ਮੰਨੈ, ਸੁਰਤਿ ਹੋਵੈ ਮਨਿ ਬੁਧਿ

06/26/2019 10:59:01 AM

ਤੇਰਵੀਂ ਪਉੜੀ

ਮੰਨੈ, ਸੁਰਤਿ ਹੋਵੈ ਮਨਿ ਬੁਧਿ।। ਮੰਨੈ, ਸਗਲ ਭਵਣ ਕੀ ਸੁਧਿ£ ਮੰਨੈ।। ਮੁਹਿ ਚੋਟਾ ਨਾ ਖਾਇ।।।। ਮੰਨੈ, ਜਮ ਕੇ ਸਾਥਿ ਨ ਜਾਇ।।।। ਐਸਾ ਨਾਮੁ ਨਿਰੰਜਨੁ ਹੋਇ।।।। ਜੇ ਕੋ ਮੰਨਿ ਜਾਣੈ ਮਨਿ ਕੋਇ।।।੧੩।।।
ਗੁਰਬਾਣੀ ਅੰਦਰ ਸੁਰਤ ਤੇ ਸ਼ਬਦ ਦੋ ਅਜਿਹੇ ਸੰਕਲਪ ਨੇ, ਦੋ ਅਜਿਹੇ ਸਿਧਾਂਤ ਨੇ, ਦੋ ਅਜਿਹੀਆਂ ਧੁਨਾਂ ਨੇ, ਇਸ਼ਾਰੇ ਨੇ ਕਿ ਇਨ੍ਹਾਂ ਨੂੰ ਸਮਝੇ ਬਗੈਰ ਸ਼ਾਇਦ ਅਸੀਂ ਗੁਰੂ ਸਾਹਿਬਾਨ ਦੇ, ਸੰਤ ਲੋਕਾਂ ਦੇ, ਸਿਧਾਂਤ ਨੂੰ ਜਾਣ ਨਹੀਂ ਸਕਦੇ। ਇਹ ਦੋ ਅਹਿਮ ਪਹਿਲੂ ਨੇ। ਇਸ ਤੇਰਵੀਂ ਪਉੜੀ 'ਚ ਸੁਰਤਿ ਉੱਤੇ ਸ਼ੁਰੂ 'ਚ ਹੀ ਧਿਆਨ ਦਿਵਾ ਦਿੱਤਾ ਗਿਆ ਹੈ। ਮੰਨੈ, ਸੁਰਤਿ ਹੋਵੈ ਮਨਿ ਬੁਧਿ£ ਮਨ, ਬੁੱਧ, ਵਿਵੇਕ ਦਾ ਜੁੜਾਵ ਸੁਰਤ ਨਾਲ ਕਰ ਦਿੱਤਾ ਗਿਆ ਹੈ। ਜਦੋਂ ਉਸ ਨੂੰ ਸੁਣ ਲਿਆ, ਉਸ ਨੂੰ ਮੰਨ ਲਿਆ, ਥਾਹ ਪੈ ਗਈ, ਨਦਰਿ ਹੋ ਗਈ, ਫੇਰ ਸੁਰਤ ਉੱਚ ਅਵਸਥਾ 'ਚ ਪਹੁੰਚ ਜਾਵੇਗੀ। ਜਾਗ੍ਰਿਤ ਅਵਸਥਾ। ਯਾਦ ਰਹੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਜਦੋਂ ਵੀ ਸੁਰਤ ਸ਼ਬਦ ਆਵੇਗਾ, ਉਹਦਾ ਕਦੇ ਵੀ ਭਾਵ ਕਿਸੇ ਕਿਸਮ ਦੀ ਸਮਾਧੀ ਦੀ ਅਵਸਥਾ ਨਹੀਂ ਹੋਵੇਗਾ, ਬਲਕਿ ਜਾਗ੍ਰਿਤ ਅਵਸਥਾ ਹੋਵੇਗਾ। ਇਹ ਸਮਝਣ ਵਾਲਾ ਨੁਕਤਾ ਹੈ। ਇਸ ਉੱਤੇ ਸਮਝ ਬਣਾਉਣੀ ਹੈ। ਕਾਰਣ ਇਹ ਹੈ ਕਿ ਉਹ ਜੋ ਦੌਰ ਹੈ, ਸੰਤ ਸਾਹਿਤ ਵੇਲੇ ਦਾ ਦੌਰ, ਅੰਗ੍ਰੇਜ਼ ਨੇ ਜਿਸ ਨੂੰ ਭਗਤੀ ਕਾਲ ਕਹਿ ਕੇ ਉਸ ਦੇ ਆਸ਼ੇ ਉੱਤੇ ਹੀ ਪਾਣੀ ਫੇਰ ਦਿੱਤਾ, ਉਹ ਜਾਗ੍ਰਿਤ ਅਵਸਥਾ ਵਾਲੇ ਸਾਧੂ ਲੋਕਾਂ ਦਾ, ਗੁਣੀ ਲੋਕਾਂ ਦਾ, ਸਤਿਗੁਰ ਲੋਕਾਂ ਦਾ ਦੌਰ ਹੈ। ਇਹ ਜਾਗ੍ਰਿਤ ਲੋਕਾਂ ਦਾ ਦੌਰ ਹੈ। ਇਹਦੇ ਬਾਰੇ ਸਤਿਗੁਰ ਕਬੀਰ ਸਾਹਿਬ ਨੇ ਬਹੁਤ ਅੱਛਾ ਇਕ ਸ਼ਬਦ ਉਚਾਰਿਆ ਹੈ :

ਦੇਖੋ ਭਾਈ ਗ੍ਹਾਨ ਕੀ ਆਈ ਆਂਧੀ।।।। ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ£।। ਰਹਾਉ।।£ ਦੁਚਿਤੇ ਕੀ ਕੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ।। ਤਿਸਨਾ ਛਾਨਿ ਪਰੀ ਧਰ ਉਪਰਿ ਦੁਰਮਤਿ ਰਾਂਡਾ ਫੂਟਾ।।।੧।।।ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾ।। ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ£।।੨£੪੩।।£ ਸਤਿਗੁਰ ਕਹਿੰਦੇ ਨੇ ਕਿ ਗਿਆਨ ਦੀ ਹਨੇਰੀ ਝੁੱਲੀ ਹੈ। ਗਿਆਨ ਫੈਲਿਆ ਹੈ। ਸਭ ਭ੍ਰਮ ਦੂਰ ਹੋ ਗਏ। ਮਾਇਆ ਛੁੱਟ ਗਈ। ਦੁਚਿੱਤੀ ਨਹੀਂ ਹੈ ਕੋਈ। ਸਭ ਸਪੱਸ਼ਟ ਹੈ। ਸਾਫ ਹੈ। ਮੋਹ ਭੱਜ ਗਿਆ ਹੈ। ਕਿਸੇ ਨਾਲ ਮੋਹ ਨਹੀਂ। ਸਭ ਥਾਂ ਉਹੀ ਸਮਾਇਆ ਹੈ। ਉਹਦਾ ਹੀ ਰੂਪ ਹੈ। ਝੂਠੇ ਮੋਹ ਨੂੰ ਤਿਲਾਂਜਲੀ ਦੇ ਦਿੱਤੀ ਗਈ। ਗਿਆਨ ਇਹੀ ਹੈ। ਇਹਦਾ ਹੀ ਪ੍ਰਗਾਸ ਹੋਇਆ ਹੈ। ਸਤਿਗੁਰ ਨਾਨਕ ਦੇਵ ਜਿਸ ਸੁਰਤਿ ਵਾਲੀ ਅਵਸਥਾ ਦੀ ਗੱਲ ਕਰ ਰਹੇ ਨੇ, ਇਹੀ ਗਿਆਨੀ ਪੁਰਖ ਦੀ ਅਵਸਥਾ ਵੱਲ ਹੀ ਇਸ਼ਾਰਾ ਹੈ। ਤ੍ਰਿਸ਼ਨਾ ਜਾਂਦੀ ਰਹੀ ਹੈ। ਗਿਆਨ ਕਾਰਣ ਦੁਰਮਤਿ ਦਾ ਭਾਂਡਾ ਚੁਰਾਹੇ ਭੱਜ ਗਿਆ ਹੈ। ਔਰ ਅਵਸਥਾ ਜੋ ਹੈ ਉਹ ਅਵਸਥਾ ਇਹ ਹੈ ਕਿ ਜਿਵੇਂ ਹਨੇਰੀ ਤੋਂ ਬਾਅਦ ਵਰਖਾ ਹੁੰਦੀ ਹੈ ਤਾਂ ਜਿਵੇਂ ਉਹ ਤ੍ਰਿਪਤ ਕਰਦੀ ਹੈ, ਆਨੰਦ ਦਿੰਦੀ ਹੈ, ਮੇਰੇ ਮਨ ਦੀ ਉਹੀ ਅਵਸਥਾ ਹੈ। ਤ੍ਰਿਪਤ ਅਵਸਥਾ। ਔਰ ਇਹ ਅਵਸਥਾ ਗਿਆਨ ਕਾਰਣ ਹੈ। ਔਰ ਜਦੋਂ ਗਿਆਨ ਦਾ ਸੂਰਜ ਉਦੈ ਹੋਇਆ ਹੈ, ਉਸੇ ਵਕਤ ਮੇਰੇ ਮਨ ਦੇ ਸਭ ਹਨੇਰੇ ਦੂਰ ਹੋ ਗਏ ਤੇ ਇਕ ਲੌਅ ਜੋ ਹੈ, ਪ੍ਰਗਾਸ ਜੋ ਹੈ, ਉਹਨੇ ਆਪਣਾ ਵਾਸਾ ਮੇਰੇ ਮਨ 'ਚ ਕਰ ਲਿਆ ਹੈ। ਇਸ ਅਵਸਥਾ ਦਾ ਮੇਰੇ ਉੱਪਰ ਪਹਿਰਾ ਹੋ ਗਿਆ ਹੈ। ਜਿਸ ਅਵਸਥਾ ਨੂੰ ਸਤਿਗੁਰ ਨਾਨਕ ਦੇਵ ਜੀ ਸੁਰਤਿ ਦੀ ਉੱਚ ਅਵਸਥਾ ਕਹਿ ਰਹੇ ਨੇ। ਮੰਨੈ, ਸੁਰਤਿ ਹੋਵੈ ਮਨਿ ਬੁਧਿ£

ਫਿਰ ਦੂਸਰੀ ਸਤਰ ਹੈ, ਮੰਨੈ, ਸਗਲ ਭਵਣ ਕੀ ਸੁਧਿ£ ਸੁਰਤਿ ਵਾਂਗ ਹੀ ਭਵਨ ਸ਼ਬਦ ਵੀ ਸਿਧਾਂਤਕ ਹੈ। ਇਹ ਸਤਰ ਵੀ ਚਾਹੇ ਜਾਗ੍ਰਿਤ ਅਵਸਥਾ ਵੱਲ ਹੀ ਇਸ਼ਾਰਾ ਹੈ ਪਰ ਕੁੱਝ ਸਿਧਾਂਤਕ ਵਿਚਾਰ ਨਾਲ ਇਕ ਮੋੜਾ ਵੀ ਹੈ। ਇਕ ਚਿੰਤਨ ਨੂੰ ਗਹਿਰੇ ਲੈ ਜਾਣ ਵਾਲਾ ਕਦਮ ਵੀ ਹੈ। ਗਹਿਰੇ ਚਲੇ ਗਏ ਨੇ ਸਤਿਗੁਰ ਨਾਨਕ। ਸਾਰੇ ਭਵਨਾਂ ਦੀ ਸਮਝ ਆ ਗਈ ਹੈ। ਮਨੁੱਖੀ ਸਰੀਰ ਕਈ ਭਵਨਾਂ ਦਾ ਬਣਿਆ ਹੋਇਆ ਹੈ। ਇਹ ਸਾਰੇ ਹੀ ਭਵਨ ਕੁਦਰਤਿ 'ਚ ਪਏ ਨੇ। ਸਾਰਾ ਬ੍ਰਹਿਮੰਡ ਸਾਡੇ ਸਰੀਰ 'ਚ ਪਿਆ ਹੈ। ਜੋ ਪਿੰਡੇ ਹੈ, ਉਹੀ ਬ੍ਰਹਿਮੰਡੇ ਹੈ। ਗੁਰਬਾਣੀ ਦਾ ਹੀ ਵਚਨ ਹੈ। ਇਨ੍ਹਾਂ ਸਾਰੇ ਭਵਨਾਂ ਦੀ ਸੋਝੀ ਹੋ ਗਈ, ਜੇ ਮੰਨ ਲਿਆ। ਜੇ ਸੁਣ ਲਿਆ। ਉਹ ਸੁਣ ਲਿਆ, ਜੋ ਤੁਹਾਡੇ ਵੱਸ ਨਹੀਂ ਹੈ। ਉਹਦੀ ਕਿਰਪਾ 'ਤੇ ਨਿਰਭਰ ਕਰਦਾ ਹੈ। ਉਹਦੀ ਕਿਰਪਾ ਹੋ ਗਈ ਤਾਂ ਸੁਣ ਲਿਆ। ਕਿਰਪਾ ਹੋ ਗਈ ਤਾਂ ਗਾ ਲਿਆ। ਗਾਉਣਾ ਵੀ ਤੁਹਾਡੇ ਵੱਸ ਨਹੀਂ ਹੈ। ਗੁਰੂ ਨਾਨਕ ਦੇਵ ਕੁੱਝ ਗੱਲਾਂ ਉੱਤੇ ਆਪਣੀ ਬਾਣੀ ਵਿਚ ਬਹੁਤ ਜ਼ੋਰ ਦਿੰਦੇ ਨੇ, ਬਲ ਦਿੰਦੇ ਨੇ, ਵਾਰ-ਵਾਰ ਕੁੱਝ ਕਹਿੰਦੇ ਨੇ। ਪਹਿਲੀਆਂ ਪੌੜੀਆਂ ਵਿਚ ਸੁਣੀਐ ਉੱਤੇ ਬਲ ਹੈ। ਫਿਰ ਗਾਵੀਐ ਉੱਤੇ ਬਲ ਹੈ। ਹੁਣ ਮੰਨੈ ਉੱਤੇ ਬਲ ਹੈ। ਇਸੇ ਬਲ ਵਿਚ ਕੁੱਝ ਸਿਧਾਂਤਾ ਦੀ ਵਿਆਖਿਆ ਕਰਦੇ ਨੇ ਜਾਂ ਕਹੋ ਕਿ ਉਨ੍ਹਾਂ ਬਾਰੇ ਸਾਨੂੰ ਪੋਇਟਿਕ ਇਸ਼ਾਰਿਆਂ ਨਾਲ ਕੁੱਝ ਸਮਝਾਉਂਦੇ ਹਨ। ਇਹ ਜੋ ਭਵਨ ਨੇ, ਇਨ੍ਹਾਂ ਨੂੰ ਜਾਣੇ ਬਗੈਰ ਕੁਦਰਤ ਨੂੰ ਨਹੀਂ ਸਮਝਿਆ ਜਾ ਸਕਦਾ ਪਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੇਕਰ ਮੰਨ ਲਿਆ ਤਾਂ ਸਮਝੋ ਸਭ ਭਵਨਾ ਦੀ ਖਬਰ ਹੋ ਗਈ। ਸਭ ਭਵਨਾ ਨੂੰ ਜਾਣ ਲਿਆ। ਮੰਨੈ, ਸਗਲ ਭਵਣ ਕੀ ਸੁਧਿ।।

ਫਿਰ ਕੀ ਹੈ ਕਿ ਜੇਕਰ ਮੰਨ ਲਿਆ ਤਾਂ ਫਿਰ ਕੀ ਹੋਣ ਵਾਲਾ ਹੈ ਜਾਂ ਹੋਣੋ ਰਹਿ ਗਿਆ, ਜੋ ਹੋ ਜਾਣਾ ਸੀ। ਮੰਨੈ, ਮੁਹਿ ਚੋਟਾ ਨਾ ਖਾਇ£ ਜਿਹੜੀਆਂ ਚੋਟਾਂ ਪੈਣੀਆਂ ਸਨ, ਉਨ੍ਹਾਂ ਤੋਂ ਛੁਟਕਾਰਾ ਹੋ ਗਿਆ। ਮਾਰ ਪੈਣ ਵਾਲੀ ਸੀ। ਮਾਰ ਪੈਂਦੀ ਹੀ ਹੈ। ਕੋਈ ਸਮਝੇ ਚਾਹੇ ਨਾ ਸਮਝੇ। ਮਾਰ ਪੈਣੀ ਸੀ ਪਰ ਮੰਨ ਲਿਆ, ਬਚਾਅ ਹੋ ਗਿਆ। ਇੱਥੇ ਫਿਰ ਜੇਕਰ ਮਾਰ ਤੋਂ ਬਚ ਗਏ ਦੀ ਅਗਲੇਰੀ ਅਵਸਥਾ ਨੂੰ ਸਮਝਣਾ ਹੈ ਤਾਂ ਸਤਿਗੁਰ ਕਬੀਰ ਸਾਹਿਬ ਕੋਲ ਹੀ ਚੱਲਦੇ ਹਾਂ, ਅੱਜ ਉਹੀ ਵਾਰ-ਵਾਰ ਜਿਹਨ 'ਚ ਉੱਭਰ ਰਹੇ ਨੇ। ਉਨ੍ਹਾਂ ਦਾ ਪਹਿਰਾ ਹੋ ਗਿਐ ਜਿਵੇਂ ਸ਼ਾਇਦ। ਇਹ ਵੱਡੇ ਲੋਕ ਪਹਿਰਾ ਕਰ ਲੈਂਦੇ ਨੇ। ਇਨ੍ਹਾਂ ਦੇ ਵਿਚਾਰਾਂ ਨੂੰ ਜੇਕਰ ਤੁਸੀਂ ਸਮਝਣ ਲੱਗਦੇ ਹੋ ਤਾਂ ਇਨ੍ਹਾਂ ਸ਼ਬਦਾਂ ਦਾ, ਵਿਚਾਰਾਂ ਦਾ ਪਹਿਰਾ ਹੋ ਜਾਂਦਾ ਹੈ ਤੁਹਾਡੇ ਉੱਤੇ। ਅੱਜ ਸਤਿਗੁਰ ਕਬੀਰ ਦਾ ਪਹਿਰਾ ਹੈ। ਮਾਰ ਤੋਂ ਬਚ ਗਏ ਦੀ ਉੱਚ ਅਵਸਥਾ ਨੂੰ ਸਮਝਣਾ ਹੈ। ਉਹ ਕਹਿੰਦੇ ਨੇ 'ਝਗਰਾ ਏਕ ਨਿਬੇਰਹੁ ਰਾਮ।। ਜਉ ਤੁਮ ਅਪਨੇ ਜਨ ਸੌ ਕਾਮੁ।। ਰਹਾਉ।।ਇਹ ਮਨੁ ਬਡਾ ਕਿ ਜਾ ਜਉ ਮਨੁ ਮਾਨਿਆ।।  ਰਾਮੁ ਬਡਾ ਕਿ ਜੈ ਰਾਮਹਿ ਜਾਨਿਆ।।ਬ੍ਰਹਮਾ ਬਡਾ ਕਿ ਜਾਸੁ ਉਪਾਇਆ।। ਬੇਦੁ ਬਡਾ ਕਿ ਜਹਾਂ ਤੇ ਆਇਆ।। ਕਹਿ ਕਬੀਰ ਹਉ ਭਇਆ ਉਦਾਸ।। ਤੀਰਥੁ ਬਡਾ ਕਿ ਹਰਿ ਕਾ ਦਾਸੁ।। ਗੱਲ ਹੀ ਸਾਫ ਕਰ ਦਿੱਤੀ ਕਿ ਝਗੜਾ ਨਿਬੇੜੋ। ਰਾਮੁ ਵੱਡਾ ਕਿ ਜੋ ਉਸ ਨੂੰ ਮੰਨਦਾ ਹੈ। ਬ੍ਰਹਮਾ ਵੱਡਾ ਕਿ ਜਿਸ ਨੇ ਉਸ ਦੀ ਕਲਪਨਾ ਕੀਤੀ ਹੈ। ਸਾਰੇ ਕਾਸੇ ਬਾਰੇ ਝਗੜਾ ਨਿਬੇੜ ਦਿੰਦੇ ਨੇ ਕਬੀਰ ਸਾਹਿਬ ਬਹਾਨੇ ਨਾਲ। ਪ੍ਰਭੂ ਨੂੰ ਕਹਿ ਰਹੇ ਨੇ ਕਿ ਝਗੜਾ ਨਿਬੇੜੋ, ਪਰ ਨਿਬੇੜ ਰਹੇ ਨੇ ਆਪ ਹੀ। ਪਹਿਲਾਂ ਜੋ ਗਿਆਨ ਵਾਲੀ ਅਵਸਥਾ ਹੈ ਕਬੀਰ ਸਾਹਿਬ ਵਾਲੀ, ਉਵੇਂ ਹੀ ਇਹ ਵੀ ਅਵਸਥਾ ਹੈ ਕਿ ਹਰਿ ਕਾ ਦਾਸੁ ਹੀ ਵੱਡਾ ਹੈ। ਕਿਉਂਕਿ ਉਹੀ ਹਰਿ ਰੂਪ ਹੈ। ਉਹੀ ਹਰਿ ਹੈ। ਝਗੜਾ ਹੀ ਖਤਮ। ਦਰਅਸਲ ਇਹ ਬਹੁਤ ਹੀ ਡੂੰਘੇ ਸ਼ਬਦ ਨੇ, ਕੁੱਝ ਸਤਰਾਂ 'ਚ ਹੀ ਇਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਪਰ ਇਸ਼ਾਰੇ ਮਾਤਰ ਜਦੋਂ ਅਸੀਂ ਬਹੁਤ ਹੀ ਬਰੀਕ ਨੁਕਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿਚਾਰਨੇ ਨੇ ਤਾਂ ਇਨ੍ਹਾਂ ਸ਼ਬਦਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਸਾਰੇ ਨੁਕਤੇ ਇਕ ਕੜੀ 'ਚ ਪਿਰੋਏ ਹੋਏ ਨੇ।

ਹੁਣ ਹੋਰ ਅਗਾਂਹ ਦਾ ਕਦਮ ਹੈ। ਮੰਨੈ, ਜਮ ਕੇ ਸਾਥਿ ਨ ਜਾਇ।। ਇਹ ਉਸ ਜਮ ਵੱਲ ਇਸ਼ਾਰਾ ਨਹੀਂ ਹੈ, ਜਿਹੜਾ ਕੱਠ ਉਪਨਿਸ਼ਦ 'ਚ ਨੱਚੀਕੇਤਾ ਦੇ ਬਹਾਨੇ ਭਾਰਤੀ ਫਲਸਫੇ ਵਿਚ ਪਰਵੇਸ਼ ਕਰਦਾ ਹੈ। ਸਾਰੀ ਮਿੱਥ 'ਚ ਇਹ ਜਮ ਮਨੁੱਖ ਨੂੰ ਚਿੰਬੜਦਾ ਹੈ। ਇਹ ਅਗਿਆਨ ਹੈ। ਇਸ ਅਗਿਆਨ ਨੇ ਦੁੱਖ ਪੈਦਾ ਕਰਨੇ ਸਨ, ਮੰਨ ਲਿਆ ਤਾਂ ਇਹਦੇ ਹੱਥੋਂ ਛੁਟਕਾਰਾ ਹੋ ਗਿਆ। ਅਗਿਆਨ ਬਹੁਤ ਦੁੱਖ ਦਿੰਦਾ ਹੈ। ਜੇਕਰ ਕਬੀਰ ਸਾਹਿਬ ਕਹਿੰਦੇ ਨੇ ਕਿ ਸੁਖੀਆ ਸਭ ਸੰਸਾਰ ਹੈ ਖਾਵੈ ਔਰ ਸੋਏ ਤਾਂ ਇਹ ਅਗਿਆਨ ਹੀ ਹੈ। ਔਰ ਦੁਖੀਆ ਦਾਸ ਕਬੀਰ ਹੈ, ਜਾਗੇ ਔਰ ਰੋਏ, ਤਾਂ ਇੱਥੇ ਰੋਣਾ ਜੋ ਹੈ, ਉਹ ਜਾਗਦੇ ਹੋਣ ਦੀ ਨਿਸ਼ਾਨੀ ਹੈ। ਉਹ ਖੁਦ ਉੱਤੇ ਨਹੀਂ ਰੋ ਰਿਹਾ। ਉਹ ਸੰਸਾਰ ਦੇ ਕਰਮਾਂ ਨੂੰ ਦੇਖਦਿਆਂ ਰੋ ਰਿਹਾ ਹੈ। ਦੁਨੀਆ ਗੁੱਝੀ ਭਾਹੇ ਕਹਿੰਦੇ ਨੇ ਬਾਬਾ ਫਰੀਦ ਜੀ। ਸਾਰੀ ਦੁਨੀਆ ਕਿਸੇ ਗੁੱਝੀ ਅਗਨ ਵਿਚ ਮਚ ਰਹੀ ਹੈ। ਇਹ ਜੋ ਗੁੱਝੀ ਅਗਨ ਹੈ, ਜਿਸ 'ਚ ਦੁਨੀਆ ਮਚ ਰਹੀ ਹੈ, ਇਹੀ ਅਗਿਆਨ ਹੈ, ਇਹੀ ਜਮ ਹੈ, ਜਿਸ ਤੋਂ ਛੁਟਕਾਰਾ ਬਾਬੇ ਫਰੀਦ ਮੁਤਾਬਿਕ ਉਨ੍ਹਾਂ ਨੂੰ ਮਿਲ ਗਿਆ ਹੈ, ਗੁਰੂ ਨਾਨਕ ਦੇਵ ਜੀ ਮੁਤਾਬਿਕ ਜਿਸ ਨੇ ਮੰਨ ਲਿਆ ਹੈ, ਜਿਸ ਉੱਤੇ ਕਿਰਪਾ ਹੋ ਗਈ ਹੈ। ਉਹਨੇ ਇਸ ਜਮ ਤੋਂ ਛੁਟਕਾਰਾ ਪਾ ਲਿਆ ਹੈ।

ਐਸਾ ਨਾਮੁ ਨਿਰੰਜਨੁ ਹੋਇ।।। ਜੇ ਕੋ ਮੰਨਿ ਜਾਣੈ ਮਨਿ ਕੋਇ।।।੧੩।।।।ਫਿਰ ਉਸੇ ਵਿਚਾਰ ਨੂੰ, ਉਸੇ ਜੁਗਤ ਨੂੰ, ਉਸੇ ਇਸ਼ਾਰੇ ਨੂੰ, ਉਸੇ ਸਿਧਾਂਤ ਨੂੰ, ਸਤਿਗੁਰ ਨਾਨਕ ਦੇਵ ਦ੍ਰਿੜਾ ਰਹੇ ਕਿ ਉਸ ਨਿਰੰਕਾਰ ਦਾ ਨਾਮ ਹੀ ਐਸਾ ਹੈ, ਜਿਹੜਾ ਉਸ ਨੂੰ ਮੰਨ ਲੈਂਦਾ ਹੈ, ਜਿਸ ਉੱਤੇ ਨਦਰਿ ਹੋ ਜਾਂਦੀ ਹੈ, ਉਹ ਫਿਰ ਉਹਦੇ 'ਚ ਹੀ ਵਿਲੀਨ ਹੋ ਜਾਂਦਾ ਹੈ। ਜੇ ਕੋ ਮੰਨਿ ਜਾਣੈ ਮਨਿ ਕੋਇ।।।੧੩।।। ਇਹ ਜੋ ਵਿਲੀਨਤਾ ਦੀ ਅਵਸਥਾ ਹੈ, ਬੜੀ ਉੱਚ ਅਵਸਥਾ ਹੈ। ਇਹ ਅਵਸਥਾ ਹੀ ਨੈਤਿਕ ਕੀਮਤਾਂ ਦਾ ਆਧਾਰ ਹੈ। ਇਹ ਅਵਸਥਾ ਹੀ ਕੁਦਰਤ ਨਾਲ ਇਕਮਿੱਕਤਾ ਦਾ ਆਧਾਰ ਹੈ। ਜਦੋਂ ਅਸੀਂ ਕੁਦਰਤ ਨਾਲ ਇਕਮਿੱਕ ਹੁੰਦੇ ਹਾਂ ਤਾਂ ਸੁਤੇ ਸਿੱਧ ਹੀ ਅਸੀਂ ਉਸ ਰਿਦਮ 'ਚ ਆ ਜਾਂਦੇ ਹਾਂ, ਜਿਸ ਰਿਦਮ ਨੂੰ ਗੁਰੂ ਨਾਨਕ ਹੁਕਮ ਕਹਿੰਦੇ ਨੇ। ਇਸ ਹੁਕਮ ਨੂੰ ਪਛਾਣ ਲਿਆ ਤਾਂ ਉਸ ਨਿਰੰਕਾਰ ਨਾਲ ਜੁੜ ਗਏ। ਉਹਦੇ 'ਚ ਹੀ ਵਿਲੀਨ ਹੋ ਗਏ। ਉਸ ਹੁਕਮ 'ਚ ਪ੍ਰਵਾਹਿਤ ਹੋ ਗਏ ਤਾਂ ਸਮਝੋ ਸਭ ਪਾਪਾਂ ਤੋਂ, ਦੁੱਖਾਂ ਤੋਂ ਛੁਟਕਾਰਾ ਪਾ ਲਿਆ। ਜਮ ਤੋਂ ਬਚ ਗਏ। ਅਗਿਆਨ ਤੋਂ ਬਚ ਗਏ। ਇਕ ਅਜਿਹੀ ਅਵਸਥਾ ਦੇ ਧਾਰਨੀ ਹੋ ਗਏ, ਜਿੱਥੇ ਕੋਈ ਆਪਣਾ ਨਹੀਂ। ਕੋਈ ਬਿਗਾਨਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਹੀ ਸੂਖਮ ਇਸ਼ਾਰਿਆਂ ਨਾਲ ਇਸ ਅਵਸਥਾ ਦੀ ਪ੍ਰਾਪਤੀ ਦਾ ਰਾਹ ਦੱਸਦੇ ਨੇ ਤੇ ਜਦੋਂ ਬੰਦਾ ਪਹੁੰਚ ਗਿਆ ਇਸ ਅਵਸਥਾ 'ਚ, ਫਿਰ ਉਹਦਾ ਕਿਸ ਕਿਸ ਚੀਜ਼ ਤੋਂ ਛੁਟਕਾਰਾ ਹੋ ਜਾਂਦਾ ਹੈ, ਬਾਰੇ ਇਸ ਤੇਰਵੀਂ ਪਉੜੀ 'ਚ ਦਿਖਾਇਆ ਗਿਆ ਹੈ। ਇਹ ਕਿਸੇ ਵੱਡੀ ਸੋਚ ਵਾਲੇ ਮਨੁੱਖ ਦੀ ਪ੍ਰਾਪਤੀ ਨੂੰ ਦਰਸਾਉਂਦੀ ਪਾਉੜੀ ਹੈ, ਜਿਸ ਵੱਲ ਗੁਰੂ ਨਾਨਕ ਇਸ਼ਾਰਾ ਕਰ ਰਹੇ ਨੇ।

-ਦੇਸ ਰਾਜ ਕਾਲੀ
79867-02493