ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ-15

08/10/2019 10:04:47 AM

ਗੁਰੂ ਨਾਨਕ ਦੇਵ ਅਤੇ ਬਾਬਰ : ਚਿੱਤਰਕਾਰ ਕਿਰਪਾਲ ਸਿੰਘ

ਇਹ ਦ੍ਰਿਸ਼ ਰਚਨਾ ਵਿਸ਼ੇਸ਼ ਹੈ। ਕਿਰਪਾਲ ਸਿੰਘ ਨੇ ਜਿਸ ਸਮੇਂ ਇਹ ਰਚੀ, ਉਹ ਆਪਣੇ ਸਮੇਂ ਤੋਂ ਲਗਭਗ ਪੰਜ ਸੌ ਸਾਲ ਪਿੱਛੇ ਵੱਲ ਜਾਂਦਾ ਹੈ। ਉਸ ਕੋਲ ਸਿਰਫ ਲਿਖੇ ਅਤੇ ਸੁਣੇ ਵੇਰਵੇ ਹਨ।

ਦ੍ਰਿਸ਼ ਵਿਚ ਭਾਵੇਂ ਦੋ ਵਿਪਰੀਤ ਧਿਰਾਂ ਆਪੋ-ਆਪਣੇ ਅੰਦਾਜ਼ ਵਿਚ ਹਾਜ਼ਰ ਹਨ ਪਰ ਫਿਰ ਵੀ ਮਾਹੌਲ ਵਿਚ ਖਿੱਚੋਤਾਣ ਨਹੀਂ।

ਚਿੱਤਰਕਾਰ ਆਪਣੇ ਇਸ਼ਟ ਦੇਵ ਨੂੰ ਨਾਇਕ ਵਜੋਂ ਉਭਾਰਦਾ ਹੈ। ਇਹ ਦੁਨਿਆਵੀ ਨਾਇਕ ਨਹੀਂ ਬਲਕਿ ਦੈਵੀ ਹੈ, ਜਿਸ ਅੱਗੇ ਸੰਸਾਰਿਕ ਵਸਤਾਂ ਬੇਮਾਇਨੇ ਹਨ।

ਇਸ ਕਿਰਤ ਦੇ ਪਿਛੋਕੜ ਵਿਚ ਘਟਨਾ ਘਟਿਤ ਹੋਣ ਦਾ ਵੇਰਵਾ ਹੈ। ਜਦ ਗੁਰੂ ਜੀ ਸੈਦਪੁਰ (ਐਮਨਾਬਾਦ) ਟਿਕੇ ਹੋਏ ਸਨ ਤਾਂ ਉਨ੍ਹੀਂ ਦਿਨੀਂ ਕਾਬੁਲ ਤੋਂ ਤੁਰਿਆ ਬਾਬਰ ਪੰਜਾਬ ਦੇ ਨਗਰਾਂ ਨੂੰ ਲੁੱਟਦਾ, ਉਜਾੜਦਾ ਸੈਦਪੁਰ, ਪਹੁੰਚਦਾ ਹੈ। ਪਠਾਣ ਬਾਬਰ ਦਾ ਮੁਕਾਬਲਾ ਕਰਨੋਂ ਅਸਮਰੱਥ ਰਹਿੰਦੇ ਹਨ। ਸ਼ਹਿਰ ਦੀ ਤਬਾਹੀ ਮਗਰੋਂ ਉਥੋਂ ਦੇ ਨਿਵਾਸੀਆਂ ਨੂੰ ਕੈਦੀ ਬਣਾ ਲਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਨ੍ਹਾਂ ਵਿਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਅੰਨ ਪੀਸਣ ਲਈ ਚੱਕੀਆਂ ਦਿੱਤੀਆਂ ਜਾਂਦੀਆਂ ਹਨ।

ਹਕੂਮਤ ਦੇ ਨੌਕਰ ਚੱਕੀਆਂ ਆਪਣੇ-ਆਪ ਚੱਲਣ ਦੀ ਖਬਰ ਜਦ ਬਾਬਰ ਨੂੰ ਦਿੰਦੇ ਹਨ ਤਾਂ ਉਹ ਕਾਫੀ ਪ੍ਰਭਾਵਿਤ ਹੁੰਦਾ ਹੈ। ਉਹ ਅਜਿਹੇ ਕਰਾਮਾਤੀ ਫਕੀਰ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਹੈ। ਕਿਰਪਾਲ ਸਿੰਘ ਉਸੇ ਵੇਰਵੇ ਨੂੰ ਆਪਣੀ ਪੇਂਟਿੰਗ ਦਾ ਆਧਾਰ ਬਣਾਉਂਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਬਾਬਰ ਜੇਲ ਆਉਂਦਾ ਹੈ। ਸੰਭਵ ਹੈ ਤਾਹੀਓਂ ਇਸ ਥਾਂ ਨੂੰ ਸੁਲਤਾਨ ਦੀ ਆਮਦ ਲਈ ਸਜਾਇਆ ਗਿਆ ਹੈ। ਇਹ ਦਰਬਾਰ ਨਹੀਂ, ਜੇਲ ਹੈ। ਜੋ ਵੀ ਇਕਾਈਆਂ ਮਹਿੰਗੀਆਂ ਅਤੇ ਦੇਖਣਯੋਗ ਹਨ, ਸਭ ਆਰਜ਼ੀ ਸਮੇਂ ਲਈ ਹਨ। ਓਦਾਂ, ਦੂਸਰੇ ਖਿਆਲ ਅਨੁਸਾਰ, ਜੇਲ ਵੀ ਆਰਜ਼ੀ ਹੈ ਅਤੇ ਖੁਦ ਬਾਬਰ ਵੀ।

ਅਜੋਕੇ ਸਮੇਂ, ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਰੱਖਿਆ ਸੀ, ਗੁਰਦੁਆਰਾ ਸਾਹਿਬ ਕਾਇਮ ਹੈ।

ਮਿਲਣ ਵਾਲੀਆਂ ਦੋਹਾਂ ਧਿਰਾਂ ਵਿਚਾਲੇ ਸਮਾਨਤਾ ਵਾਲਾ ਕੋਈ ਤੱਤ ਨਹੀਂ ਹੈ। ਇਕ ਧਿਰ ਪਾਰਲੋਕਿਕਤਾ ਨਾਲ ਜੁੜੀ ਹੈ, ਦੂਜੀ ਧਿਰ ਇਹਲੋਕਿਕਤਾ ਨੂੰ ਹੀ ਆਪਣਾ ਆਖਰੀ ਮੰਤਵ ਮੰਨ ਕੱਟ-ਵੱਢ, ਮਾਰਧਾੜ ਕਰੀ ਜਾ ਰਹੀ ਹੈ। ਇਸ ਨੁਕਤੇ ਤੋਂ ਇਹ ਆਸਾਵਾਂ ਮੇਲ ਹੈ। ਦੋਹਾਂ ਵਿੱਚੋਂ ਕਿਸੇ ਨੇ ਵੀ ਆਪਣਾ ਰਾਹ ਨਹੀਂ ਬਦਲਣਾ।

ਬਾਬਰ ਜੇਤੂ ਹੈ ਪਰ ਮਿਲਣ ਸਮੇਂ ਉਹ ਤਖਤ ਉੱਪਰ ਬੈਠਾ ਹੋਇਆ ਨਹੀਂ। ਸੁੰਦਰ, ਮਹਿੰਗੇ ਗਲੀਚਿਆਂ ਦੀ ਵਿਛਾਈ ਉੱਪਰ ਹੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ, ਬਾਬਰ, ਉਸ ਦਾ ਮੁੰਡਾ ਹਿਮਾਂਯੂ ਅਤੇ ਦੂਸਰੇ ਅਹਿਲਕਾਰ ਬੈਠੇ ਹੋਏ ਹਨ। ਕੁਝ ਸਿਪਾਹੀ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ।

ਇਸ ਦੇ ਬਾਵਜੂਦ ਪੇਂਟਿੰਗ ਇਕ ਪੱਖ ਨੂੰ ਪ੍ਰਮੁੱਖਤਾ ਦੇ ਰਹੀ ਹੈ ਜਦਕਿ ਦੂਜੇ ਪੱਖ ਨੂੰ ਦਬਾਅ ਰਹੀ ਹੈ ਜਾਂ ਇਹ ਕਹਿ ਲਓ ਕਿ ਉਹ ਆਪਣੇ–ਆਪ ਨੁੰ ਖੁਦ ਦਬਾਅ ਰਹੀ ਹੈ।

ਗੁਰੂ ਨਾਨਕ ਦੇਵ ਜੀ ਦਾ ਵਿਸ਼ਵਾਸ ਇਕ ਕਰਤਾ (ਪ੍ਰਮਾਤਮਾ) ਉੱਪਰ ਹੈ। ਚਾਰ ਦਿਸ਼ਾਵਾਂ ਵੱਲ ਕੀਤੀਆਂ ਚਾਰ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਤਰਕ ਆਸਰੇ, ਸਹਿਜ ਭਾਸ਼ਾ-ਵਿਹਾਰ ਨਾਲ ਲੋਕਾਂ ਨੂੰ ਭਰਮਾਂ, ਵਹਿਮਾਂ, ਅੰਧਵਿਸ਼ਵਾਸਾਂ ਵੱਲ ਜਾਣ ਤੋਂ ਮੋੜਿਆ। ਉਨ੍ਹਾਂ ਆਪਣੇ ਵਿਚਾਰ ਮਨਵਾਉਣ ਵਾਸਤੇ ਜ਼ੋਰ-ਜਬਰ ਦਾ ਸਹਾਰਾ ਨਹੀਂ ਲਿਆ।

ਉਨ੍ਹਾਂ ਦੇ ਸਾਹਮਣੇ ਬਾਬਰ ਹੈ, ਜਿਹੜਾ ਰਾਜ ਵਿਸਥਾਰ ਹਿੱਤ ਜ਼ੋਰ ਦੇ ਵਿਹਾਰ ਦਾ ਆਧਾਰ ਹੈ। ਆਪਣੇ ਵਿਰੋਧੀਆਂ ਨੂੰ ਖਤਮ ਕਰ ਹਿੰਦੁਸਤਾਨ ਪਹੁੰਚ ਜਾਂਦਾ ਹੈ। ਜਬਰ, ਦਹਿਸ਼ਤ, ਵੱਢ-ਟੁੱਕ ਹੀ ਉਸ ਦੇ ਵਿਹਾਰ ਦਾ ਆਧਾਰ ਹੈ।

ਗੁਰੂ ਨਾਨਕ ਦੇਵ ਜੀ ਉਸ ਵਿਅਕਤੀ ਦੇ ਕਰੀਬ ਸਾਹਮਣੇ ਬੈਠੇ ਹਨ, ਜਿਸ ਬਾਬਤ ਉਨ੍ਹਾਂ ਕਿਹਾ ਹੈ ‘ਪਾਪ ਕੀ ਜੰਝ ਲੈ ਕਾਬੁਲਹੁ ਧਾਇਆ ਜੋਰੀ ਮੰਗੇ ਦਾਨੁ ਵੇ ਲਾਲੋ’।

ਅਸੀਂ ਮੰਨ ਕੇ ਚੱਲ ਸਕਦੇ ਹਾਂ, ਭਾਵੇਂ ਪੂਰੀ ਤਰ੍ਹਾਂ ਨਾ ਸਹੀ, ਤਸਵੀਰ ਦੀ ਬੁਣਤੀ ਇਸੇ ਆਧਾਰ ਉੱਪਰ ਕੀਤੀ ਹੈ। ਗੁਰੂ ਜੀ ਰਚਨਾ ਦੇ ਕੇਂਦਰ ਵਿਚ ਹਨ ਭਾਵੇਂ ਕਿ ਉਹ ਕੈਨਵਸ ਵਿਚਕਾਰ ਨਹੀਂ। ਉਹ ਚੌਂਕੜਾ ਲਾਈ ਬੈਠੇ ਹਨ। ਸੱਜਾ ਹੱਥ ਉੱਪਰ ਵੱਲ ਨੂੰ ਹੈ। ਪ੍ਰਤੀਤ ਹੁੰਦਾ ਹੈ ਕਹੇ ਜਾ ਰਹੇ ਬੋਲਾਂ ਨੂੰ ਹੱਥ ਦਾ ‘ਜੈਸਚਰ’ ਅਨੁਵਾਦ ਰਿਹਾ ਹੈ। ਉਨ੍ਹਾਂ ਦੇ ਬੈਠਣ ਅਤੇ ਦੇਖਣ ਦਾ ਅੰਦਾਜ਼ ‘ਨਿਰਭਓ ਨਿਰਵੈਰ’ ਵਾਲਾ ਹੈ।

ਕੈਨਵਸ ਦੇ ਸੱਜੇ ਵੱਲ ਬਾਬਰ ਬੈਠਾ ਹੈ। ਜਿਸ ਦੇ ਖੱਬੇ ਹੱਥ ਸ਼ਰਾਬ ਦੀ ਸੁਰਾਹੀ ਹੈ ਅਤੇ ਸੱਜੇ ਹੱਥ ਵਿਚ ਸ਼ਰਾਬ ਦਾ ਪਿਆਲਾ, ਜਿਸ ਨੂੰ ਗੁਰੂ ਜੀ ਵੱਲ ਵਧਾਇਆ ਜਾ ਰਿਹਾ ਹੈ।

ਮੁੱਖ ਸੰਵਾਦ ਇਹੋ ਹੈ। ਗੱਲਬਾਤ ਵੀ ਇਨ੍ਹਾਂ ਦੋਹਾਂ ਵਿਚਾਲੇ ਹੈ। ਬਾਕੀ ਸਾਰੇ ਤਾਂ ਦਰਸ਼ਕ ਹਨ। ਇਹ ਸਰੋਤਾ ਵੀ ਹਨ ਪਰ ਜੋ ਕੁਝ ਇਨ੍ਹਾਂ ਸਾਹਮਣੇ ਹੋ ਰਿਹਾ ਹੈ, ਉਸ ਵਿਚ ਇਨ੍ਹਾਂ ਦੀ ਦਖਲ-ਅੰਦਾਜ਼ੀ ਬਿਲਕੁਲ ਨਹੀਂ ਹੈ। ਖੱਬੇ ਵੱਲ ਬੈਠੇ ਬਾਬਰ ਦੇ ਮੁੰਡੇ ਦੀ ਵੀ ਨਹੀਂ। ਸੰਵਾਦ ਦੋ ਸ਼ਖਸੀਅਤਾਂ ਵਿਚਾਲੇ ਹੈ, ਦੋਹਾਂ ਦੇ ਆਪੋ-ਆਪਣੇ ਮਾਰਗ ਹਨ। ਇਹ ਇਕ-ਦੂਜੇ ਦੇ ਪੂਰਕ ਨਹੀਂ ਸਗੋਂ ਧੁਰ ਵਿਪਰੀਤ ਹਨ।

ਬਾਬਰ ਗੁਰੂ ਨਾਨਕ ਦੇਵ ਜੀ ਨੂੰ ਸ਼ਰਾਬ ਦਾ ਪਿਆਲਾ ਪੇਸ਼ ਕਰ ਰਿਹਾ ਹੈ। ਇਕ ਨਿਰੋਲ ਪੇਸਕਸ਼ ਨਹੀਂ ਬਲਕਿ ਦੋਸਤੀ ਦਾ ਹੱਥ ਵਧਾਉਣ ਦੀ ਕਵਾਇਦ ਵੀ ਹੈ ਪਰ ਗੁਰੂ ਜੀ ਨੂੰ ਇਹ ਪ੍ਰਵਾਨ ਨਹੀਂ। ਜਿਸ ਹੱਥ ਨਾਲ ਪਿਆਲਾ ਫੜਨਾ ਸੀ, ਉਹ ਤਾਂ ਕਿਸੇ ਹੋਰ 'ਵਸਤ' ਵੱਲ ਸੰਕੇਤ ਕਰ ਰਿਹਾ ਹੈ।

ਇਕ ਹੋਰ ਖਿਆਲ ਸਾਹਮਣੇ ਆਉਂਦਾ ਹੈ। ਬਾਬਰ ਤਾਮਸਿਕ ਗੁਣਾਂ ਨੂੰ ਅਪਣਾਈ ਬੈਠਾ ਹੈ। ਉਹ ਪੂਰੀ ਤਰ੍ਹਾਂ ਸੰਸਾਰੀ ਹੈ। ਸੰਸਾਰ ਸੁੱਖ ਹੀ ਅੰਤਿਮ ਸੁੱਖ ਹੈ। ਗੁਰੂ ਨਾਨਕ ਦੇਵ ਦੇ ਵਿਚਾਰ ਭਿੰਨ ਹਨ। ਉਹ ਸਾਤਵਿਕ ਗੁਣਾਂ ਦੇ ਧਾਰਣੀ ਹਨ। ਸੰਸਾਰ ਵਿਚ ਮਨੁੱਖ ਦਾ ਹੋਣਾ ਸਦੀਵੀ ਨਹੀਂ। ਉਸ ਨੂੰ ਇਕ ਨਾ ਇਕ ਦਿਨ ਸੰਸਾਰ ਤਿਆਗਣਾ ਪੈਣਾ ਹੈ। ਸੋ ਉਸ 'ਕਰਤਾ ਪੁਰਖ' ਨੂੰ ਸਦਾ ਚੇਤੇ ਰੱਖਣ ਦੇ ਨਾਲ-ਨਾਲ ਸਾਨੂੰ ਆਪਸ ਵਿਚ ਪ੍ਰੇਮ ਭਾਵ ਨਾਲ ਰਹਿਣਾ ਚਾਹੀਦਾ ਹੈ।

ਇਸ ਬਿੰਦੂ ਉੱਪਰ ਸਾਡਾ ਧਿਆਨ ਵਸਤਰਾਂ ਵੱਲ ਜਾਂਦਾ ਹੈ। ਬਾਬਰ ਨੇ ਰੰਗਦਾਰ ਅਤੇ ਮੋਤੀਆਂ-ਹੀਰਿਆਂ ਜੜਿਤ ਪੋਸ਼ਾਕ ਪਾਈ ਹੋਈ ਹੈ। ਸਿਰ ਪਈ ਟੋਪੀ ਉੱਪਰ ਕਲਗੀ ਵੀ ਹੈ। ਕੋਲ ਹੀ ਅੰਗ ਰੱਖਿਅਕ ਖੜ੍ਹੇ ਹਨ। ਇਕ ਜਣੇ ਦੇ ਹੱਥ ਬਾਜ ਹੈ। ਇਸ ਤੋਂ ਇਲਾਵਾ ਉਸ ਦਾ ਮੁੰਡਾ ਅਤੇ ਹੋਰ ਅਹੁਦੇਦਾਰ ਮੌਜੂਦ ਹਨ। ਇਨ੍ਹਾਂ ਦੇ ਪਿਆਲੇ ਭਰਨ ਲਈ ਬਾਂਦੀ ਹਾਜ਼ਰ ਹੈ। ਇਹ ਅਮੀਰੀ ਅਤੇ ਠਾਠ ਦੇ ਲੱਛਣ ਮੰਨੇ ਜਾ ਸਕਦੇ ਹਨ।

ਬਾਬਰ ਅਤੇ ਉਸ ਦੇ ਅਹਿਲਕਾਰਾਂ ਦੇ ਮੁਕਾਬਲੇ ਗੁਰੂ ਨਾਨਕ ਦੇਵ ਜੀ ਆਪ ਹਨ ਅਤੇ ਸਦਾ ਉਨ੍ਹਾਂ ਦੇ ਨਾਲ ਰਹਿਣ ਵਾਲਾ ਸੰਗੀ ਭਾਈ ਮਰਦਾਨਾ ਹਨ। ਗੁਰੂ ਜੀ ਦੇ ਸਾਰੇ ਵਸਤਰ ਸਫੈਦ ਹਨ। ਮੋਢੇ ਉੱਪਰ ਭੂਰੇ ਰੰਗ ਦੀ ਚਾਦਰ ਹੈ। ਉਨ੍ਹਾਂ ਦੇ ਗਲ, ਹੱਥ, ਸਿਰ ਬੰਨ੍ਹੀ ਪੱਗ ਉੱਪਰ ਕੋਈ ਮਾਲਾ ਨਹੀਂ। ਸਿਮਰਨਾ ਵੀ ਨਹੀਂ ਹੈ। ਨਿਸ਼ਚਿਤ ਤੌਰ ’ਤੇ ਚਿੱਤਰਕਾਰ ਨੂੰ ਇਹ ਚੀਜ਼ਾਂ ਵਾਧੂ ਲੱਗਦੀਆਂ ਹੋਣਗੀਆਂ। ਤਾਹੀਓਂ ਉਹ ਨਹੀਂ ਬਣਾਈਆਂ ਗਈਆਂ। ਦੂਜਾ, ਜਿਸ ਸ਼ਖਸ ਦੀ ਲਿਵ ‘ਅਕਾਲ ਪੁਰਖ’ ਨਾਲ ਸਦਾ ਜੁੜੀ ਹੋਵੇ, ਨੂੰ ਸਿਮਰਨਾ ਦੇ ਮਣਕਿਆਂ ਦੀ ਜ਼ਰੂਰਤ ਨਹੀਂ। ਤੇਜਸਵੀ ਚਿਹਰਾ, ਸਰੂਰ ਗੜੁੱਚ ਨੈਣ ਉਨ੍ਹਾਂ ਦੀ ਅਧਿਆਤਮਕ ਅਵਸਥਾ ਦੀ ਦੱਸ ਪਾਉਂਦਾ ਹੈ। ਉਹ ਸੰਸਾਰ ਨਿਵਾਸੀ ਹੋਣ ਦੇ ਬਾਵਜੂਦ ਸੰਸਾਰ ਤੋਂ ਪਾਰ ਵਿਚਰਦੇ ਹਨ।

ਗੁਰੂ ਨਾਨਕ ਦੇਵ ਜੀ ਦੇ ਕਰੀਬ, ਉਨ੍ਹਾਂ ਦੇ ਸੱਜੇ ਵੱਲ, ਭਾਈ ਮਰਦਾਨਾ ਹਨ। ਮਰਦਾਨਾ ਦੇ ਦੋ ਗੁਣ ਹਨ ਅਤੇ ਉਹੀ ਪ੍ਰਮੁੱਖ ਹਨ। ਇਕ ਗੁਰੂ ਜੀ ਦੇ ਨਾਲ ਰਹਿੰਦਾ ਹੈ। ਦੂਜਾ, ਉਨ੍ਹਾਂ ਦੀ ਕਲਪਨਾ ਰਬਾਬ ਬਿਨਾਂ ਨਹੀਂ ਕੀਤੀ ਜਾ ਸਕਦੀ। ਤਿੰਨ, ਉਨ੍ਹਾਂ ਦੀਆਂ ਉਂਗਲਾਂ ਰਬਾਬ ਉੱਪਰ ਤੁਰਦੀਆਂ ਦਿਖਾਈਆਂ ਜਾਂਦੀਆਂ ਹਨ। ਚਿੱਤਰਕਾਰ ਕੋਈ ਹੋਵੇ, ਕਿਸੇ ਵੀ ਵਿਧਾ ਦਾ ਹੋਵੇ, ਉਹ ਇਸ ਰਵਾਇਤ ਤੋਂ ਮੁਨਕਰ ਨਹੀਂ ਹੋਇਆ।

ਮਨ ਵਿਚ ਜਗਿਆਸਾ ਪੈਦਾ ਹੁੰਦੀ ਹੈ। ਐਦਾਂ ਕਿਉ ਹੁੰਦਾ ਆ ਰਿਹਾ ਹੈ? ਕੀ ਗੁਰੂ ਜੀ ਇਕੋ ਵੇਲੇ ਦੋ ਧਰਾਤਲਾਂ ਉੱਪਰ ਵਿਚਰ ਰਹੇ ਹਨ। ਉਹ ਬਾਹਰ ਮੁਖੀ (ਸੰਸਾਰਿਕ) ਹੁੰਦੇ ਹੋਇਆ ਵੀ ਅੰਤਰ ਮੁਖੀ ਹਨ। ਉਹ ਸੰਸਾਰਿਕ ਭਾਵੇਂ ਸਦਾ ਨਾ ਹੋਣ ਪਰ ਅੰਤਰਮੁਖੀ ਸਦਾ ਰਹਿੰਦੇ ਹਨ। ਉਸ ਥਿਰ ਅਵਸਥਾ ਨੂੰ ਭਾਈ ਮਰਦਾਨਾ ਆਪਣੀ ਰਬਾਬ ਦਾ ਸਾਥ ਸਦਾ ਦਿੰਦਾ ਰਹਿੰਦਾ ਹੈ। ਤਾਹੀਓਂ ਗੁਰੂ ਜੀ ਤੋਂ ਵੱਖ ਭਾਈ ਮਰਦਾਨੇ ਦੀ ਅਤੇ ਭਾਈ ਮਰਦਾਨੇ ਤੋਂ ਬਿਨਾਂ ਗੁਰੂ ਜੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਭਾਈ ਮਰਦਾਨੇ ਸਿਰ ਸਫ਼ੈਦ ਪੱਗ, ਗਲ ਹਲਕੀ ਨੀਲੀ ਰੰਗਤ ਦਾ ਚੋਲਾ ਹੈ। ਕਿਰਪਾਲ ਸਿੰਘ ਦੇ ਇਸ ਚਿੱਤਰ ਵਿਚ ਇਕ ਖਾਸੀਅਤ ਹੈ ਕਿ ਉਸ ਨੇ ਭਾਈ ਮਰਦਾਨੇ ਦਾ ਭਰਵਾਂ ਸਫੈਦ ਦਾੜ੍ਹਾ ਦਿਖਾਇਆ ਹੈ, ਖੱਤਦਾਰ ਦਾੜ੍ਹੀ ਨਹੀਂ।

ਕਰਾਮਾਤ ਦੇਖਣ ਆਏ ਇਸ ਆਹਲਾ ਹਜੂਮ ਵਿਚੋਂ ਕੋਈ ਵੀ ਗੁਰੂ ਨਾਨਕ ਦੇਵ ਜੀ ਨੂੰ ਮੁਖਾਤਿਬ ਨਹੀਂ। ਉਨ੍ਹਾਂ ਦਾ ਧਿਆਨ ਬਾਬਰ ਕੰਨੀ ਹੈ। ਇਸ ਦੇ ਹੁਕਮ ਨਾਲ ਹੋਰਾਂ ਸੰਗ ਇਨ੍ਹਾਂ ਨੂੰ ਕੈਦਖਾਨੇ ਪਾਇਆ ਸੀ। ਉਹੀ ਗੁਰੂ ਜੀ ਦੇ ਵਿਹਾਰ ਤੋਂ ਪ੍ਰਭਾਵਿਤ ਉਨ੍ਹਾਂ ਨੂੰ ਮਿਲਣ ਆਇਆ। ਬਾਕੀ ਦੂਸਰੇ ਤਾਂ ਮੂਕ ਸਰੋਤੇ-ਦਰਸ਼ਕ ਹਨ।

-ਜਗਤਾਰਜੀਤ ਸਿੰਘ

੯੮੯੯੦-੯੧੧੮੬

98990-91186