ਗੁਰਦੁਆਰਾ ਸ੍ਰੀ ਮਾਲ ਜੀ ਸਾਹਿਬ, ਨਨਕਾਣਾ ਸਾਹਿਬ

08/02/2019 9:32:36 AM

ਦਰਸ਼ਨ-ਏ-ਗੁਰਧਾਮ

ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇਕ ਰੱਬ ਦਾ ਸੁਨੇਹਾ ਦਿੱਤਾ, ਜੋ ਆਪਣੀ ਬਣਾਈ ਖ਼ਲਕਤ ਵਿਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣ ਉਨ੍ਹਾਂ ਨੇ ਇਕ ਅਨੋਖਾ ਰੂਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ ‘ਸਭੇ ਸਾਂਝੀਵਾਲਸਦਾਇਨਿ’ ਦਾ ਇਲਾਹੀ ਨਾਦ ਦੁਨੀਆ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਕੀਤੀਆਂ ਵਲਗਣਾਂ ਨੂੰ ਖਤਮ ਕਰ ਕੇ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ। ਆਤਮਿਕ ਤ੍ਰਿਪਤੀ ਲਈ ਨਾਮ ਜਪਣ ਦੀ ਜੁਗਤ ਦੱਸਦਿਆਂ ਬੜੇ ਸ਼ਕਤੀਸ਼ਾਲੀ ਢੰਗ ਨਾਲ ਫਰਮਾਇਆ ਕਿ ਇਸ ਲਕਸ਼ ਦੀ ਪ੍ਰਾਪਤੀ ਗ੍ਰਹਿਸਥ ਜੀਵਨ ਵਿਚ ਰਹਿ ਕੇ ਹੀ ਕੀਤੀ ਜਾਣੀ ਹੈ। ਸੰਸਾਰ ਤਿਆਗ ਕੇ ਨਹੀਂ। ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਸੰਸਾਰ ਦੀਆਂ ਜ਼ਿੰਮੇਵਾਰੀਆਂ ਤੋਂ ਨੱਠ ਜਾਣਾ ਨਹੀਂ ਹੈ। ਉਨ੍ਹਾਂ ਦੇ ਸਿਧਾਂਤ ਵਿਚ ਊਚ-ਨੀਚ ਦੇ ਵਿਤਕਰੇ ਦੀ ਕੋਈ ਥਾਂ ਨਹੀਂ ਹੈ।

ਗੁਰੂ ਸਾਹਿਬ ਜੀ ਬਹੁਮੁੱਖੀ ਪ੍ਰਤਿਭਾ ਦੇ ਸੁਆਮੀ ਸਨ। ਆਪ ਆਦਰਸ਼ ਸ਼ਖ਼ਸੀਅਤ ਦੇ ਮਾਲਕ, ਸੱਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਸਨ। ਉਨ੍ਹਾਂ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ। ਗੁਰੂ ਸਾਹਿਬ ਨੇ ਜੋ ਵੀ ਸੰਦੇਸ਼ ਦਿੱਤੇ, ਉਹ ਸਰਵਕਾਲੀਨ ਹਨ।

ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਡੂੰਘੀ ਨੀਝ ਨਾਲ ਦੇਖਿਆ ਅਤੇ ਉਸ ਵਿਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚੰਗੀ ਤਰ੍ਹਾਂ ਚਿਤਰਿਆ ਹੈ ਤੇ ਉਸ ਦੀ ਕਰੜੀ ਪੜਚੋਲ ਕੀਤੀ ਹੈ।

ਉਨ੍ਹਾਂ ਦੇ ਮਹਾਨ ਸੰਦੇਸ਼ ਦਾ ਅਧਿਐਨ ਜੇਕਰ ਅੱਜ ਦੀਆਂ ਸਮਾਜਿਕ, ਰਾਜਨੀਤਕ ਤੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇ ਤਾਂ ਵੀ ਉਹ ਪ੍ਰੇਰਣਾਦਾਇਕ ਹੈ। ਗੁਰੂ ਨਾਨਕ ਦੇਵ ਜੀ ਜਗਤ ਗੁਰੂ ਹੋਣ ਦੇ ਨਾਲ-ਨਾਲ ਇਕ ਮਹਾਨ ਯੁੱਗ ਪੁਰਸ਼ ਸਨ। ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਜੀਵਨ-ਜਾਂਚ ਸਿਖਾਉਣ ਲਈ ਅਰਪਣ ਕਰ ਦਿੱਤਾ।

ਜਿਨ੍ਹਾਂ ਨੇ ਆਪਣੀ ਨਵੀਂ ਵਿਚਾਰਧਾਰਾ ਨਾਲ ਉਲਟ ਹਾਲਾਤ ਦੀ ਨੁਹਾਰ ਬਦਲੀ ਅਤੇ ਸਿੱਖ ਧਰਮ ਦੇ ਵਿਕਾਸ ਦੇ ਨਾਲ-ਨਾਲ ਇਕ ਨਵੇਂ ਸੱਭਿਆਚਾਰ ਨੂੰ ਜਨਮ ਦਿੱਤਾ। ਇਹ ਸੱਭਿਆਚਾਰ ਕਿਸੇ ਇਕ ਧਰਮ ਜਾਂ ਭਾਈਚਾਰੇ ਦਾ ਸੱਭਿਆਚਾਰ ਨਹੀਂ ਸੀ, ਸਗੋਂ ਸਾਰੀ ਮਨੁੱਖਤਾ ਲਈ ਕਲਿਆਣਕਾਰੀ ਜੀਵਨ-ਦਰਸ਼ਨ ਸੀ, ਜਿਸ ਦੀ ਲੋਅ ਵਿਚ ਨਵੇਂ ਮਨੁੱਖ ਦਾ ਮਾਡਲ ਸਿਰਜਿਆ ਗਿਆ। ਗੁਰੂ ਨਾਨਕ ਦੇਵ ਜੀ ਅਸਲ ਵਿਚ ਇਕ ਵਿਵਹਾਰਿਕ ਧਰਮ ਦੀ ਸਥਾਪਨਾ ਕਰਨ ਆਏ ਸਨ। ਖ਼ੁਸ਼ਕ ਦਰਸ਼ਨ ਦੇ ਤਰਕ ਉਨ੍ਹਾਂ ਨੂੰ ਪਸੰਦ ਨਹੀਂ ਸਨ। ਇਸ ਧਰਮ ਵਿਚ ਤੰਗਨਜ਼ਰੀ, ਅੰਧ-ਵਿਸ਼ਵਾਸ, ਰੂੜੀਵਾਦਤਾ, ਪਰਸਪਰ ਵੈਰ-ਵਿਰੋਧ ਦਾ ਕੋਈ ਸਥਾਨ ਨਹੀਂ ਹੈ। ਸਾਰੀ ਸ੍ਰਿਸ਼ਟੀ ਉਸ ਦੇ ਭੈਅ ਵਿਚ ਕ੍ਰਿਆਸ਼ੀਲ ਹੈ—ਤੁਧੁ ਆਪੇ ਜਗਤੁ ਉਪਾਇਕੈ ਤੁਧੁ ਆਪੇ ਧੰਧੈ ਲਾਇਆ। (ਗੁ.ਗ੍ਰੰ.138)। ਇਸ ਸ੍ਰਿਸ਼ਟੀ ਦਾ ਰਚਨਾ-ਕਾਲ ਅਗਿਆਤ ਹੈ। ਇਸ ਤੱਥ ਨੂੰ ਜਾਣਨ ਦੇ ਸਮਰਥ ਕੇਵਲ ਪਰਮਾਤਮਾ ਖ਼ੁਦ ਹੈ—ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈਸੋਈ । (ਗੁ.ਗ੍ਰੰ 4)। ਸ੍ਰਿਸ਼ਟੀ ਤੋਂ ਪਹਿਲਾਂ ਦੀ ਅਫੁਰ ਅਵਸਥਾ ਤੋਂ ਪਰਮਾਤਮਾ ਨੇ ਖ਼ੁਦ ਆਪਣੀ ਲੀਲਾ ਦੇਖਣ ਲਈ ਜਗਤ ਦੀ ਰਚਨਾ ਕੀਤੀ ਹੈ। ਸ੍ਰਿਸ਼ਟੀ ਦੇ ਉਤਪਤੀ-ਕ੍ਰਮ ਬਾਰੇ ਵੀ ਗੁਰੂ ਜੀ ਨੇ ਸੰਕੇਤ ਕੀਤਾ ਹੈ ਪਰ ਕਿਸੇ ਨਿਸ਼ਚਿਤ ਕ੍ਰਮ ਦੀ ਸਥਾਪਨਾ ਨਹੀਂ ਕੀਤੀ। ਇਹ ਸ੍ਰਿਸ਼ਟੀ ਅਨੰਤ ਹੈ। ਇਸ ਅਨੰਤਤਾ ਨੂੰ ਰਚੈਤਾ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਉਹ ਆਪਣੀ ਇੱਛਾ ਅਨੁਸਾਰ ਇਸ ਦੀ ਰਚਨਾ ਕਰਦਾ ਹੈ ਅਤੇ ਫਿਰ ਆਪਣੀ ਮਰਜ਼ੀ ਨਾਲ ਹੀ ਆਪਣੇ ਵਿਚ ਸਮੋ ਲੈਂਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਇਹ ਜਗਤ ਸਤਿ ਅਤੇ ਅਸਤਿ ਦੋਵੇਂ ਹੈ। ਇਸ ਜਗਤ ਦਾ ਮੂਲਾਧਾਰ ਤੱਤ ਪਰਮਾਤਮਾ ਸੱਚਾ ਹੈ, ਇਸ ਲਈ ਸ੍ਰਿਸ਼ਟੀ ਵੀ ਸੱਚੀ ਹੈ—ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ। (ਗੁ.ਗ੍ਰੰ.145)।

ਉਨ੍ਹਾਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਲੋਕਾਂ ਨੂੰ ਸੱਚੀ ਸਿੱਖਿਆ ਦੇਣ ਲਈ ਦੇਸ ਦੇਸਾਂਤਰਾਂ ਦੀਆਂ ਯਾਤਰਾਵਾਂ ਵਿਚ ਗੁਜ਼ਾਰਿਆ, ਜਿਨ੍ਹਾਂ ਨੂੰ ਗੁਰੂ ਨਾਨਕ ਸਹਿਬ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ। ਆਪ ਦੀਆਂ ਯਾਤਰਾਵਾਂ ਚੱਲਦੀਆਂ ਫਿਰਦੀਆਂ ਪਾਠਸ਼ਾਲਾਵਾਂ ਸਨ।

ਗੁਰੂ ਨਾਨਕ ਦੇਵ ਜੀ ਨੇ ਜਿੱਥੇ ਵੀ ਕੋਈ ਕੌਤਕ ਰਚਿਆ ਓਹੋ ਜਗ੍ਹਾ ਪੂਜਣ ਯੋਗ ਹੋ ਗਈ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੱਝਾਂ ਚਾਰੀਆਂ, ਓਸ ਰਮਣੀਕ ਜਗ੍ਹਾ ਨੂੰ ਕੁਦਰਤ ਸਿਜਦਾ ਕਰ ਕੇ ਬਲਹਾਰ ਜਾਂਦੀ ਹੈ ਅਤੇ ਆਪਣੇ ਮਾਲਕ ਨਾਨਕ ਦੇਵ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰ ਕੇ ਆਪਣੇ-ਆਪ ਨੂੰ ਭਾਗਾਂ ਵਾਲੀ ਸਮਝਦੀ ਹੈ। ਪਿਤਾ ਮਹਿਤਾ ਕਾਲੂ ਜੀ ਨੇ ਘਰ ਦੇ ਕੰਮਕਾਰ ’ਚ ਪੁੱਤਰ ਨਾਨਕ ਦੇਵ ਨੂੰ ਇਸ ਕਰਕੇ ਲਾ ਲਿਆ ਸੀ ਕਿਉਂਕਿ ਹਰੇਕ ਪਿਤਾ ਦੀ ਸੋਚ ਹੁੰਦੀ ਹੈ ਕਿ ਵਿਹਲਾ ਬੱਚਾ ਵਿਗੜਦਾ ਹੀ ਹੈ। ਹੁਣ ਕੋਈ ਕੰਮ ਕਰੇਗਾ ਤਾਂ ਹੀ ਅੱਗੇ ਜਾ ਕੇ ਗ੍ਰਹਿਸਥੀ ਜੀਵਨ ’ਚ ਪ੍ਰਪੱਕ ਹੋਵੇਗਾ। ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਨਾਨਕ ਤੂੰ ਆਪਣਾ ਮਾਲ ਬਾਹਰ ਲੈ ਜਾਇਆ ਕਰ ਚਾਰਨ ਵਾਸਤੇ। ਗੁਰੂ ਨਾਨਕ ਦੇਵ ਜੀ ਮਾਲ ਲੈ ਕੇ ਬਾਹਰ ਖੇਤਾਂ ਵਲ ਚਲੇ ਗਏ। ਗਰਮੀ ਦਾ ਮੌਸਮ ਹੋਣ ਕਰ ਕੇ ਗੁਰੂ ਸਾਹਿਬ ਇਕ ਰੁੱਖ ਦੀ ਛਾਂ ਹੇਠ ਆਰਾਮ ਕਰਨ ਲੱਗ ਪਏ। ਇੰਨੇ ਚਿਰ ਨੂੰ ਉਨ੍ਹਾਂ ਦੀ ਅੱਖ ਲੱਗ ਗਈ। ਛਾਂ ਫਿਰ ਗਈ। ਗੁਰੂ ਸਾਹਿਬ ਧੁੱਪੇ ਹੀ ਰੱਬੀ ਰੰਗ ਵਿਚ ਰੰਗੇ ਪਏ ਹੋਏ ਸਨ। ਇੰਨੇ ਚਿਰ ਨੂੰ ਇਕ ਸੱਪ ਨੇ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਫਨ ਫ਼ੈਲਾ ਕੇ ਛਾਂ ਕੀਤੀ। ਇਸ ਕੌਤਕ ਨੂੰ ਰਾਇ ਬੁਲਾਰ ਸਾਹਿਬ ਨੇ ਆਪਣੀ ਅੱਖੀਂ ਦੇਖਿਆ। ਉਸ ਦਿਨ ਤੋਂ ਹੀ ਰਾਇ ਬੁਲਾਰ ਨੇ ਗੁਰੂ ਸਾਹਿਬ ਨੂੰ ਇਕ ਰੱਬੀ ਨੂਰ ਸਮਝ ਕੇ ਮਹਿਤਾ ਕਾਲੂ ਜੀ ਨੂੰ ਬੇਨਤੀ ਕੀਤੀ ਕਿ ਉਹ ਨਾਨਕ ਸਾਹਿਬ ਨੂੰ ਕੋਈ ਮਾਮੂਲੀ ਬੱਚਾ ਨਾ ਸਮਝੇ। ਉਸ ਦਿਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਚਰਚਾ ਪੂਰੇ ਪਿੰਡ ’ਚ ਹੋਣੀ ਸ਼ੁਰੂ ਹੋ ਗਈ। ਜਿੱਥੇ ਗੁਰੂ ਸਾਹਿਬ ਨੇ ਮੱਝਾਂ ਚਾਰੀਆਂ, ਉਸ ਜਗ੍ਹਾ ’ਤੇ ਪਵਿੱਤਰ ਗੁਰੂ ਘਰ ਬਣਿਆ ਹੋਇਆ ਹੈ। ਗੁਰਦੁਆਰਾ ਮੱਲ ਜੀ ਸਾਹਿਬ ਨਨਕਾਣਾ ਸਾਹਿਬ, ਪਾਕਿਸਤਾਨ ਅਤੇ ਸਥਾਨਕ ਰੇਲਵੇ ਸਟੇਸ਼ਨ ਦੇ ਨੇੜੇ ਹੈ, ਇਹ ਗੁਰਦੁਆਰਾ ਵੀ ਪਹਿਲਾਂ ਦੀਵਾਨ ਕੌੜਾ ਮੱਲ ਵਲੋਂ ਬਣਾਇਆ ਗਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਮੁਰੰਮਤ ਕੀਤਾ ਗਿਆ ਸੀ। ਇਹ ਸਥਾਨ ਮੌਜੂਦਾ ਸਮੇਂ ’ਚ ਨਨਕਾਣਾ ਸਾਹਿਬ ਦੀ ਸੰਘਣੀ ਆਬਾਦੀ ਵਿਚਾਲੇ ਸਥਿਤ ਹੈ। ਵੰਡ ਤੋਂ ਬਾਅਦ, ਬਦਕਿਸਮਤੀ ਨਾਲ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਸਮੀ ਤੌਰ ’ਤੇ ਪ੍ਰਕਾਸ਼ ਨਹੀਂ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦੇ ਚਿੱਤਰ ਨੂੰ ਪ੍ਰਕਾਸ਼ ਅਸਥਾਨ ’ਤੇ ਰੱਖਿਆ ਗਿਆ ਹੈ।

________________________________

-ਅਵਤਾਰ ਸਿੰਘ ਆਨੰਦ

98770-92505