ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ

6/14/2019 11:36:42 AM

ਗੁਰਦੁਆਰਾ ਨਨਕਾਣਾ ਸਾਹਿਬ
ਦਰਸ਼ਨ-ਏ-ਗੁਰਧਾਮ
ਅਤਵਾਰ ਸਿੰਘ ਆਨੰਦ


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੀ ਧਰਤੀ 'ਤੇ ਹੋਇਆ । ਭਾਵੇਂ ਹੁਣ ਪਾਕਿਸਤਾਨ ਲਿਖਿਆ ਜਾਂਦਾ ਹੈ ਪਰ ਜਦੋਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਓਦੋਂ ਭਾਰਤ ਦੇਸ਼ ਦੀ ਵੰਡ ਨਹੀਂ ਸੀ ਹੋਈ। ਸਾਂਝੇ ਪੰਜਾਬ ਦੀ ਧਰਤੀ 'ਤੇ ਸਭ ਦੇ ਸਾਂਝੇ ਸਿੱਖਾਂ ਦੇ ਗੁਰੂ, ਮੁਸਲਿਮਾਂ ਦੇ ਪੀਰ ਦਾ ਜਨਮ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ 'ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ। ਜੋਗੀ-ਜੰਗਮ, ਇੰਦ੍ਰ, ਭਗਤ ਪ੍ਰਹਿਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸਨਤ ਕੁਮਾਰ, ਸਨਾਤਨ ਆਦਿ ਸਭ ਗਾਉਣ ਲੱਗੇ:

ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ।।
ਗਾਵਹਿਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁਜਿਨਿ ਜਾਣਿਓ।।
ਕਬਿ ਕਲਸੁਜਸੁਗਾਵਉ ਗੁਰ ਨਾਨਕ ਰਾਜੁ ਜੋਗੁਜਿਨਿ ਮਾਣਿਓ।।
(ਪੰਨਾ 1389)


ਜਿਸ ਥਾਂ 'ਤੇ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ, ਉਸ ਜਗ੍ਹਾ ਨੂੰ ਅੱਜ ਕੱਲ ਗੁਰਦੁਆਰਾ ਜਨਮ ਅਸਥਾਨ ਕਿਹਾ ਜਾਂਦਾ ਹੈ। ਨਨਕਾਣਾ ਸਾਹਿਬ ਉਹ ਮੁਕੱਦਸ ਸ਼ਹਿਰ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਦੇ ਘਰ (ਜਨਮ ਭਾਈ ਬਾਲੇ ਦੀ ਜਨਮ ਸਾਖੀ ਮੁਤਾਬਕ ਸੁਦੀ 3, 20 ਵਿਸਾਖ ਸੰਮਤ 1526) ਨੂੰ ਜਨਮ ਲਿਆ ।ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ, ਜੋ ਪੰਜਾਬ ਸੂਬੇ 'ਚ ਸਥਿਤ ਹੈ, ਲਾਹੌਰ ਤੋਂ ਕਰੀਬ 65 ਕਿਲੋਮੀਟਰ ਦੂਰ ਹੈ । ਨਨਕਾਣਾ ਸਾਹਿਬ ਨੂੰ ਇਸ ਕਸਬੇ ਦਾ ਨਾਂ ਪਹਿਲਾਂ ਰਾਏਪੁਰ ਦੱਸਿਆ ਜਾਂਦਾ ਹੈ ਤੇ ਫਿਰ ਰਾਇ ਭੋਇ ਦੀ ਤਲਵੰਡੀ ਪੈ ਗਿਆ। ਰਾਇ ਭੋਏ ਰਾਇ ਬੁਲਾਰ ਦੇ ਪਿਤਾ ਜੀ ਸਨ ਪਰ ਬਾਅਦ ਵਿਚ ਇਸਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਨਨਕਾਣਾ ਸਾਹਿਬ ਰੱਖਿਆ ਗਿਆ ਸੀ । ਖ਼ੁਰਸ਼ੀਦ ਖ਼ਾਲਸਾ' ਦੇ ਪੰਨਾ 36 ਅਤੇ 'ਵਿਸਾਖ ਨਹੀਂ ਕੱਤਕ' ਦੇ ਪੰਨਾ 86 ਅਨੁਸਾਰ ਰਾਇ ਬੁਲਾਰ ਨੇ ਆਪਣੇ ਜਿਉਂਦਿਆਂ ਹੀ ਮਾਲ ਦੇ ਕਾਗ਼ਜ਼ਾਂ 'ਚ ਰਾਇ ਭੋਇ ਦੀ ਤਲਵੰਡੀ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਸਨਮਾਨ 'ਚ ਨਨਕਾਣਾ ਸਾਹਿਬ ਰੱਖਿਆ ਸੀ। ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਪਟਵਾਰੀ ਸਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਪ੍ਰਬੰਧ ਓਹੀ ਕਰਦੇ ਸਨ।

ਰਾਇ ਬੁਲਾਰ ਜੀ ਨੇ ਗੁਰੂ ਸਾਹਿਬ ਦੇ ਨਾਂਅ ਅੱਧੀ ਜ਼ਮੀਨ ਇੰਤਕਾਲ ਕਰ ਦਿੱਤੀ, ਜੋ ਸਾਢੇ ਸੱਤ ਸੌ ਮੁਰੱਬਾ ਬਣਦੀ ਸੀ | ਅੱਜ ਵੀ ਫਰਦ 'ਚ ਦਰਜ ਹੈ ਕਿ ਇਸ ਜ਼ਮੀਨ ਦਾ ਮਾਲਕ, ਕਾਬਜ਼, ਕਾਸ਼ਤਕਾਰ ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਉਸ ਨੇ ਵਲੀ ਅੱਲਾ ਨਾਨਕ ਜੀ ਲਈ ਨਨਕਾਣਾ ਸਾਹਿਬ 'ਚ ਪਹਿਲਾ ਸਰੋਵਰ ਬਣਾਇਆ|ਰਾਇ ਬੁਲਾਰ ਨੇ ਇਥੇ ਧਰਮਸ਼ਾਲਾ ਬਣਵਾਈ ਤੇ ਇਸ ਅਸਥਾਨ ਦੇ ਨਾਂ 31 ਰੁਪਏ ਸਾਲਾਨਾ ਦੀ ਜਗੀਰ ਲਾਈ ਸੀ। ਕਰਮ ਸਿੰਘ ਹਿਸਟੋਰਿਅਨ ਇਕ ਜਗ੍ਹਾ ਲਿਖਦੇ ਹਨ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਤਕ ਇਹ ਅਸਥਾਨ ਆਮ ਹਾਲਤ 'ਚ ਰਿਹਾ। ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਸੰਮਤ 1670 ਨੂੰ ਇੱਥੋਂ ਦੇ ਦਰਸ਼ਨਾਂ ਲਈ ਆਏ ਤਾਂ ਉਨ੍ਹਾਂ ਨੇ ਇਸ ਸਥਾਨ ਦੀ ਨਿਸ਼ਾਨਦੇਹੀ ਕਰਾਈ। ਇਸ ਦੀ ਸੇਵਾ ਉਨ੍ਹਾਂ ਆਪਣੇ ਚੇਲੇ ਅਲਮਸਤ ਜੀ ਨੂੰ ਸੌਂਪੀ। ਜਿਨਾ ਨੇ ਇਸ ਦਰਬਾਰ ਦੀ ਕਾਫੀ ਲੰਬਾ ਸਮਾਂ ਸੇਵਾ ਕੀਤੀ। ਬਾਅਦ 'ਚ ਦੀਵਾਨ ਕੌੜਾ ਮੱਲ ਨੇ 1749-1750 'ਚ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਉਸਾਰੀ ਕਰਾਈ ਸੀ।

1921 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਨਿਰਮਲੇ ਸਿੱਖਾਂ ਦੇ ਹੱਥ ਸੀ। 1921 ਤੇ 1947 ਵਿਚਕਾਰ ਗੁਰਦੁਆਰੇ ਦੀ ਦੇਖਭਾਲ ਸਿੱਖਾਂ ਕੋਲ ਆ ਗਈ । ਵੰਡ ਤੋਂ ਬਾਅਦ ਇਸ ਦਾ ਪ੍ਰਬੰਧ ਪਾਕਿਸਤਾਨ ਦੇ ਓਕਾਫ ਬੋਰਡ ਕੋਲ ਚਲੇ  ਗਿਆ । ਇਮਾਰਤ ਦੀ ਹਾਲਤ ਖਸਤਾ ਹੋਣ ਕਰਕੇ ਸੰਗਤਾਂ ਲਈ ਗੁਰਦੁਆਰਾ ਕਰੀਬ 17 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।ਕਾਰ ਸੇਵਾ 'ਚ ਯੂ.ਕੇ. ਵਾਲ਼ੇ ਜਥੇ ਗੁਰੂ ਕਾ ਬਾਗ, ਬਾਬਾ ਜਗਤਾਰ ਸਿੰਘ ਤਰਨ ਤਾਰਨ, ਓਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ 'ਤੇ ਸਹਿਯੋਗ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਗਰ ਹਾਲ, ਪ੍ਰਕਾਸ਼ ਅਸਥਾਨ ਤੇ ਸੁਖਾਸਨ ਸਥਾਨ ਦਾ ਵੀ 'ਨਵੀਨੀਕਰਨ' ਕੀਤਾ ਗਿਆ ਹੈ।


rajwinder kaur

Edited By rajwinder kaur