ਪੰਚਾ ਕਾ ਗੁਰ ਏਕ ਧਿਆਨ।।

07/17/2019 10:10:27 AM

ਨਿਰਗੁਣ ਸ਼ਬਦ ਵਿਚਾਰ

ਸੋਲ੍ਹਵੀਂ ਪਉੜੀ

ਪੰਚ ਪਰਵਾਣ ਪੰਚ ਪਰਧਾਨੁ।। ਪੰਚੇ ਪਾਵਹਿ ਦਰਗਹ ਮਾਨੁ।। ਪੰਚੇ ਸੋਹਹਿ ਦਰਿ ਰਾਜਾਨੁ।। ਪੰਚਾ ਕਾ ਗੁਰ ਏਕ ਧਿਆਨ।। ਜੇ ਕੋ ਕਹੈ ਕਰੈ ਵੀਚਾਰੁ।। ਕਰਤੇ ਕੈ ਕਰਣੈ ਨਾਹੀ ਸੁਮਾਰੁ।।

ਪੰਚ ਦਾ ਸਿਧਾਂਤ ਬਹੁਤ ਗਹਿਰਾ ਹੈ। ਸੱਭਿਆਚਾਰਕ ਹੈ, ਫਲਸਫਾਨਾ ਹੈ, ਜੀਵ ਦੀ ਉਤਪਤੀ/ਵਿਗਾਸ/ਵਿਨਾਸ਼ ਨਾਲ ਜੁੜਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸਿਧਾਂਤ ਦੀ ਜੋ ਸਿਧਾਂਤਕੀ ਹੈ, ਗਜ਼ਬ ਹੈ। ‘ਪੰਚ’ ਵਾਸਤੇ ਅਸੀਂ ਸਭ ਤੋਂ ਪਹਿਲਾਂ ਕਬੀਰ ਸਾਹਿਬ ਕੋਲ ਚਲਦੇ ਹਾਂ। ਉਨ੍ਹਾਂ ਦਾ ਸ਼ਬਦ ਹੈ-‘‘ਏਕ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ਰਹਾਓ ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤ ਬਸਨ ਨ ਦੇਹੀ ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ਧਰਮ ਰਾਇ ਕਾ ਦਫਤਰ ਸੋਧਿਆ ਬਾਕੀ ਰਿਜਮ ਨ ਕਾਈ ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮ ਹੈ ਏਕੋ ਕਹੁ ਕਬੀਰ ਮੈ ਸੇ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ’’ ‘ਏਕ ਕੋਟੁ ਪੰਚ ਸਿਕਦਾਰਾ’ ਸਮਝਣ ਵਾਲੀ ਗੱਲ ਹੈ। ਇਕ ਕਿਲਾ ਹੈ ਤੇ ਉਹਦੇ ਪੰਜ ਸਿਕਦਾਰ ਨੇ। ਮਾਲਕ ਨੇ। ਔਰ ‘ਪੰਚੇ ਮਾਗਹਿ ਹਾਲਾ’। ਪੰਜੇ ਹੀ ਹਾਲਾ ਮੰਗ ਰਹੇ ਨੇ। ਇਹ ਮਨੁੱਖ ਦੀ ਜੀਵਕ ਜ਼ਰੂਰਤ ਹੈ। ਇਸ ਤੋਂ ਭੱਜ ਨਹੀਂ ਸਕਦੇ। ਜਲ ਵਿਚ ਰਹਿ ਕੇ ਨਿਰਮਲ ਰਹਿਣ ਵਾਲੀ ਅਵਸਥਾ ਵੱਲ ਇਸ਼ਾਰਾ ਹੈ। ਭੱਜ ਨਹੀਂ ਸਕਦੇ। ਪੰਜਾਂ ਨੇ ਹੀ ਹਾਲਾ ਮੰਗਣਾ ਹੈ। ਦੇਣਾ ਹੀ ਪੈਣਾ ਹੈ। ਕੋਈ ਹੱਲ ਨਹੀਂ ਹੈ। ਪੰਜਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਇਨ੍ਹਾਂ ਪੰਜਾਂ ਦੀ ਜੋ ਸਮਝ ਹੈ, ਉਹੀ ਮੂਲ ਸਿਧਾਂਤ ਹੈ। ਜਦੋਂ ਇਨ੍ਹਾਂ ਨੂੰ ਸਮਝ ਲਿਆ, ਜਾਣ ਲਿਆ ਤਾਂ ਹੀ ਮੁਕਤੀ ਹੋਣੀ ਹੈ। ਮੁਕਤੀ ਕੋਈ ਛੁਟਕਾਰਾ ਨਹੀਂ ਹੈ। ਮੁਕਤੀ ਗਿਆਨ ਦਾ ਸਿਖਰ ਹੈ। ਜਾਣ ਲਿਆ ਹੈ ਪੰਜਾਂ ਨੂੰ ਹੀ। ਕਾਮ ਨੂੰ ਜਾਣ ਲਿਆ ਹੈ। ਕ੍ਰੋਧ ਨੂੰ ਜਾਣ ਲਿਆ ਹੈ। ਲੋਭ ਵੀ ਜਾਣ ਲਿਆ ਹੈ। ਮੋਹ ਵੀ ਜਾਣ ਲਿਆ। ਹੰਕਾਰ ਦੀ ਸਮਝ ਵੀ ਆ ਗਈ। ਹੁਣ ਮੁਕਤ ਹੋ ਗਏ। ਪੰਜੇ ਤੱਤ ਜਾਣ ਲਏ। ਧਰਤੀ, ਅਗਨ, ਹਵਾ, ਪਾਣੀ, ਅਕਾਸ਼, ਸਭ ਸਮਝ ਲਿਆ। ਪੰਜੇ ਤੱਤ ਜਾਣ ਲਏ। ਇਹ ਪੰਜੇ ਹਨ ਤਾਂ ਉਹ ਪੰਜੇ ਇਨ੍ਹਾਂ ਦੀ ਹੀ ਉਪਜ ਨੇ, ਜ਼ਰੂਰੀ ਹੈ ਮਨੁੱਖੀ ਸਰੀਰ ਵਾਸਤੇ। ਬੱਸ ਸਿਰਫ ਸਮਝ ਬਣਾਉਣੀ ਹੈ। ਸਤਿਗੁਰ ਕਬੀਰ ਕਹਿ ਰਹੇ ਨੇ ਇਨ੍ਹਾਂ ਨੇ ਜਬਰੀ ਹਾਲਾ ਮੰਗਣਾ ਹੈ। ਭਾਵੇਂ ਮੈਂ ਕਿਸੇ ਦੀ ਜ਼ਮੀਨ ਨਹੀਂ ਬੋਹੀ, ਤਾਂ ਵੀ ਹਾਲਾ ਮੰਗਣਾ ਹੀ ਹੈ। ਹੁਣ ਇਹਦੇ ਤੋਂ ਜੋ ਛੁਟਕਾਰਾ ਪਾਉਣਾ ਹੈ, ਉਹ ਕੀ ਹੈ, ‘ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ਰਹਾਓ’' ਗੁਰੂ ਨੂੰ ਪੁਕਾਰਿਆ ਹੈ। ਉਸ ਨੇ ਮੈਨੂੰ ਇਸ ਸੰਕਟ ’ਚੋਂ ਉਭਾਰਿਆ ਹੈ। ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਨੇ ਉਭਾਰਿਆ ਹੈ। ਔਰ ਗੁਰੂ ਕੌਣ ਹੈ? ‘ਕਹੁ ਕਬੀਰ ਮੈ ਸੇ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ’ ਗੁਰੂ ਬਿਬੇਕ ਹੈ। ਗੁਰੂ ਵਿਵੇਕ ਹੈ। ਵਿਵੇਕ ਗੁਰੂ ਹੈ। ਜਾਗਣਾ ਗੁਰੂ ਹੈ। ਹੋਸ਼ ’ਚ ਆ ਜਾਣਾ ਗੁਰੂ ਹੈ। ਮੈਂ ਹੋਸ਼ ’ਚ ਆ ਗਿਆ। ਮੁਕਤੀ ਹੋ ਗਈ। ਪੰਜਾਂ ਦੀ ਸਮਝ ਬਣ ਗਈ।

ਇਨ੍ਹਾਂ ਪੰਜਾਂ ਦੀ ਸਮਝ ਬਾਰੇ ਹੋਰ ਗਹਿਰਾ ਜਾਣਾ ਬਹੁਤ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਸੂਖਮ ਇਸ਼ਾਰੇ ਨਾਲ ਆਪਣੀ ਗੱਲ ਕਹਿੰਦੇ ਨੇ। ਉਨ੍ਹਾਂ ਦੇ ਇਸ਼ਾਰਿਆਂ ਦੀ ਗਹਿਰਾਈ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਬਹੁਤ ਹੀ ਕਠਿਨ ਕਾਰਜ ਹੈ ਪਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਦੇ ਹਾਂ ਤਾਂ ਇਨ੍ਹਾਂ ਸੂਖਮ ਇਸ਼ਾਰਿਆਂ ਦੇ ਵਿਸਤਾਰ ਨੂੰ ਵੀ ਪਾਉਂਦੇ ਹਾਂ। ਇਨ੍ਹਾਂ ਇਸ਼ਾਰਿਆਂ ’ਚੋਂ ਹੀ ਪੰਜ ਦਾ ਹਵਾਲਾ ਸਮਝਿਆ ਜਾ ਸਕਦਾ ਹੈ। ਪੰਚ ਪਰਵਾਣ ਪੰਚ ਪਰਧਾਨੁ ਪੰਜੇ ਪਰਵਾਨ ਵੀ ਨੇ ਤੇ ਪ੍ਰਧਾਨ ਵੀ ਨੇ। ਇਨ੍ਹਾਂ ਪੰਚ ਬਾਰੇ ਸਮਝ ਜੋ ਹੈ ਉਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੋਂ ਹੋਰ ਗਹਿਰੀ ਬਣਦੀ ਹੈ। ਉਨ੍ਹਾਂ ਦਾ ਸ਼ਲੋਕ ਹੈ-‘ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾਂ ਨ ਮਾਰੇ ਘੁੰਮਿ ਆਪਨੜੈ ਘਰ ਜਾਈਐ ਪੈਰ ਤਿਨਾ ਦੇ ਚੁੰਮਿ' ਇਸ ਸ਼ਲੋਕ ਦੀ ਵਿਆਖਿਆ ਬਹੁਤੇ ਥਾਈਂ ਸਹੀ ਤਰੀਕੇ ਨਾਲ ਪ੍ਰਭਾਸ਼ਿਤ ਨਹੀਂ ਕੀਤੀ ਗਈ ਹੈ। ਬਾਬਾ ਫਰੀਦ ਦੀ ਸੋਚ ਤੱਕ ਪਹੁੰਚਿਆ ਹੀ ਨਹੀਂ ਜਾ ਸਕਿਆ। ਗੁਣੀ ਲੋਕ ਜੋ ਨੇ, ਜੋ ਪ੍ਰਬੁੱਧ ਲੋਕ ਨੇ, ਸੰਤ ਲੋਕ ਨੇ, ਉਹ ਦੱਸਦੇ ਨੇ ਕਿ ਬਾਣੀ ਨੂੰ ਪੜ੍ਹਦਿਆਂ ਠਹਿਰਾਓ ਕਿੱਥੇ ਦੇਣਾ ਹੈ। ਬਹੁਤ ਜ਼ਰੂਰੀ ਹੈ ਕਿ ਸ਼ਬਦਾਂ ਦੇ ਰੱਖ ਰਖਾਓ ਬਾਰੇ ਤੁਹਾਨੂੰ ਗਿਆਨ ਹੋਵੇ। ਇੱਥੇ ਹੀ ਅਰਥਾਂ ਦੇ ਅਨਰਥ ਹੁੰਦੇ ਨੇ। ਇਸ ਸ਼ਲੋਕ ਨਾਲ ਵੀ ਕੁੱਝ ਇੰਝ ਹੀ ਵਾਪਰਿਆ ਹੈ। ਇਹ ਸ਼ਲੋਕ ਜੋ ਹੈ ਉਨ੍ਹਾਂ ਪੰਜਾਂ ਬਾਰੇ ਹੀ ਹੈ, ਜਿਹੜੇ ਸਤਿਗੁਰ ਕਬੀਰ ਕੋਲੋਂ ਹਾਲਾ ਮੰਗਦੇ ਨੇ। ਜਿਹੜੇ ਗੁਰੂ ਨਾਨਕ ਕੋਲ ਆ ਕੇ ਪਰਵਾਨ ਹੁੰਦੇ ਨੇ। ਇਸ ਸ਼ਲੋਕ ਨੂੰ ਪੜ੍ਹਨਾ ਕਿਵੇਂ ਹੈ? ਪਹਿਲਾ ਪੌਜ ਕਿੱਥੇ ਆਉਣਾ ਹੈ। ਇਸੇ ਨੇ ਇਸ ਦੇ ਅਰਥ ਨਿਰਧਾਰਤ ਕਰ ਦੇਣੇ ਨੇ। ‘ਫਰੀਦਾ ਜੋ ਤੈ ਮਾਰਨਿ’। ਪਹਿਲਾਂ ਸਿਰਫ ਇੱਥੋਂ ਤੱਕ ਪੜ੍ਹਨਾ ਹੈ। ਇਹਦੇ ਅਰਥ ਕਰਨੇ ਨੇ। ਫਰੀਦਾ ਜਿਨ੍ਹਾਂ ਨੂੰ ਤੂੰ ਮਾਰ ਰਿਹੈਂ। ਤੇਰਾ ਯਤਨ ਜੋ ਹੈ ਇਨ੍ਹਾਂ ਨੂੰ ਮਾਰਨ ਦਾ। ਉਸ ਯਤਨ ਨਾਲ ਇਹ ਮੁੱਕੀਆਂ? ਇਹ ਮਰੀਆਂ? ‘ਮੁੱਕੀਆਂ।’ ਦੂਸਰਾ ਪੌਜ ਜੋ ਹੈ, ਠਹਿਰਾਓ ਜੋ ਹੈ ਉਹ ਸਿਰਫ ਇਕ ਸ਼ਬਦ ਹੈ, ਮੁੱਕੀਆਂ। ਕੀ ਉਹ ਮੁੱਕ ਗਈਆਂ? ਤੇਰੇ ਮਾਰਨ ਨਾਲ। ਤੇ ਜਾਂ ਫਿਰ, ‘ਤਿਨਾ ਨ ਮਾਰੇ ਘੁੰਮਿ’ ਉਨ੍ਹਾਂ ਨੇ ਹੀ ਉਲਟਾ ਵਾਰ ਕਰ ਕੇ ਮਾਰ ਦਿੱਤਾ? ਉਹ ਉਲਟ ਪੈ ਗਈਆਂ। ਤੇਰਾ ਯਤਨ ਹੀ ਉਲਟਾ ਹੋ ਗਿਆ। ਜਿਨ੍ਹਾਂ ਨੂੰ ਮਾਰ ਰਿਹਾ ਸੀ, ਉਨ੍ਹਾਂ ਨੇ ਹੀ ਘੁੰਮ ਕੇ ਮਾਰ ਦਿੱਤਾ। ਬਹੁਤ ਗਹਿਰਾ ਸਵਾਲ ਹੈ। ਉਨ੍ਹਾਂ ਪੰਜਾਂ ਨੇ ਹੀ। ਕਾਮ, ਕਰੋਧ, ਲੋਭ, ਮੋਹ, ਹੰਕਾਰ ਨੇ ਹੀ ਮਾਰ ਦਿੱਤਾ। ਹੁਣ ਇਨ੍ਹਾਂ ਤੋਂ ਬਚਣਾ ਕਿਵੇਂ ਹੈ? ਬਾਬਾ ਜੀ ਜਵਾਬ ਦੇ ਰਹੇ ਨੇ- ‘ਆਪਨੜੈ ਘਰ ਜਾਈਐ’ ਆਪਣੇ ਘਰ ਜਾਓ। ਆਪਣੇ ਅੰਦਰ ਝਾਤੀ ਮਾਰੋ। ਬਾਬਾ ਫਰੀਦ ਜੀ ਦੇ ਕਲਾਮ ਦਾ ਇਹ ਕਮਾਲ ਹੈ ਕਿ ਉਹ ਵਾਰ-ਵਾਰ ਗਿਰੇਵਾਨ ਵੱਲ ਝਾਕਣ ਦੀ ਗੱਲ ਕਰਦੇ ਨੇ। ਆਪਣੇ ਅੰਦਰ ਝਾਕਣ ਦੀ ਗੱਲ ਕਰਦੇ ਨੇ। ਆਪਣੇ ਆਪ ਨੂੰ ਪੜ੍ਹੋ। ਇਨ੍ਹਾਂ ਨੂੰ ਖ਼ੁਦ ’ਚੋਂ ਦੇਖਣ ਦਾ ਯਤਨ ਕਰੋ। ਫਿਰ ਕੀ ਘਟਿਤ ਹੋਵੇਗਾ? ਫਿਰ ਘਟੇਗਾ- ‘ਪੈਰ ਤਿਨਾ ਦੇ ਚੁੰਮਿ£’ ਤੁਸੀਂ ਉਨ੍ਹਾਂ ਦੇ ਪੈਰ ਚੁੰਮ ਲਵੋਗੇ। ਤੁਸੀਂ ਸਮਝ ਲਿਆ, ਉਨ੍ਹਾਂ ਦੇ ਪੈਰ ਚੁੰਮੋਗੇ। ਤੁਹਾਡੇ ਬਗੈਰ ਤਾਂ ਗਤੀ ਹੀ ਨਹੀਂ ਹੈ। ਤੁਸੀਂ ਅਗਨ ਤੱਤ, ਪਾਣੀ ਤੱਤ, ਅਕਾਸ਼ ਤੱਤ, ਧਰਤੀ ਤੱਤ, ਹਵਾ ਤੱਤ ਦੇ ਪੁਤਲੇ ਹੋ। ਇਨ੍ਹਾਂ ਤੱਤਾਂ ਦਾ ਪ੍ਰਭਾਵ ਕੀ ਤੁਹਾਡੇ ਸਰੀਰ ਉੱਤੇ ਨਹੀਂ ਹੋਵੇਗਾ? ਇਸੇ ਕਰ ਕੇ ਗੁਰੂ ਸਾਹਿਬਾਨ ਨੇ, ਵੱਡੇ ਲੋਕਾਂ ਨੇ ਇਸ ਸਰੀਰ ਦੀ ਸਮਝ ਵੱਲ ਇਸ਼ਾਰੇ ਕੀਤੇ ਨੇ। ਭਾਰਤ ਦਾ ਦੁਖਾਂਤ ਰਿਹਾ ਹੈ ਕਿ ਸਾਡੇ ਬਹੁਤੇ ਗ੍ਰੰਥ ਜੋ ਨੇ, ਇਨ੍ਹਾਂ ਤੱਤਾਂ ਨੂੰ ਮਾਰਨ ਦੀ ਗੱਲ ਕਰਦੇ ਰਹੇ ਨੇ। ਇਸੇ ਕਰ ਕੇ ਇਨ੍ਹਾਂ ਤੱਤਾਂ ਨੇ ਉਲਟਾ ਇਨ੍ਹਾਂ ਨੂੰ ਹੀ ਮਾਰਿਆ ਹੈ।

ਹੁਣ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੂਖਮ ਇਸ਼ਾਰਿਆਂ ਤੱਕ ਆਪਣੀ ਰਸਾਈ ਬਣਾ ਸਕਦੇ ਹੋ। ‘ਪੰਚ ਪਰਵਾਣ ਪੰਚ ਪਰਧਾਨੁ ਪੰਚੇ, ਪਾਵਹਿ ਦਰਗਹ ਮਾਨੁ’ ਇਹੀ ਪੰਜੇ ਪ੍ਰਧਾਨ ਨੇ। ਇਹੀ ਉਸ ਸੱਚੀ ਦਰਗਾਹ ’ਚ ਮਾਣ ਪਾਉਂਦੇ ਨੇ। ਇਹ ਪਾਰਗਾਮੀ ਰਹੱਸ ਵੱਲ ਇਸ਼ਾਰਾ ਹੈ। ਕਾਵਿ ਉਡਾਣ ਹੈ। ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਇਸ ਪਉੜੀ ’ਚ ਆ ਕੇ ਬਾਣੀ ਦਾ ਆਸਣ ਬਦਲਦੇ ਨੇ। ਪਹਿਲੀਆਂ ਪਉੜੀਆਂ ਤੋਂ ਸੁਭਾਅ ਵੀ ਅਲੱਗ ਹੋ ਗਿਆ, ਤੋਰ ਵੀ ਅਲੱਗ ਹੋ ਗਈ। ਥੌਟ ਦਾ ਪਰਵਾਹ ਵੀ ਅਲੱਗ ਹੋ ਗਿਆ। ਬਹੁਤ ਬਰੀਕ ਨਿਗ੍ਹਾ ਰੱਖਣਾ ਪੈਂਦੀ ਹੈ, ਗੁਰੂ ਸਾਹਿਬ ਦੀ ਬਾਣੀ ’ਤੇ ਵਿਚਾਰ ਕਰਦਿਆਂ। ਉਹ ਇਕ-ਇਕ ਸ਼ਬਦ ਰਾਹੀਂ ਬਹੁਤ ਗਹਿਰੇ ਸੁਨੇਹੇ ਦੇ ਰਹੇ ਹੁੰਦੇ ਨੇ। ਤੁਸੀਂ ਕਿਸੇ ਵੀ ਨੁਕਤੇ ਤੋਂ ਖੁੰਝ ਗਏ ਤਾਂ ਸਮਝੋ ਮਸਲਾ ਹੱਥੋਂ ਨਿਕਲ ਗਿਆ। ਪਾਰਗਾਮੀ ਮਾਣ ਹੈ। ਇਧਰ ਦੁਨੀਆਦਾਰ ਸੰਸਾਰ ’ਚ ਵੀ ਸੋਹ ਰਹੇ ਨੇ। ‘ਪੰਚੇ ਸੋਹਿ ਦਰਿ ਰਾਜਾਨੁ’ ਉਸ ਰਾਜੇ ਦੇ ਦਰ ਉੱਤੇ ਵੀ ਸੋਂਹਦੇ ਨੇ। ਸੋਹਣੇ ਫੱਬਦੇ ਨੇ। ਸਾਲਾਹ ਹੁੰਦੀ ਹੈ। ਔਰ ਇਨ੍ਹਾਂ ਪੰਜਾਂ ਨੂੰ ਸਮਝਣਾ ਕਿਵੇਂ ਹੈ? ਜਾਣਨਾ ਕਿਵੇਂ ਹੈ? ਇਹ ਕਦੋਂ ਪ੍ਰਧਾਨ ਹੋਣਗੇ, ਜਦੋਂ ਤੁਸੀਂ ਸਮਝ ਲਿਆ। ਪਾ ਲਿਆ। ਜਾਣ ਗਏ। ਫਿਰ ਇਹ ਪ੍ਰਧਾਨ ਹੋ ਜਾਣਗੇ। ਨਹੀਂ ਤਾਂ ਇਹ ਵਿਸ਼ੇ ਨੇ, ਵਿਕਾਰ ਨੇ। ਪ੍ਰਧਾਨ ਕਿਵੇਂ ਹੋਣਗੇ? ‘ਪੰਚਾ ਕਾ ਗੁਰ ਏਕ ਧਿਆਨ’ ਗੁਰੂ ਫਿਰ ਕੀ ਹੈ ਸਮਝਣ ਲਈ, ਧਿਆਨ। ਧਿਆਨ ਉਹੀ ਜਿਸਨੂੰ ਸਤਿਗੁਰ ਕਬੀਰ ਬਿਬੇਕ ਕਹਿ ਰਹੇ ਨੇ, ਜਿਨ੍ਹਾਂ ਨੂੰ ਸਮਝਣ ਲਈ ਬਾਬਾ ਫਰੀਦ ਅੰਦਰ ਝਾਕਣ ਦੀ ਗੱਲ ਕਰ ਰਹੇ ਨੇ। ਜਿਨ੍ਹਾਂ ਬਾਰੇ ਗੱਲ ਕਰਦਿਆਂ ਗੁਰੂ ਰਵਿਦਾਸ ਕਹਿੰਦੇ ਨੇ ਕਿ ਇਹ ਹਰ ਪੱਲ ਮੇਰਾ ਅੰਤਰ ਪਾੜ ਰਹੇ ਨੇ। ਜਦ ਵੀ ਦੇਖਦਾ ਹਾਂ ਦੁੱਖ ਦੀ ਰਾਸੀ ਹੈ। ਫਿਰ ਉਹ ਵੀ ਇਨ੍ਹਾਂ ਤੋਂ ਛੁਟਕਾਰਾ ਰਘੁਨਾਥ ਦੀ ਸ਼ਰਨ ’ਚ ਦੱਸਦੇ ਨੇ। ਇਹ ਸ਼ਰਨ ਵੀ ਜੋ ਹੈ, ਇਹ ਉਸੇ ਵਰਤਾਰੇ ਪ੍ਰਤੀ ਵਿਲੀਨਤਾ ਵਾਲੀ ਸਥਿਤੀ ਹੈ। ਜਿਸ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧਿਆਨ ਕਹਿ ਰਹੇ ਨੇ।

ਹੁਣ ਅਗਲੀਆਂ ਦੋ ਸਤਰਾਂ ਨੇ ਜੋ, ਉਹ ਹੋਰ ਅਗਾਂਹ ਲੈ ਜਾਂਦੀਆਂ ਨੇ ਵਿਚਾਰ ਨੂੰ। ਇਨ੍ਹਾਂ ਪੰਜਾਂ ਦੀ ਸਮਝ ਵੀ ਜੋ ਹੈ, ਉਹ ਉਸ ਕਰਤੇ ਵੱਲ ਹੀ ਇਸ਼ਾਰਾ ਹੈ। ਸਮਝ ਲਿਆ ਉਸ ਕਰਤਾਰ ਦੇ ਰੰਗ ਨੂੰ। ਪਰ ਰੰਗ ਤਾਂ ਅੱਗੇ ਹੋਰ ਦਾ ਹੋਰ ਹੀ ਹੈ! ‘ਜੇ ਕੋ ਕਹੈ, ਕਰੈ ਵੀਚਾਰੁ ਕਰਤੇ ਕੈ ਕਰਣੈ, ਨਾਹੀ ਸੁਮਾਰੁ’ ਇਸ ਅਨੰਤਤਾ ਵਾਲੀ ਜੋ ਪੁਜ਼ੀਸ਼ਨ ਹੈ, ਗੁਰੂ ਨਾਨਕ ਦੇਵ ਜੀ ਦੀ, ਇਹ ਵੀ ਬਹੁਤ ਵੱਡੀ ਹੈ। ਉਸ ਕੁਦਰਤ ਦੇ ਵਿਸਤਾਰ ਨੂੰ, ਗਹਿਰਾਈ ਨੂੰ, ਫੈਲਾਅ ਨੂੰ, ਉਸ ਦੀ ਡਾਇਲੈਕਟ ਨੂੰ, ਉਸ ਦੇ ਵਿਗਸਣ ਨੂੰ, ਉਸ ਦੀ ਉਣਤਰ/ਬਣਤਰ ਨੂੰ, ਵਹਾਅ ਨੂੰ, ਰਿਦਮ ਨੂੰ, ਰਜ਼ਾ ਨੂੰ ਸਮਝਣਾ ਬਹੁਤ ਕਠਿਨ ਹੈ। ਜਿਥੋਂ ਤੱਕ ਲੱਭ ਲਿਆ, ਉਥੋਂ ਤਾਂ ਉਹ ਸ਼ੁਰੂ ਹੋ ਰਿਹਾ ਹੈ। ਅਨੰਤ ਹੈ ਸਾਰਾ ਕੁੱਝ। ਕੋਈ ਅੰਤ ਨਹੀਂ। ਕੋਈ ਪਾਰਾਵਾਰ ਨਹੀਂ ਹੈ। ‘ਜੇ ਕੋ ਕਹੈ, ਕਰੈ ਵੀਚਾਰੁ ਕਰਤੇ ਕੈ ਕਰਣੈ, ਨਾਹੀ ਸੁਮਾਰੁ’ ਵਿਚਾਰ ਹੀ ਨਹੀਂ ਕੀਤਾ ਜਾ ਸਕਦਾ। ਹੋ ਹੀ ਨਹੀਂ ਸਕਦਾ। ਬੱਸ ਸਿਰਫ ਗਿਆਨ ਸਮਾਧੀ ਰਾਹੀਂ ਉਸ ਦੀਆਂ ਕੁੱਝ ਅਟੱਲ ਸੱਚਾਈਆਂ ਨੂੰ ਸਮਝਣਾ ਹੈ। ਬਦਲਣਾ ਨਹੀਂ ਹੈ। ਬਦਲਣਾ ਗੈਰ ਕੁਦਰਤੀ ਵਰਤਾਰਾ ਹੋ ਗਿਆ। ਤੁਸੀਂ ਕੁਝ ਗਲਤ ਕਰ ਗਏ। ਇਸੇ ਕਰਕੇ ਉਨ੍ਹਾਂ ਪੰਜਾਂ ਨੇ ਉਲਟਾ ਤੁਹਾਨੂੰ ਮਾਰਿਆ। ਘੁੰਮ ਕੇ ਮਾਰਿਆ। ਇਸੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਧਿਆਨ ਰਾਹੀਂ, ਬਿਬੇਕ ਰਾਹੀਂ ਇਨ੍ਹਾਂ ਬਾਰੇ ਸਮਝ ਬਣਾਉਣੀ ਹੈ। ਜੋ ਘਟਿਤ ਹੋਣਾ ਹੈ, ਫਿਰ ਤੁਹਾਡੇ ਅੰਦਰ ਉਹ ਅਦਭੁੱਤ ਹੋਵੇਗਾ। ਉਹ ਕ੍ਰਾਂਤੀ ਹੋਵੇਗੀ। ਉਹਦਾ ਅਨੰਦ ਫਿਰ ਪਰਮ ਅਨੰਦ ਹੋਵੇਗਾ।

ਦੇਸ ਰਾਜ ਕਾਲੀ

੭੯੮੬੭-੦੨੪੯੩

79867-02493