ਗੁਰਦੁਆਰਾ ਸ੍ਰੀ ਬਾਲ ਲੀਲਾ ਨਨਕਾਣਾ ਸਾਹਿਬ

08/09/2019 10:08:49 AM

ਗੁਰਦੁਆਰਾ ਸ੍ਰੀ ਬਾਲ ਲੀਲਾ ਨਨਕਾਣਾ ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੇ ਨਨਕਾਣਾ ਸਾਹਿਬ ਪਾਕਿਸਤਾਨੀ ਪੰਜਾਬ ਦੇ ਸ਼ੇਖੂਪੁਰਾ ਜ਼ਿਲੇ ’ਚ ਹੋਇਆ। ਇਥੇ ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਵਾਲੇ ਅਸਥਾਨ ’ਤੇ ਗੁਰਦੁਆਰਾ ਜਨਮ-ਸਥਾਨ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਗੁਰੂ ਜੀ ਨਾਲ ਸਬੰਧਤ ਕੁਝ ਹੋਰ ਗੁਰੂ ਧਾਮ ਵੀ ਹਨ, ਜਿਵੇਂ ਕਿਆਰਾ ਸਾਹਿਬ, ਤੰਬੂ ਸਾਹਿਬ, ਪੱਟੀ ਸਾਹਿਬ, ਬਾਲ-ਲੀਲਾ, ਮਾਲ-ਜੀ ਸਾਹਿਬ ਆਦਿ। ਇਨ੍ਹਾਂ ਗੁਰੂਧਾਮਾਂ ਬਾਰੇ ਕੁਝ ਵਿਸਤਾਰ ਸਹਿਤ ਚਾਨਣਾ ਪਾਉਣਾ ਉਚਿਤ ਹੋਵੇਗਾ।

ਜਨਮ ਅਸਥਾਨ ਦੇ ਨਾਲ-ਨਾਲ ਜਿੱਥੇ-ਜਿੱਥੇ ਵੀ ਗੁਰੂ ਨਾਨਕ ਸਾਹਿਬ ਨੇ ਕੌਤਕ ਰਚੇ ਜਾਂ ਕਹਿ ਲਵੋ ਕਿ ਆਪਣੇ ਮੁਕੱਦਸ ਚਰਨ ਪਾਏ, ਓਹੀ ਅਸਥਾਨ ਪੂਜਣਯੋਗ ਹੋ ਗਏ।

ਇਸੇ ਤਰ੍ਹਾਂ ਜਨਮ ਅਸਥਾਨ ਦੇ ਨਾਲ ਹੀ ਇਕ ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਬਚਪਨ ਵਿਚ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ।

ਭਾਵੇਂ ਗੁਰੂ ਨਾਨਕ ਸਾਹਿਬ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣਾ ਪਸੰਦ ਕਰਦੇ ਸਨ ਪਰ ਗੁਰੂ ਸਾਹਿਬ ਜਦੋਂ ਅਕਾਲ ਪੁਰਖ ਦੀ ਸਿਫ਼ਤ ਸਲਾਹ ਗਾਉਂਦੇ ਤਾਂ ਪਿੰਡ ਵਾਲਿਆਂ ਨੂੰ ਗੁਰੂ ਨਾਨਕ ਦੀ ਧੁਨ ਸੁਣ ਕੇ ਬਹੁਤ ਖੁਸ਼ੀ ਹੁੰਦੀ।

ਇਕ ਦਿਨ ਪਿੰਡ ਦਾ ਮੁਖੀ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦਾ ਗਾਇਨ ਸੁਣ ਰਿਹਾ ਸੀ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਪਿੰਡ ਵਾਲਿਆਂ ਨੂੰ ਦੱਸਿਆ ਕਿ “ਨਾਨਕ ਇਕ ਆਮ ਬੱਚਾ ਨਹੀਂ ਹੈ, ਉਹ ਲੋਕਾਂ ਨੂੰ ਸਹੀ ਰਸਤੇ ’ਤੇ ਲਿਆਉਣ ਲਈ ਇਸ ਸੰਸਾਰ ਵਿਚ ਆਇਆ ਹੈ।’’ ਜਦੋਂ ਰਾਏ ਬੁਲਾਰ ਕੁਝ ਖਾਸ ਬੰਦਿਆਂ ਨਾਲ ਗੁਰੂ ਨਾਨਕ ਜੀ ਕੋਲ ਗਏ ਤਾਂ ਗੁਰੂ ਜੀ ਨੇ ਖੜ੍ਹੇ ਹੋ ਕੇ ਰਾਏ ਬੁਲਾਰ ਨੂੰ ਸਤਿਕਾਰ ਦਿੱਤਾ। ਗੁਰੂ ਜੀ ਨੇ ਅਜਿਹੀ ਨਿਮਰਤਾ ਅਤੇ ਬੁੱਧੀ ਨਾਲ ਗੱਲ ਕੀਤੀ ਸੀ ਕਿ ਰਾਏ ਬੁਲਾਰ ਅਤੇ ਉਸ ਦੇ ਸਾਥੀ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਛੋਟੀ ਉਮਰ ਦੇ ਬੱਚੇ ਦੇ ਸ਼ਬਦ ਮਨ ਨੂੰ ਮੋਹਣ ਵਾਲੇ ਹਨ।

ਜਿੱਥੇ ਗੁਰੂ ਸਾਹਿਬ ਆਪਣੇ ਸਾਥੀਆਂ ਨਾਲ ਖੇਡਦੇ ਰਹੇ ਸਨ, ਓਸ ਪਵਿੱਤਰ ਜਗ੍ਹਾ ’ਤੇ ਅੱਜਕਲ ਗੁਰਦਵਾਰਾ ਬਾਲ ਲੀਲਾ ਸਾਹਿਬ ਸੁਸ਼ੋਭਿਤ ਹੈ। ਗੁਰਦਵਾਰਾ ਬਾਲ ਲੀਲਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਤੋਂ ਤਕਰੀਬਨ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਮੂਲ ਰੂਪ ਵਿਚ ਪਿੰਡ ਦੇ ਸ਼ਾਸਕ ਰਾਏ ਬੁਲਾਰ ਸਾਹਿਬ ਨੇ ਬਣਾਇਆ ਸੀ। ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਉਸ ਖੇਤਰ ਦੀ ਗਵਾਹੀ ਭਰਦਾ ਹੈ, ਜਿੱਥੇ ਗੁਰੂ ਨਾਨਕ ਦੂਜੇ ਬੱਚਿਆਂ ਦੀ ਸੰਗਤ ਵਿਚ ਖੇਡਦੇ ਹੁੰਦੇ ਸੀ। ਜਿਵੇਂ ਕਿ ਨਾਂ ਤੋਂ ਸਾਫ ਜ਼ਾਹਰ ਹੁੰਦਾ ਹੈ, ਇਹ ਜਗ੍ਹਾ ਗੁਰੂ ਦੇ ਮੁੱਢਲੇ ਬਚਪਨ ਦੇ ਸ਼ਾਨਦਾਰ ਦਿਨਾਂ ਨਾਲ ਸਬੰਧਤ ਹੈ।

ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਸ਼ਹਿਰ ਵਿਚ ਆਪਣੀ ਯਾਤਰਾ ਦੌਰਾਨ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ ਸੀ। 1748 ਵਿਚ ਸਿੱਖਾਂ ਦੀ ਸਹਾਇਤਾ ਨਾਲ ਮੁਲਤਾਨ ਦੀ ਜਿੱਤ ਤੋਂ ਬਾਅਦ ਦੀਵਾਨ ਕੌੜਾ ਮੱਲ (1752 ਈ.) ਨੇ ਇਸ ਗੁਰਦੁਆਰੇ ਦੇ ਵਿਸਤਾਰ ਵਿਚ ਵਾਧਾ ਕੀਤਾ।

1800 ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਇਮਾਰਤ ਦੁਬਾਰਾ ਬਣਾਈ ਅਤੇ ਸਰੋਵਰ ਨੂੰ ਵਧਾਇਆ ਅਤੇ ਠੀਕ ਢੰਗ ਨਾਲ ਇਮਾਰਤ ਨੂੰ ਤਿਆਰ ਕੀਤਾ। ਸ਼ੇਰ-ਏ-ਪੰਜਾਬ ਦੁਆਰਾ ਦਾਨ ਕੀਤੀਆਂ ਗਈਆਂ ਜ਼ਮੀਨਾਂ ਤੋਂ ਲਗਭਗ 3,000 ਏਕੜ ਜ਼ਮੀਨ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ ਨੂੰ ਅਲਾਟ ਹੋਈ ਸੀ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ 1921 ਦੀ ਤ੍ਰਾਸਦੀ ਦੇ ਬਾਅਦ ਇਸ ਗੁਰਦੁਆਰੇ ਦੇ ਨਿਗਰਾਨ ਮਹਾਸੰਤਾਂ ਨੇ ਸਵੈਇੱਛਤ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੇ ਪਰਿਵਾਰਾਂ ਲਈ ਢੁੱਕਵੇਂ ਰੱਖ ਰਖਾਅ ਭੱਤੇ ਦੇ ਬਦਲੇ ਸੌਂਪ ਦਿੱਤਾ।

ਕਾਰ ਸੇਵਾ ਕਮੇਟੀ ਯੂ.ਕੇ. ਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣੇ ਗੁਰਦੁਆਰਾ ਬਾਲ ਲੀਲਾ ਦੀ ਸ਼ਾਨਦਾਰ ਇਮਾਰਤ ਪਾਕਿ ਪ੍ਰਬੰਧਕ ਕਮੇਟੀ ਤੇ ਔਕਾਫ਼ ਬੋਰਡ ਦੇ ਸਪੁਰਦ ਕਰ ਦਿੱਤੀ ਗਈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਤੇ ਗੁਰਦਵਾਰਾ ਬਾਲ ਲੀਲਾ ਸਾਹਿਬ ਵਿਖੇ ਪਾਕਿਸਤਾਨ ਕਾਰ ਸੇਵਾ ਕਮੇਟੀ ਮੁਖੀ ਭਾਈ ਅਵਤਾਰ ਸਿੰਘ ਸੰਘੇੜਾ, ਜਨਰਲ ਸਕੱਤਰ ਭਾਈ ਜੋਗਾ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਲੱਖਾ ਸਿੰਘ ਗੁਰੂ ਕੇ ਬਾਗ ਵਾਲਿਆਂ ਨੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਵੱਡੇ ਇਕੱਠ ਮੌਕੇ ਸਮੁੱਚੇ ਪ੍ਰਬੰਧ ਦੀ ਹਾਜ਼ਰੀ ਦੌਰਾਨ ਗੁਰਦੁਆਰਾ ਬਾਲ ਲੀਲਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੀਆਂ ਚਾਬੀਆਂ ਮਹਿਕਮਾ ਔਕਾਫ਼ ਬੋਰਡ ਤੇ ਸੈਕਟਰੀ ਤਾਰੀਖ਼ ਵਜ਼ੀਰ ਨੂੰ ਸੌਂਪ ਦਿੱਤੀਆਂ। ਇਸ ਮੌਕੇ ਗੁਰਦੁਆਰਾ ਜਨਮ ਅਸਥਾਨ ਦੇ ਹੈੱਡ ਗ੍ਰੰਥੀ ਭਾਈ ਦਿਆ ਸਿੰਘ ਵੀ ਹਾਜ਼ਰ ਸਨ। ਗੁਰੂ ਨਾਨਕ ਪਾਤਸ਼ਾਹ ਦੇ ਬਾਲ ਲੀਲਾ ਨਾਲ ਸਬੰਧਤ ਗੁਰਦਵਾਰਾ ਬਾਲ ਲੀਲਾ ਦੀ 1947 ਤੋਂ ਪਹਿਲਾਂ ਦੀ ਖ਼ਸਤਾ ਹਾਲਤ ਇਮਾਰਤ ਦੀ ਕਾਰ ਸੇਵਾ ਸੰਨ 2009 ਵਿਚ ਸ਼ੁਰੂ ਹੋਈ, ਜਿਸ ’ਤੇ ਵਿਦੇਸ਼ੀ ਸੰਗਤਾਂ ਵਲੋਂ ਲੱਖਾਂ ਪੌਂਡਾਂ-ਡਾਲਰਾਂ ਦੇ ਖ਼ਰਚ ਤੋਂ ਬਾਅਦ ਸੰਗਤਾਂ ਨੂੰ ਅਰਪਿਤ ਕੀਤੀ ਗਈ।

-ਅਵਤਾਰ ਸਿੰਘ ਆਨੰਦ

98551-20287