤ ਕੁੱਝ ਸੁਣਿਆ ਹੈ, ਜਿਸ ਆਧਾਰ ’ਤੇ ਮੈਨੂੰ ਪਤਾ ਨਹੀਂ ਕਿਉਂ ਇੰਝ ਲੱਗਦੈ ਕਿ ਪੁੱਤ ਤੇਰਾ ਭਲਾ ਹੈ, ਨੇਕ ਹੈ। ਕੋਈ ਇਲਾਹੀ ਨੂਰ ਹੈ। ਮੈਂ ਜਦੋਂ ਵੀ ਕਿਸੇ ਕੋਲੋਂ ਉਸ ਬਾਰੇ ਕੁੱਝ ਸੁਣਦਾ ਹਾਂ ਤਾਂ ਮੈਨੂੰ ਬੜਾ ਚੰਗਾ ਲੱਗਦਾ ਹੈ। ਮੇਰਾ ਸਿਰ ਪਤਾ ਨਹੀਂ ਕਿਉਂ ਆਪ ਮੁਹਾਰੇ ਉਸ ਪ੍ਰਤੀ ਸਿਜਦੇ ਵਿਚ ਆ ਜਾਂਦਾ ਹੈ।

ਦੂਸਰਾ ਉਸ ਵੱਲੋਂ ਹੁਣ ਤੱਕ ਕੀਤੀ ਗਈ ਸਾਰੀ ਪੜ੍ਹਾਈ-ਲਿਖਾਈ ਨੂੰ ਵੇਖਦਿਆਂ ਮੈਨੂੰ ਜਾਪਦੈ ਕਿ ਸ਼ਾਇਦ ਲੇਖੇ-ਪੱਤੇ, ਦੇਵਨਾਗਰੀ, ਸੰਸਕ੍ਰਿਤ ਆਦਿ ਦੀ ਪੜ੍ਹਾਈ ਵਿਚ ਉਸ ਦਾ ਬਹੁਤ ਜੀਅ ਨਹੀਂ ਲੱਗਾ। ਤਾਂ ਹੀ ਤਾਂ ਅਤੀਤ ਵਿਚ ਤੁਹਾਡੀ ਆਗਿਆ ਦੀ ਪਾਲਣਾ ਕਰਦਿਆਂ, ਉਹ ਬੱਧਾ-ਰੁੱਝਾ ਇਹ ਪੜ੍ਹਾਈਆਂ ਕਰਦਾ ਰਿਹਾ ਹੈ। ਹੋਵੇ ਨਾ, ਅੱਲ੍ਹਾ ਦੀ ਰਹਿਮਤ ਨਾਲ ਹੁਣ ਫ਼ਾਰਸੀ ਦੀ ਪੜ੍ਹਾਈ ਵਿਚ ਉਸ ਦਾ ਦਿਲ ਲੱਗ ਜਾਵੇ ਅਤੇ ਇਵੇਂ ਤੁਹਾਡੇ ਮਨ ਦੀ ਮੁਰਾਦ ਵੀ ਪੂਰੀ ਹੋ ਜਾਵੇ। ਹੋ ਸਕਦੈ ਸਾਡਾ ਇਹ ਪੈਂਤੜਾ ਸਿੱਧਾ ਪੈ ਜਾਵੇ, ਰਾਸ ਆ ਜਾਵੇ ਹੋ ਸਕਦੈ। ਫਲਸਰੂਪ ਵਾਰੇ-ਨਿਆਰੇ ਹੋ ਜਾਣ। ਪਿਛਲੀਆਂ ਸਾਰੀਆਂ ਕਸਰਾਂ ਨਿਕਲ ਜਾਣ।

ਰਾਇ ਬੁਲਾਰ ਸਾਹਿਬ ਦੀ ਸੂਝ ਭਰੀ ਦੂਰਅੰਦੇਸ਼ੀ ਵਾਲੀ ਸਲਾਹ ਅਤੇ ਵਿਸ਼ੇਸ਼ ਕਰ ਕੇ ਉਨ੍ਹਾਂ ਦੇ ਦਿਲ ਨੂੰ ਟੁੰਬ ਲੈਣ ਅਤੇ ਧਰਵਾਸ ਪ੍ਰਦਾਨ ਕਰਨ ਵਾਲੇ ਬੇਹੱਦ ਸੁਹਿਰਦ, ਆਸ਼ਾਵਾਦੀ ਅਤੇ ਉਤਸ਼ਾਹ ਭਰੇ ਬੋਲ ਸੁਣ ਕੇ, ਮਹਿਤਾ ਕਾਲੂ ਜੀ ਦਾ ਬੁਝਿਆ ਹੋਇਆ ਮਨ, ਆਸ ਦਾ ਜੁਗਨੂੰ ਜਗਣ ਨਾਲ ਦੁਬਾਰਾ ਟਿਮਟਿਮਾਉਣ ਲੱਗ ਪਿਆ। ਉਨ੍ਹਾਂ ਉਸੇ ਵੇਲੇ ਮਨ ਹੀ ਮਨ ਪੁੱਤਰ ਨੂੰ ਫਾਰਸੀ ਦੀ ਤਾਲੀਮ ਦਿਵਾਉਣ ਦਾ ਪੱਕਾ ਨਿਰਣਾ ਕਰ ਲਿਆ।

ਘਰ ਆ ਕੇ ਉਨ੍ਹਾਂ ਬੜੇ ਪਿਆਰ ਅਤੇ ਧੀਰਜ ਨਾਲ ਪੁੱਤਰ ਨੂੰ ਕੋਲ ਬਿਠਾਇਆ ਅਤੇ ਉਸ ਨਾਲ ਫਾਰਸੀ ਦੀ ਵਿੱਦਿਆ ਹਾਸਲ ਕਰਨ ਬਾਰੇ ਗੱਲ ਕੀਤੀ। ਪੁੱਤਰ ਨਾਨਕ ਜੀ ਕਿਉਂਕਿ ਅੰਤਰ-ਆਤਮੇ ਹਮੇਸ਼ਾ ਹੀ ਇਲਾਹੀ ਜੋਤਿ ਨਾਲ ਇਕਸੁਰ ਅਤੇ ਸਰਸ਼ਾਰ ਰਹਿੰਦੇ ਸਨ, ਫਲਸਰੂਪ ਬਹੁਤਾ ਕੁੱਝ ਭਾਵੇਂ ਉਨ੍ਹਾਂ ਦੇ ਵਸ ਵਿਚ ਨਹੀਂ ਸੀ ਹੁੰਦਾ ਪਰ ਇਸ ਸਭ ਕਾਸੇ ਦੇ ਬਾਵਜੂਦ ਇਕ ਸਲੀਕੇ ਵਾਲਾ ਦੁਨੀਆਦਾਰ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਦੇ ਮਨ, ਵਿਅਕਤੀਤਵ ਅਤੇ ਸੁਭਾਅ ਦੀ ਇਹ ਇਕ ਵੱਡੀ ਖ਼ਾਸੀਅਤ ਜਾਂ ਖ਼ੂਬੀ ਸੀ ਕਿ ਉਹ ਮਾਤਾ-ਪਿਤਾ ਦੀ ਆਗਿਆ ਨੂੰ ਹਰ ਹੀਲੇ ਮੰਨਣਾ ਆਪਣਾ ਪਰਮ ਫ਼ਰਜ਼ ਸਮਝਦੇ ਸਨ। ਪੂਰੀ ਕੋਸ਼ਿਸ਼ ਕਰਦੇ ਸਨ ਕਿ ਮਾਤਾ-ਪਿਤਾ ਜੋ ਕਹਿਣ, ਸੋ ਮੈਂ ਕਰਾਂ। ਉਨ੍ਹਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਾ ਪਹੁੰਚਾਵਾਂ। ਇਸੇ ਭਾਵਨਾ ਅਤੇ ਸੰਵੇਦਨਾ ਅਧੀਨ ਉਹ ਐਤਕੀਂ ਵੀ ਖੁਸ਼ੀ-ਖੁਸ਼ੀ, ਠੁਮਕ-ਠੁਮਕ ਕਰਦੇ ਪਿਤਾ ਨਾਲ ਤੁਰ ਪਏ। ਰਾਇ ਬੁਲਾਰ ਸਾਹਿਬ ਦੇ ਦੱਸਣ ਅਨੁਸਾਰ ਪਿਤਾ ਮਹਿਤਾ ਕਾਲੂ ਜੀ ਉਨ੍ਹਾਂ ਨੂੰ ਇਲਾਕੇ ਦੇ ਇਕ ਮੰਨੇ-ਪ੍ਰਮੰਨੇ ਫਾਰਸੀ ਦੇ ਉਸਤਾਦ (ਮੌਲਵੀ) ਕੋਲ, ਮਦਰੱਸੇ ਅਰਥਾਤ ਮਸੀਤੇ ਲੈ ਗਏ।

ਗੁਰੂ ਨਾਨਕ ਸਾਹਿਬ ਨੇ ਜਿਸ ਮੁੱਲਾਂ ਕੋਲੋਂ ਉਰਦੂ-ਫਾਰਸੀ ਜ਼ੁਬਾਨ ਅਤੇ ਇਸਲਾਮੀ ਸਾਹਿਤ ਦੀ ਤਾਲੀਮ ਲਈ, ਭਾਈ ਵੀਰ ਸਿੰਘ ਨੇ, ਖਜ਼ਾਨ ਸਿੰਘ ਅਤੇ ਖ਼ਾਲਸਾ ਤਵਾਰੀਖ਼ ਦੇ ਹਵਾਲੇ ਨਾਲ, ਉਨ੍ਹਾਂ ਦਾ ਨਾਂ ਕੁਤਬੁਦੀਨ ਲਿਖਿਆ ਹੈ। 14 ਅੰਗਰੇਜ਼ ਵਿਦਵਾਨ ਮੈਕਾਲਫ ਨੇ ਇਸ ਮੌਲਵੀ ਦਾ ਨਾਂ, ਕੁਤਬੁਦੀਨ ਦੀ ਥਾਂ ਰੁਕਨੁਦੀਨ ਦੱਸਿਆ ਹੈ ਪਰ ਮੈਕਾਲਫ ਦੇ ਮੱਤ ਨੂੰ ਦਰੁਸਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪ੍ਰਸਿੱਧ ਅਤੇ ਸਥਾਪਿਤ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਰੁਕਨੁਦੀਨ ਉਹ ਕਾਜ਼ੀ ਜਾਂ ਮੁੱਲਾ ਹੈ, ਜੋ ਗੁਰੂ ਨਾਨਕ ਸਾਹਿਬ ਨੂੰ ਮੱਕਾ ਵਿਖੇ ਮਿਲਿਆ ਸੀ। ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਫਾਰਸੀ ਦੀ ਇਕ ਕਿਤਾਬ ‘ਸੀਅਰ-ਉਲ-ਮੁਤਾਖਰੀਨ’ ਦੇ ਹਵਾਲੇ ਨਾਲ, ਇਸ ਮੌਲਵੀ ਦਾ ਨਾਂ ਸੱਯਦ ਹਸਨ ਦੱਸਿਆ ਹੈ।

ਪਾਂਧਾ ਗੋਪਾਲ ਜੀ ਅਤੇ ਪੰਡਤ ਬ੍ਰਿਜ ਨਾਥ ਜੀ ਕੋਲ ਪੜ੍ਹਨ ਵਾਂਗ, ਗੁਰੂ ਨਾਨਕ ਸਾਹਿਬ ਮੌਲਵੀ ਕੁਤਬੁਦੀਨ ਜੀ ਕੋਲ ਵੀ ਬਹੁਤ ਤੇਜ਼ ਅਤੇ ਹੁਸ਼ਿਆਰ ਪੜ੍ਹਾਕੂ ਸਾਬਤ ਹੋਏ। ਬੜੀ ਜਲਦੀ ਉਹ ਉਰਦੂ-ਫ਼ਾਰਸੀ ਪੜ੍ਹਨੀ ਅਤੇ ਲਿਖਣੀ ਸਿੱਖ ਗਏ। ਉਪਰੰਤ ਕੁੱਝ ਦਿਨਾਂ ਵਿਚ ਹੀ ਬੁਨਿਆਦੀ ਅਤੇ ਅਹਿਮ ਇਸਲਾਮਕ ਸਾਹਿਤ ਵੀ ਵਾਚ ਲਿਆ। ਕੁਲ ਮਿਲਾ ਕੇ ਦੁਨਿਆਵੀ ਪੱਧਰ ’ਤੇ ਉਹ ਜੋ ਕੁੱਝ ਵੀ ਮੌਲਵੀ ਜੀ ਕੋਲੋਂ ਸਿੱਖਣ ਦੀ ਲੋੜ ਮਹਿਸੂਸ ਕਰਦੇ ਸਨ, ਉਹ ਉਨ੍ਹਾਂ ਨੇ ਜਲਦੀ ਹੀ ਨਾ ਕੇਵਲ ਪੜ੍ਹ ਲਿਆ, ਸਗੋਂ ਚੰਗੀ ਤਰ੍ਹਾਂ ਸਮਝ ਵੀ ਲਿਆ। ਉਪਰੰਤ ਉਨ੍ਹਾਂ ਨੇ ਮੌਲਵੀ ਸਾਹਿਬ ਨਾਲ ਵੀ ਉਹੋ ਜਿਹਾ ਹੀ ਕੌਤਕ ਵਰਤਾਇਆ ਜਿਹੋ ਜਿਹਾ ਉਹ ਪਹਿਲਾਂ ਪੰਡਤ ਗੋਪਾਲ ਜੀ ਅਤੇ ਬ੍ਰਿਜ ਨਾਥ ਜੀ ਨਾਲ ਵਰਤਾ ਚੁੱਕੇ ਸਨ।

(ਚਲਦਾ...)

ਜਗਜੀਵਨ ਸਿੰਘ (ਡਾ.)

ਫੋਨ: 99143- 01328