ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

09/01/2019 9:28:56 AM

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਛਲ ਮਾਇਆ (ਪੰਜੇ ਵਿਸ਼ੇ-ਵਿਕਾਰ) ਦੀ ਸ਼ਕਤੀ ਅਤੇ ਉਸ ਦਾ ਮਨੁੱਖੀ ਮਨ ਉੱਤੇ ਪ੍ਰਭਾਵ ਅਤੇ ਇਸ ਉੱਤੇ ਜਿੱਤ ਪ੍ਰਾਪਤ ਕਰਨ ਦੇ ਢੰਗ ਤਰੀਕੇ ਬਾਰੇ ਵੀ ਵਿਸਥਾਰ ਵਿਚ ਵਿਆਖਿਆ ਕੀਤੀ ਹੈ :-

ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ।।

ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ।।
ਬਿਨੁ ਤੇਲ ਦੀਵਾ ਕਿਉ ਜਲੈ।। ਰਹਾਉ।। ਪੋਥੀ ਪੁਰਾਣ ਕਮਾਈਐ।।
ਭਉ ਵਟੀ ਇਤੁ ਤਨਿ ਪਾਈਐ ।। ਸਚੁ ਬੂਝਣੁ ਆਣਿ ਜਲਾਈਐ।।
ਇਹੁ ਤੇਲੁ ਦੀਵਾ ਇਉ ਜਲੈ ।। ਕਰਿ ਚਾਨਣੁ ਸਾਹਿਬ ਤਉ ਮਿਲੈ ।। ਰਹਾਉ ।। (੨੫)

ਸੰਸਾਰ-ਸਾਗਰ ਅੰਦਰ ‘ਅੰਮ੍ਰਿਤ’ ਅਤੇ ‘ਬਿੱਖ’ ਨੇਕੀ ਅਤੇ ਬਦੀ, ਚੰਗਿਆਈ ਅਤੇ ਬੁਰਿਆਈ ਦੋਹਾਂ ਦੀ ਹੋਂਦ ਨੂੰ ਦਰਸਾਉਂਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਨੁੱਖ ਨੂੰ ਦੋਹਾਂ ਵਿਚੋਂ ਇਕ ਨੂੰ ਚੁਨਣਾ ਹੈ। ਜੇਕਰ ਉਸ ਨੇ ਆਪਣਾ ਜੀਵਨ ਸਫਲ ਕਰਨਾ ਹੈ ਤਾਂ ਉਸ ਨੂੰ ਸੰਸਾਰ ਸਾਗਰ ਦੇ ਜਲ ਵਿਚ ਵਿਚਰਦਿਆਂ ਕੰਵਲ ਫੁੱਲ ਵਾਂਗ ਇਸ ਵਿਚੋਂ ‘ਅੰਮ੍ਰਿਤ’ ਨੇਕੀ-ਚੰਗਿਆਈ ਹੀ ਲੱਭਣੀ ਹੈ ਅਤੇ ਦੂਸਰੇ ਪਾਸੇ ਡੱਡੂ ਵਾਂਗ ਸੰਸਾਰ ਸਾਗਰ ਦੇ ਜਲ ਵਿਚ ਮੌਜੂਦ ਜਾਲੇ ਰੂਪੀ ਬਿਖ ਤਥਾ ਵਿਸ਼ੇ-ਵਿਕਾਰਾਂ, ਬਦੀ ਅਤੇ ਬੁਰਿਆਈ ਵਿਚ ਖਚਤ ਹੋ ਕੇ ਆਪਣਾ ਜੀਵਨ ਬਰਬਾਦ ਕਰਨਾ ਹੈ। ਪਾਤਸ਼ਾਹ ਫਰਮਾਉਂਦੇ ਹਨ ਕਿ ਮਨੁੱਖ ਹਉਮੇ ਵਿਚ ਜੰਮਦਾ ਹੈ ਅਤੇ ਹਉਮੇ ਗ੍ਰਸਤ ਹੀ ਜੀਵਨ ਬਤੀਤ ਕਰ ਕੇ ਚੱਲਦਾ ਬਣਦਾ ਹੈ ਅਤੇ ਜੀਵਨ ਨੂੰ ਬੇਅਰਥ ਗੁਆ ਲੈਂਦਾ ਹੈ। ਆਪ ਜੀ ਨੇ ਫਰਮਾਇਆ ਹੈ :-

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ।।
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ।।
ਦਾਦਰ ਤੂ ਕਬਹਿ ਨ ਜਾਨਸਿ ਰੇ।।
ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ।। ਰਹਾਉ ।। (੯੯੦)

ਭਾਵ ਹਉਮੇ ਨੂੰ ਸਮਝ ਲੈਣਾ ਹੀ ਇਸ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਾਧਨ ਹੈ ਅਤੇ ਹਉਮੇ ਬੁੱਝ ਲੈਣ ਨਾਲ ਹੀ ਅਕਾਲ ਪੁਰਖ ਦੇ ਦਰ-ਘਰ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ :-

ਹਉਮੈ ਬੂਝੈ ਤਾ ਦਰੁ ਸੂਝੈ।। ਗਿਆਨ ਵਿਹੂਣਾ ਕਥਿ ਕਥਿ ਲੂਝੈ।। (੪੬੬)

ਕੌਡੇ ਰਾਖਸ ਅਤੇ ਸੱਜਣ ਠੱਗ ਵਰਗਿਆਂ ਨੂੰ ਜਿਹੜੇ ‘‘ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।’’ (੧੪੦) ਲੋਕਾਂ ਦੀ ਲੁੱਟ-ਖਸੁੱਟ ਕਰਦੇ ਸਨ ਅਤੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਕਰਨ ਵਿਚ ਰੁੱਝੇ ਹੋਏ ਸਨ, ਨੂੰ ਧਰਮ ਦੀ ਕਿਰਤ (ਸੁਕ੍ਰਿਤ) ‘‘ਸੱਜਣਾਂ ਕਿਰਤ-ਬਿਰਤ ਕਰ ਧਰਮ ਦੀ” ਦ੍ਰਿੜ੍ਹ ਕਰਵਾਇਆ। ਅਜੋਕੇ ਸਮਾਜ ਵਿਚ ਵੀ ਬੇਅੰਤ ਕੌਡੇ ਰਾਖਸ ਅਤੇ ਸੱਜਣ ਠੱਗ ਲੋਕਾਂ ਦਾ ਖੂਨ ਚੂਸ ਰਹੇ ਹਨ, ਆਪਣੇ ਪਾਲਤੂ ਗੁੰਡਿਆਂ ਰਾਹੀਂ ਲੋਕਾਂ ਉੱਤੇ ਜ਼ੁਲਮ ਢਾਹ ਰਹੇ ਹਨ ਅਤੇ ਆਪਣੀਆਂ ਤਜੌਰੀਆਂ ਭਰ ਰਹੇ ਹਨ ਅਤੇ ਇਸ ਹਰਾਮ ਦੀ ਕਮਾਈ ਅਤੇ ਗੁੰਡਾ ਸ਼ਕਤੀ ਦੇ ਜ਼ੋਰ ਨਾਲ ਰਾਜਸੀ ਸ਼ਕਤੀ ਉੱਤੇ ਕਾਬਜ਼ ਹੋਏ-ਹੋਏ ਹਨ ਅਤੇ ਸਮੁੱਚਾ ਸਮਾਜ ਇਨ੍ਹਾਂ ਦੇ ਜ਼ੁਲਮਾਂ ਹੇਠ ਪੀੜਤ ਹੋਇਆ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਗੁਰੂ ਜੀ ਨੇ ‘‘ਸੁਕ੍ਰਿਤ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ” (੪੬੧) ਦ੍ਰਿੜ੍ਹ ਕਰਾਇਆ ਅਤੇ ਉਨ੍ਹਾਂ ਨੇ ਉਦਾਸੀਆਂ ਉੱਤੇ ਜਾਣ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ ਅਤੇ ਉਦਾਸੀਆਂ ਤੋਂ ਬਾਅਦ ਵੀ ਕਰਤਾਰਪੁਰ ਵਿਖੇ ਕਈ ਸਾਲ ਤੀਕ ਖੇਤੀ, ਕਿਸਾਨੀ ਦਾ ਕਾਰਜ ਕਰਦਿਆਂ “ਕਿਰਤ ਕਰਨ” ਦੀ ਮਿਸਾਲ ਪੇਸ਼ ਕੀਤੀ ਅਤੇ ਇਸੇ ਤਰ੍ਹਾਂ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਭੋਜਨ ਤਿਆਰ ਕਰਵਾ ਕੇ ਉਨ੍ਹਾਂ ਦੀ ਭੁੱਖ ਦੀ ਤ੍ਰਿਪਤੀ ਕਰਕੇ ‘‘ਸੱਚਾ ਸੌਦਾ” ਕਰਦਿਆਂ ਅਤੇ ਆਪਣੇ ਘਰ, ਜਿਸ ਨੂੰ ਉਸ ਸਮੇਂ ‘ਧਰਮਸ਼ਾਲ’ ਕਿਹਾ ਜਾਂਦਾ ਸੀ, ਵਿਖੇ ਲੋੜਵੰਦਾਂ ਲਈ ‘‘ਲੰਗਰ” ਦੀ ਪ੍ਰਥਾ ਚਲਾ ਕੇ ‘ਵੰਡ ਛੱਕਣ’ ਅਤੇ ਨਾਮ-ਬਾਣੀ ਦਾ ਪ੍ਰਵਾਹ ਚਲਾ ਕੇ ‘ਨਾਮ ਜਪਣ’ ਦੀ ਪਰੰਪਰਾ ਨੂੰ ਸਥਾਪਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਉਪਦੇਸ਼ ਲੋਕਾਂ ਨੂੰ ਦਿੱਤਾ ਉਹ ਪਹਿਲਾਂ ਆਪ ਅਮਲੀ ਰੂਪ ਵਿਚ ਜੀਵਿਆ। ਸ੍ਰੀ ਗੁਰੂ ਨਾਨਕ ਦੇਵ ਜੀ “ਕਥਨੀ ਅਤੇ ਕਰਨੀ ਦੇ ਸੁਮੇਲ” ਦੀ ਅਜ਼ਬ ਮਿਸਾਲ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਚੇਤਨਾ ਦੇ ਮੁਜੱਸਮੇ ਸਨ, ਉਨ੍ਹਾਂ ਨੇ ਸਾਰੇ ਜਗਤ ਦਾ ਹੀ ਭਲਾ ਮੰਗਿਆ ਨਾ ਕਿ ਕਿਸੇ ਇਕ ਜਾਤ, ਵਰਣ, ਕੌਮ ਜਾਂ ਦੇਸ਼ ਦਾ। ਆਪ ਨੇ ਉਸ ਅਕਾਲ-ਪੁਰਖ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ-ਅਰਦਾਸ ਕਰਦਿਆਂ ਇਉਂ ਫਰਮਾਇਆ ਹੈ :-

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ।। (੮੫੩)

ਪਰਮਾਤਮਾ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਪਹਿਲੀ ਵਾਰ ‘ਸ਼ਬਦ ਗੁਰੂ’ ਦਾ ਸਿਧਾਂਤ ਦਿੱਤਾ ਹੈ। ਗੁਰਮਤਿ ਅਨੁਸਾਰ ਸ਼ਬਦ ਦੀ ਅਗਵਾਈ ਤੇ ਆਤਿਮਕ ਸਾਧਨਾ ਦੁਆਰਾ ਮਨ ਦੇ ਵਿਸ਼ੇ-ਵਿਕਾਰਾਂ ਉੱਤੇ ਕਾਬੂ ਪਾ ਕੇ ‘ਮਨਿ ਜੀਤੈ ਜਗੁ ਜੀਤੁ।।’ ਨਾਲ ਹੀ ਸੁਰਤ ਪਰਮਾਤਮਾ ਦੇ ਮੰਡਲ ਤੱਕ ਪਹੁੰਚ ਸਕਦੀ ਹੈ। ਸਿੱਧਾਂ ਨਾਲ ਗੋਸ਼ਟ ਕਰਦਿਆਂ ਗੁਰੂ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਪੱਸ਼ਟ ਕਰਦਿਆਂ ਇਉਂ ਕਿਹਾ ਹੈ:-

ਪਵਨ ਅਰੰਭੁ ਸਤਿਗੁਰ ਮਤਿ ਵੇਲਾ। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। (੯੪੩)
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।। (੬੩੫)

ਭਾਰਤੀ ਸਮਾਜ ਉਸ ਵੇਲੇ ਖ¤ਤਰੀ, ਬ੍ਰਾਹਮਣ, ਵੈਸ਼ ਅਤੇ ਸੂਦਰ ਚਾਰ ਵਰਨਾਂ ਵਿਚ ਵੰਡਿਆ ਹੋਇਆ ਸੀ ਅਤੇ ਵੱਡੇ ਰੂਪ ਵਿਚ ਸਮੁੱਚਾ ਸੰਸਾਰ ਵੀ ਵੱਖ-ਵੱਖ ਧਰਮਾਂ, ਅਕੀਦਿਆਂ, ਨਸਲਾਂ ਅਤੇ ਰੰਗਾਂ ਵਿਚ ਵੰਡਿਆ ਹੋਇਆ ਸੀ ਅਤੇ ਅੱਜ ਵੀ ਵੰਡਿਆ ਹੋਇਆ ਹੈ। ਭਾਰਤੀ ਵਰਣ ਵੰਡ ਕਰਕੇ ਹੀ ਲੋਕਾਂ ਵਿਚ ਊਚ ਨੀਚ, ਨਫਰਤ ਅਤੇ ਛੂਤ ਛਾਤ ਦੀ ਭਾਵਨਾ ਭਰੀ ਹੋਈ ਸੀ। ਬ੍ਰਾਹਮਣ ਤੇ ਖਤਰੀ ਆਪਣੇ-ਆਪ ਨੂੰ ਉਚ ਜਾਤੀ ਦੇ ਅਤੇ ਪਵਿੱਤਰ ਸਮਝਦੇ ਸਨ। ਸ਼ੂਦਰਾਂ ਨੂੰ ਨੀਵਾਂ ਵਰਗ ਅਤੇ ਅਛੂਤ ਸਮਝਿਆ ਜਾਂਦਾ ਸੀ। ਉਨ੍ਹਾਂ ਨੂੰ ਰੱਬੀ ਗਿਆਨ ਦੇ ਯੋਗ ਨਹੀਂ ਸੀ ਸਮਝਿਆ ਜਾਂਦਾ। ਸਮਾਜ ਵਿਚ ਉਨ੍ਹਾਂ ਦੇ ਕੇਵਲ ਫਰਜ਼ ਹੀ ਫਰਜ਼ ਸਨ ਪਰੰਤੂ ਅਧਿਕਾਰ ਕੋਈ ਨਹੀਂ ਸੀ। ਗੁਰੂ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਹਿੰਦੂ ਅਤੇ ਇਸਲਾਮ ਧਰਮ ਦੇ ਆਗੂਆਂ ਅਤੇ ਅਨੁਯਾਈਆਂ ਨੂੰ ਦੱਸਿਆ ਕਿ ਸਭਨਾ ਜੀਵਾਂ ਦਾ ਰਚਨਹਾਰਾ, ਪਾਲਣਹਾਰਾ ਅਤੇ ਉਨ੍ਹਾਂ ਸਭ ਦਾ ਓਟ ਤੇ ਆਸਰਾ ਇਕੋ ਪਰਮਾਤਮਾ ਹੈ ਅਤੇ ਮਨੁੱਖ ਦੇ ਸ਼ਾਤਰ ਦਿਮਾਗ ਦੀ ਉਪਜ ਰੰਗ, ਨਸਲ, ਵਰਣ ਅਤੇ ਜਾਤ ਦੇ ਵਿਤਕਰੇ ਨਿਰਮੂਲ ਹਨ :-

ਫਕੜ ਜਾਤੀ ਫਕੜ ਨਾਉ। ਸਭਨਾ ਜੀਆ ਇਕਾ ਛਾਉ। (੮੩)
ਤਥਾ
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।। (੩੪੯)

ਗੁਰੂ ਜੀ ਨੇ ਮਨੁੱਖਤਾ ਨੂੰ ਮੁਕਤੀ ਦਾ ਸਰਲ ਅਤੇ ਸੌਖਾ ਰਾਹ ਦੱਸਿਆ ਜੋ ‘ਜੀਵਤ-ਮੁਕਤ’ ਹੋਣਾ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਉਨ੍ਹਾਂ ਸਮੂਹ ਪ੍ਰਚਲਤ ਕਰਮ-ਕਾਂਡਾਂ, ਤਪ ਸਾਧਨਾ ਅਤੇ ਜੁਹਦ ਜਲ ਧਾਰਿਆ ਅਤੇ ਮੋਨ ਧਾਰਨ ਦੀ ਪ੍ਰਕ੍ਰਿਆ ਆਦਿ ਨੂੰ ਰੱਦ ਕਰਕੇ ਪਰਮਾਤਮਾ ਦੇ ‘ਹੁਕਮ ਰਜ਼ਾ’ ਵਿਚ ਰਹਿੰਦਿਆ, ਗ੍ਰਹਿਸਤੀ ਜੀਵਨ ਜੀਊਂਦਿਆਂ ਸ਼ਬਦ ਦੁਆਰਾ ਸੁਰਤਿ ਨੂੰ ਉੱਚਾ ਚੁੱਕ ਕੇ ‘ਸੱਚਿਆਰ’ ਬਣਕੇ ਅਧਿਆਤਮਕ ਮੰਡਲ ਤੀਕ ਪਹੁੰਚਾਕੇ ਜੀਵਨ ਮੁਕਤਿ ਹੋਣ ਦਾ ਸੰਦੇਸ਼ ਦਿੱਤਾ। ਜਪੁਜੀ ਸਾਹਿਬ ਦੀ ਬਾਣੀ ਵਿੱਚ ਪੰਜਾਂ ਖੰਡਾਂ ਦਾ ਵਰਣਨ ਇਸੇ ਅਧਿਆਤਮਕ ਮੰਡਲ ਦੇ ਰਸਤੇ ਦਾ ਵਿਸਥਾਰ ਵਿਚ ਵਰਣਨ ਹੈ। ਗੁਰਵਾਕ ਹਨ :-

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ।। (੧)
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ।। (ਜਪੁਜੀ ਸਾਹਿਬ)

ਇਹ ਸਚਿਆਰ ਹੀ - ਗੁਰਸਿੱਖ ਹੈ - ਗੁਰਮੁੱਖ ਹੈ, ਸੰਤ ਹੈ - ਬ੍ਰਹਮਗਿਆਨੀ ਹੈ। ਉੱਚੇ-ਸੁੱਚੇ ਜੀਵਨ ਦਾ ਧਾਰਨੀ ਹੀ “ਸੱਚ ਦੇ ਮਾਰਗ” ਤਥਾ “ਨਿਰਮਲ ਪੰਥ” ਦਾ ਪਾਂਧੀ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਅਗੰਮੀ ਗੁਣ ਨੂੰ ਹੀ ਸਰਬੋਤਮ ਮੰਨਦੇ ਹਨ, ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।’ (੬੨) ਸੱਚੇ ਮਾਰਗ ਦਾ ਪਾਂਧੀ ਹੀ ‘ਸੱਚ’ ਨਾਲ ਜੁੜ ਸਕਦਾ ਹੈ ਅਤੇ ‘ਸੱਚ’ ਦੀ ਪ੍ਰਾਪਤੀ ਕਰ ਸਕਦਾ ਹੈ ਅਤੇ ਸਤਿ ਸਰੂਪ ਅਤੇ ਗੁਰਬਾਣੀ ਰੂਪ ਹੀ ਹੋ ਸਕਦਾ ਹੈ, ‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ।।’ (੩੦੪) ‘ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ।। (੪੪੯) ਅਤੇ ‘ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ।।’ (੪੧੯) ਗੁਰੂ-ਪਾਤਸ਼ਾਹ ਫਰਮਾਉਂਦੇ ਹਨ ਕਿ ‘ਸੱਚ’ ਦੇ ਮਾਰਗ ਦੇ ਪਾਧੀਆਂ ਦੀ ਜਗਤ ਵੀ ਸ਼ਲਾਘਾ ਕਰਦਾ ਹੈ। ਗੁਰਵਾਕ ਹੈ, ‘ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ।।’ (੧੩੬) ਸਚਿਆਰ ਬਣਨ ਲਈ ਗੁਰੂ ਜੀ ਕਿਸੇ ਹੱਠ, ਤੱਪਸਿਆ ਜਾਂ ਹੋਰ ਕਰਮਕਾਂਡੀ ਢੰਗ ਤਰੀਕੇ ਦਾ ਸੁਝਾਅ ਨਹੀਂ ਦਿੰਦੇ ਸਗੋਂ ਅਕਾਲ ਪੁਰਖ ਦਾ ਜਸ ਅਤੇ ਹੁਕਮ ਸੁਣ ਕੇ ਅਤੇ ਮੰਨ ਕੇ ਆਪਣੇ ਅੰਤਰ ਆਤਮੇ ਨਾਲ ਜੁੜਨ ਲਈ ਪ੍ਰੇਰਦੇ ਹਨ। ਇਥੇ ਹੀ ਅੰਮ੍ਰਿਤ ਦਾ ਕੁੰਡ ਹੈ, ਜਿਸ ਵਿਚ ਮਨੁੱਖੀ ਆਤਮਾ ਨੇ ਤਾਰੀਆਂ ਲਾਉਣੀਆਂ ਹਨ ਅਤੇ ਪ੍ਰਭੂ ਪ੍ਰੇਮ ਅਤੇ ਪ੍ਰਭੂ ਮਿਲਾਪ ਪ੍ਰਾਪਤ ਕਰਨਾ ਹੈ। ਇਥੇ ਹੀ 68 ਤੀਰਥਾਂ ਦਾ ਸੰਗਮ ਹੈ :-

ਸੁਣਿਆ ਮੰਨਿਆ ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ ਮਲਿ ਨਾਉ।। (ਜਪੁਜੀ ਸਾਹਿਬ)

ਜੀਵਨ ਵਿਚ ਕੀਤੇ ਮੰਦੇ ਕਾਰਜਾਂ ਕਾਰਣ ਪਾਪਾਂ ਦੀ ਪੰਡ ਭਾਰੀ ਕਰ ਕੇ ਜਾਣ ਵਾਲਿਆਂ ਨੂੰ ਅਜਿਹੇ ਜੀਵਨ ਦੇ ਨਿਰਾਰਥਕ ਨਤੀਜਿਆਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਪਿਆਰ ਨਾਲ ਸਮਝਾਉਂਦੇ ਹਨ :-

ਆਪੀਨੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ।।
ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ।। (੪੬੪)

–ਪ੍ਰੋ: ਕਿਰਪਾਲ ਸਿੰਘ ਬਡੂੰਗਰ,
99158-05100

Baljeet Kaur

This news is Edited By Baljeet Kaur