‘ਜਪੁਜੀ ਸਾਹਿਬ’ ਵਾਲੇ ਗੁਰੂ ਨਾਨਕ ਸਾਹਿਬ

05/28/2019 12:15:44 PM

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ ਸਾਹਿਬ ਨੂੰ ਪਹਿਲੀ ਬਾਣੀ ਦੇ ਨਾਲ ਨਾਲ ਰਾਗ ਮੁਕਤ ਬਾਣੀ ਦਾ ਦਰਜਾ ਵੀ ਪ੍ਰਾਪਤ ਹੈ।ਇਹ ਆਮ ਸਮਝ ਬਣ ਗਈ ਹੈ ਕਿ ਜਪੁਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਸੇ ਤਰ੍ਹਾਂ ਮੂਲ ਮੰਤ੍ਰ ਹੈ ਜਿਸ ਤਰ੍ਹਾਂ ਜਪੁਜੀ ਸਾਹਿਬ ਦਾ ਮੂਲ ਮੰਤ੍ਰ ਹੈ।ਮੂਲ ਮੰਤ੍ਰ ਵਿਚ ਅਕਾਲ ਪੁਰਖ ਨੂੰ ਅਕਾਲ ਪੁਰਖ ਦੇ ਗੁਣਾ ਦੁਆਰਾ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਬਾਰੇ ਪਿੰਸੀਪਲ ਤੇਜਾ ਸਿੰਘ ਦੀ ਰਾਏ ਹੈ- "ਇਸ ਵਿਚ ਉਹ ਬੁਨਿਆਦੀ ਗੱਲਾਂ ਦੱਸੀਆ ਹੋਈਆਂ ਹਨ ਜਿਨ੍ਹਾਂ ਉਤੇ ਸਿੱਖ ਧਰਮ ਦੇ ਨੇਮਾਂ ਦੀ ਨੀਂਹ ਰੱਖੀ ਗਈ ਹੈ।ਇਹ ਨੀਂਹ ਵਾਹਿਗੁਰੂ ਦੀ ਹਸਤੀ ਦੀ ਹੈ, ਜਿਸ ਦਾ ਸਰੂਪ ਇਨ੍ਹਾਂ ਲਫਜ਼ਾਂ ਵਿਚ ਦਿੱਤਾ ਹੋਇਆ ਹੈ।ਇਹ ਮੂਲ ਮੰਤ੍ਰ ਹਰ ਰਾਗ ਦੇ ਆਦਿ ਵਿਚ ਆਉਂਦਾ ਹੈ।ਇਸੇ ਨੂੰ ਸੰਖੇਪ ਕਰਕੇ 'ੴ ਸਤਿਗੁਰ ਪ੍ਰਸਾਦਿ' ਭੀ ਲਿਖਿਆ ਹੋਇਆ ਹੈ'। ਜਪੁਜੀ ਸਾਹਿਬ ਨੂੰ ਤਿੰਨ ਭਾਗਾਂ ਵਿਚ ਵੰਡਕੇ ਸਮਝਿਆ ਜਾ ਸਕਦਾ ਹੈ।ਪਹਿਲਾ ਭਾਗ, ਮੂਲ ਮੰਤ੍ਰ ਹੈ ਅਤੇ ਦੂਜਾ ਭਾਗ, ਮੂਲ ਮੰਤ੍ਰ ਵਾਲੇ ਅਕਾਲ ਪੁਰਖ ਦੀ ਵਿਆਖਿਆ ਹੈ:
ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥
ਅੱਗੇ ੩੮ ਪਉੜੀਆਂ ਅਤੇ ਇਕ ਸਲੋਕ ਵਿਚ ਇਸ ਨਾਲ ਜੁੜੀ ਹੋਈ ਗੁਰਮਤਿ ਦਾ ਵਿਸਥਾਰ ਦੇਂਦਿਆਂ ਅਰੰਭ ਵਾਲੀ ਪਹਿਲੀ ਪੳੇੁੜੀ ਰਾਹੀਂ ਪ੍ਰਾਪਤ ਧਰਮਾਂ ਵਿਚਕਾਰ ਸਿੱਖ-ਧਰਮ ਨੂੰ ਟਿਕਾਉਣ ਦੀ ਚਰਚਾ ਸ਼ੁਰੂ ਹੋ ਜਾਂਦੀ ਹੈ।ਆਮ ਲੋਕਾਂ ਵਿਚ ਪ੍ਰਚਲਿਤ ਧਰਮ ਦੀਆਂ ਵਿਧੀਆਂ ਵਿਚ ਪਵਿਤਰ ਤੀਰਥਾਂ ਦੇ ਇਸ਼ਨਾਨ ਸ਼ਾਮਲ ਸਨ, ਮੌਨ ਵਰਤ ਸ਼ਾਮਲ ਸਨ, ਤਪੱਸਿਆ ਸ਼ਾਮਲ ਸੀ ਅਤੇ ਗਿਆਨ ਮਾਰਗ ਸ਼ਾਮਲ ਸੀ।ਇਨ੍ਹਾਂ ਚਾਰਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇਸ ਕਰਕੇ ਨਕਾਰ ਦਿੱਤਾ ਸੀ ਕਿਉਂਕਿ ਇਸ ਨਾਲ ਆਮ ਬੰਦੇ ਨੂੰ ਉਸ ਤਰ੍ਹਾਂ ਕੋਈ ਲਾਭ ਨਹੀਂ ਮਿਲਦਾ ਸੀ, ਜਿਸ ਤਰ੍ਹਾਂ ਦੇ ਲਾਭ ਦਾ ਪਾਤਰ ਆਮ ਬੰਦੇ ਨੂੰ ਗੁਰੂ ਜੀ ਬਨਾਉਣਾ ਚਾਹੁੰਦੇ ਸਨ।ਇਸ ਦੇ ਨਾਲ ਇਹ ਸਵਾਲ ਪੈਦਾ ਹੋ ਜਾਂਦਾ ਹੈ ਕਿ ਜੇ ਪ੍ਰਚਲਿਤ ਚਾਰੇ ਵਿਧੀਆ ਕੰਮ ਆਉਣ ਵਾਲੀਆਂ ਨਹੀਂ ਹਨ ਤਾਂ ਫਿਰ ਬੰਦੇ ਨੂੰ ਸਚਿਆਰ ਬਨਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਕਿਵੇਂ ਦੂਰ ਹੋਣ? ਇਸ ਦਾ ਜਵਾਬ ਇਹ ਦਿੱਤਾ ਹੋਇਆ ਨਾਲ ਹੀ ਪ੍ਰਾਪਤ ਹੈ ਕਿ ਹੁਕਮ ਅਤੇ ਰਜ਼ਾ ਮੁਤਾਬਿਕ ਚੱਲਕੇ ਸਚਿਆਰ ਬਣਿਆ ਜਾ ਸਕਦਾ ਹੈ:
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥
ਹੁਕਮ, ਉਹ ਅਕਾਲੀ ਪ੍ਰਬੰਧ ਹੈ ਜੋ ਆਪਣੇ ਆਪ ਨਿਰੰਤਰ ਚੱਲਦਾ ਰਹਿੰਦਾ ਹੈ।ਜੋ ਕੁਝ ਮਾਨਵ ਨੂੰ ਆਪਣੇ ਆਪ ਅਰਥਾਤ ਬਿਨਾ ਮੰਗਿਆਂ ਮਿਲਿਆ ਹੋਇਆ ਹੈ, ਉਹ ਹੁਕਮ ਵਿਚ ਹੀ ਮਿਲਿਆ ਹੋਇਆ ਹੈ।ਪ੍ਰਾਪਤ ਵਿਚ ਵਾਧ ਘਾਟ ਦੀ ਆਗਿਆ ਮਾਨਵ ਨੂੰ ਨਹੀਂ ਹੈ ਅਤੇ ਜਿਥੇ ਮਾਨਵ ਨੇ ਇਸ ਮਨਾਹੀ ਨਾਲ ਛੇੜ ਛਾੜ ਕੀਤੀ ਹੈ,ਉਸ ਦੇ ਨਤੀਜੇ ਜਿਹੋ ਜਿਹੇ ਵੀ ਨਿਕਲੇ, ਮਾਨਵ ਨੂੰ ਹੀ ਭੁਗਤਣੇ ਪਏ ਹਨ। ਹੁਕਮ ਨਾਲ ਨਿਭਣ ਦੀ ਮਾਨਸਿਕਤਾ ਹੀ ਰਜ਼ਾ ਹੈ।ਸੋ ਜ਼ਿੰਦਗੀ, ਹੁਕਮ ਅਤੇ ਰਜ਼ਾ ਦੇ ਦੋ ਕੰਢਿਆਂ ਵਿਚਕਾਰ ਵਹਿੰਦੇ ਵਰਤਾਰੇ ਦਾ ਹੀ ਨਾਮ ਹੈ।ਦੂਜੀ ਪਉੜੀ ਵਿਚ ਹੁਕਮ ਦਾ ਵਾਸਾ ਮਾਨਵ ਦੇ ਅੰਦਰ ਅਤੇ ਬਾਹਰ ਦੱਸਿਆ ਹੋਇਆ ਹੈ।ਹੁਕਮ ਵਿਚ ਹਉਮੈ ਜੁੜ ਜਾਏ ਤਾਂ ਮਾਨਵੀ ਵਰਤਾਰਾ ਬਣ ਜਾਂਦਾ ਹੈ ਅਤੇ ਹੁਕਮ ਵਿਚੋਂ ਹਉਮੈ ਮਨਫੀ ਹੋ ਜਾਵੇ ਤਾਂ ਧਾਰਮਿਕ ਵਰਤਾਰਾ ਬਣ ਜਾਂਦਾ ਹੈ।ਇਸ ਦੀ ਸੋਝੀ ਪ੍ਰਭੂ ਦੇ ਗੁਣ ਗਾਕੇ ਵੀ ਪ੍ਰਾਪਤ ਹੁੰਦੀ ਰਹੀ ਹੈ ਅਤੇ ਹੋ ਵੀ ਸਕਦੀ ਹੈ।ਪ੍ਰਾਪਤੀ, ਹੁਕਮ ਵਿਚ ਹੀ ਹੋ ਸਕਦੀ ਹੈ ਅਤੇ ਇਸ ਪ੍ਰਾਪਤੀ ਨੂੰ ਬਖਸ਼ਿਸ਼ ਕਿਹਾ ਹੋਇਆ ਹੈ।ਹੁਕਮੀ ਦਾ ਮੂਰਤੀਕਰਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਮੂਰਤੀਕਰਣ ਮਾਨਵੀ ਸੀਮਾਵਾਂ ਨੂੰ ਪਾਰ ਨਹੀਂ ਕਰ ਸਕਦਾ।ਮਾਨਵ ਦਾ ਪੈਂਤੜਾ ਇਹੀ ਹੋਣਾ ਚਾਹੀਦਾ ਹੈ ਕਿ ਜਿਸ ਕਰਕੇ ਸਭ ਕੁਝ ਮਿਲਿਆ ਹੋਇਆ ਹੈ, ਉਸ ਨੂੰ ਨ ਵਿਸਾਰੀਏ:
ਗੁਰਾ ਇਕ ਦੇਹਿ ਬੁਝਾਈ॥ਸਭਨਾ ਜੀਆ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੫॥
ਇਸ ਅਨੁਭਵ ਨਾਲ ਇਕਸੁਰ ਹੋ ਸਕਣ ਦੀ ਗੁਰਮਤਿ ਵਿਧੀ 'ਸੁਣੀਐ' ਅਤੇ 'ਮੰਨੀਐ' ਵਾਲੀਆਂ ਚਾਰ ਚਾਰ ਪਉੜੀਆਂ ਵਿਚ ਦਿੱਤੀ ਹੋਈ ਹੈ।ਇਸ ਨਾਲ ਪੈਦਾ ਹੋਣ ਵਾਲੀ ਮਾਨਸਿਕਤਾ ਨੂੰ ਸਮਾਜਿਕ-ਸਾਖ (ਸੋਚiੳਲ ਚਰੲਦਬਿਲਿਟਿੇ) ਪਰਵਾਨ ਕੀਤਾ ਹੋਇਆ ਹੈ।ਇਹ, ਉਸ ਸੋਝੀ ਵਲ ਸੇਧਤ ਹੈ, ਜਿਸ ਦੁਆਰਾ ਕੁਦਰਤ ਦਾ ਨਾਨਤਵ ਅਤੇ ਕੁਦਰਤ ਦੀ ਬੇਅੰਤਤਾ ਸਮਝ ਆਉਣ ਲੱਗ ਸਕਦੀ ਹੈ ਅਤੇ ਇਹੀ ਸੁਭਾ ਵੀ ਬਨਣ ਲੱਗ ਸਕਦਾ ਹੈ:
ਆਪੇ ਬੀਜਿ ਆਪੇ ਹੀ ਖਾਹੁ॥ਨਾਨਕ ਹੁਕਮੀ ਆਵਹੁ ਜਾਹੁ॥੨੦॥
ਅਜਿਹੀ ਮਾਨਸਿਕਤਾ ਵਾਲੇ ਨੂੰ ਬਿਨਸਣਹਾਰ ਵਰਤਾਰਿਆਂ ਅਤੇ ਅਬਿਸਣਹਾਰ ਵਰਤਾਰਿਆਂ ਵਿਚ ਫਰਕ ਸਮਝਾਉਣ ਲਈ 'ਸੋ ਦਰੁ' ਵਾਲੀ ੨੭ਵੀਂ ਪਉੜੀ ਵਿਚ ਅਕਾਲੀ ਵਰਤਾਰਿਆਂ ਦਾ ਵਿਸਥਾਰ ਹੁਕਮ ਅਤੇ ਰਜ਼ਾ ਨਾਲ ਜੋੜਕੇ ਦਿੱਤਾ ਹੋਇਆ ਹੈ।ਰਜ਼ਾ ਵਿਚ ਰਹਿਣ ਵਾਲਿਆਂ ਨੂੰ 'ਹੁਕਮ' ਦੀ ਸਮਝ "ਆਦੇਸੁ ਤਿਸੈ ਆਦੇਸੁ" ਵਾਂਗ ਆਉਣੀ ਸ਼ੁਰੂ ਹੋ ਸਕਦੀ ਹੈ।ਇਸ ਨਾਲ ਜੁੜੇ ਹੋਏ ਹਨ ਧਰਮ ਖੰਡ, ਗਿਆਨ ਖੰਡ, ਸਰਮ ਖੰਡ. ਕਰਮ ਖੰਡ ਅਤੇ ਸਚ ਖੰਡ।ਇਨ੍ਹਾਂ ਪੰਜ ਖੰਡਾਂ ਦੀਆਂ ਸੰਭਾਵਨਾਵਾਂ ਮਾਨਵ ਦੇ ਅੰਦਰ ਪਈਆਂ ਹੋਈਆਂ ਹਨ।ਇਨ੍ਹਾਂ ਨੂੰ ਇਕ ਦੂਜੇ ਦੀ ਸੇਧ ਵਿਚ ਤੋਰਨ ਨੂੰ ਧਰਮ ਕਿਹਾ ਹੋਇਆ ਹੈ।ਧਰਮ ਦੇ ਧਾਰਨ ਕਰਣ ਨਾਲ ਇਸ ਦੀ ਸ਼ੁਰੂਆਤ ਹੁੰਦੀ ਹੈ।ਇਹ ਹੁਕਮ ਦੀ ਸੋਝੀ ਦਾ ਮਾਰਗ ਹੈ ਅਤੇ ਇਸ ਰਾਹ ਤੇ ਤੁਰਦਿਆਂ ਸੁਰਤ ਦੀ ਘਾੜਤ ਸ਼ੁਰੂ ਹੋ ਜਾਂਦੀ ਹੈ:
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ॥੩੬॥
ਸੋਝੀ, ਸਾਧਨਾ ਦੁਆਰਾ ਅਨੁਭਵ ਵਿਚ ਪਰਵੇਸ਼ ਕਰਕੇ ਕਿਰਪਾ ਦੇ ਪਾਤਰ ਹੋ ਸਕਣ ਦਾ ਅਹਿਸਾਸ ਪ੍ਰਚੰਡ ਹੋਣ ਲੱਗ ਪੈਂਦਾ ਹੈ। ਇਹੀ "ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ" ਦਾ ਅਨੁਭਵ ਹੈ।ਬਚਨਬੱਧਤਾ ਹੀ ਧਰਮ ਹੈ।ਧਰਮ ਦੁਆਰਾ ਪ੍ਰਾਪਤ ਹੋਈ ਸੋਝੀ, ਉਦਮ ਨਾਲ ਰਲਕੇ ਬਖਸ਼ਿਸ਼ ਦੀ ਪਾਤਰ ਹੋ ਸਕਣ ਵਾਲੇ ਰਾਹ ਪੈ ਜਾਂਦੀ ਹੈ।ਇਹ ਵਿਸਮਾਦੀ ਵਰਤਾਰਾ, ਹੁਕਮੀ ਨਾਲ ਇਕਸੁਰ ਹੋਣ ਦਾ ਵਰਤਾਰਾ ਹੈ ("ਵੇਖੈ ਵਿਗਸੈ ਕਰਿ ਵੀਚਾਰੁ")।ਇਹ ਲੈਕੇ ਦੇਣ ਵਾਲੀ ਗਰੰਟੀਸ਼ੁਦਾ ਵਿਧੀ ਨਹੀਂ ਹੈ ਕਿਉਂਕਿ ਗੁਰਮਤਿ, ਮਾਨਵ ਨੂੰ ਲੈਣਯੋਗ ਬਣ ਸਕਣ ਵਾਲੀ ਵਿਧੀ ਨਾਲ ਜੋੜਦੀ ਹੈ।ਸਿੱਖੀ ਵਿਚ ਕਿਰਪਾ ਵੀ ਕਮਾਈ ਜਾਂਦੀ ਹੈ।ਇਸ ਨੂੰ ਸੁਨਿਆਰੇ ਦੀ ਧੌਂਕਣੀ ਦੇ ਬਿੰਬ ਰਾਹੀਂ ਮਾਨਵ ਨੂੰ ਲੋੜੀਂਦੇ ਗੁਣਾ ਜਤੁ, ਧੀਰਜ, ਮਤਿ, ਭਉ, ਤਪ ਅਤੇ ਭਾਉ ਨੂੰ ਇਕਸੁਰਤਾ ਵਿਚ ਤੋਰਨ ਦੀ ਲੋੜ ਵੱਲ ਇਸ਼ਾਰਾ ਹੋ ਗਿਆ ਹੈ। ਇਹ ਨਹੀਂ ਭੁੱਲਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਨੇ ਆਮ ਬੰਦੇ ਨਾਲ ਜੁੜੇ ਹੋਏ ਮੁਹਾਵਰੇ ਨੂੰ ਵਰਤਦਿਆਂ, ਗੁਰਮਤਿ ਪ੍ਰਸੰਗ ਅਨੁਸਾਰ ਲੋੜੀਂਦੇ ਨਵੇਂ ਅਰਥ ਦਿੱਤੇ ਹੋਏ ਹਨ।ਇਹ ਫਰਕ ਦਿੱਭ-ਦੇਹੀ ਦੀ ਥਾਂ ਸ਼ਬਦ-ਗੁਰੂ ਨੂੰ ਵਰਤਣ ਨਾਲ ਪੈਦਾ ਹੋਏ ਨਵੇਂ ਸਿੱਖ-ਪ੍ਰਸੰਗ ਨੂੰ ਧਿਆਨ ਵਿਚ ਰੱਖਕੇ ਹੀ ਸਮਝਿਆ ਜਾ ਸਕਦਾ ਹੈ।ਵਿਸਮਾਦੀ ਸਰੋਕਾਰਾਂ ਵੱਲ ਸੇਧਤ ਗੁਰਮਤਿ ਦਾ ਗਾਡੀ ਰਾਹ "ਨਾਨਕ ਨਦਰੀ ਨਦਰਿ ਨਿਹਾਲ" ਨਾਲ ਜੁੜਿਆ ਹੋਇਆ ਹੈ।ਇਹੀ "ਸਚ ਖੰਡਿ ਵਸੈ ਨਿਰੰਕਾਰੁ" ਦਾ ਵਿਸਮਾਦੀ ਮੰਡਲ ਹੈ।ਇਸ ਨੂੰ ਇਸ ਤਰ੍ਹਾਂ ਸੰਤੋਖਿਆ ਹੋਇਆ ਹੈ:
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੧॥




ਡਾ. ਬਲਕਾਰ ਸਿੰਘ
9316301328

jasbir singh

This news is Edited By jasbir singh