ਸ੍ਰੀ ਗੁਰੂ ਨਾਨਕ ਦੇਵ ਅਤੇ ਵਲੀ ਕੰਧਾਰੀ

6/15/2019 10:18:26 AM

ਚਿੱਤਰਕਾਰੀ 'ਚ ਗੁਰੂ ਨਾਨਕ ਵਿਰਾਸਤ
ਜਸਵੰਤ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਈ ਰੂਪ ਚਿੱਤਰ ਪੇਂਟ ਕੀਤੇ ਹਨ ਅਤੇ ਹਰੇਕ ਤਸਵੀਰ ਉਨ੍ਹਾਂ ਦਾ ਵੱਖੋ-ਵੱਖਰਾ ਅਕਸ ਉਭਾਰਦੀ ਹੈ। ਪੇਂਟਰ ਵਲੋਂ ਤਿਆਰ ਗੁਰੂ ਨਾਨਕ ਦੀ ਛੱਬ ਓਹੋ ਜਿਹੀ ਬਿਲਕੁਲ ਨਹੀਂ ਜਿਵੇਂ ਦੀਆਂ ਛੱਬੀਆਂ ਉਸ ਵੇਲੇ ਪ੍ਰਚੱਲਿਤ ਸਨ ਜਾਂ ਇਸ ਤੋਂ ਪਹਿਲਾਂ ਬਣਾਈਆਂ ਜਾ ਚੁੱਕੀਆਂ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਦੇਖਣ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਨੂੰ ਜਸਵੰਤ ਸਿੰਘ ਦੀਆਂ ਰਚਨਾਵਾਂ ਦੇਖ ਕੇ ਕੁਝ-ਕੁਝ ਓਪਰਾਪਨ ਮਹਿਸੂਸ ਹੋ ਸਕਦਾ ਹੈ। ਇਹੋ 'ਓਪਰਾਪਨ ਮਹਿਸੂਸ ਹੋਣਾ' ਜਸਵੰਤ ਸਿੰਘ ਕਲਾ ਦੀ ਵੱਖਰਤਾ ਅਤੇ ਵਿਸ਼ੇਸ਼ਤਾ ਹੈ।

ਉਹ ਕਿਸੇ ਵੇਲੇ ਗੁਰੂ ਸਾਹਿਬ ਦਾ ਚਿਹਰਾ ਪੇਂਟ ਕਰਦਾ ਹੈ, ਕਦੇ ਕਾਰਜ-ਵਿਹਾਰ ਵਿਚ ਲਿਪਤ ਗੁਰੂ ਸਾਹਿਬ ਦੇ ਕਿਸੇ ਅੰਗ-ਅੰਸ਼ ਨੂੰ ਅਰਥਵਾਨ ਬਣਾ ਕੇ ਪੇਸ਼ ਕਰ ਦਿੰਦਾ ਹੈ ਅਤੇ ਕਿਸੇ ਵੇਲੇ ਪੂਰਾ ਸਰੀਰ। ਇਹ ਪੇਂਟਿੰਗ ਚਿੱਤਰਕਾਰ ਨੇ ਵਲੀ ਕੰਧਾਰੀ ਵਾਲੀ ਸਾਖੀ ਨੂੰ ਸਾਹਮਣੇ ਰੱਖ ਤਿਆਰ ਕੀਤੀ ਹੈ। ਗੁਰੂ ਜੀ ਜਦ ਵੀ ਉਦਾਸੀਆਂ ਹਿੱਤ ਘਰੋਂ ਚੱਲੇ ਤਾਂ ਉਨ੍ਹਾਂ ਨੂੰ ਰਾਹ ਵਿਚ ਅਨੇਕ ਅਣਚਿਤਵੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਅਨੇਕਾਂ ਘਟਨਾਵਾਂ ਵਿਚੋਂ ਕੁਝ ਕੁ ਹੀ ਸਾਡੇ ਲਿਖਤ ਅਤੇ ਬੋਲ ਸੰਸਾਰ ਦਾ ਹਿੱਸਾ ਬਣ ਸਕੀਆਂ ਹਨ। ਇਹ ਕਿਰਤ ਅਨੇਕ ਘਟਨਾਵਾਂ ਵਿਚੋਂ ਵਲੀ ਕੰਧਾਰੀ ਨਾਲ ਜੁੜੀ ਘਟਨਾ ਨੂੰ ਆਪਣਾ ਆਧਾਰ ਬਣਾਉਂਦੀ ਹੈ। ਸਫਰ ਦੌਰਾਨ ਭੁੱਖ-ਪਿਆਸ ਨੇ ਸਫਰਕਾਰਾਂ ਨੂੰ ਸਤਾਇਆ ਹੋਵੇਗਾ। ਇੱਦਾਂ ਹੀ ਇਕ ਵਾਰ ਭਾਈ ਮਰਦਾਨਾ ਪਾਣੀ ਤਲਾਸ਼ਦੇ ਹਨ ਤਾਂ ਜੋ ਪਿਆਸ ਬੁਝਾਈ ਜਾ ਸਕੇ। ਪੁੱਛਣ ਉਪਰੰਤ ਪਤਾ ਚੱਲਦਾ ਹੈ ਕਿ ਪਹਾੜ ਉੱਪਰ ਨਿਵਾਸ ਕਰਨ ਵਾਲਾ ਵਲੀ ਕੰਧਾਰੀ ਜਲ-ਸਰੋਤ ਦਾ ਮਾਲਕ ਹੈ। ਗੁਰੂ ਜੀ ਭਾਈ ਮਰਦਾਨੇ ਨੂੰ ਵਲੀ ਕੰਧਾਰੀ ਵਲ ਘੱਲਦੇ ਹਨ ਤਾਂ ਕਿ ਉਹ ਪਾਣੀ ਪੀ ਤ੍ਰਿਪਤ ਹੋ ਸਕੇ। ਹੰਕਾਰੀ ਵਲੀ ਕੰਧਾਰੀ ਉੱਚਾ ਬੋਲ ਬੋਲਦਿਆਂ ਕਹਿੰਦਾ ਹੈ, “ਜੇ ਤੇਰਾ ਗੁਰੂ ਤੇਰੇ ਕਹੇ ਅਨੁਸਾਰ ਵੱਡਾ ਹੈ ਤਾਂ ਉਹ ਤੇਰੀ ਪਿਆਸ ਕਿਉਂ ਨਹੀਂ ਬੁਝਾਉਂਦਾ। ਉਹ ਤੈਨੂੰ ਮੇਰੇ ਕੋਲ ਮੁੜ ਮੁੜ ਕੇ ਕਿਉਂ ਭੇਜ ਰਿਹਾ ਹੈ''। ਮਰਦਾਨੇ ਦੀ ਸਾਰੀ ਗੱਲ ਸੁਣਨ ਉਪਰੰਤ ਗੁਰੂ ਸਾਹਿਬ ਪਹਾੜ ਵਿਚਾਲਿਓਂ ਪੱਥਰ ਕੱਢਦੇ ਹਨ। ਉਸੇ ਥਾਓਂ ਪਾਣੀ ਦਾ ਚਸ਼ਮਾ ਨਿਕਲ ਪੈਂਦਾ ਹੈ। ਉਪਰ ਸਥਿਤ-ਜਲ ਕੁੰਡ ਦੇ ਪਾਣੀ ਦੀ ਮਿਕਦਾਰ ਘੱਟਦਿਆਂ ਦੇਖ ਵਲੀ ਕੰਧਾਰੀ ਤੈਸ਼ ਵਿਚ ਆ ਜਾਂਦਾ ਹੈ। ਗੁੱਸੇ ਨਾਲ ਭਰਪੂਰ ਉਹ ਪਹਾੜ ਦੇ ਸਿਖਰੋਂ ਵੱਡਾ ਪੱਥਰ ਦੋਹਾਂ ਯਾਤਰੂਆਂ ਵੱਲ ਰੋੜ੍ਹ ਦਿੰਦਾ ਹੈ ਤਾਂ ਜੋ ਉਸ ਥੱਲੇ ਦੱਬਣ ਕਾਰਣ ਉਨ੍ਹਾਂ ਦੇ ਜੀਵਨ ਦਾ ਅੰਤ ਹੋ ਜਾਵੇ ਪਰ ਉਸ ਦੇ ਮਨ ਦੀ ਇੱਛਾ ਪੂਰੀ ਨਹੀਂ ਹੁੰਦੀ। ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਵੱਡੇ ਪੱਥਰ ਨੂੰ ਹੱਥ ਦੇ ਕੇ ਰੋਕ ਲੈਂਦੇ ਹਨ। ਇਹ ਕੌਤਕ ਵੇਖ ਹੰਕਾਰੀ ਦਾ ਹੰਕਾਰ ਟੁੱਟਦਾ ਹੈ, ਉਹ ਗੁਰੂ ਸਾਹਿਬ ਦੇ ਚਰਨੀ ਆ ਪੈਂਦਾ ਹੈ।

ਸਾਖੀ ਦਾ ਨਾਇਕ ਹੀ ਇਸ ਪੇਂਟਿੰਗ ਦਾ ਨਾਇਕ ਵੀ ਹੈ ਅਤੇ ਇਹਦੇ ਕੇਂਦਰ ਵਿਚ ਹੈ। ਗੁਰੂ ਨਾਨਕ ਦੇਵ ਜੀ ਆਪਣਾ ਸੱਜਾ ਹੱਥ ਉਤਾਂਹ ਵੱਲ ਕਰ ਕੇ ਆਪਣੇ ਵਲ ਆ ਰਹੇ ਵੱਡੇ ਪੱਥਰ ਨੂੰ ਰੋਕਣ ਦੀ ਮੁਦਰਾ ਵਿਚ ਹਨ। ਪੱਥਰ ਅਤੇ ਹੱਥ ਵਿਚਾਲੇ ਅਜੇ ਮੇਲ ਨਹੀਂ ਹੋਇਆ। ਕਥਾ ਸਾਹਿਤ ਵਲ ਮੁੜੀਏ ਤਾਂ ਸਭ ਨੂੰ ਪਤਾ ਹੈ ਕਿ ਕੀ ਹੋਇਆ ਸੀ ਪਰ ਪੇਂਟਰ ਕਥਾ ਦੇ ਨਿਰਣਾਤਮਕ ਪੱਖ ਤੋਂ ਐੱਨ ਪਹਿਲਾਂ ਦੀ ਛੱਬ ਉਲੀਕ ਕੇ ਹੋਣ ਜਾਂ ਨਾ ਹੋਣ ਦਾ ਦਵੰਦ ਉਭਾਰ ਦਿੰਦਾ ਹੈ। ਇਹ ਪਹੁੰਚ ਰਚਨਾ ਨੂੰ ਪੇਂਟਿੰਗ ਦੇ ਪੱਖੋਂ ਆਕਰਸ਼ਕ ਬਣਾਉਂਦੀ ਹੈ, ਦੇਖਣਯੋਗ ਬਣਾਉਂਦੀ ਹੈ।

ਇਹ ਪੇਂਟਿੰਗ ਕਦੋਂ ਪੇਂਟ ਕੀਤੀ ਗਈ ਜਾਂ ਇਹਦਾ ਆਕਾਰ ਕੀ ਹੈ, ਬਾਬਤ ਕੋਈ ਤਫਸੀਲ ਨਹੀਂ ਮਿਲਦੀ। ਇਹ ਚਿੱਤਰ ਕਿੱਥੇ ਹੈ, ਇਸ ਦੀ ਸੂਹ ਵੀ ਕਿਸੇ ਕੋਲ ਨਹੀਂ। ਇਹ ਚਿੱਤਰ ਉਸ ਗੁਰੂ ਵਿਅਕਤੀ ਬਾਰੇ ਕੁਝ ਕਹਿ ਰਿਹਾ ਹੈ, ਜੋ ਸਮਾਜ ਕਲਿਆਣ ਹਿੱਤ ਘਰ ਦਾ ਤਿਆਗ-ਕਰ ਉਦਾਸੀ 'ਤੇ ਨਿਕਲੇ ਹੋਏ ਹਨ। ਹੁਣ 'ਮਾਰਗ' ਹੀ ਉਨ੍ਹਾਂ ਦਾ ਅਸਲ ਘਰ ਹੈ, ਗਾਰੇ-ਪੱਥਰ ਨਾਲ ਬਣਿਆ ਹੋਇਆ ਨਹੀਂ। ਜਸਵੰਤ ਸਿੰਘ ਦੇ ਗੁਰੂ ਨਾਨਕ ਦੇਵ ਜੀ ਇਸੇ ਮਾਹੌਲ ਵਿਚੋਂ ਰੂਪ ਧਾਰਦੇ ਹਨ। ਉਹ ਕਿਸੇ ਘਰ ਵਿਚ ਨਹੀਂ ਸਗੋਂ ਨਿਰਜਨ ਥਾਂ ਟਿਕੇ ਹੋਏ ਹਨ।

ਇਹ ਦ੍ਰਿਸ਼ ਆਪਣੇ-ਆਪ ਵਿਚ ਪੂਰਾ ਹੈ ਪਰ ਜਿਨ੍ਹਾਂ ਇਕਾਈਆਂ ਨਾਲ ਇਹ ਦ੍ਰਿਸ਼ ਬਣਿਆ ਹੈ ਉਹ ਆਪਣੇ-ਆਪ ਵਿਚ ਪੂਰੀਆਂ ਨਹੀਂ। ਇਹ ਪੂਰੀ ਗੱਲ ਕਹਿਣ ਵਾਲਾ ਅਧੂਰੀਆਂ ਇਕਾਈਆਂ ਵਾਲਾ ਦ੍ਰਿਸ਼ ਹੈ।

ਸਭ ਤੋਂ ਪਹਿਲਾਂ ਪਿਛੋਕੜ ਵਾਲਾ ਜੰਗਲ ਲੈਂਦੇ ਹਾਂ। ਇਹ ਸੰਘਣਾ ਹੈ ਅਤੇ ਸਾਰੇ ਕੈਨਵਸ ਉੱਪਰ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਪਸਰਿਆ ਹੋਇਆ ਹੈ। ਚਿੱਤਰ ਵਿਚ ਵੱਡੇ ਆਕਾਰ ਵਾਲੇ ਜੰਗਲ ਦਾ ਨਿਗੁਣਾ ਅੰਸ਼ ਪੇਸ਼ ਹੋਇਆ ਹੈ। ਦੂਸਰੀ ਵਡੇਰੀ ਇਕਾਈ, ਜਿਹੜੀ ਦ੍ਰਿਸ਼ ਦਾ ਕਾਰਣ-ਕਾਰਜ ਸਬੰਧ ਰਚਦੀ ਹੈ, ਵਲੀ ਕੰਧਾਰੀ ਵਲੋਂ ਰੋੜ੍ਹਿਆ ਪੱਥਰ ਹੈ। ਇਹ ਵੀ ਵੱਡੇ ਰੂਪ ਦਾ ਅੰਸ਼ ਹੀ ਹੈ। ਜੋ ਦਿਸਦਾ ਹੈ, ਉਸ ਤੋਂ ਜੇ ਅਨੁਮਾਨ ਲਾਇਆ ਜਾਵੇ ਤਾਂ ਪੱਥਰ ਦਾ ਆਕਾਰ ਹੈਰਾਨਕੁੰਨ ਹੋਵੇਗਾ। ਫਿਰ ਉਸੇ ਅਨੁਰੂਪ ਮਨੁੱਖੀ ਸਰੀਰਾਂ (ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ) ਦੀ ਕਲਪਨਾ ਦਰਸ਼ਕ ਦੀ ਸੋਚ ਅਚੰਭਿਤ ਕਰ ਸਕਦੀ ਹੈ।

ਇਹ ਪੱਕੇ ਹੋ ਕੇ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦਾ ਸਾਥੀ ਬੈਠੇ ਹੋਏ ਹਨ ਜਾਂ ਖੜ੍ਹੇ ਹੋਏ ਹਨ। ਦੇਖਣ ਵਾਲਾ ਦੋਹਾਂ ਅਵਸਥਾਵਾਂ ਨੂੰ ਮਨ ਹੀ ਮਨ ਕਲਪ ਸਕਦਾ ਹੈ। ਇਸ ਦਾ ਕਾਰਣ ਚਿੱਤਰ ਅੰਦਰ ਮੌਜੂਦ ਹੈ। ਚਿੱਤਰਕਾਰ ਦੀ ਚਿੱਤਰ ਰਚਨਾ ਦਾ ਅੰਦਾਜ਼ ਇਹ ਭਰਮ ਪੈਦਾ ਕਰਦਾ ਹੈ। ਇਹ ਭਰਮ ਇਸ ਸਦਕਾ ਹੈ ਕਿਉਂਕਿ ਮਨੁੱਖ ਸਰੀਰ ਪੂਰੇ ਆਕਾਰ ਵਾਲੇ ਨਹੀਂ ਹਨ।

ਆਮ ਤੌਰ 'ਤੇ ਇਸ ਸਾਖੀ ਨੂੰ ਆਧਾਰ ਬਣਾ ਕੇ ਪੇਂਟ ਕੀਤੇ ਹੋਏ ਦੂਸਰੇ ਪੇਂਟਰਾਂ ਦੇ ਚਿੱਤਰ ਸਾਰਾ ਕੁਝ ਸਾਫ਼-ਸਾਫ਼ ਉਲੀਕ ਦਿੰਦੇ ਹਨ। ਕੋਈ ਰਹੱਸ ਜਾਂ ਲੁਕਾਅ ਨਹੀਂ ਰੱਖਿਆ ਜਾਂਦਾ ਪਰ ਜਸਵੰਤ ਸਿੰਘ ਉਸ ਰਵਾਇਤ ਨੂੰ ਦਹੁਰਾਉਂਦਾ ਨਹੀਂ ਸਗੋਂ ਉਸ ਨੂੰ ਤੋੜ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਹੈ। ਚਿਤੇਰਾ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸੇਵਕ ਨੂੰ ਇਕੋ ਜਿਹੇ ਰੂਪ ਵਿਚ ਵੀ ਨਹੀਂ ਬਣਾਉਂਦਾ। ਦੋਹਾਂ ਵਿਚਾਲੇ ਅੰਤਰ ਹੈ ਕਿਉਂਕਿ ਦੋਵੇਂ ਸਮ ਪ੍ਰਕਿਰਤੀ ਦੇ ਧਾਰਨੀ ਨਹੀਂ। ਜੋ ਸਾਖੀ ਸੰਸਾਰ ਵਿਚ ਦਰਜ ਹੈ, ਉਸ ਨੂੰ ਚਿੱਤਰ-ਸੰਸਾਰ ਵਿਚ ਵੀ ਥਾਂ ਮਿਲਣੀ ਚਾਹੀਦੀ ਹੈ। ਚਿੱਤਰਕਾਰ ਨੇ ਸੰਕਟ ਵਾਲੇ ਖਿਣਾਂ ਨੂੰ ਚਿੱਤਰ ਕੇ ਉਸ ਵਿੱਥ ਨੂੰ ਦਰਸ਼ਕ ਸਾਹਮਣੇ ਲਿਆ ਦਿੱਤਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਦੇ ਚਿਹਰੇ ਇਕ ਚਸ਼ਮੀ ਹਨ, ਦੋਹਾਂ ਦੀਆਂ ਨਜ਼ਰਾਂ ਆ ਰਹੇ ਸੰਕਟ (ਪੱਥਰ) ਵਲ ਸੇਧੀਆਂ ਹੋਈਆਂ ਹਨ। ਇੰਨੀ ਕੁ ਸਮਾਨਤਾ ਦੇ ਬਾਅਦ ਵੱਡੀ ਸਮਾਨਤਾ ਦਾ ਆਧਾਰ ਸੰਕਟ ਪ੍ਰਤੀ ਹੋਣ ਵਾਲੇ ਪ੍ਰਤੀਕਰਮ ਅੰਤਰ ਵਿਆਪਤ ਹੈ। ਗੁਰੂ ਸਾਹਿਬ ਦਾ ਚਿਹਰਾ ਅਧਿਆਤਮਕ, ਯਾਤਰਾਵਾਂ ਦੇ ਅਨੁਭਵਾਂ ਅਤੇ ਚੰਗੇ-ਮਾੜੇ ਮੌਸਮਾਂ ਦੇ ਅਸਰਾਂ ਦੀ ਝਲਕ ਦਿੰਦਾ ਹੈ। ਸੰਭਵ ਹੈ ਤਾਹੀਓਂ ਉਸ ਵਿਚ ਚਮਕ-ਦਮਕ ਹੈ। ਇਸ ਦੇ ਮੁਕਾਬਲੇ ਦਿਨ-ਰਾਤ ਸਾਥ ਦੇਣ ਵਾਲੇ ਭਾਈ ਮਰਦਾਨਾ ਦੇ ਚਿਹਰੇ ਉੱਪਰ ਦੁਨੀਆਵੀ ਪ੍ਰਤੀਕਰਮ ਉਭਰ ਰਹੇ ਹਨ। ਭੈਅ-ਭੀਤ ਚਿਹਰੇ ਕੋਲ ਅਭਿਵਿਅਕਤੀ ਤਾਂ ਹੈ ਪਰ ਉਤਪੰਨ ਹੋਏ ਸੰਕਟ ਨੂੰ ਦੂਰ ਕਰਨ ਵਾਲਾ ਕੋਈ ਸਰੀਰ ਪ੍ਰਤੀਕਰਮ ਨਹੀਂ। ਦੋਵੇਂ ਜਣੇ ਇਕ ਹੀ ਰਾਹ ਉੱਪਰ ਚਲ ਰਹੇ ਹਨ ਪਰ ਇਸ ਦੇ ਬਾਵਜੂਦ ਸੰਕਟ ਨੂੰ ਦੂਰ ਕਰਨ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੌਜੂਦ ਹਨ। ਉਨ੍ਹਾਂ ਦਾ ਸੰਗੀ ਤਾਂ ਜਿਵੇਂ ਘਟਨਾ ਦਾ ਸਾਖੀ ਹੈ। ਅੱਗੜ-ਪਿੱਛੜ ਦੋਹਾਂ ਚਿਹਰਿਆਂ ਦੀ 'ਪਲੇਸਮੈਂਟ' ਵਿਰੋਧਾਭਾਸ ਰਚਦੀ ਹੈ। ਇਹ ਚਿੱਤਰ ਦਾ ਗੁਣ ਹੈ, ਚਿਤੇਰੇ ਦੀ ਕਲਪਨਾ ਸਕਤੀ ਦੀ ਪ੍ਰਸਤੁਤੀ ਵੀ ਕਹੀ ਜਾ ਸਕਦੀ ਹੈ।

ਰੁੜ੍ਹੇ ਆ ਰਹੇ ਪੱਥਰ ਨੂੰ ਰੋਕਣ ਵਾਸਤੇ ਸੱਜੇ ਹੱਥ ਦਾ ਪੰਜਾ ਅੱਗੇ ਵਧਿਆ ਹੋਇਆ ਹੈ। ਪੂਰੇ ਜਿਸਮ ਦੀ ਬਨਾਵਟ ਇੱਦਾਂ ਦਾ ਪ੍ਰਭਾਵ ਦਿੰਦੀ ਹੈ ਕਿ ਸੰਕਟ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਬਾਂਹ ਬਿਲਕੁਲ ਸਿੱਧੀ ਨਹੀਂ ਉਹਦੇ ਵਿਚ ਬਹੁਤ ਹਲਕੀ 'ਕਰਵ' ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੰਜੇ ਨਾਲ ਲੱਗਣ ਤੋਂ ਪਹਿਲਾਂ ਹੀ ਉਸ ਚੱਟਾਨ ਨੂੰ ਰੋਕ ਦਿੱਤਾ ਹੈ। ਉਸ ਉੱਪਰ ਪੈਣ ਵਾਲੇ ਭਾਰ ਨੂੰ ਦਰਸਾ ਦਿੱਤਾ ਹੈ।

ਖੁੱਲ੍ਹਾ ਪੰਜਾ ਆਤਮ-ਵਿਸ਼ਵਾਸ ਦਾ ਸੰਕੇਤ ਹੈ, ਜਿਸ ਵਿਚ ਇੰਨੀ ਕੁਵੱਤ ਹੈ, ਜੋ ਆ ਰਹੇ ਸੰਕਟ ਦਾ ਸਾਹਮਣਾ, ਬਿਨਾਂ ਕਿਸੇ ਉਚੇਚ ਦੇ ਕਰ ਸਕਣ ਦੇ ਸਮਰੱਥ ਹੈ। ਗੁਰੂ ਸਾਹਿਬ ਦੀ ਦ੍ਰਿਸ਼ਟੀ ਸਥਿਰ ਅਤੇ ਇਕੋ ਥਾਂ 'ਤੇ ਕੇਂਦਰਿਤ ਹੈ। ਉਨ੍ਹਾਂ ਦੀ ਦਿੱਖ ਸਹਿਜ ਹੈ ਭਾਈ ਮਰਦਾਨੇ ਵਾਂਗ ਅਸਹਿਜ ਨਹੀਂ ਹੈ। ਭਾਵੇਂ ਭਾਈ ਮਰਦਾਨੇ ਦੀ ਦ੍ਰਿਸ਼ਟੀ ਵੀ ਆ ਰਹੇ ਪਹਾੜ ਵੱਲ ਹੈ ਪਰ ਉਸ ਪ੍ਰਤੀ ਪ੍ਰਤੀਕਰਮ ਨਾਟਕੀ ਹੈ। ਗੁਰੂ ਜੀ ਦੀਆਂ ਅੱਖਾਂ ਵਸਤੂ ਸਥਿਤੀ ਨੂੰ ਉਵੇਂ ਹੀ ਵੇਖ ਰਹੀਆਂ ਹਨ ਜਿਵੇਂ ਸਭ ਕੁਝ ਆਮ ਹੈ, ਵਿਸ਼ੇਸ਼ ਨਹੀਂ ਪਰ ਭਾਈ ਮਰਦਾਨਾ ਵਾਸਤੇ ਪੈਦਾ ਹੋਈ ਵਸਤੂ ਸਥਿਤੀ ਅਸਾਧਾਰਣ ਹੋਣ ਦੇ ਨਾਲ-ਨਾਲ ਸੰਕਟਮਈ ਵੀ ਹੈ। ਤਾਹੀਓਂ ਉਨ੍ਹਾਂ ਦੀਆਂ ਅੱਖ ਵਿਚਲਾ ਡਰ ਉਨ੍ਹਾਂ ਦੇ ਚਿਹਰੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਗੁਰੂ ਅਤੇ ਸਿੱਖ ਦੇ ਚਿਹਰੇ ਨਾਲੋਂ-ਨਾਲ ਤਾਂ ਹਨ ਪਰ ਉਹ ਸਮਾਨ ਪ੍ਰਗਟਾਵੇ ਵਾਲੇ ਨਹੀਂ। ਕਿਰਦਾਰਾਂ ਦੀ ਭਿੰਨਤਾ ਦਾ ਲੱਛਣ ਇਕ ਧਿਰ ਨੂੰ ਦੈਵਿਕ ਸ਼ਕਤੀ ਦਾ ਵਰਸੋਇਆ ਹੋਇਆ ਅਤੇ ਦੂਸਰੀ ਧਿਰ ਨੂੰ ਸੰਸਾਰਕ, ਨਿਰਬਲ ਵਜੋਂ ਉਭਰਦਾ ਹੈ।

ਗੁਰੂ ਜੀ ਦਾ ਚਿਹਰਾ ਤਪ, ਅਧਿਆਤਮਕ ਸਦਕਾ ਆਭਾ ਭਰਪੂਰ ਹੈ ਜਦਕਿ ਭਾਈ ਮਰਦਾਨਾ ਦਾ ਚਿਹਰਾ ਸਿਆਹ ਹੋਇਆ ਪਿਆ ਹੈ। ਇਹ ਭੇਦ ਨਾਇਕ ਹੋਣ ਅਤੇ ਨਾ ਹੋਣ ਦਾ ਭੇਦ ਵੀ ਹੈ। ਦ੍ਰਿਸ਼ਟੀ ਦਾ ਅੰਤਰ ਤਾਕਤ ਦਾ ਅੰਤਰ ਵੀ ਹੈ।

ਦੂਰੋਂ ਸਿਖਰੋਂ ਆ ਰਹੀ ਸੂਰਜੀ ਲੋਅ ਨਾਲ ਪੂਰੀ ਤਰ੍ਹਾਂ ਪ੍ਰਕਾਸ਼ਿਤ ਗੁਰੂ ਜੀ ਦੇ ਚਿਹਰੇ ਦਾ ਪਰਛਾਵਾਂ ਭਾਈ ਮਰਦਾਨੇ ਦੇ ਚਿਹਰੇ ਉੱਪਰ ਪੈ ਰਿਹਾ ਹੈ। ਇਹ ਨੁਕਤਾ ਇਹ ਵੀ ਦੱਸਦਾ ਹੈ ਕਿ ਭਾਵੇਂ ਸਿੱਖ ਗੁਰੂ ਦੇ ਪ੍ਰਛਾਵੇਂ ਥੱਕੇ ਹਨ ਪਰ ਤਾਂ ਵੀ ਉਹ ਭੈਅ-ਮੁਕਤ ਨਹੀਂ। ਗੁਰੂ ਨਾਨਕ ਦੇਵ ਜੀ ਨਾਇਕ ਹਨ ਤਾਹੀਓਂ ਉਹ ਪੈਦਾ ਹੋਏ ਸੰਕਟ ਦਾ ਸਾਹਮਣਾ ਹੀ ਨਹੀਂ ਕਰ ਰਹੇ ਬਲਕਿ ਉਸ ਦੇ ਨਿਵਾਰਕ ਵੀ ਬਣਦੇ ਹਨ।

-ਜਗਤਾਰਜੀਤ ਸਿੰਘ
9899091186


Baljeet Kaur

Edited By Baljeet Kaur