ਗੁਰਦਵਾਰਾ ਖੂਹੀ ਰੋੜੀ ਸਾਹਿਬ ਐਮਨਾਆਬਾਦ

07/19/2019 10:08:17 AM

ਦਰਸ਼ਨ-ਏ-ਗੁਰਧਾਮ

ਭਾਈ ਗੁਰਦਾਸ ਜੀ ਬਹੁਤ ਸੰਦਰ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਕੇਵਲ ਬਾਹਰੋਂ ਵੇਖਣ ਨਾਲ ਭੁਲੇਖਾ ਖਾ ਜਾਣਾ ਸੁਭਾਵਿਕ ਹੈ, ਜਿਵੇਂ ਧਰੇਕ ਦੇ ਧ੍ਰਿਕਾਉਣੂਆਂ ਦਾ ਗੁੱਛਾ  ਦਾਖ ਜਾ ਵਧੀਆ ਅੰਗੂਰ ਨਹੀਂ ਬਣ ਸਕਦਾ, ਅੱਕ ਦੀ ਖਖੜੀ ਸ਼ਕਲ ਤੋਂ ਭਾਵੇਂ ਅੰਬ ਵਰਗੀ ਹੈ ਪਰ ਅੰਬ ਨਹੀਂ ਹੋ ਸਕਦੀ, ਹੋਰ ਧਾਤ ਦੇ ਗਹਿਣੇ ਸੋਨੇ ਦੀ ਝਾਲ ਚੜ੍ਹਣ ਨਾਲ ਸੋਨਾ ਨਹੀਂ ਹੋ ਸਕਦੇ, ਦੁੱਧ ਅਤੇ ਲੱਸੀ ਭਾਵੇਂ ਰੰਗ ਵਿੱਚ ਦੋਵੇਂ ਚਿਟੇ ਹਨ ਪਰ ਸਵਾਦ ਅੱਡ-ਅੱਡ ਹੈ। ਇਸੇ ਤਰਾਂ ਬਾਹਰੀ ਤੌਰ ਤੇ ਸਾਧ-ਅਸਾਧ ਵੇਖਣ ਨੂੰ ਭਾਵੇਂ ਇਕੋ ਜਿਹੇ ਹੁੰਦੇ ਹਨ, ਪਰ ਅਸਾਧ ਮਨੁੱਖ ਆਪਣੀਆਂ ਕਰਤੂਤਾਂ ਕਾਰਣ ਇੱਕ ਨ ਇੱਕ ਦਿਨ ਦੁਨੀਆ ਦੇ ਸਾਹਮਣੇ ਨਸ਼ਰ ਹੋ ਹੀ ਜਾਂਦਾ ਹੈ-

ਗੁਛਾ ਹੋਇ ਧ੍ਰਿਕਾਨੂਆ ਕਿਉ ਵੜੀਐ ਦਾਖੈ।

ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ।
ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ।
ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ।(ਭਾਈ ਗੁਰਦਾਸ ਜੀ- ਵਾਰ ੩੫ ਪਉੜੀ ੧੭)

 ਹੁਕਮ ਨੂੰ ਪਛਾਨਣ ਵਾਲਾ ਵਿਅਕਤੀ ਉਸ ਪਰਮਾਤਮਾ ਦੇ ਦਰ ਤੋਂ ਅਸੀਸਾਂ ਹਾਸਲ ਕਰਦਾ ਹੈ ਤੇ ਉਸ ਨੂੰ ਸੱਚ ਦੀ ਸੋਝੀ ਹੋ ਜਾਂਦੀ ਹੈ। ਉਨ੍ਹਾਂ ਨੇ ਸਰਮਾਏਦਾਰੀ ਦਾ ਸਾਥ ਨਹੀਂ ਦਿੱਤਾ, ਗਰੀਬਾਂ ਦਾ ਸਾਥ ਦਿੱਤਾ ਸੀ। ਉਨ੍ਹਾਂ ਨੇ ਮਲਕ ਭਾਗੋ ਨੂੰ ਠੁਕਰਾ ਕੇ ਭਾਈ ਲਾਲੋ ਨੂੰ ਗਲ ਨਾਲ ਲਾਇਆ ਅਤੇ ਫੁਰਮਾਇਆ :

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ।।
ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ।।( ਅੰਗ ੧੪,ਸਿਰੀਰਾਗ ਮ:੧)


ਗੁਰੂ ਨਾਨਕ ਸਾਹਿਬ  ਜੀ ਦੇ ਜੀਵਨ ਤੇ ਵਿਚਾਰ ਕਰਦਿਆਂ ਇਹ ਗੱਲ ਸਾਫ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਗੁਰੂ ਜੀ, ਮਨੁਖਤਾ ਨੂੰ ਇਸ ਸੰਸਾਰ ਤੇ ਆਉਣ ਤੇ ਜਿਉਣ ਦਾ ਜੋ ਸੰਦੇਸ਼ ਦੇਣਾ ਚਾਹੁੰਦੇ ਸਨ ਜਿਵੇਂ ਕਿ ਵਾਹਿਗੁਰੂ ਦਾ ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਮਾਈ ਕਰਨੀ ਅਤੇ ਵੰਡ ਛੱਕਣਾ ਪਰ ਇਸ ਤੋ  ਪਹਿਲਾਂ ਇਸਦੀ ਵਿਚਾਰ ਕਿਸੇ ਐਸੇ ਵਿਅਕਤੀ ਨਾਲ ਕਰਨੀ ਚਾਹੁੰਦੇ ਸਨ ਜੋ ਪਹਿਲਾਂ ਹੀ ਇਸਤਰਾਂ ਦਾ ਜੀਵਨ ਜਿਉ ਰਿਹਾ ਹੋਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਾਸੇ ਧਿਆਨ ਦਿੱਤਾ ਤਾਂ ਉਹਨਾਂ ਨੇ ਭਾਈ ਲਾਲੋ ਜੀ ਨੂੰ ਆਪਣੇ ਵਿਚਾਰਾਂ ਮੁਤਾਬਕ ਪਾਇਆ ਤਾਂ ਉਹਨਾਂ ਨੇ ਭਾਈ ਮਰਦਾਨੇ ਨਾਲ ਸੁਲਤਾਨਪੁਰ ਲੋਧੀ ਤੋਂ ਐਮਨਾਬਾਦ ਵਲ ਚਾਲੇ ਪਾ ਦਿੱਤੇ । ਜਦੋ ਗੁਰੂ ਜਿਨਸ ਨਗਰੀ ਪੁੱਜੇ ਤਾਂ ਉਨ੍ਹਾਂ ਨੇ ਭਾਈ ਲਾਲੋ ਦੇ ਘਰ ਰਹਿਣ ਦਾ ਮਨ ਬਣਾਇਆ। .

(ਭਾਈ ਲਾਲੋ ਦਾ ਜਨਮ 1452 ਵਿਚ ਸੈਦਪੁਰ ਪਿੰਡ ਵਿਚ ਹੋਇਆ ਸੀ, ਭਾਈ ਲਾਲੋ ਦੇ ਪਿਤਾ ਦਾ ਨਾਮ ਤਰਖਾਣ ਬਰਾਦਰੀ ਨਾਲ ਸੰਬੰਧਿਤ  ਭਾਈ ਜਗਤ ਰਾਮ ਸੀ)

ਇਥੋਂ ਹੀ ਭਾਈ ਮਰਦਾਨਾ ਗੁਰੂ ਜੀ ਆਗਿਆ ਲੈ ਕੇ ਆਪਣੇ ਪਿੰਡ ਤਲਵੰਡੀ ਪਰਿਵਾਰ ਨੂੰ ਮਿਲਣ ਚਲੇ ਗਏ। ਪਰ ਗੁਰੂ ਸਾਹਿਬ ਇਥੇ ਹੀ ਰੁਕ ਗਏ। ਕਿਓਕਿ ਇਸ ਨਗਰੀ ਚ ਮਲਕ ਭਾਗੋ ਬਹੁਤ ਜੁਲਮ ਕਰਕੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਖਾ ਰਿਹਾ ਸੀ।  ਗੁਰੂ ਜੀ ਰੋਜ਼ਾਨਾ ਪਿੰਡ ਦੇ ਬਾਹਰ ਪ੍ਰਵਚਨ ਕਰਦਿਆ ਹੋਇਆ ਦੱਸਦੇ ਕਿ ਗੁਰੂ ਦਾ ਸਿੱਖ ਮਿਹਨਤ ਕਰਕੇ ਰੋਟੀ ਕਮਾਉਂਦਾ ਹੋਇਆ ਕਿਸੇ ’ਤੇ ਜ਼ੁਲਮ ਨਹੀਂ ਕਰਦਾ। ਕਿਸੇ ਦਾ ਹੱਕ ਨਹੀਂ ਮਾਰਦਾ , ਧਰਮ ਦੀ ਕਿਰਤ ਕਰਦਾ ਹੋਇਆ ਆਪਣੀ ਹੱਕ ਦੀ ਕਮਾਈ ਵਿੱਚੋਂ ਦੂਜਿਆਂ ਦੀ ਮਦਦ ਵੀ ਕਰਦਾ ਹੈ।

ਇਥੇ ਹੀ ਇਕ ਐਮਨਾਬਾਦ ਦੇ ਹਾਕਮ ਦਾ ਇੱਕ ਅਹਿਲਕਾਰ  ਮਲਕ ਭਾਗੋ ਰਹਿੰਦਾ ਸੀ ਓਹ ਬੜਾ ਰਿਸ਼ਵਤ ਖੋਰ ਅਤੇ ਘਮੰਡੀ ਸੀ ।

ਉਹ ਹਰ ਸਾਲ ਬ੍ਰਾਹਮਣਾਂ, ਸਾਧੂਆਂ ਅਤੇ ਗ਼ਰੀਬਾਂ ਆਦਿ ਨੂੰ ਭੋਜਨ ਕਰਵਾ ਕੇ ਧਰਮੀ ਅਖਵਾਉਂਦਾ ਸੀ । ਇਸ ਸਾਲ ਵੀ ਉਸ ਨੇ ਬੜੇ ਸੋਹਣੇ–ਸੋਹਣੇ ਖਾਣੇ ਤਿਆਰ ਕਰਵਾਏ ਸਨ । ਸੰਤਾਂ–ਸਾਧਾਂ ਆਦਿ ਨੂੰ ਵੀ ਉਸ ਨੇ ਬੁਲਾਇਆ ਅਤੇ ਉਹਨਾਂ ਨੇ ਵੀ ਭੋਜਨ ਖਾ ਕੇ ਉਸ ਨੂੰ ਧਰਮੀ ਅਤੇ ਨੇਕ ਮਨੁੱਖ ਕਿਹਾ । ਗੁਰੂ ਨਾਨਕ ਸਾਹਿਬ ਜੀ ਉਸ ਸਮੇਂ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ । ਮਲਕ ਭਾਗੋ ਨੇ ਗੁਰੂ ਸਾਹਿਬ ਜੀ ਨੂੰ ਵੀ ਸੱਦਾ ਭੇਜਿਆ, ਪਰ ਗੁਰੂ ਜੀ ਨਾ ਆਏ । ਮਲਕ ਭਾਗੋ ਨੇ ਇਸ ਨੂੰ ਆਪਣੀ  ਬੇਇੱਜ਼ਤੀ ਸਮਝਿਆ, ਘਮੰਡੀ ਬ੍ਰਾਹਮਣਾਂ ਤੇ ਖੱਤਰੀਆਂ ਨੇ ਉਸ ਨੂੰ ਹੋਰ ਭੜਕਾਇਆ । ਗੁੱਸੇ ਵਿੱਚ ਮਲਕ ਭਾਗੋ ਨੇ ਆਪਣਾ ਆਦਮੀ ਦੁਬਾਰਾ ਫਿਰ ਗੁਰੂ ਜੀ ਵੱਲ ਭੇਜਿਆ । ਇਸ ਵਾਰ ਗੁਰੂ ਜੀ ਆ ਗਏ, ਪਰ ਆਪ ਜੀ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ । ਇਸ ਤੇ ਮਲਕ ਭਾਗੋ ਪੁੱਛਣਲੱਗਾ:

‘ਤੁਸੀਂ ਖੱਤਰੀ ਹੋ ਕੇ ਨੀਵੀਂ ਜ਼ਾਤ ਵਾਲੇ ਦੇ ਘਰੋਂ ਕਿਉਂ ਖਾਣਾ ਖਾਂਦੇ ਹੋ ? ਸ਼ੂਦਰਾਂ ਕੋਲ ਜਾਣ ਨਾਲ ਤਾਂ ਸਾਡਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ।’

ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਲਾਲੋ ਤਾਂ ਮੇਰਾ ਪਿਆਰਾ ਸਿੱਖ ਹੈ। ਅਸੀਂ ਜਾਤ–ਪਾਤ ਅਤੇ ਊਚ–ਨੀਚ ਨੂੰ ਨਹੀਂ ਮੰਨਦੇ । ਮੈਨੂੰ ਸਭ ਵਿੱਚ ਪਰਮਾਤਮਾ ਹੀ ਨਜ਼ਰਆਉਂਦਾ ਹੈ। ਸਭ ਮਨੁੱਖ ਬਰਾਬਰ ਹਨ, ਕੋਈ ਆਦਮੀ ਜਨਮ ਕਰਕੇ ਨੀਚ ਨਹੀਂ ਹੁੰਦਾ। ਨੀਚ ਤਾਂ ਉਹ ਹੈ, ਜੋ ਨੀਚ ਕੰਮ ਕਰੇ। ਇਸ ਲਈ ਭਾਈ ਲਾਲੋ ਨੀਚ ਨਹੀਂ ਹੈ। ਉਹ ਮਿਹਨਤ ਕਰਕੇ ਰੋਟੀ ਕਮਾਉਂਦਾ ਹੈ, ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ। ਇਸੇ ਕਰਕੇ ਹੀ ਮੈਂ ਭਾਈ ਲਾਲੋ ਦੇ ਘਰੋਂ ਰੋਟੀ ਖਾਂਦਾ ਹਾਂ।

ਮਲਕ ਭਾਗੋ ਗੁੱਸੇ ਚ ਕਹਿਣ ਲੱਗਾ ‘ਤੁਸੀਂ ਮੇਰੇ ਬ੍ਰਹਮ–ਭੋਜ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ?’

ਗੁਰੂ  ਸਾਹਿਬ ਨੇ ਕਿਹਾ ਭਾਈ ਲਾਲੋ ਦੀ ਆਪਣੀ ਮਿਹਨਤ ਦੀ ਕਮਾਈ ਹੈ। ਗ਼ਰੀਬ ਦੀ ਰੋਟੀ ਭਾਵੇਂ ਸੁੱਕੀ ਵੀ ਹੋਵੇ, ਉਹ ਦੁੱਧ ਵਾਂਗ ਮਿੱਠੀ ਹੁੰਦੀ ਹੈ। ਭਾਗੋ ! ਤੇਰੀ ਕਮਾਈ ਮਿਹਨਤ ਦੀ ਨਹੀਂ ਹੈ। ਜਬਰਨ ਧੋਖੇ, ਫ਼ਰੇਬਾਂ ਅਤੇ ਛਲ-ਕਪਟ ਨਾਲ ਇਕੱਤਰ ਕੀਤੀ ਮਾਇਆ ਤੋਂ ਤਿਆਰ ਹੋਏ ਪਕਵਾਨ ਭਲੇ ਹੀ ਸੁੰਦਰ ਲਪਟਾਂ ਛੱਡਦੇ ਹੋਣ ਪਰ ਇਸ ਵਿਚ ਸਾਨੂੰ ਗਰੀਬਾਂ ਦਾ ਖ਼ੂਨ ਝਲਕਦਾ ਦਿਖਾਈ ਦਿੰਦਾ ਹੈ।

ਤੂੰ ਲੋਕਾਂ ਉੱਤੇ ਜ਼ੁਲਮ ਕਰਦਾ ਹੈਂ, ਰਿਸ਼ਵਤਲੈ ਕੇ ਗ਼ਰੀਬਾਂ ਦਾ ਖ਼ੂਨ ਚੂਸਦਾ ਹੈਂ, ਤੇਰੀਆਂ ਪੂੜੀਆਂ ਗ਼ਰੀਬਾਂ ਦੇ ਖ਼ੂਨ–ਪਸੀਨੇਦੀ ਕਮਾਈ ਨਾਲ ਬਣੀਆਂ ਹੋਈਆਂ ਹਨ, ਮੈਂ ਤੇਰੀਆਂ ਇਹ ਪੂੜੀਆਂ ਨਹੀਂ ਖਾ ਸਕਦਾ।

ਭਰੀ ਸਭਾ ਵਿੱਚ ਗੁਰੂ ਜੀ ਨੇ ਇਹ ਗੱਲਾਂ ਬੜੀ ਦਲੇਰੀ ਨਾਲ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਮਲਕ ਭਾਗੋ ਤੇ ਹੋਰ ਲੋਕ ਬਹੁਤ ਸ਼ਰਮਿੰਦੇ ਹੋਏ । ਭਾਗੋ ਦੇ ਕੀਤੇ ਪਾਪਉਸ ਦੀਆਂ ਅੱਖਾਂ ਸਾਹਮਣੇ ਆ ਗਏ।

ਮਲਕ ਭਾਗੋ: ਤਾਂ ਕੀ ਮੇਰਾ ਕਰਵਾਇਆ ਇਹ ਬ੍ਰਹਮ–ਭੋਜ ਐਵੇਂ ਹੀ ਹੈ ? ਕੀ ਇਸ ਨਾਲ ਮੈਂ ਧਰਮੀ ਨਹੀਂ ਹੋ ਸਕਦਾ, ਕੀ ਇਸ ਨਾਲ ਪਰਮਾਤਮਾ ਖੁਸ਼ ਨਹੀਂ ਹੋਵੇਗ਼ਾ ?

ਗੁਰੂ ਨਾਨਕ ਸਾਹਿਬ ਜੀ : ਗ਼ਰੀਬ ਲੋਕਾਂ ਦਾ ਖ਼ੂਨ ਚੂਸ ਕੇ ਕੀਤੀ ਕਮਾਈ ਨਾਲ ਕੀਤੇ ਲੰਗਰ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਰਿਸ਼ਵਤ ਵਾਲੀ ਕਮਾਈ, ਦਾਨ ਕਰਨ ਨਾਲ, ਹੱਕ ਦੀ ਕਮਾਈ ਨਹੀਂ ਬਣ ਜਾਂਦੀ। ਸੱਚੀ ਕਮਾਈ ਉਹੀ ਹੈ ਜੋ ਆਪ ਮਿਹਨਤ ਕਰਕੇ ਕਮਾਈ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ ।ਸੱਚਾ ਧਰਮੀ ਬਣਨ ਅਤੇ ਪਰਮਾਤਮਾ ਦੀ ਖੁਸ਼ੀ ਹਾਸਿਲ ਕਰਨ ਲਈ ਇਹ ਕਰਨਾ ਚਾਹੀਦਾ ਹੈ : ‘ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ।’

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਸੱਚੀਆਂ ਗੱਲਾਂ ਸੁਣ ਕੇ ਮਲਕ ਭਾਗੋ ਦਾ ਹੰਕਾਰ ਟੁੱਟ ਗਿਆ ਅਤੇ ਉਹ ਗੁਰੂ ਜੀ ਦਾ ਸਿੱਖ ਬਣ ਗਿਆ ।

ਗੁਰਦੁਆਰਾ ਸ੍ਰੀ ਰੋਰੀ ਸਾਹਿਬ ਐਮਨਾਬਾਦ ਉਹ ਜਗ੍ਹਾ ਹੈ ਜਿਥੇ ਗੁਰੂ ਨਾਨਕ ਜੀ ਬਾਬਰ ਦੁਆਰਾ ਸੈਦਪੁਰ ਦੇ ਤਬਾਹ ਹੋਣ ਪਿੱਛੋਂ ਭਾਈ ਲਾਲੋ ਦੇ ਨਾਲ ਰਹੇ ਸਨ. ਜਦੋਂ ਬਾਬਰ ਦੀ ਫ਼ੌਜ 1521 ਵਿਚ ਪੰਜਾਬ ਵਿਚ ਦਾਖਲ ਹੋਈ, ਗੁਰੂ ਨਾਨਕ ਸੈਦਪੁਰ ਵਿਚ ਮੌਜੂਦ ਸਨ। ਸੈਦਪੁਰ ਕਬਜ਼ੇ ਦੇ ਸਮੇਂ, ਕਈ ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਗੁਰੂ ਨਾਨਕ ਸਮੇਤ ਗਿਰਫਤਾਰੀ ਦੇ ਸਮੇਂ,ਇੱਥੇ ਬੈਠੇ ਪਰਮਾਤਮਾ ਨੂੰ ਪ੍ਰਾਰਥਨਾ ਕਰ ਰਹੇ ਸਨ।

ਇਸ ਸਥਾਨ ਤੇ ਇਕ ਸ਼ਾਨਦਾਰ ਗੁਰਦੁਆਰਾ ਬਣਾਇਆ ਗਿਆ ਹੈ। ਇੱਕ ਵਡਾ ਸਰੋਵਰ ਅਤੇ ਸੁੰਦਰ ਇਮਾਰਤਾਂ ਇਸਨੂੰ ਹੋਰ ਜਿਆਦਾ ਸੁੰਦਰ ਬਣਾਉਂਦੀਆਂ ਹਨ।ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਗੁਰਦੁਆਰੇ ਨੂੰ 5000 ਰੁਪਏ ਸਾਲਾਨਾ ਅਤੇ ਖੇਤੀਬਾੜੀ ਜ਼ਮੀਨ ਦੀ 9 ਵਰਗ ਦੀ ਵਿਰਾਸਤੀ ਕੀਤੀ ਗਈ ਸੀ। ਵਿਸਾਖੀ ਅਤੇ ਕੱਤਕ ਦੀ ਪੁਰਨਮਾਸ਼ੀ ਦੇ ਦਿਹਾੜੇ ਵੰਡ ਤੋ ਪਹਿਲਾ ਮਨਾਏ ਜਾਂਦੇ ਸਨ ਪਰ ਹੁਣ ਸਿਰਫ ਵੈਸਾਖੀ ਤਿਉਹਾਰ ਹੀ ਮਨਾਇਆ ਜਾਂਦਾ ਹੈ, ਜਿੱਥੇ ਗੁਜਰਾਂਵਾਲਾ ਦੇ ਲੋਕਾਂ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਦੇ ਲੋਕ ਮੇਲੇ ਵਿਚ ਹਿੱਸਾ ਲੈਂਦੇ ਹਨ।

ਇਹ ਸ਼ਹਿਰ ਦਾ ਪ੍ਰਮੁੱਖ ਗੁਰਦੁਆਰਾ ਸੀ। ਵੰਡ ਤੋਂ ਪਹਿਲਾਂ, ਐਮਨਾਬਾਦ ਇਕ ਹਫ਼ਤੇ ਦੀ ਵਿਸਾਖੀ ਦੇ ਮੇਲੇ ਲਈ ਮਸ਼ਹੂਰ ਸੀ ਜਿਸ ਵਿਚ ਗੁਰਦੁਆਰਾ ਸ੍ਰੀ ਰੋਰੀ ਸਾਹਿਬ ਵਿਚ ਸਿੱਖਾਂ ਦੇ ਸੰਗਤ ਮੇਲੇ ਦੇ ਨਾਲ ਨਾਲ ਇਕ ਪਸ਼ੂ ਮੇਲੇ ਦੀ ਮੰਡੀ ਵੀ ਵੇਖਣ ਆਉਂਦੀ ਸੀ। 15 ਅਗਸਤ, 1947 ਨੂੰ ਪੰਜਾਬ ਦੇ ਵਿਭਾਜਨ ਤੋਂ ਤੁਰੰਤ ਬਾਅਦ ਮੁਸਲਮਾਨਾਂ ਦੀ ਭੀੜ ਨੇ ਬਹੁ ਮੰਜ਼ਲਾ ਇਮਾਰਤ ਨੂੰ ਅੱਗ ਲਾ ਦਿੱਤੀ ਸੀ ਪਰ ਪਾਕਿਸਤਾਨ ਸਰਕਾਰ ਨੇ ਮੁਰੰਮਤ ਕਰਕੇ ਅਤੇ ਇਸ ਦੀ ਸੀਮਾ ਦੀਵਾਰਾਂ ਦੀ ਉਸਾਰੀ ਕਰਵਾਈ ।

_______________________________

ਅਵਤਾਰ ਸਿੰਘ ਆਨੰਦ