ਚਿੱਤਰਕਾਰੀ ’ਚ ਗੁਰੂ ਨਾਨਕ ਵਿਰਾਸਤ-13

07/27/2019 11:09:42 AM

ਗੁਰੂ ਨਾਨਕ ਦੇਵ ਜੀ (ਤੋਤੇ ਵਾਲੀ ਤਸਵੀਰ)
 

ਗੁਰੂ ਨਾਨਕ ਦੇਵ ਜੀ ਦੀ ਇਹ ਤਸਵੀਰ ਪਹਿਲੇ ਦੌਰ ਦੀਆਂ ਤਸਵੀਰਾਂ ਵਿਚੋਂ ਇਕ ਹੈ, ਜੋ ਜਨ ਸਾਧਾਰਣ ਵਿਚ ਕਾਫੀ ਪ੍ਰਚੱਲਿਤ ਰਹੀ। ਸਮਾਂ ਗੁਜ਼ਰਣ ਦੇ ਨਾਲ ਇਹ ਲੋਕ ਮਨਾਂ ਅਤੇ ਉਨ੍ਹਾਂ ਦੇ ਘਰਾਂ ਤੋਂ ਦੂਰ ਹੁੰਦੀ-ਹੁੰਦੀ ਅਲੋਪ ਹੋ ਗਈ। ਨਵੇਂ ਕਲਾਕਾਰਾਂ ਵਲੋਂ ਨਿਰੰਤਰ ਰਚੀਆਂ ਜਾ ਰਹੀਆਂ ਤਸਵੀਰਾਂ ਨੇ ਇਸ ਨੂੰ ਵਿਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ। ਅਜੋਕੇ ਸਮੇਂ ਇਹ ਤਸਵੀਰ ਨਾ ਤਾਂ ਕਿਸੇ ਘਰ ਦਾ ਸ਼ਿੰਗਾਰ ਹੈ ਅਤੇ ਨਾ ਹੀ ਬਾਜ਼ਾਰ ਵਿਚ ਸਹਿਜੇ ਮਿਲਦੀ ਹੈ।

ਇਹ ਬਦਲਾਅ ਰਚਨਾਵਾਂ ਵਿਚ ਹੋ ਰਹੇ ਵਾਧੇ-ਘਾਟੇ ਨੂੰ ਹੀ ਰੇਖਾਂਕਿਤ ਨਹੀਂ ਕਰਦਾ ਸਗੋਂ ਨਾਨਕ ਨਾਮ ਲੇਵਾ ਜਨ ਸਮੂਹ ਦੀ ਬਦਲ ਰਹੀ ਮਾਨਸਿਕਤਾ ਨੂੰ ਵੀ ਉਭਾਰ ਰਿਹਾ ਹੈ।

ਇਹ ਤਸਵੀਰ ਜਿਥੋਂ ਤਕ ਯਾਦ ਆਉਂਦਾ ਹੈ ‘ਗੁਰੂ ਨਾਨਕ ਜੀ ਦੀ ਤੋਤੇ ਵਾਲੀ ਤਸਵੀਰ’ ਦੇ ਨਾਮ ਵਜੋਂ ਜਾਣੀ ਜਾਂਦੀ ਸੀ। ਰੁੱੱਖ ਦੀ ਇਕ ਸ਼ਾਖਾ ਨਾਲ ਲਟਕ ਰਹੇ ਪਿੰਜਰੇ ਵਿਚ ਇਕ ਤੋਤਾ ਦਿਖਾਈ ਦੇ ਰਿਹਾ ਹੈ। ਸੰਭਵ ਹੈ ਇਹ ਨਾਮਕਰਨ ਤਾਹੀਓਂ ਹੋਇਆ ਹੈ। ਕਿਸੇ ਹੋਰ ਤਸਵੀਰ ਵਿਚ ਤੋਤੇ ਦੀ ਮੌਜੂਦਗੀ ਕਦੇ ਦਿਖਾਈ ਨਹੀਂ ਦਿੱਤੀ।

ਇਹ ਤਸਵੀਰ ਕਿਸ ਨੇ ਬਣਾਈ ਪਤਾ ਨਹੀਂ ਚੱਲਦਾ, ਬਾਵਜੂਦ ਇਸ ਦੇ ਕਿ ਇਸ ਦੇ ਸੱਜੇ ਵੱਲ ਦੇ ਥੱਲੜੇ ਹਿੱਸੇ ਉੱਪਰ ਚਿਤੇਰੇ ਦੇ ਹਸਤਾਖਰ ਹਨ। ਇਹ ਪੜ੍ਹ ਨਹੀਂ ਹੋ ਰਹੇ। ਇਹ ਕਦੋਂ ਬਣਾਈ ਗਈ, ਇਸ ਬਾਬਤ ਵੀ ਕੋਈ ਜਾਣਕਾਰੀ ਹਾਸਿਲ ਨਹੀਂ ਹੁੰਦੀ। ਚਿੱਤਰਕਾਰ ਦੇ ਭੁਰ ਚੁੱਕੇ ਨਾਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਦੀ ਬਨਾਵਟ ਵਾਸਤੇ ਟੈਂਪਰਾ ਰੰਗਾਂ ਨੂੰ ਵਰਤਿਆ ਗਿਆ ਹੈ।

ਕਿਸੇ ਰਚਨਾ ਬਾਰੇ ਜੇ ਸਹੀ ਤੱਥ ਨਾ ਮਿਲਣ ਤਾਂ ਅੰਦਾਜ਼ੇ ਨਾਲ ਸਹੀ ਨਤੀਜੇ ਤੱਕ ਨਹੀਂ ਅਪੜਿਆ ਜਾ ਸਕਦਾ। ਜੇ ਉਪਰੋਕਤ ਤੱਤ ਅੜਾਉਂਣੀ ਹੈ ਤਾਂ ਇਕ ਅੜਾਉਂਣੀ ਰਚੇ ਦ੍ਰਿਸ਼ ਵਿਚ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਕਿਥੇ ਬੈਠੇ ਹਨ?

ਕੀ ਉਹ ਆਪਣੇ ਘਰ ਹੀ ਬੈਠੇ ਨਾਮ ਸਿਮਰਨ ਕਰ ਰਹੇ ਹਨ? ਕੀ ਉਹ ਘਰੋਂ ਬਾਹਰ ਬਣਾਈ ਕਿਸੇ ਥਾਂ ਉੱਪਰ ਬੈਠੇ ਹਨ? ਜਾਂ ਕਿ ਉਹ ਵਸੋਂ ਵਿਚਲੀ ਕਿਸੇ ਖਾਲੀ ਥਾਂ ਉੱਪਰ ਬੈਠ ‘ਅਕਾਲ-ਪੁਰਖ’ ਦੀ ਅਰਾਧਨਾ ਕਰ ਰਹੇ ਹਨ।

ਲੱਗਦਾ ਹੈ ਚਿਤੇਰੇ ਨੇ ਇਕ ਭਰਮ ਰਚ ਦਿੱਤਾ ਹੈ। ਇਸ ਕਾਰਣ ਦਰਸ਼ਕ ਦੀ ਸ਼ਮੂਲੀਅਤ ਵਧ ਬਣ ਜਾਂਦੀ ਹੈ। ਉਹ ਆਪਣੇ ਅਨੁਮਾਨਾਂ ਅਨੁਸਾਰ ਦ੍ਰਿਸ਼ ਨੂੰ ਸਮਝ-ਵਿਚਾਰ ਸਕਦਾ ਹੈ। ਜਜ਼ਬਾਤੀ ਹੋਇਆਂ ਕੁਝ ਪੱਲੇ ਨਹੀਂ ਪੈ ਸਕਦਾ।

ਅਰਾਧਨਾ ਵਾਲੀ ਥਾਂ ਘਰ ਵਿਚ ਹੈ ਜਾਂ ਘਰ ਦੇ ਆਸ-ਪਾਸ। ਇਹ ਕਿਤੇ ਵੀ ਹੋ ਸਕਦੀ ਹੈ ਪਰ ਹੈ ਸੰਪੰਨਤਾ ਵਾਲੀ। ਕਾਲੇ-ਚਿੱਟੇ ਟੁਕੜੀਦਾਰ ਫਰਸ਼ ਉੱਪਰ ਇਕ ਗਲੀਚਾ ਵਿਛਿਆ ਹੈ ਜਿਹੜਾ ਗੁਲਾਬ ਦੇ ਫੁੱਲਾਂ ਦੇ ਨਮੂਨੇ ਵਾਲਾ ਹੈ। ਗੁਰੂ ਜੀ ਇਸੇ ਗਲੀਚੇ ਉੱਪਰ ਬਿਰਾਜਮਾਨ ਹਨ। ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਚਰਨਾਂ ਦੇ ਦੋ ‘ਪਊਏ’ ਅਤੇ ਕਮੰਡਲ ਹੈ। ਉਨ੍ਹਾਂ ਦੇ ਸੱਜੇ ਵੱਲ ਚਵਰ ਪਿਆ ਹੈ। ਇਸ ਵੇਲੇ ਭਾਈ ਮਰਦਾਨਾ ਅਤੇ ਭਾਈ ਬਾਲਾ ਉਨ੍ਹਾਂ ਦੇ ਕਰੀਬ ਨਹੀਂ ਹਨ।

ਇਹ ਏਕਾਂਤ ਦਾ ਵੇਲਾ, ਬੰਦਗੀ ਦਾ ਵੇਲਾ ਹੈ।

ਗੁਰੂ ਨਾਨਕ ਦੇਵ ਜੀ ਚੌਂਕੜਾ ਮਾਰ ਕੇ ਬੈਠੇ ਹੋਏ ਨਹੀਂ ਸਗੋਂ ਕੱਠੀ ਕੀਤੀ ਖੱਬੀ ਲੱਤ ਉੱਪਰ ਸੱਜੀ ਲੱਤ ਟਿਕਾਈ ਹੋਈ ਹੈ। ਸਰੀਰ ਨੂੰ ਆਸਰਾ ਦੇਣ ਲਈ ਖੱਬੀ ਬਾਂਹ ਵਾਲਾ ਹੱਥ ਜ਼ਮੀਨ ਉੱਪਰ ਟਿਕਾਇਆ ਹੋਇਆ ਹੈ। ਸੱਜੇ ਗੋਡੇ ਉੱਪਰ ਟਿਕੀ ਸੱਜੀ ਬਾਂਹ ਦੇ ਹੱਥੀਂ ਸਿਮਰਨਾ ਹੈ। ਗਰਦਨ ਖੱਬੇ ਵੱਲ ਨੂੰ ਝੁਕੀ ਹੋਈ ਹੈ। ਤਸਵੀਰਕਸ਼ੀ ਸਾਹਮਣਿਓਂ ਹੋਈ ਹੈ ਅਤੇ ਉਸੇ ਅਨੁਰੂਪ ਅਤੇ ਅਨੁਪਾਤ ਵਿਚ ਹੋਰ ਵਸਤਾਂ ਦਾ ਚਿੱਤਰਣ ਕੀਤਾ ਗਿਆ ਹੈ।

ਅਰਾਧਨਾ/ਸਿਮਰਨ ਕਰਨ ਦਾ ਇਹ ਅੰਦਾਜ਼ ਪ੍ਰਚੱਲਿਤ ਰੀਤ ਜਿਹਾ ਨਹੀਂ ਹੈ। ਇਹ ਚਿੱਤਰਕਾਰ ਦੀ ਨਿੱਜੀ ਚੋਣ ਹੈ। ਚਿਤੇਰਾ ਆਪਣੇ ਕਲਪਿਤ ਵਰਤਾਰੇ ਦੀ ਰਚਨਾ ਆਪਣੇ ਖਿਆਲ ਅਨੁਸਾਰ ਕਰਦਾ ਹੈ। ਇਸ ਰੂਪ-ਰਚਨਾ ਵਿਚੋਂ ਚਲੀਆਂ ਆ ਰਹੀਆਂ ਕਲਾ ਸ਼ੈਲੀਆਂ ਦੀਆਂ ਇਕਾਈਆਂ ਦੀ ਭਾਲ ਕਰਨੀ ਖੋਜਕਾਰਾਂ ਲਈ ਕਠਿਨ ਕੰੰਮ ਹੋ ਸਕਦਾ ਹੈ। ਉਹ ਆਪਣੀ ਤਰ੍ਹਾਂ ਵਿਉਂਤਬੰਦੀ ਅਤੇ ਉਸ ਦਾ ਨਿਰਵਾਹ ਕਰਦਾ ਹੈ। ਚਿਤੇਰੇ ਦਾ ਨਾਂ ਪੜ੍ਹਨ ਵਿਚ ਨਹੀਂ ਆ ਰਿਹਾ, ਇਸੇ ਕਾਰਣ ਇਸ ਰਚੇਤਾ ਦੀਆਂ ਹੋਰ ਰਚਨਾਵਾਂ ਬਾਰੇ ਪਤਾ ਨਹੀਂ ਚਲਦਾ। ਸਮੁੱਚੀ ਰਚਨਾ ਸਧੇ ਹੋਏ ਹੱਥਾਂ ਦੇ ਕੌਸ਼ਲ ਨੂੰ ਉਭਾਰਦੀ ਹੈ।

ਤਸਵੀਰ ਅਨੁਸਾਰ ਗੁਰੂ ਜੀ ਵਡੇਰੀ ਅਰਜਾ ਦੇ ਪ੍ਰਤੀਤ ਹੁੰਦੇ ਹਨ। ਅਨੁਮਾਨ ਹੈ, ਉਹ ਆਪਣੀਆਂ ਉਦਾਸੀਆਂ ਸੰਪੰਨ ਕਰ ਚੁੱਕੇ ਹਨ।

ਉਦਾਸੀਆਂ ਉਪਰੰਤ ਉਨ੍ਹਾਂ ਕਰਤਾਰਪੁਰ ਸ਼ਹਿਰ ਦੀ ਨੀਂਹ ਰੱਖੀ ਸੀ, ਜਿੱਥੇ ਉਨ੍ਹਾਂ ਆਪਣੇ ਵਿਚਾਰਾਂ ਨੂੰ ਵਿਹਾਰਕ ਰੂਪ ਦਿੱਤਾ। ਇਹ ਚਿੱਤਰ ਉਸ ਵੇਲੇ ਦਾ ਖਿਣ ਭੰਗਰ ਦੱਸ ਨਹੀਂ ਪਾਉਂਦਾ। ਇਸ ਦਾ ਮਾਹੌਲ ਉਸ ਤੋਂ ਭਿੰਨ ਹੈ। ਗੁਰੂ ਜੀ ਦੀਆਂ ਅੱਖਾਂ ਅੱਧ-ਖੁੱਲ੍ਹੀਆਂ, ਅੱਧ ਮੀਟੀਆਂ ਜਾਂ ਸਰੂਰ ਗੜੁੱਚ ਨਹੀਂ। ਇਹ ਸਾਧਾਰਨ ਹਨ ਪਰ ਗੰਭੀਰ ਹਨ। ਕਿਸੇ ਗਹਿਰੀ ਸੋਚ ਵਿਚ ਉਤਰੀਆਂ ਲੱਗਦੀਆਂ ਹਨ। ਓਦਾਂ ਸਾਰਾ ਚਿਹਰਾ ਸੋਚਵਾਨ, ਗੰਭੀਰ ਮਹਿਸੂਸ ਹੁੰਦਾ ਹੈ।

ਗੁਰੂ ਜੀ ਨੇ ਖੁੱਲ੍ਹਾ ਚੋਲਾ ਅਤੇ ਧੋਤੀ ਪਹਿਨੀ ਹੋਈ ਹੈ। ਮੋਢਿਆਂ ਉੱਪਰ ਡੱਬੀਦਾਰ ਦੋਸ਼ਾਲਾ ਹੈ ਜਿਸਦਾ ਉੱਪਰ ਵਾਲਾ ਪਾਸਾ ਹੋਰ ਅਤੇ ਹੇਠਲਾ ਪਾਸਾ ਹੋਰ ਹੈ।

ਗੁਰੂ ਜੀ ਦੀ ਤਪੱਸਿਆ ਵਾਲੀ ਥਾਂ ਵਿਸ਼ੇਸ਼ ਹੋਣ ਕਾਰਣ ਵਗਲੀ ਹੋਈ ਹੈ, ਜੋ ਜ਼ਮੀਨ ਦੀ ਪੱਧਰ ਤੋਂ ਉਚੇਰੀ ਹੈ। ਤਸਵੀਰਕਾਰ ਆਪਣੀ ਯੋਗਤਾ ਨਾਲ ਇਸ ਨੂੰ ਸੁੰਦਰ ਅਤੇ ਆਰਾਮਦਾਇਕ ਬਣਾ ਰਿਹਾ ਹੈ। ਗੁਰੂ ਜੀ ਦੀ ਪਿੱਠ ਪਿੱਛੇ ਲਾਲ ਰੰਗ ਦਾ ਵੱਡਾ ਸਰਹਾਣਾ ਹੈ। ਇਸ ਦੇ ਪਿੱਛੇ ਇਕ ਵੱਡਾ ਰੁੱਖ ਹੈ। ਪੱਤਿਆਂ ਅਤੇ ਬਣਤਰ ਤੋਂ ਗਿਆਨ ਹੁੰਦਾ ਹੈ ਇਹ ਬੋਹੜ ਹੈ। ਇਹਦੇ ਆਸ-ਪਾਸ ਦੂਰ ਤੱਕ ਹੋਰ ਰੁੱਖ ਵੀ ਹਨ। ਸਭ ਵਿਚੋਂ ਭਾਰਾ, ਪੁਰਾਣਾ ਬੋਹੜ ਹੀ ਹੈ, ਜਿੱਥੇ ਗੁਰੂ ਜੀ ਬੈਠੇ ਹੋਏ ਹਨ।

ਬੋਹੜ ਦੇ ਰੁੱਖ ਦਾ ਸਾਹਿਤ, ਕਲਾ ਵਿਚ ਆਪਣਾ ਮਹੱਤਵ ਹੈ। ਤਸਵੀਰਾਂ ਵਿਚ ਰਿਸ਼ੀਆਂ, ਮੁਨੀਆਂ, ਬੁੱਧ, ਸੰਤਾਂ-ਭਗਤਾਂ ਨੂੰ ਇਸ ਰੁੱਖ ਥੱਲੇ ਬੈਠਿਆਂ ਦਿਖਾਇਆ ਜਾਂਦਾ ਰਿਹਾ ਹੈ। ਇਸ ਰੁੱਖ ਦੇ ਆਪਣੇ ਗੁਰੂ ਲੱਛਣ ਹਨ। ਇਹ ਪਵਿੱਤਰ, ਅਮਰਤਵ ਪ੍ਰਾਪਤ, ਲੰਮੀ ਉਮਰ ਭੋਗਣ ਵਾਲਾ ਰੁੱਖ ਹੈ।

ਇਸ ਦਾ ਸਬੰਧ ‘ਇੱਛਾਵਾਂ ਦੀ ਪੂਰਤੀ ਕਰਨ ਵਾਲਾ’ ਨਾਲ ਵੀ ਜੋੜਿਆ ਜਾਂਦਾ ਹੈ। ਇਸ ਨੂੰ ਹਿੰਦੂਮਤ ਦੇ ਤਿੰਨ ਪ੍ਰਮੁੱਖ ਦੇਵਤਿਆਂ (ਬ੍ਰਹਮਾ, ਵਿਸ਼ਨੂੰ, ਮਹੇਸ਼) ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਮੁੱਖ ਰੁੱਖ ਪੇਂਟ ਕਰਦੇ ਸਮੇਂ ਚਿਤੇਰੇ ਨੇ ਆਪਣੇ ਮਨ ਅੰਦਰ, ਉਪਰੋਕਤ ਗੁਣਾਂ ਨੂੰ ਵਿਚਾਰਿਆ ਹੋਵੇਗਾ।

ਜਿਵੇਂ ਦੀ ਅਗ੍ਰਭੂਮੀ ਰੱਖੀ ਗਈ ਹੈ, ਉਸੇ ਜਿਹੀ ਪਿੱਠਭੂਮੀ ਨੂੰ ਤਰਜੀਹ ਦਿੱਤੀ ਹੈ ਭਾਵੇਂ ਕਿ ਉਹ ਦੂਰ ਹੈ। ਇਸ ਵਿੱਥ ਵਿਚਲੀ ਸਪੇਸ ਵਿਚੋਂ ਅੰਬਰ ਦਿਸ ਆਉਂਦਾ ਹੈ।

ਤਸਵੀਰ ਦੇ ਸੱਜੇ ਵੱਲ ਉੱਚੀਆਂ, ਮਜ਼ਬੂਤ ਇਮਾਰਤਾਂ ਦਾ ਸਮੂਹ ਹੈ। ਇਨ੍ਹਾਂ ਤੋਂ ਪਤਾ ਚੱਲਦਾ ਹੈ ਇਹ ਵਸੋਂ ਵਾਲੀ ਥਾਂ ਅਸਰ-ਰਸੂਖ ਵਾਲਿਆਂ ਦੀ ਥਾਂ ਹੈ। ਇਸੇ ਇਕਾਈ ਵਿਚੋਂ ਸਵਾਲ ਪੈਦਾ ਹੁੰਦਾ ਹੈ ਕਿ ਕਾਲਪਨਿਕ ਪੇਸ਼ਕਾਰੀ ਕਿੰਨੀ ਕੁ ਕਾਲਪਨਿਕ ਹੋ ਸਕਦੀ ਹੈ?

ਰਚਨਾਕਾਰ ਇਕ ਰੂਪ ਰਚਦਾ ਹੈ ਪਰ ਏਦਾਂ ਕਰਦਿਆਂ ਹੋਇਆ ਉਹ ਨਾ ਸਮੇਂ ਨੂੰ ਵਿਚਾਰਦਾ ਹੈ ਨਾ ਹੀ ਸਥਾਨ ਨੂੰ। ਪਹਿਲੀ ਨਜ਼ਰੇ ਹੀ ਪਤਾ ਚਲ ਜਾਂਦਾ ਹੈ ਕਿ ਚਿੱਤਰ ਗੁਰੂ-ਕਾਲ ਨੂੰ ਧਿਆਨ ਵਿਚ ਰੱਖ ਤਿਆਰ ਨਹੀਂ ਹੋਇਆ ਕਿਉਂਕਿ ਤਤਕਾਲ ਨੂੰ ਛੂੰਹਦਾ ਕੋਈ ਜ਼ੁਜ ਮੌਜੂਦ ਨਹੀਂ ਹੈ।

ਕਿਸ ਤਰ੍ਹਾਂ ਦੇ ਸਥਾਨ ਨੂੰ ਕਲਪ ਇਹ ਵਾਤਾਵਰਣ ਤਿਆਰ ਕੀਤਾ ਹੈ? ਇਹ ਥਾਂ ਨਾ ਤਾਂ ਨਿਰੋਲ ਜੰਗਲ ਹੈ, ਨਾ ਹੀ ਨਿਰੋਲ ਕਸਬਈ/ਸ਼ਹਿਰੀ। ਜਿਸ ਤਰ੍ਹਾਂ ਦੀਆਂ ਇਮਾਰਤਾਂ ਹਨ ਇਹ ਅੰਗਰੇਜ਼ਾਂ ਦੇ ਆਉਣ ਦੇ ਬਾਅਦ ਹੋਦ ਵਿਚ ਆਈਆਂ। ਇਸ ਦਾ ਨਮੂਨਾ ਹੈ, ਢਲਵੀਆਂ ਛੱਤਾਂ ਦੇ ਦਰਸ਼ਨ ਅਤੇ ਉਹ ਵੀ ਲਾਲ ਰੰਗੀਆਂ।

ਤਿੰਨ ਉੱਚੀਆਂ ਮੁਨਾਰ-ਇਮਾਰਤਾਂ ਨਾਲੋਂ-ਨਾਲ ਖੜ੍ਹੀਆਂ ਹਨ। ਧਿਆਨ ਦੇਣ ’ਤੇ ਪਤਾ ਚਲਦਾ ਹੈ ਕਿ ਐਨ ਖੱਬੇ ਵੱਲ ਦੀ ਤਿੱਖੇ ਸਿਖਰ ਵਾਲੀ ਇਮਾਰਤ ਅਸਲ ਵਿਚ ਘੰਟਾ ਘਰ ਹੈ।

ਚਿਤੇਰਾ ਇੱਥੇ ਆਪਣੇ ਵੇਲੇ ਦੇ ਗਿਆਨ, ਉਹ ਕਿਸੇ ਵੀ ਖੇਤਰ ਦਾ ਹੋ ਸਕਦਾ ਹੈ, ਦਾ ਵਿਖਾਲਾ ਤਾਂ ਖੂਬ ਕਰ ਰਿਹਾ ਹੈ ਐਪਰ ਤਰਕ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਜੇ ਥੋੜ੍ਹੀ-ਬਹੁਤ ਤਰਕ-ਸੂਝ ਵਰਤੀ ਜਾਂਦੀ ਤਾਂ ਰਚਨਾ ਦਾ ਅਸਰ ਹੁਣ ਨਾਲੋਂ ਭਿੰਨ ਹੋਣਾ ਸੀ।

ਇਕ ਹੋਰ ਇਕਾਈ ਦਾ ਜ਼ਿਕਰ ਜ਼ਰੂਰੀ ਹੈ ਜਿਹੜੀ ਪਿੰਜਰੇ ਦੇ ਤੋਤੇ ਵਜੋਂ ਹਾਜ਼ਰ ਹੈ, ਇਹਦੇ ਇੱਥੋਂ ਹੋਣ ਨਾਲ ਜੋ ਅਰਥ ਵਿਸਥਾਰ ਪ੍ਰਾਪਤ ਹੁੰਦੇ ਹਨ, ਉਹ ਗੁਰਮਤਿ ਅਨੁਸਾਰ ਨਹੀਂ। ਦੂਜਾ ਇਹ ਪਿੰਜਰੇ ਵਿਚ ਬੰਦ ਹੈ। ਚਿੱਤਰਕਾਰ ਨੇ ਮੁਕਤ ਆਕਾਸ਼ ਹੀ ਨਹੀਂ ਬਣਾਇਆ ਬਲਕਿ ਉਸ ਨੂੰ ਜੀਵੰਤ ਵੀ ਕੀਤਾ ਹੈ। ਆਕਾਸ਼ ਵਿਚ ਉੱਡ ਰਹੇ ਪੰਛੀ ਇਸ ਦਾ ਸਬੂਤ ਹਨ।

ਇਸ ਕੰਮ ਨੂੰ ਝਟਕੇ ਨਾਲ ਇਕੋ ਵਾਰ ਦੇਖ ਕੇ ਜੋ ਪ੍ਰਭਾਵ ਬਣਦਾ ਹੈ, ਉਹ ਤਦ ਤੱਕ ਕਾਇਮ ਰਹਿੰਦਾ ਹੈ ਜਦ ਤੱਕ ਟਿਕ ਕੇ ਨਹੀਂ ਦੇਖਿਆ ਜਾਂਦਾ। ਟਿਕਾਅ ਊਣਤਾਈਆਂ ਨੁੰ ਉਜਾਗਰ ਕਰਦਾ ਹੈ, ਆਪਸੀ ਵਿਰੋਧਾਂ ਨੂੰ ਉਭਾਰਨ ਲੱਗਦਾ ਹੈ। ਇੱਥੇ ਦਿਨ ਦਾ ਕਿਹੜਾ ਸਮਾਂ ਪੇਸ਼ ਹੋਇਆ ਹੈ, ਸੂਹ ਨਹੀਂ ਮਿਲਦੀ ਕਿਉਂਕਿ ਧੁੱਪ-ਛਾਂ ਵਿਧੀ ਨਹੀਂ ਵਰਤੀ ਗਈ। ਜੋ ਹੈ ਸਭ ਉਜਲਾ-ਉਜਲਾ ਹੈ।

ਜਦੋਂ ਸਥਾਨ ਵੱਲ ਬਿਰਤੀ ਜਾਂਦੀ ਹੈ ਤਾਂ ਵੀ ਨਿਸ਼ਚਿਤ ਹੋਰ ਕੁਝ ਨਹੀਂ ਕਹਿ ਹੁੰਦਾ। ਲੱਗਦਾ ਹੈ ਇਹ ਵੱਖ-ਵੱਖ ਥਾਵਾਂ ਦਾ ਕੋਲਾਜ਼ ਹੈ, ਜਿਹੜਾ ਦੇਖਣ ਨੂੰ ਚੰਗਾ ਪਰ ਖੁਦ ਇਕ ਇਕਾਈ ਨਹੀਂ ਹੈ। ਕਹਿ ਸਕਦੇ ਹਾਂ ਭਿੰਨ ਸੁਤੰਤਰ ਇਕਾਈਆਂ ਦਾ ਸਮੂਹ ਹੈ ‘ਇਹ ਪੇਂਟਿੰਗ’।

-ਜਗਤਾਰਜੀਤ ਸਿੰਘ

੯੮੯੯੦-੯੧੧੮੬

98990-91186