ਗੁਰਦੁਆਰਾ ਸ੍ਰੀ ਪੱਟੀ ਸਾਹਿਬ

08/23/2019 10:13:56 AM

ਦਰਸ਼ਨ-ਏ-ਗੁਰਧਾਮ 

ਗੁਰਦੁਆਰਾ ਸ੍ਰੀ ਪੱਟੀ ਸਾਹਿਬ

ਗੁਰੂ ਨਾਨਕ ਦੇਵ ਜੀ ਸੰਬੰਧੀ ਗੰਡਾ ਸਿੰਘ ਜੌਜ਼ਿਫ ਕਨਿੰਘਮ ਦੇ ਸ਼ਬਦ ਅੰਕਿਤ ਕਰਦੇ ਹੋਏ ਲਿਖਦੇ ਹਨ, “ਉਨ੍ਹਾਂ ਸੁਧਾਰਕਾਂ ਨੇ ਪੁਜਾਰੀਆਂ ਦੀ ਚਲਾਕੀ ਜਾਂ ਮੂਰਤੀ ਪੂਜਾ ਅਤੇ ਅਨੇਕ ਈਸ਼ਵਰਵਾਦ ਦੀ ਖੁਭਣ ਤੋਂ ਮਨੁੱਖਾਂ ਦਾ ਛੁਟਕਾਰਾ ਕਰਾਉਣ ਨੂੰ ਹੀ ਆਪਣਾ ਮੁਖ ਨਿਸ਼ਾਨਾ ਸਮਝਿਆ। ਉਨ੍ਹਾਂ ਨੇ ਕੌਮਾਂ ਦਾ ਮੁਢ ਬੰਨ੍ਹਣ ਨਾਲੋਂ ਮਤ-ਭੇਦ ਤੇ ਵਿਤਕਰਿਆਂ ਨੂੰ ਵਧੇਰੇ ਸਪਸ਼ਟ ਰੂਪ ਦਿਤਾ। ਉਨ੍ਹਾਂ ਸੁਧਾਰਕਾਂ ਦੇ ਫਿਰਕੇ ਅਜ ਤਕ ਉਸੇ ਸ਼ਕਲ ਵਿਚ ਹੀ ਹਨ, ਜਿਸ ਵਿਚ ਉਹ ਉਨ੍ਹਾਂ ਨੂੰ ਛਡ ਗਏ ਸਨ। ਸੁਧਾਰ ਦੇ ਸਚੇ ਅਸੂਲਾਂ ਨੂੰ ਭਾਂਪਣਾ ਅਤੇ ਉਹ ਸਿਧਾਂਤ ਸਥਾਪਿਤ ਕਰਨੇ, ਜਿਨ੍ਹਾਂ ਨੇ ਗੁਰੂ ਨਾਨਕ ਜੀ ਦੇ ਨੌਂਵੇ ਉਤਰਾਧਿਕਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਦੇ ਮਨਾਂ ਵਿਚ ਕੌਮੀਅਤ ਦਾ ਜਜ਼ਬਾ ਭਰਨ ਦੇ ਯੋਗ ਬਣਾਇਆ ਅਤੇ ਇਸ ਸਿਧਾਂਤ ਨੂੰ ਅਮਲੀ ਰੂਪ ਦੇਣਾ, ਕਿ ਨਸਲ ਅਤੇ ਫਿਰਕੇ ਵਿਚ ਰਾਜਸੀ ਹਕਾਂ ਅਤੇ ਧਾਰਮਿਕ ਆਸ਼ਾਵਾਂ ਵਿਚ ਸਭ ਤੋਂ ਨੀਵਾਂ ਮਨੁਖ ਸਭ ਤੋਂ ਉਚੇ ਮਨੁਖ ਦੇ ਬਰਾਬਰ ਹੈ, ਗੁਰੂ ਨਾਨਕ ਜੀ ਦੇ ਹਿਸੇ ਆਇਆ।”

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼-ਰੂਪੀ ਤਾਰਾ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਵਿਚ ਚਮਕਣ ਲੱਗ ਪਿਆ। ਇਸੀ ਤਾਰੇ ਨੂੰ ਗੁਰਬਾਣੀ ਵਿਚ ‘ਚਰਾਗੁ’ ਕਿਹਾ ਗਿਆ ਹੈ। ਇਸ ਚਿਰਾਗ ਸਦਕੇ ਹੀ ਅੰਧਕਾਰ ਵਿਚ ਪ੍ਰਕਾਸ਼ ਹੋਇਆ। ਕਲਯੁੱਗ ਵਿਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਵਿਚ ਪਾਰਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੁਸ਼ਨਾਈ ਫੈਲ ਗਈ: ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ।

ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਸੰਤੋਖੀ ਅਤੇ ਵਿਚਾਰਵਾਨ ਬਿਰਤੀ ਵਾਲੇ ਸਨ। ਉਹ ਆਪਣੇ ਹਮ-ਉਮਰ ਬਾਲਕਾਂ ਨਾਲ ਖੇਡਦੇ ਹੋਏ ਆਪਣੇ ਖਿਡੌਣੇ ਉਹਨਾਂ ਨੂੰ ਦੇ ਕੇ ਬਹੁਤ ਖੁਸ਼ ਹੁੰਦੇ। ਐਨਾ ਹੀ ਨਹੀਂ ਗੁਰੂ ਨਾਨਕ ਸਾਹਿਬ ਬਚਪਨ ਵਿਚ ਹੀ ਹਮੇਸ਼ਾਂ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ।

ਆਪ ਜੀ ਦੀ ਵਿਦਿਆ 5 ਸਾਲ ਦੀ ਉੁਮਰ ਵਿਚ ਸ਼ੁਰੂ ਹੋਈ ਜਦੋਂ ਗੁਰੂ ਸਾਹਿਬ ਨੂੰ ਪਿਤਾ ਮਹਿਤਾ ਕਾਲੂ ਦੁਆਰਾ ਗੋਪਾਲ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ।  ਗੁਰੂ ਸਾਹਿਬ ਜੀ ਡੇਢ ਦੋ ਸਾਲ ਉਸ ਕੋਲ ਪੜ੍ਹਦੇ ਰਹੇ। ਗੋਪਾਲ ਪਾਂਧੇ ਨੇ ਪਹਿਲੇ ਦਿਨ ਚਾਰ ਅੱਖਰ ਪੱਟੀ ਤੇ ਲਿਖ ਦਿੱਤੇ। ਬਾਲ ਨਾਨਕ ਨੇ ਝਟਪਟ ਹੀ ਉਹ ਅੱਖਰ ਪੜ੍ਹ ਲਏ। ਲੱਕੜ ਦੀ ਫੱਟੀ ਨੂੰ ਪੱਟੀ ਕਹਿੰਦੇ ਸਨ। ਦੂਜੇ  ਦਿਨ ਇਕ ਤੋ ਦਸ ਤਕ ਅੱਖਰ ਲਿਖਣ ਦੀ ਜਾਚ ਸਿਖਾਈ ਤਾਂ ਬਾਲ ਨਾਨਕ ਨੇ ਉਹ ਵੀ ਜਲਦੀ ਹੀ ਸਿਖ ਲਏ। ਤੀਜੇ ਦਿਨ ਅੱਖਰ ਜੋੜ ਸਮਝਾਏ ਤਾਂ ਉਸੇ ਵੇਲੇ ਗੁਰੂ ਜੀ ਨੇ 'ਸੋ' ਤੇ 'ਇ' ਲਾਕੇ 'ਸੋਇ' ਸ਼ਬਦ ਲਿਖ ਦਿੱਤਾ। ਪਾਂਧਾ ਪੁਛਣ ਲੱਗਾ ਕਿ ਇਹ ਕੀ ਲਿਖਿਆ ਹੈ ਤਾਂ ਬਾਲ ਨਾਨਕ ਨੇ ਉੱਤਰ ਦਿੱਤਾ 'ਸੋਇ' ਜਿਸ ਨੇ ਸਾਨੂੰ ਬਣਾਇਆ ਹੈ। ਪੜ੍ਹਾਉਣ ਵਾਲਾ ਪਾਂਧਾ ਹੈਰਾਨ ਹੋ ਗਿਆ। ਕੁਝ ਦਿਨ ਪਿੱਛੋਂ ਇਕ ਦਿਨ ਫਿਰ ਪਾਂਧੇ ਨੇ ਦੇਖਿਆ ਪੱਟੀ ਉਤੇ ਇਕ ਲੰਮੀ ਬਾਣੀ ਲਿਖੀ ਹੋਈ ਸੀ। ਜੋ ਕੋਈ ਵਿਦਵਾਨ ਕਵੀ ਹੀ ਲਿਖ ਸਕਦਾ ਸੀ।  ਰਾਗ ਆਸਾ ਵਿਚ ਪੱਟੀ ਇਸ ਤਰ੍ਹਾਂ ਹੈ:

ਰਾਗ ਆਸਾ ਮਹਲਾ ੧ ਪਟੀ ਲਿਖੀ  

ੴ ਸਤਿਗੁਰਪ੍ਰਸਾਦਿ॥

ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬ ਏਕੁ ਭਇਆ॥

ਸੇਵਤ ਰਹੇ ਚਿਤੁ ਜਿਨ੍ਹ ਕਾ ਲਾਗਾ ਆਇਆ ਤਿਨ੍ਹ ਕਾ ਸਫਲ ਭਇਆ॥ ੧॥ *   
                
 ਥੋੜੇ ਹੀ ਸਮੇਂ ਵਿਚ ਗੁਰੂ ਸਾਹਿਬ ਨੇ ਪੜ੍ਹਾਈ  ਦਾ ਕੰਮ ਖਤਮ ਕਰ ਲਿਆ। ਇਕ ਦਿਨ ਪਾਂਧੇ ਨੇ ਗੁਰੂ ਬਾਬਾ ਨੂੰ ਕਿਹਾ, " ਨਾਨਕ ਜੀ ! ਪ੍ਰਭੂ ਭਗਤੀ ਵੀ ਜ਼ਰੂਰੀ ਹੈ ਪਰ ਇਸ ਸੰਸਾਰ ਵਿਚ ਸੁਖੀ ਜੀਵਨ ਬਤੀਤ ਕਰਨ ਲਈ ਦੁਨਿਆਵੀ ਵਿਦਿਆ ਵੀ ਜ਼ਰੂਰੀ ਹੈ। ਗੁਰੂ ਬਾਬਾ ਨੇ ਪਾਂਧੇ ਦੀ ਗੱਲ ਸੁਣ ਕੇ ਕਿਹਾ, "ਇਹ ਗੱਲ ਠੀਕ ਹੈ ਕਿ ਇਸ ਦੁਨੀਅਾਂ ਵਿਚ ਦੁਨੀਆਦਾਰ ਬਣਨ ਵਾਸਤੇ ਪੜ੍ਹਾਈ ਜ਼ਰੂਰੀ ਹੈ ਪਰ ਸਾਡੇ ਪਰਲੋਕ ਦਾ ਕੀ ਬਣੇਗਾ" ? ਉਥੇ ਜਾ ਕੇ ਵੀ ਤਾਂ ਲੇਖਾ ਦੇਣਾ ਪੈਣਾ ਹੈ। ਇਸ ਲਈ ਜਦ ਤੱਕ ਅਸੀਂ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਉਸ ਦੇ ਹੁਕਮ ਅਨੁਸਾਰ ਨਹੀਂ ਚਲਦੇ ਤਦ ਤਕ ਅਸੀਂ ਲੋਕ ਪਰਲੋਕ ਵਿਚ ਖ਼ੁਸ਼ ਨਹੀਂ ਹੋ ਸਕਦੇ। ਗੁਰੂ ਬਾਬੇ ਨੇ ਉਸ ਸਮੇਂ ਇਹ ਸ਼ਬਦ ਬੋਲਿਆ:                                                                        

   ਸਿਰੀਰਾਗੁਮਹਲਾ ੧॥
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ॥
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ॥ *      

ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਾਂਧੇ ਨੂੰ ਲੋਕ ਪਰਲੋਕ ਦੀ ਸੋਝੀ ਕਰਵਾਈ ਤੇ ਨਾਮ ਸਿਮਰਨ ਦਾ ਉਪਦੇਸ ਦਿੱਤਾ।  

ਇਸ ਤੋਂ ਪਿਛੋਂ ਗੁਰੂ ਜੀ ਨੇ ਪੰਡਿਤ ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਅਤੇ ਮੁੱਲਾਂ ਕੁਤਬਦੀਨ ਪਾਸੋਂ ਫਾਰਸੀ ਦੀ ਤਾਲੀਮ ਹਾਸਿਲ ਕੀਤੀ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸੱਯਦ ਮੁਹੰਮਦ-ਹਸਨ ਦਰਵੇਸ਼ ਤੋਂ ਇਸਲਾਮੀ ਸਾਹਿਤ ਵੀ ਪੜ੍ਹਿਆ। ਰਸਮੀਂ ਤੌਰ ਉਤੇ ਬੇਸ਼ਕ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ, ਫਾਰਸੀ ਆਦਿ ਭਾਸ਼ਾਵਾਂ ਸਿਖੀਆਂ, ਪਰੰਤੂ ਯਥਾਰਥ ਵਿਚ ਉਹ ਧੁਰੋਂ ਪੜ੍ਹ ਕੇ ਆਏ ਸਨ। ਉਹ ਇਲਹਾਮੀ ਗਿਆਨ ਦੇ ਮਾਲਕ ਸਨ।
ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਉਪਦੇਸ਼ ਦਿੱਤੇ ਓਸ ਜਗ੍ਹਾ ਤੇ ਅੱਜਕਲ ਤੇ ਗੁਰਦਵਾਰਾ ਸ਼੍ਰੀ ਪੱਟੀ ਸਾਹਿਬ ਸੁਸ਼ੋਭਿਤ ਹੈ।
________________________________
ਅਵਤਾਰ ਸਿੰਘ ਆਨੰਦ
98551-20287