ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ

08/25/2019 9:15:39 AM

ਅਜੋਕੇ ਵਿਗਿਆਨੀ ਹੁਣ ਮੰਨਦੇ ਹਨ ਕਿ ਬ੍ਰਹਿਮੰਡੀ ਪਸਾਰੇ ਦਾ ਮਾਦਾ (MATTER) ਨਾ ਘੱਟਦਾ ਹੈ ਅਤੇ ਨਾ ਹੀ ਵਧਦਾ ਹੈ ਪਰੰਤੂ ਸ਼ਕਲ ਹੀ ਬਦਲਦਾ ਹੈ। ਗੁਰੂ ਜੀ ਨੇ 550 ਸਾਲਾਂ ਤੋਂ ਵੀ ਪਹਿਲਾਂ ਇਉਂ ਫੁਰਮਾਇਆ ਸੀ ਕਿ ਇਹ ਬ੍ਰਹਮ ਪਾਸਾਰਾ ਅਕਾਲ ਪੁਰਖ ਦੀ ਸਿਰਜਣਾ ਹੈ ਇਹ “ਸਚੇ ਕੀ ਸਾਚੀ ਕਾਰ'' ਹੈ। ਅਕਾਲ ਪੁਰਖ ਵਲੋਂ ਹੀ ਇਸ ਦਾ ਸਮਾਂ ਨੀਯਤ ਹੈ। ਹਾਂ! ਜਿਤਨਾ ਚਿਰ ਇਹ ਬਹੁਰੰਗੀ ਅਤੇ ਬਹੁਭਾਂਤੀ ਬ੍ਰਹਿਮੰਡ ਹੋਂਦ ਵਿਚ ਹੈ, ਉਹ ਉਸ ਸਮੇਂ ਦਾ ਸੱਚ ਹੈ। ਗੁਰਵਾਕ ਹੈ:-

ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋਅ ਸਚੇ ਆਕਾਰ(੪੬੩)।।
ਆਸਣੁ ਲੋਇ ਲੋਇ ਭੰਡਾਰ।। ਜੋ ਕਿਛੁ ਪਾਇਆ ਸੁ ਏਕਾ ਵਾਰ।।
ਕਰਿ ਕਰਿ ਵੇਖੈ ਸਿਰਜਣਹਾਰੁ।।ਨਾਨਕ ਸਚੇ ਕੀ ਸਾਚੀ ਕਾਰ।। (ਜਪੁਜੀ ਸਾਹਿਬ)


ਸਗੋਂ ਗੁਰੂ ਜੀ ਨੇ ਸੰਸਾਰ ਨੂੰ ਇਹ ਰਹੱਸ ਅਤੇ ਭੇਦ ਵੀ ਸਪੱਸ਼ਟ ਕੀਤਾ ਕਿ ਸਵੈ-ਪ੍ਰਕਾਸ਼ ਪ੍ਰਭੂ ਨੇ ਆਪਣੀ ਰਚਨਾ ਆਪ ਕਰ ਕੇ ਆਪਣਾ ਨਾਉਂ ਵੀ ਆਪ ਹੀ ਰੱਖਿਆ ਉਪਰੰਤ ਕੁਦਰਤ ਦੀ ਸਿਰਜਣਾ ਕਰ ਕੇ ਉਸਨੂੰ ਆਪ ਵੇਖਕੇ ਅਨੰਦਤ ਹੋ ਰਿਹਾ ਹੈ। ਗੁਰੂ ਨਾਨਕ ਜੀ ਫੁਰਮਾਉਂਦੇ ਹਨ :-

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।।(੪੬੩)।।
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ।।
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ।।(੪੬੪)।।


ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਮਾਤਮਾ ਦੇ ਸਰਬਵਿਆਪੀ ਹੋਣ ਦੇ ਰਹੱਸ ਨੂੰ ਪ੍ਰਗਟ ਕਰਦਿਆਂ ਪਰਮਾਤਮਾ ਦੀ ਵਡਿਆਈ ਕਰਦੇ ਹਨ, “ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ''।।(੫੯੬)।। ਅਤੇ ਇਸ ਅਬਿਨਾਸੀ, ਸਰਬਕਾਲੀ ਅਤੇ ਸਰਬਵਿਆਪੀ ਹੋਂਦ ਨੂੰ ਆਪਣੇ ਮਨ ਵਿਚ ਚਿਤਵਦਿਆਂ ਪੁਕਾਰ ਉਠਦੇ ਹਨ, “ਏਕ ਤੂਈ ਏਕ ਤੂਈ''

ਸਤਿਗੁਰੂ ਜੀ ਰੱਬੀ ਏਕਤਾ ਦੇ ਸਿਧਾਂਤ ਅਤੇ ਸੰਸਰ-ਸਮਾਜ ਦੀ ਅਨੇਕਤਾ ਅੰਦਰ ਪ੍ਰਵਰਤਿਤ ਅਕਾਲ ਜੋਤ ਅਤੇ ਉਸ ਦੇ ਸਰਬ-ਵਿਆਪੀ ਨਿਯਮ ਬਾਰੇ ਸਮਝਾਉਣ ਲਈ ਸਮਾਂ ਵੰਡ ਦੀ ਮਿਸਾਲ ਦਿੰਦੇ ਹਨ ਕਿ ਭਾਵੇਂ ਇਕ ਅੱਖ ਦੇ ਫੋਰ ਤੋਂ ਲੈ ਕੇ ਘੜੀਆਂ, ਪਹਿਰ, ਦਿਨ, ਮਹੀਨੇ, ਸਾਲ ਹਨ, ਵੱਖ-ਵੱਖ ਰੁੱਤਾਂ, ਥਿਤਾਂ ਅਤੇ ਵਾਰ ਹਨ ਅਤੇ ਉਨ੍ਹਾਂ ਦਾ ਰੰਗ-ਰੂਪ ਅਤੇ ਵੇਸ ਵੱਖ-ਵੱਖ ਹੈ ਪਰੰਤੂ ਸੂਰਜ ਇਕੋ ਹੀ ਹੈ। ਇਸੇ ਤਰ੍ਹਾਂ ਬਹੁਰੰਗੀ ਅਤੇ ਬਹੁਭਾਂਤੀ ਸ੍ਰਿਸਟੀ ਦਾ ਸਿਰਜਨਹਾਰ ਪਿਤਾ-ਪਾਲਕ ਇਕੋ ਪ੍ਰਭੂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜਿਸ ਤਰ੍ਹਾਂ ਸ਼ਾਸਤਰਾਂ, ਵੇਦਾਂ ਤੱਥਾਂ ਧਾਰਮਿਕ ਗ੍ਰੰਥਾਂ ਦੇ ਰਚਨਹਾਰੇ ਬਾਣੀਕਾਰ ਵੱਖ-ਵੱਖ ਹਨ, ਇਨ੍ਹਾਂ ਸਾਰਿਆਂ ਦਾ ਮੂਲ ਗੁਰੂ ਪ੍ਰਮਾਤਮਾ ਇਕੋ ਹੀ ਹੈ ਅਤੇ ਇਹ ਸਾਰੇ ਉਸ ਇਕੋ ਪ੍ਰਭੂ ਦੇ ਵੱਖ-ਵੱਖ ਪ੍ਰਕਾਸ਼ ਰੂਪ ਹਨ “ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ£'' ਅਤੇ ਧਰਤੀ ਸਾਰੇ ਵਿਸ਼ਵ ਦੀ ਕਰਮ ਭੂਮੀ ਧਰਮਸ਼ਾਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਅਤੀ ਮਹੱਤਵਪੂਰਨ ਵਿਚਾਰ ਹਰ ਸਮੇਂ ਦੇ ਧਾਰਮਿਕ ਕੱਟੜਵਾਦ ਉੱਤੇ ਕਰਾਰੀ ਸੱਟ ਹੈ। ਗੁਰਵਾਕ ਹੈ :-

ਛਿਅ ਘਰ ਛਿਅ ਗੁਰ ਛਿਅ ਉਪਦੇਸ।। ਗੁਰੁ ਗੁਰੁ ਏਕੋ ਵੇਸ ਅਨੇਕ।।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ।। ਸੋ ਘਰੁ ਰਾਖੁ ਵਡਾਈ ਤੋਇ।। ਰਹਾਉ।। 
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।।
ਸੂਰਜੁ ਏਕੋ ਰੁਤਿ ਅਨੇਕ ।। ਨਾਨਕ ਕਰਤੇ ਕੇ ਕੇਤੇ ਵੇਸ।।(੧੨)।।


(ਜਪੁਜੀ ਸਾਹਿਬ)

ਮਨੁੱਖੀ ਸਰੀਰ ਦੀ ਬਣਤਰ ਬਾਰੇ ਵੀ ਸਤਿਗੁਰੂ ਜੀ ਮਨੁੱਖ ਮਾਤਰ ਨੂੰ ਗਿਆਨ ਦਿੰਦੇ ਹਨ ਜਦੋਂ ਕਿ ਵਿਗਿਆਨ ਗੁਰੂ ਜੀ ਤੋਂ ਬੜੇ ਲੰਮੇ ਸਮੇਂ ਬਾਅਦ ਸਰੀਰਕ ਬਣਤਰ ਬਾਰੇ ਕੁਝ ਜਾਣ ਸਕਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰਕ ਰਹੱਸ ਇਉਂ ਖੋਲ੍ਹਦੇ ਹਨ :-

ਦੇਹੀ ਨਗਰੀ ਊਤਮ ਥਾਨਾ।। ਪੰਚ ਲੋਕ ਵਸਹਿ ਪਰਧਾਨਾ।।
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ।।
ਦੇਹੀ ਨਗਰੀ ਨਉ ਦਰਵਾਜੇ।।ਸਿਰਿ ਸਿਰਿ ਕਰਣੈਹਾਰੈ ਸਾਜੇ ।।
ਦਸਵੈ ਪੁਰਖੁ ਅਤੀਤੁ ਨਿਰਾਲਾ ਆਪੇ ਅਲਖੁ ਲਖਾਇਆ।।(੧੦੩੯)।।
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ।।
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ।।(੪੭੦)।।


ਸਤਿਗੁਰੂ ਜੀ ਪਰਮਾਤਮਾ ਦੀ ਅਸੀਮ ਅਗੰਮ, ਅਗੋਚਰ, ਅਥਾਹ, ਬੇਅੰਤ, ਅਨੰਤ ਹੋਂਦ-ਹਸਤੀ ਅਤੇ ਸ਼ਕਤੀ, ਮਨੁੱਖੀ ਗਮਤਾ ਅਤੇ ਪਹੁੰਚ ਤੋਂ ਪਰ੍ਹੇ ਹੈ, ਬਾਰੇ ਇਉਂ ਫੈਸਲਾ ਦਿੰਦੇ ਹਨ :-

ਅੰਤੁ ਨ ਸਿਫਤੀ ਕਹਣਿ ਨ ਅੰਤੁ।।ਅੰਤੁ ਨ ਕਰਣੈ ਦੇਣਿ ਨ ਅੰਤੁ ।।
ਅੰਤੁ ਨ ਵੇਖਣਿ ਸੁਣਣਿ ਨ ਅੰਤੁ।। ਅੰਤੁ ਨ ਜਾਪੈ ਕਿਆ ਮਨਿ ਮੰਤੁ।।
(ਜਪੁਜੀ ਸਾਹਿਬ)


ਅਜਿਹੇ ਅਨੰਤ, ਬੇਅੰਤ, ਪਾਰਬ੍ਰਹਮ-ਪਰਮੇਸ਼ਰ ਪ੍ਰਭੂ ਦੀ ਹੋ ਰਹੀ ਵਿਸ਼ਵਵਿਆਪੀ ਵਿਸ਼ਾਲ ਸਿਫਤ-ਸਲਾਹ, ਉਸਤਤ, ਜੱਸ ਗਾਇਨ, ਪੂਜਾ ਅਰਚਨਾ ਅਰਾਧਨਾ ਬਾਰੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਦੀ ਬਾਣੀ ਵਿਚ ਵਿਸਥਾਰਪੂਰਵਕ ਇਉਂ ਬਿਆਨ ਕਰਦੇ ਹਨ ਕਿ ਸੰਸਾਰ ਦੀ ਹਰ ਸ਼ੈਅ, ਜੀਵ-ਜੰਤੂ, ਮਨੁੱਖ-ਮਾਤਰ ਤਥਾ ਸਮੁੱਚਾ ਬ੍ਰਹਿਮੰਡ ਹੀ ਇਸ ਪਵਿੱਤਰ ਕਾਰਜ ਵਿਚ ਲੀਨ ਹੈ :-

ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ।।
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ।।
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ।।
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ।।
(ਜਪੁਜੀ ਸਾਹਿਬ)


ਅੰਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੇ ਅਕਾਲ-ਪੁਰਖ-ਪਰਮਾਤਮਾ ਹੋਰ ਕੌਣ-ਕੌਣ ਅਤੇ ਕਿਹੜੀ ਸ਼ੈਅ ਤੇਰੀ ਸਿਫਤ-ਸਲਾਹ ਵਿਚ ਲੀਨ ਹੈ ਮੈਂ ਉਸ ਬਾਰੇ ਕੁਝ ਨਹੀਂ ਕਹਿ ਸਕਦਾ। ਗੁਰਵਾਕ ਹੈ :-

ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ।। (ਜਪੁਜੀ ਸਾਹਿਬ)

ਜਿਹੜੀਆਂ ਰੂਹਾਂ ਸੰਸਾਰਕ ਸੁੱਖਾਂ, ਵਿਸ਼ੇ-ਵਿਕਾਰਾਂ ਅਤੇ ਮਾਇਕ ਭੁੱਖ ਦੀ ਤ੍ਰਿਪਤੀ ਲਈ ਜੀਵਨ ਵਿੱਚ ਜਬਰ, ਜ਼ੁਲਮ, ਲੁੱਟ-ਕੁੱਟ, ਐਸ਼ਪ੍ਰਸ਼ਤੀ ਵਿਚ ਹੀ ਭਟਕਦੀਆਂ ਰਹੀਆਂ ਅਤੇ 'ਜੀਵਤ ਮੁਕਤ' ਨਹੀਂ ਹੋ ਸਕੀਆਂ ਉਨ੍ਹਾਂ ਦੇ ਆਵਾ-ਗਵਣ ਦੇ ਚੱਕਰ ਬਾਰੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅਜਿਹੀਆਂ ਆਤਮਾਵਾਂ ਹਮੇਸ਼ਾ ਜਨਮ-ਮਰਣ ਦੇ ਚਕਰ ਵਿੱਚ ਹੀ ਫਸੀਆਂ ਰਹਿੰਦੀਆਂ ਹਨ ਅਤੇ ਪ੍ਰਕ੍ਰਿਤੀ ਦੇ ਪੰਜ ਤੱਤ ਜੁੜਦੇ ਅਤੇ ਵਿਛੜਦੇ ਰਹਿੰਦੇ ਹਨ ਅਤੇ ਆਤਮਾ ਉਸ ਪੰਜ-ਭੂਤਕ ਸਰੀਰ ਵਿਚ ਪ੍ਰਵੇਸ਼ ਕਰਦੀ ਰਹਿੰਦੀ ਹੈ ਅਤੇ ਕਦੀ ਉਹ ਕਿਸੇ ਦਾ ਪਿਤਾ, ਕਿਸੇ ਦਾ ਪੁੱਤਰ ਜਾਂ ਹੋਰ ਰਿਸ਼ਤਿਆਂ ਵਿਚ ਵਿਚਰਦੀ ਰਹਿੰਦੀ ਹੈ। ਜਿਹੜੀਆਂ ਰੂਹਾਂ ਨਾਮ ਜਪਣ ਅਤੇ ਨੇਕ ਕਰਮ ਕਰ ਕੇ ਪ੍ਰਮਾਤਮਾ ਨਾਲ ਓਤ-ਪੋਤ ਹੋ ਜਾਂਦੀਆਂ ਹਨ ਗੁਰੂ ਜੀ ਉਨ੍ਹਾਂ ਨੂੰ ਜੀਵਨ ਦੀ ਬਾਜੀ ਜਿੱਤਣ ਵਾਲੀਆਂ ਰੂਹਾਂ ਆਖਦੇ ਹਨ। ਗੁਰ ਫੁਰਮਾਨ ਹੈ:-

ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ।।ਜੀਵਿ ਜੀਵਿ ਮੁਏ ਮੁਏ ਜੀਵੇ।।
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ।।(੧੨੩੮)।।
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ0 ਦੋਜਕਿ ਚਾਲਿਆ।।
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ।।(੪੬੩)।।


ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਲਾ-ਖੁਦਾ ਨੂੰ ਕੇਵਲ ਮੱਕਾ ਅਤੇ ਸਤਵੇਂ ਅਕਾਸ਼ (ਬਹਿਸ਼ਤ) ਤੀਕ ਹੀ ਸੀਮਤ ਸਮਝਣ ਵਾਲੇ ਮੌਲਾਣਿਆਂ ਨੂੰ ਅੱਲਾ-ਖੁਦਾ ਦੇ ਸਰਬ-ਵਿਆਪਕ ਹੋਣ ਦਾ ਗਿਆਨ ਮੱਕੇ ਜਾ ਕੇ ਉਨ੍ਹਾਂ ਨਾਲ ਸੰਬਾਦ ਰਚਾ ਕੇ ਪੂਰੀ ਦਲੀਲ ਅਤੇ ਤਰਕ ਨਾਲ ਸਮਝਾਇਆ। ਇਸੇ ਤਰ੍ਹਾਂ ਜਗਨ ਨਾਥ ਪੁਰੀ ਵਿਖੇ ਮੂਰਤੀ ਦੀ ਆਰਤੀ ਉਤਾਰਨ ਵਾਲੇ ਪਾਂਡਿਆਂ ਨੂੰ ਵੀ ਰੱਬ ਦੀ ਜਰ੍ਹੇ-ਜਰ੍ਹੇ ਵਿਚ ਹੋਂਦ ਦ੍ਰਿੜ੍ਹ ਕਰਵਾਉਂਦਿਆਂ ਦੱਸਿਆ ਕਿ ਗਗਨ (ਅਸਮਾਨ) ਥਾਲ ਰੂਪ ਹੈ ਅਤੇ ਚੰਦ ਅਤੇ ਸੂਰਜ ਦੋਵੇਂ ਦੀਪਕ ਹਨ ਅਤੇ ਤਾਰੇ ਮੋਤੀ ਹਨ ਅਤੇ ਮਾਲਨੋ ਪਰਬਤ ਤੋਂ ਵਗ ਰਹੀ ਸੁਗੰਧਤ ਪਵਨ ਧੂਫ਼ ਦਾ ਕਾਰਜ ਕਰ ਰਹੀ ਹੈ ਅਤੇ ਪਉਣ ਅਕਾਲ ਪੁਰਖ ਨੂੰ ਚੌਰ ਝੁਲਾ ਰਹੀ ਹੈ ਅਤੇ ਇਸੇ ਤਰ੍ਹਾਂ ਸਾਰੀ ਬਨਸਪਤੀ ਫਲ, ਫੁੱਲ ਅਤੇ ਬੂਟੇ ਪਰਮਾਤਮਾ ਦੀ ਸਿਫਤ-ਸਲਾਹ ਵਿਚ ਲੀਨ ਹਨ। ਆਪ ਨੇ ਫਰਮਾਇਆ ਹੈ :-

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ।।
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।।
ਕੈਸੀ ਆਰਤੀ ਹੋਇ।। ਭਵ ਖੰਡਨਾ ਤੇਰੀ ਆਰਤੀ।।
ਅਨਹਤਾ ਸਬਦ (ਇਕ ਰਸ ਨਾਦ) ਵਾਜੰਤ ਭੇਰੀ  ਰਹਾਉ  (੧੩)


ਪ੍ਰਸਿੱਧ ਵਿਦਵਾਨ ਰਤਨ ਸਿੰਘ ਜੱਗੀ ਅਨੁਸਾਰ ਕਪਲ ਤੰਤਰ ਅਨੁਸਾਰ 68 ਤੀਰਥਾਂ ਵਿਚ ਇਕ ਸ਼ਿਵਮੱਤ ਦਾ ਪੁਰਾਤਨ ਓਅੰਕਾਰਸ੍ਰੇਵਰ ਮੰਦਰ ਹੈ। ਆਪਣੀਆਂ ਉਦਾਸੀਆਂ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਪਹੁੰਚਕੇ ਪਾਂਡਿਆਂ ਨੂੰ ਉਸ ਸਰਬ-ਵਿਆਪੀ ਪਰਮਾਤਮਾ 'ੴ' ਬਾਰੇ ਜੋ ਗਿਆਨ ਦਿੱਤਾ ਉਹ 'ਦੱਖਣੀ ਓਅੰਕਾਰ' ਦੇ ਸਿਰਲੇਖ ਹੇਠ ਰਾਮਕਲੀ ਰਾਗ ਦੀ ਦੱਖਣੀ ਪ੍ਰਕਾਰੀ ਵਿਚ ਦਰਦ ਹੈ। ਗੁਰੂ ਜੀ ਦਾ ਸ਼ਬਦ ਨਿਮਨ ਅਨੁਸਾਰ ਹੈ :-

ਓਅੰਕਾਰਿ ਬ੍ਰਹਮਾ ਉਤਪਤਿ ।। ਓਅੰਕਾਰੁ ਕੀਆ ਜਿਨਿ ਚਿਤਿ।।
ਓਅੰਕਾਰਿ ਸੈਲ ਜੁਗ ਭਏ ।। ਓਅੰਕਾਰਿ ਬੇਦ ਨਿਰਮਏ।।
ਓਅੰਕਾਰਿ ਸਬਦਿ ਉਧਰੇ ।। ਓਅੰਕਾਰਿ ਗੁਰਮੁਖਿ ਤਰੇ।।
ਓਨਮ ਅਖਰ ਸੁਣਹੁ ਬੀਚਾਰੁ  ਓਨਮ ਅਖਰੁ ਤ੍ਰਿਭਵਣ ਸਾਰੁ (੯੨੯-੩੦)


-ਪ੍ਰੋ: ਕਿਰਪਾਲ ਸਿੰਘ ਬਡੂੰਗਰ
- 9915805100

Baljeet Kaur

This news is Edited By Baljeet Kaur