ਨਾਨਕੁ ਨੀਚੁ ਕਹੈ ਵੀਚਾਰੁ।।

08/07/2019 10:03:42 AM

ਨਿਰਗੁਣ ਸ਼ਬਦ ਵਿਚਾਰ /

ਅਠਾਰਵੀਂ ਪਾਉੜੀ

ਅਸੰਖ ਮੂਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ।। ਅਸੰਖ ਅਮਰ ਕਰਿ ਜਾਹਿ ਜੋਰ।।
ਅਸੰਖ ਗਲਵਢ, ਹਤਿਆ ਕਮਾਹਿ।। ਅਸੰਖ ਪਾਪੀ, ਪਾਪੁ ਕਰਿ ਜਾਹਿ।। ਅਸੰਖ ਕੂੜਿਆਰ, ਕੂੜੇ ਫਿਰਾਹਿ।। ਅਸੰਖ ਮਲੇਛ, ਮਲੁ ਭਖਿ ਖਾਹਿ।। ਅਸੰਖ ਨਿੰਦਕ, ਸਿਰਿ ਕਰਹਿ ਭਾਰੁ।। ਨਾਨਕੁ ਨੀਚੁ ਕਹੈ ਵੀਚਾਰੁ।।
ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। ੧੮।।

ਮੇਰਾ ਮਨ ਆਇਆ ਕਿ ਸਤਿਗੁਰ ਨਾਨਕ ਦੇਵ ਜੀ ਦੇ ਸ਼ਬਦ ਕੋਲ ਪਹੁੰਚਣਾ ਹੈ ਤਾਂ ਕਿਉਂ ਨਾ ਇਕ ਵਾਰ ਉਨ੍ਹਾਂ ਦੇ ਉਦਾਸੀ ਸਤਿਸੰਗੀ ਵੱਡੇ ਪੁਰਖ ਮਰਦਾਨਾ ਜੀ ਕੋਲ ਜਾਇਆ ਜਾਵੇ। ਕਿੱਡੇ ਵੱਡੇ ਪੁਰਖ ਹੋਣਗੇ, ਜਿਨ੍ਹਾਂ ਨੂੰ ਸਤਿਗੁਰ ਦਾ ਸੰਗ ਹਾਸਲ ਹੈ। ਦਹਾਕਿਆਂ ਦਾ ਸੰਗ। ਚਿੰਤਨ ਦਾ ਸੰਗ। ਸ਼ਬਦ ਤੇ ਸੰਗੀਤ ਦਾ ਸੰਗ। ਸਵਰ ਦਾ ਸੰਗ। ਧੁਨ ਦਾ ਸੰਗ। ਇਕੋ ਧੁਨ 'ਚ ਨੇ ਦੋਵੇਂ। ਇਕਮਿਕਤਾ ਹੀ ਤਾਂ ਹੈ ਦੋਵਾਂ ਦਾ ਸਾਥ। ਜਿਸ ਧਰਾਤਲ 'ਤੇ ਧੁਨ ਹੈ, ਸ਼ਬਦ ਵੀ ਉਸੇ ਧਰਾਤਲ 'ਤੇ ਹੈ। ਉਸ ਪੁਰਖ ਕੋਲ ਜਾਇਆ ਜਾਵੇ। ਉਦਾਸੀਆਂ ਵੇਲੇ ਜੋ ਚਿੰਤਨ ਹੈ/ਸੰਵਾਦ ਹੈ/ਚਰਚਾ ਹੈ ਉਹਦੀ ਪਹਿਲੀ ਗਵਾਹੀ। ਬਾਣੀ ਉਤਰਦੀ ਹੈ ਤਾਂ ਵੀ ਪਹਿਲੀ ਗਵਾਹੀ। ਭੁੱਖ ਲੱਗਦੀ ਹੈ/ਤ੍ਰੇਹ ਲੱਗਦੀ ਹੈ/ਵਿਸਮਾਦ ਹੈ/ਧਿਆਨ ਹੈ/ਵਡਿਆਈ ਹੈ/ਵੀਚਾਰੁ ਹੈ/ਆਚਾਰ ਹੈ/ਸਦਾਚਾਰ ਹੈ, ਸੱਭ ਦੀ ਪਹਿਲੀ ਗਵਾਹੀ। ਵਿਕਲਪ ਹੈ/ਸੰਕਲਪ ਹੈ/ਵਿਵਾਦ ਹੈ/ਅਪਵਾਦ ਹੈ/ਸੰਚਾਰ ਹੈ/ਸੰਵਾਦ ਹੈ, ਸੱਭ ਦੀ ਪਹਿਲੀ ਗਵਾਹੀ। ਉਸ ਗਵਾਹੀ ਦੇ ਦੋ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇਸ ਗਵਾਹੀ ਦਾ ਇੱਕ ਸ਼ੋਲਕ ਪੜ੍ਹਦੇ ਹਾਂ- 'ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।। ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ।। ਮਜਲਸ ਕੂੜੇ ਲਬ ਕੀ ਪੀ ਹੋਇ ਖੁਆਰ।। ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ।। ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ£ ਗੁਰਮੁਖ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।।'

ਕੀ ਹੈ ਕਿ ਸਤਿਗੁਰ/ਗੁਰਮੁਖਿ ਪਾ ਲਿਆ ਹੈ। ਉਸ ਦੀ ਸੰਗਤ ਹੋ ਗਈ ਹੈ। ਉਹ ਗੁੜ ਚੱਖ ਲਿਆ ਹੈ। ਬਿਕਾਰ ਚਲੇ ਗਏ ਨੇ। ਬਹੁਤ ਬਿਕਾਰ ਸਨ। ਕਾਮੁ ਮਦੁ ਹੈ। ਕ੍ਰੋਧ ਕਟੋਰੀ ਹੈ। ਅਹੰਕਾਰ ਦਾ ਪਾਨ ਹੈ। ਕੂੜੇ ਲਬ ਦੀ ਪਿਆਸ ਹੈ। ਹੁਣ ਸੱਤ ਵੱਲ ਸੰਕੇਤ ਹੈ। ਫਿਰ ਉਹੀ ਸਿਧਾਂਤ ਹੈ, ਗੁਰਮੁਖ ਪਾਈਐ। ਪਾ ਲਿਆ ਹੈ। ਪ੍ਰਾਪਤੀ ਹੋ ਗਈ ਹੈ। ਸਤਿਸੰਗਤ ਹੋ ਗਈ ਹੈ। ਬਿਕਾਰ ਕੱਟ ਗਏ ਨੇ। ਇਹ ਬਿਕਾਰ ਜੋ ਨੇ, ਬਹੁਤ ਅਹਿਮ ਨੇ। ਇਨ੍ਹਾਂ ਦੇ ਜਨਮ ਦੇ ਕਾਰਨ ਨੇ। ਭਾਈ ਮਰਦਾਨਾ ਜੀ ਵੱਲ ਕੋਈ ਥੌਟ ਟਰੈਵਲ ਕਰ ਰਿਹਾ ਹੈ। ਕੁਝ ਸੰਕੇਤ ਨੇ ਜੋ ਪੈਦਾ ਹੋ ਰਹੇ ਨੇ। ਇਸ਼ਾਰੇ ਨੇ। ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨਕਾਰਾਤਮਕ ਪਹਿਲੂਆਂ ਵੱਲ ਇਸ ਅਠਾਰਵੀਂ ਪਾਉੜੀ 'ਚ ਸੰਕੇਤ ਕਰ ਰਹੇ ਨੇ, ਉਹ ਕਿਤੇ ਟਰੈਵਲ ਕਰ ਗਏ ਹੋਣੇ ਨੇ। ਇਹ ਸਿਧਾਂਤਕ ਸਾਂਝ ਵੀ ਹੈ। ਇਕੋ ਧਰਾਤਲ 'ਤੇ ਤੁਰਦਿਆਂ ਮੌਜ 'ਚ ਆਏ ਬਾਬੇ ਦਾ ਆਸ਼ੀਰਵਾਦ ਹੈ ਪਰ ਜੋ ਪਿਆਰ ਦੀ/ਜੋ ਸੰਗੀਤਕ ਸੰਗ ਦੀ ਸਾਂਝ ਹੈ, ਉਹ ਕਿਤੇ ਨਿਆਰੀ ਹੈ। ਪੂਰੇ ਵਿਸ਼ਵ ਦੇ ਇਤਿਹਾਸ 'ਚ ਐਸਾ ਸੰਗ ਕ੍ਰਿਤਬੱਧ ਨਹੀਂ ਹੋਇਆ। ਇਹ ਅਨੂਠਾ ਹੈ। ਇਸ ਨੂੰ ਸਮਝੇ ਬਗੈਰ, ਇਸਨੂੰ ਮਹਿਸੂਸ ਕੀਤੇ ਬਗੈਰ ਅਸੀਂ ਗੁਰੂ ਨਾਨਕ ਬਾਣੀ ਨੂੰ ਜਾਣ ਨਹੀਂ ਸਕਦੇ। ਇਸਦੇ ਕਾਰਨ ਵੀ ਨੇ। ਸਮਾਜਿਕ ਤੌਰ 'ਤੇ ਜੋ ਚੱਲ ਰਿਹਾ ਹੈ, ਜੋ ਦੁਨੀਆਵੀ ਹੈ, ਉੱਥੇ ਕਾਟਾ ਮਾਰਨਾ ਹਾ ਬਾਬੇ ਨੇ। ਉਸ ਨੇ ਵਿਦਵਾਨ ਲਿਆ ਨਾਲ ਤੇ ਉਦਾਸੀ ਹੋ ਨਿਕਲੇ। ਇਕ ਵੱਡਾ ਪਾੜਾ ਪਾ ਦਿੱਤਾ ਸਮਾਜਿਕ ਤੌਰ ਉੱਤੇ। ਫਿਰ ਬਾਣੀ ਹੈ ਤਾਂ ਪਹਿਲਾਂ ਖੁਦ ਨੂੰ ਡੀ-ਕਲਾਸ ਕਰਨਾ ਹੈ। ਇਸ ਪਾਉੜੀ 'ਚ ' ਨਾਨਕੁ ਨੀਚੁ ਕਹੈ ਵੀਚਾਰੁ।।' ਕਹੇ ਵੀਚਾਰੁ ਜੋ ਹੈ, ਉਹ ਬਹੁਤ ਵੱਡੀ ਕ੍ਰਾਂਤੀ ਹੈ। ਉਸ ਵਕਤ ਤਾਂ ਹੋਰ ਵੀ ਬਹੁਤ ਵੱਡੀ ਕ੍ਰਾਂਤੀ। ਗੁਰੂ ਨਾਨਕ ਦੇਵ ਜੀ ਕ੍ਰਾਂਤੀਕਾਰੀ ਨੇ। ਉਹ ਬਿਗੁਲ ਵਜਾਉਂਦੇ ਨੇ। ਉਹ ਪੌਲੀਟੀਕਲ ਕੰਮੈਂਟੇਟਰ ਨੇ। ਉਹ ਸਿੱਧੇ ਸਿਆਸੀ ਕੁਮੈਂਟ ਕਰਦੇ ਨੇ, 'ਰਾਜੇ ਸ਼ੀਂਹ ਮੁਕੱਦਮ ਕੁੱਤੇ।' ਸਿੱਧਾ ਸਿਆਸੀ ਨੁਕਤਾ ਹੈ। ਸਿਆਸੀ ਨਿਸ਼ਾਨਾ ਹੈ। ਉਨ੍ਹਾਂ ਜਦੋਂ ਸਮਾਜਿਕ ਤੌਰ ਉੱਤੇ ਕੋਈ ਟਿੱਪਣੀ ਕਰਨੀ ਹੈ ਤਾਂ ਪਹਿਲਾਂ ਖੁਦ ਨੂੰ ਹੇਠਲੇ ਦਰਜੇ ਉੱਤੇ ਲੈ ਕੇ ਆਉਣਾ ਹੈ। ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸਮਾਜਿਕ ਪੱਖ ਦਾ ਕ੍ਰਾਂਤੀਕਾਰੀ ਪਹਿਲੂ ਹੈ। 'ਨੀਚਾਂ ਅੰਦਰ ਨੀਚ ਜਾਤਿ.।।' ਉਨ੍ਹਾਂ ਸੰਗ ਸਾਥ ਹੈ। ਵੱਡਿਆਂ ਦੀ ਕੋਈ ਰੀਸ ਨਹੀਂ। ਇਸ ਪੱਖ ਨੂੰ ਧਿਆਨ 'ਚ ਰੱਖਣਾ ਹੈ। ਅਠਾਰਵੀਂ ਪਾਉੜੀ ਇਸੇ ਨੁਕਤੇ ਨੂੰ ਸਮਝਾਉਣ ਦਾ ਯਤਨ ਹੈ। 

'ਅਸੰਖ ਮੂਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ।। ਅਸੰਖ ਅਮਰ ਕਰਿ ਜਾਹਿ ਜੋਰ।।' ਪਾਉੜੀ ਦੀ ਤੋਰ ਨੇ, ਕਾਵਿ-ਜੁਗਤ ਨੇ ਵੀ ਆਸਣ ਬਦਲਿਆ ਹੈ। ਵੀਚਾਰ ਨੇ ਵੀ ਆਸਣ ਬਦਲਿਆ ਹੈ। ਪਿਛਲੀ ਪਾਉੜੀ 'ਚ ਜੋ ਕੁਝ ਸਕਾਰਾਤਮਕ ਹੋ ਰਿਹਾ ਹੈ, ਉਸਦਾ ਵਿਚਾਰ ਹੈ। ਉਸ ਨਾਲ ਸੰਵਾਦ ਹੈ। ਉਸ ਬਾਰੇ ਸਮਝ ਬਣਾਈ ਜਾ ਰਹੀ ਹੈ। ਇਸ ਪਾਉੜੀ 'ਚ ਆਲੇ-ਦੁਆਲੇ/ਇਸ ਪਾਸਾਰ 'ਚ ਜੋ ਕੁਝ ਨਕਾਰਾਤਮਕ ਹੈ, ਉਸਨੂੰ ਸਮਝਿਆ ਜਾ ਰਿਹਾ ਹੈ। ਪਿਛਲੀ ਪਾਉੜੀ 'ਚ ਦੋ ਸਤਰਾਂ 'ਚ ਇੱਕ ਸੰਕੇਤ ਹੈ। ਇਸ ਪਾਉੜੀ 'ਚ ਤਿੰਨ ਸਤਰਾਂ 'ਚ ਇਕ ਸੰਕੇਤ ਹੈ। ਪਿਛਲੀ ਪਾਉੜੀ 'ਚ ਸਕਾਰਤਮਕ ਹੈ, ਜ਼ਰਾ ਕੁ ਖੁੱਲ ਕੇ ਕਹਿਣਾ ਹੈ। ਇਸ ਪਾਉੜੀ 'ਚ ਨਕਾਰਾਤਮਕ ਹੈ, ਦਬਾਦਬ ਮੁਕਾ ਦਿਓ। ਜ਼ਿਆਦਾ ਖੋਲ੍ਹੋ ਨਾ। ਇਹ ਨਹੀਂ ਕਿ ਇਸ ਬਾਰੇ ਵਿਚਾਰ ਹੀ ਨਾ ਕਰੋ। ਪਰ ਇਹਨੂੰ ਲੰਬੇ ਅੰਤਰਾਲ ਤੋਂ ਪਹਿਲਾਂ-ਪਹਿਲਾਂ ਨਿਪਟਾ ਦਿਓ। ਬੰਦੇ ਨੇ ਇਸੇ ਨੂੰ ਹੀ ਨਿਪਟਾਉਣਾ ਹੈ, ਲੰਬਿਆਂ ਲੈ ਕੇ ਨਹੀਂ ਜਾਣਾ। ਕਾਵਿ-ਜੁਗਤ ਰਾਹੀਂ ਵੀ ਸੁਨੇਹਾ ਹੈ। ਇਹੀ ਤਾਂ ਗੁਰੂ ਨਾਨਕ ਬਾਣੀ ਦੀ ਸ਼ਕਤੀ ਹੈ। 'ਅਸੰਖ ਮੂਰਖ ਅੰਧ ਘੋਰ।। ਅਸੰਖ ਚੋਰ ਹਰਾਮਖੋਰ£ ਅਸੰਖ ਅਮਰ ਕਰਿ ਜਾਹਿ ਜੋਰ।।' ਅਨੇਕ ਮੂਰਖ ਲੱਗੇ ਹੋਏ ਨੇ। ਘੋਰ ਹਨੇਰੇ 'ਚ ਨੇ। ਚੋਰ ਨੇ। ਹਰਾਮਖੋਰ ਨੇ। ਧੱਕੇਸ਼ਾਹੀ ਹੈ। ਆ ਰਹੇ ਨੇ, ਜਾ ਰਹੇ ਨੇ। ਬੱਸ ਇਨ੍ਹਾਂ ਨੂੰ ਸਿਰਫ ਸਮਝਣਾ ਹੈ। ਇਨ੍ਹਾਂ 'ਤੇ ਚਿੰਤਨ ਨਹੀਂ ਹੈ। ਚਿੰਤਨ ਕਾਹਦੇ 'ਤੇ ਹੈ? ਚਿੰਤਨ ਸਿਰਫ ਵਿਚਾਰ 'ਤੇ ਹੈ। ਸਿਰਫ ਵਿਚਾਰ ਕਰਨਾ ਹੈ। ਇਨ੍ਹਾਂ ਸਾਰਿਆਂ 'ਤੇ ਚਿੰਤਨ ਨਹੀਂ ਕਰਨਾ। ਜਾਨਣਾ ਹੈ। ਇਹ ਹੈਨ ਅਸੰਖ। ਇਹ ਵੀ ਯਾਦ ਰੱਖਣਾ ਹੈ। 

ਹੋਰ ਤੇਜ਼ ਹੋ ਗਈ ਹੈ ਤੋਰ। ਪਹਿਲਾਂ ਤਿੰਨ ਸਤਰਾਂ 'ਚ ਮੁਕਾਉਣ ਦੀ ਗੱਲ ਹੈ। ਪਿਛਲੀ ਪਾਉੜੀ ਸਕਾਰਾਤਮਕ ਹੈ ਤਾਂ ਦੋ-ਦੋ ਸਤਰਾਂ 'ਚ ਸਹਿਜ ਤੋਰ ਹੈ। ਅਠਾਰਵੀਂ ਨਕਾਰਾਤਮਕ ਜੋ ਹੈ, ਉਸ ਵੱਲ ਸੰਕੇਤ ਨੇ, ਤਾਂ ਤੋਰ ਹੋਰ ਸ਼ੋਹਲੀ ਹੋ ਗਈ ਹੈ। ਹੁਣ ਚਾਰ ਸਤਰਾਂ 'ਚ ਨਿਬੇੜ ਦਿਓ ਕੰਮ। 'ਅਸੰਖ ਗਲਵਢ, ਹਤਿਆ ਕਮਾਹਿ।। ਅਸੰਖ ਪਾਪੀ, ਪਾਪੁ ਕਰਿ ਜਾਹਿ।। ਅਸੰਖ ਕੂੜਿਆਰ, ਕੂੜੇ ਫਿਰਾਹਿ।। ਅਸੰਖ ਮਲੇਛ, ਮਲੁ ਭਖਿ ਖਾਹਿ।।' ਤੋਰ ਨਾਲ ਵਿਚਾਰ ਜੁੜਿਆ ਹੈ। ਇਹ ਵੀ ਹੁੰਦਾ ਹੈ। ਮੱਧਕਾਲੀ ਸਾਰਾ ਸਾਹਿਤ ਛੰਦ ਪ੍ਰਬੰਧ 'ਚ ਹੈ। ਕਿੱਸਾ-ਕਾਵਿ ਹੈ। ਕਿਉਂਕਿ ਉਸ ਵੇਲੇ ਦਾ ਸਮਾਜ ਜੋ ਹੈ, ਉਹਨੂੰ ਕਿੱਸਿਆਂ 'ਚ ਪਕੜਿਆ ਜਾ ਸਕਦਾ ਸੀ। ਮਾਡਰਨ ਸੈਸੇਂਬਿਲਟੀ ਨੂੰ ਨਜ਼ਮ ਫੜ ਰਹੀ ਹੈ। ਇਸੇ ਤਰੀਕੇ ਗੁਰੂ ਸਾਹਿਬ ਨੇ ਇਕ ਕਾਵਿ-ਜੁਗਤ ਰਾਹੀਂ, ਬਾਣੀ ਦੀ ਤੋਰ ਰਾਹੀਂ ਦੱਸ ਦਿੱਤਾ ਕਿ ਕਿਵੇਂ ਇਹਨਾਂ ਜੋ ਬੁਰਾਈਆਂ ਦੀਆਂ ਜੜ੍ਹਾਂ ਨੇ, ਉਨ੍ਹਾਂ ਨੂੰ ਦਬਾਦਬ ਸਮਝ ਲਵੋ ਤੇ ਅੱਗੇ ਨਿਕਲ ਜਾਵੋ। ਇਹਨਾਂ ਕੋਲ ਬਹੁਤੀ ਦੇਰ ਨਹੀਂ ਖੜਨਾ। ਪਾਉੜੀ ਦੀ ਤੋਰ ਦੱਸ ਰਹੀ ਹੈ/ਸਮਝਾ ਰਹੀ ਹੈ। ਹੱਤਿਆਵਾਂ ਹੋ ਰਹੀਆਂ ਨੇ। ਪਾਪ ਕਰਮ ਘਟ ਰਹੇ ਨੇ। ਝੂਠ ਦਾ ਪਾਸਾਰ ਹੈ। ਮਲੁ ਭਖਿ ਖਾ ਰਹੇ ਨੇ। ਬਹੁਤ ਕੁੱਝ ਹੈ ਜੋ ਗੈਰ-ਕੁਦਰਤੀ ਹੋ ਰਿਹਾ ਹੈ। ਨਕਾਰਾਤਮਕ ਹੈ ਬਹੁਤ ਕੁੱਝ। ਅਸੰਖ ਨੇ ਇਹ ਲੋਕ ਵੀ। ਕੋਈ ਗਿਣਤੀ ਨਹੀਂ। ਚੰਗਿਆਈ ਦੀ ਵੀ ਕੋਈ ਗਿਣਤੀ ਨਹੀਂ, ਬੁਰਿਆਈ ਦੀ ਵੀ ਕੋਈ ਗਿਣਤੀ ਨਹੀਂ।

'ਅਸੰਖ ਨਿੰਦਕ, ਸਿਰਿ ਕਰਹਿ ਭਾਰੁ।। ਨਾਨਕੁ ਨੀਚੁ ਕਹੈ ਵੀਚਾਰੁ।।' ਇਹ ਦੋਵੇਂ ਸਤਰਾਂ ਕੇਂਦਰ ਹੈ ਇਸ ਪਾਉੜੀ ਦਾ। ਨਿੰਦਕ ਲੱਗੇ ਹੋਏ ਨੇ। ਭਾਰ ਹੇਠ ਨੇ। ਮਨ ਦਾ ਬੋਝ। ਪਤਾ ਹੀ ਨਹੀਂ ਲੱਗ ਰਿਹਾ। ਫਿਰ ਵੀ ਲੱਗੇ ਹੋਏ ਨੇ। ਅਸੰਖ ਲੱਗੇ ਹੋਏ ਨੇ। ਨੇਰ੍ਹ ਢੋਅ ਰਹੇ ਨੇ। ਪਰ ਲੱਗੇ ਹੋਏ ਨੇ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੈਂ 'ਨੀਚ' ਵਿਚਾਰ ਕਰ ਰਿਹਾ ਹਾਂ। ਬੁਰਿਆਈ ਦੀ ਵਿਚਾਰ ਕਰ ਰਿਹਾ ਹਾਂ। ਹੰਕਾਰ ਦਾ ਨਾਸ ਹੈ ਪਹਿਲਾਂ ਆਪਣੇ ਅੰਦਰੋਂ, ਫੇਰ ਕੁੱਝ ਕਿਹਾ ਹੈ। ਮੈਂ ਜੋ ਇਹਨਾਂ ਬੁਰਿਆਂ ਦੀ ਗਿਣਤੀ 'ਚ ਪੈ ਗਿਆ ਹਾਂ, ਮੈਂ ਨੀਚ ਵਿਚਾਰ ਕਰ ਰਿਹਾ ਹਾਂ। ਦੋ ਸੰਕੇਤ ਨੇ। ਪਹਿਲਾ ਹੈ ਨਿਰਮਾਣਤਾ ਵਾਲਾ। ਦੂਸਰਾ ਹੈ ਕਿ ਗੁਰੂ ਸਾਹਿਬ ਪਹਿਲਾਂ ਆਪਣੇ ਆਪ ਨੂੰ ਡੀ-ਕਲਾਸ ਕਰਦੇ ਨੇ। ਖੁਦ ਉਸ ਥਾਂ ਆਉਂਦੇ ਨੇ, ਜਿਨ੍ਹਾਂ ਬਾਰੇ ਸਮਾਜ 'ਚ ਵਿਚਾਰ ਕਰਨੀ ਹੈ। ਬਾਬਾ ਬੁੱਲੇ ਸ਼ਾਹ ਵੀ ਪਹਿਲਾਂ ਆਪਣੇ ਆਪ ਨੂੰ ਡੀ-ਕਲਾਸ ਕਰਦੇ ਨੇ। 'ਬੁਲੇ ਨੂੰ ਸਮਝਾਵਣ ਆਈਆਂ ਬੈਣਾਂ ਤੇ ਭਰਜਾਈਆਂ। ਬੁਲ੍ਹਿਆ ਤੂੰ ਸਯਦ ਹੋ ਕੇ ਕੁੱਲ ਨੂੰ ਲੀਕਾਂ ਲਾਈਆਂ। ਜਿਹੜਾ ਮੈਨੂੰ ਸੱਯਦ ਆਖੇ ਉਹ ਦੋਜ਼ਖ ਨੂੰ ਗਈਆਂ। ਜਿਹੜਾ ਮੈਨੂੰ ਅਰਾਈਂ ਆਖੇ ਉਸ ਬਹਿਸ਼ਤੀਂ ਪੀਂਘਾਂ ਪਾਈਆਂ।' ਖ਼ੁਦ ਨੂੰ ਅਰਾਈਂ ਕਿਹਾ ਪਹਿਲਾਂ। ਜਿਹੜਾ ਅਰਾਈਂ ਆਖੇ, ਉਸ ਬਹਿਸ਼ਤੀਂ ਪੀਂਘਾਂ ਪਾਈਆਂ। ਇਸ ਪਾਉੜੀ ਦੇ ਇਹਨਾਂ ਗਹਿਰੇ ਸੰਕੇਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਜੋ ਸਮਾਜਿਕਤਾ ਹੈ, ਉਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਗੁਰੂ ਲੋਕ ਜੇਕਰ ਕਿਸੇ ਬੁਰਾਈ ਵੱਲ ਵੀ ਸੰਕੇਤ ਕਰ ਰਹੇ ਹੋਣਗੇ, ਤਾਂ ਇਸ਼ਾਰੇ ਨਾਲ ਹੀ ਬੰਦੇ ਨੂੰ ਉਸਤੋਂ ਉੱਪਰ ਉੱਠਣ ਵੱਲ ਲੈ ਜਾਣਗੇ। ਬੰਦਾ ਖੁਦ-ਬ-ਖੁਦ ਉਸ ਤੋਂ ਨਿਜਾਤ ਪਾ ਲਵੇਗਾ। ਇਹ ਵੱਡੇ ਲੋਕਾਂ ਦਾ ਗੁਣ ਹੀ ਹੁੰਦੈ ਕਿ ਉਨ੍ਹਾਂ ਨਾਲ ਤੁਰਨ ਵਾਲਾ ਵੀ ਉਨ੍ਹਾਂ 'ਚ ਵੀਲੀਨ ਹੋਣ ਦੀ ਸਮਰੱਥਾ ਪਾ ਜਾਂਦਾ ਹੈ। ਬਾਬੇ ਮਰਦਾਨਾ ਦੀ ਰਬਾਬ ਉਸ ਵੀਲੀਨਤਾ ਦੀ ਹੀ ਤਾਂ ਸ਼ਾਹਦੀ ਹੈ। 

'ਵਾਰਿਆ ਨ ਜਾਵਾ ਏਕ ਵਾਰ।। ਜੋ ਤੁਧੁ ਭਾਵੈ ਸਾਈ ਭਲੀ ਕਾਰ।। ਤੂ ਸਦਾ ਸਲਾਮਤਿ ਨਿਰੰਕਾਰ।। ੧੮।।' ਹੁਣ ਇੱਥੇ ਇਕ ਹੋਰ ਕਮਾਲ ਹੈ। ਬਹੁਤ ਤਿੱਖੀ ਨਿਗਾਹ ਰੱਖਣੀ ਪੈਂਦੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਵਿਚਾਰਦਿਆਂ। ਇਸ ਪਾਉੜੀ 'ਚ ਆਖਰੀ ਸਤਰਾਂ ਪਿਛਲੀ ਪਾਉੜੀ ਵਾਲੀਆਂ ਹੀ ਨੇ। ਪਰ ਇੱਥੇ ਆ ਕੇ 'ਕੁਦਰਤਿ  ਕਵਣ ਕਹਾ ਵੀਚਾਰੁ।।' ਵਾਲੀ ਸਤਰ ਉੱਡ ਗਈ। ਇਹ ਸਤਰ ਨਹੀਂ ਪਾਈ ਗਈ। ਕਿਉਂ? ਕੀ ਕਾਰਣ ਹੈ? ਕਾਰਣ ਸਾਫ ਹੈ ਕਿ ਜੇਕਰ ਸਕਾਰਾਤਮਕ ਹੈ, ਤਾਂ ਕੁਦਰਤੀ ਹੈ। ਵਡਿਆਈ ਹੈ ਉਸਦੀ। ਉਸ ਕਾਦਰ ਦੀ। ਤਾਂ ਕੁਦਰਤ ਹੈ। ਜੇਕਰ ਨਕਾਰਾਤਮਕ ਹੈ, ਤਾਂ ਵਡਿਆਈ ਨਹੀਂ ਹੈ। ਇਹ ਗੈਰ-ਕੁਦਰਤੀ ਹੈ। ਕੁਦਰਤ ਵਿਰੋਧੀ ਹੈ। ਹੁਣ ਇੱਥੇ ਜੋ ਹੋ ਰਿਹਾ ਹੈ, ਉਹ ਕੁਦਰਤ ਬਾਰੇ ਵਿਚਾਰ ਨਹੀਂ ਹੈ। ਇਸ ਵਾਸਤੇ ਕੁਦਰਤ ਦੇ ਵਿਚਾਰ ਵਾਲੀ ਸਤਰ ਖਤਮ। ਖਾਰਜ ਹੀ ਕਰ ਦਿੱਤੀ। ਸਿੱਧਾ ਸਮਰਪਣ ਹੈ। ਵਾਰੀ-ਵਾਰੀ ਵੀ ਨਹੀਂ ਜਾ ਸਕਦੇ। ਬਲਿਹਾਰ ਵੀ ਨਹੀਂ ਜਾ ਸਕਦੇ। ਉਹਦੇ ਤੋਂ ਵੀ ਬਹੁਤ ਪਿਛਾਂਹ ਰਹਿ ਜਾਂਦੇ ਹਾਂ। ਜੋ ਤੈਨੂੰ ਭਾਉਂਦਾ ਹੈ। ਜਿਹਦੇ ਉੱਤੇ ਤੇਰੀ ਨਜ਼ਰ ਸਵੱਲੀ ਏ। ਉਹੀ ਕਾਰਜ ਭਲਾ ਹੈ। 'ਜਿੱਥੇ ਜਾਇ ਬਹੀਐ ਭਲਾ ਕਹੀਐ।' ਉਹੀ ਭਲੀ ਕਾਰ ਹੈ। ਤੇਰੀ ਰਜ਼ਾ ਹੀ ਭਲੀ ਹੈ। ਤੂੰ ਹੀ ਸਦਾ ਸਲਾਮਤ ਹੈ। ਤੂੰ ਹੀ ਆਦਿ-ਜੁਗਾਦਿ ਏਂ। ਸੱਭ ਤੇਰੇ ਚਿਹਨ ਚੱਕਰ 'ਚ ਚੱਲਦੇ ਨੇ। ਤੇਰੀ ਆਭਾ 'ਚ ਪੁਰਨੂਰ ਨੇ। ਦਮਕ ਰਹੇ ਨੇ। ਇਹ ਸਾਰਾ ਤੇਰਾ ਹੀ ਪ੍ਰਤਾਪ ਹੈ। ਤੇਰੀ ਹੀ ਸਲਾਮਤੀ ਦੀ ਨਿਸ਼ਾਨਦੇਹੀ ਹੈ।

ਦੇਸ ਰਾਜ ਕਾਲੀ
79867-02493

rajwinder kaur

This news is Edited By rajwinder kaur