ਝੂਠ ਉੱਤੇ ਸੱਚ ਦੀ ਜਿੱਤ ਦੁਸਹਿਰਾ

10/08/2019 9:19:56 AM

ਜਲੰਧਰ (ਬਿਊਰੋ) — ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ 'ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਸੀਤਾ ਜੀ ਨੂੰ ਉਸ ਦੀ ਕੈਦ 'ਚੋਂ ਛੁਡਾਇਆ ਸੀ। ਕਿਹਾ ਜਾਂਦਾ ਹੈ ਕਿ ਰਾਮ ਅਤੇ ਰਾਵਣ 'ਚ ਯੁੱਧ ਨਰਾਤਿਆਂ ਦੌਰਾਨ ਹੋਇਆ ਸੀ। ਰਾਵਣ ਦੀ ਮੌਤ ਅਸ਼ਟਮੀ ਅਤੇ ਨੌਮੀ ਦੇ ਸੰਧੀਕਾਲ 'ਚ ਹੋਈ ਸੀ ਅਤੇ ਅੰਤਿਮ ਸੰਸਕਾਰ ਦਸਮੀ ਤਿਥੀ ਨੂੰ ਹੋਇਆ ਸੀ, ਇਸ ਲਈ ਦਸਮੀ ਨੂੰ ਇਹ ਤਿਉਹਾਰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸਾਡੇ ਦੇਸ਼ 'ਚ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਸਾਰੇ ਖੇਤਰਾਂ 'ਚ ਵੱਖ-ਵੱਖ ਰੂਪਾਂ 'ਚ ਮਨਾਇਆ ਜਾਂਦਾ ਹੈ। ਇਸ ਦਿਨ ਵਿਅਕਤੀ ਆਪਣੇ ਅੰਦਰ ਲਾਲਚ, ਮੋਹ, ਹੰਕਾਰ, ਆਲਸ, ਹਿੰਸਾ ਵਰਗੀਆਂ ਭਾਵਨਾਵਾਂ ਦਾ ਅੰਤ ਕਰਨ ਲਈ ਪ੍ਰੇਰਿਤ ਹੁੰਦਾ ਹੈ। ਲੰਕਾਪਤੀ ਰਾਵਣ ਇਕ ਬਹੁਤ ਵੱਡਾ ਵਿਦਵਾਨ-ਗਿਆਨੀ ਅਤੇ ਬਲਸ਼ਾਲੀ ਰਾਜਾ ਸੀ ਪਰ ਉਸ ਦਾ ਹੰਕਾਰ ਉਸ ਨੂੰ ਲੈ ਡੁੱਬਿਆ। ਸਾਨੂੰ ਵੀ ਸਿੱਖਿਆ ਲੈਂਦੇ ਹੋਏ ਹੰਕਾਰ ਤੋਂ ਦੂਰ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਾਡਾ ਨਾਸ਼ ਵੀ ਨਿਸ਼ਚਿਤ ਹੈ। ਦੁਸਹਿਰੇ ਤੋਂ ਕੁਝ ਦਿਨ ਪਹਿਲਾਂ 'ਰਾਮਲੀਲਾ' ਸ਼ੁਰੂ ਹੋ ਜਾਂਦੀ ਹੈ। ਰਾਮਲੀਲਾ 'ਚ ਨਾਟਕ ਦੇ ਰੂਪ 'ਚ ਸ਼੍ਰੀ ਰਾਮ ਅਤੇ ਰਾਵਣ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਨਾਟਕ ਦੇ ਰੂਪ 'ਚ ਵੱਖ-ਵੱਖ ਪਾਤਰਾਂ ਵਲੋਂ ਮੰਚ 'ਤੇ ਦਿਖਾਇਆ ਜਾਂਦਾ ਹੈ। ਲੋਕ ਬੜੇ ਚਾਅ ਨਾਲ ਰਾਮਲੀਲਾ ਦੇਖਣ ਜਾਂਦੇ ਹਨ।

ਦੁਸਹਿਰੇ ਦੇ ਦਿਨ ਰਾਵਣ ਅਤੇ ਉਸ ਦੇ ਦੋਵੇਂ ਪਾਸੇ ਮੇਘਨਾਦ ਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਨੂੰ ਰੱਸੀਆਂ ਦੀ ਸਹਾਇਤਾ ਨਾਲ ਬੰਨ੍ਹ ਕੇ ਖੜ੍ਹਾ ਕੀਤਾ ਜਾਂਦਾ ਹੈ ਅਤੇ ਉਸ 'ਚ ਖੂਬ ਸਾਰੇ ਪਟਾਕੇ, ਆਤਿਸ਼ਬਾਜ਼ੀਆਂ ਲਾ ਦਿੱਤੀਆਂ ਜਾਂਦੀਆਂ ਹਨ। ਸ਼ਾਮ ਨੂੰ ਜਦੋਂ ਤਿੰਨਾਂ ਦੇ ਪੁਤਲਿਆਂ ਨੂੰ  ਸਾੜਿਆ ਜਾਂਦਾ ਹੈ ਤਾਂ ਪਟਾਕਿਆਂ ਦੀ ਗੜਗੜਾਹਟ ਨਾਲ ਪੂਰਾ ਵਾਤਾਵਰਣ ਗੂੰਜ ਉੱਠਦਾ ਹੈ। ਇਸ ਮੌਕੇ 'ਤੇ ਮੇਲੇ 'ਚ ਰੌਣਕ ਦੇਖਣਯੋਗ ਹੁੰਦੀ ਹੈ। ਭਾਰਤ ਦੇ ਉੱਤਰੀ ਹਿੱਸੇ 'ਚ ਕੁਝ ਖੇਤਰਾਂ 'ਚ ਰਾਵਣ ਦੀ ਪੂਜਾ ਦਾ ਵਿਧਾਨ ਵੀ ਹੈ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ, ਬਲਸ਼ਾਲੀ, ਸ਼ਸਤਰ-ਵਿੱਦਿਆ 'ਚ ਮਾਹਿਰ, ਪ੍ਰਕਾਂਡ ਪੰਡਿਤ ਅਤੇ ਸ਼ਿਵ ਭਗਤ ਸੀ। ਉਸ ਨੇ ਆਪਣੇ ਜੀਵਨ 'ਚ ਹੰਕਾਰ 'ਚ ਆ ਕੇ ਮਾਤਾ ਸੀਤਾ ਦਾ ਹਰਣ ਕਰਨ ਵਰਗੀ ਭਿਆਨਕ ਗਲਤੀ ਕੀਤੀ ਜਿਸ ਕਾਰਨ ਉਹ ਭਗਵਾਨ ਸ਼੍ਰੀ ਰਾਮ ਦੇ ਹੱਥੋਂ ਮਾਰਿਆ ਗਿਆ। ਨਰਾਤਿਆਂ ਤੋਂ ਇਕ ਦਿਨ ਪਹਿਲਾਂ ਵੱਖਰੇ ਮਿੱਟੀ ਦੇ ਬਰਤਨ 'ਚ ਜੌਂ ਬੀਜਣ ਦੀ ਰਵਾਇਤ ਹੈ ਜੋ ਦੁਸਹਿਰੇ ਦੀ ਪੂਜਾ ਲਈ ਹੁੰਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਪੂਜਾ ਲਈ ਪਹਿਲੇ ਨਰਾਤੇ ਨੂੰ ਵੱਖਰੇ ਜੌਂ ਬੀਜੇ ਜਾਂਦੇ ਹਨ।