ਅੱਜ ਦੇ ਦਿਹਾੜੇ ’ਤੇ ਵਿਸ਼ੇਸ਼ : ਹੰਕਾਰ ਦੇ ਨਾਸ਼ ਦਾ ਤਿਉਹਾਰ ‘ਦੁਸਹਿਰਾ’

10/15/2021 9:01:54 AM

ਭਗਵਾਨ ਸ੍ਰੀ ਰਾਮ ਨੇ ਦਸ਼ਮੀ ਦੇ ਦਿਨ ਹੀ ਰਾਵਣ ਦਾ ਵਧ ਕੀਤਾ ਅਤੇ ਉਸ ’ਤੇ ਜਿੱਤ ਹਾਸਲ ਕੀਤੀ। ਇਸ ਲਈ ਦੁਸਹਿਰੇ ਦੇ ਤਿਉਹਾਰ ਨੂੰ ਵਿਜੇਦਸ਼ਮੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ‘ਦੁਸਹਿਰਾ’ ਸ਼ਬਦ ਵੀ ਸੰਸਿਤ ਤੋਂ ਲਿਆ ਗਿਆ ਹੈ। ‘ਦਸ਼’ ਦਾ ਅਰਥ ਦਸ਼ਾਨਨ ਭਾਵ 10 ਮੁਖ ਵਾਲੇ ਰਾਵਣ ਤੋਂ ਹੈ ਅਤੇ ‘ਹਾਰਾ’ ਦਾ ਸੰਬੰਧ ਰਾਵਣ ਨੂੰ ਰਾਮ ਤੋਂ ਮਿਲੀ ਹਾਰ ਨਾਲ ਹੈ। ਇਸ ਲਈ ਇਸ ਤਿਉਹਾਰ ਨੂੰ ਬਦੀ ’ਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੇ ਰੂਪ ’ਚ ਮਨਾਇਆ ਜਾਂਦਾ ਹੈ।

ਮਾਂ ਦੁਰਗਾ ਨੇ ਦੈਂਤ ਮਹਿਸ਼ਾਸੁਰ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇਣ  ਲਈ ਉਸ ਨਾਲ ਪ੍ਰਚੰਡ ਯੁੱਧ ਕੀਤਾ ਜੋ ਨੌਂ ਦਿਨ ਅਤੇ ਨੌਂ ਰਾਤਾਂ ਤੱਕ ਚੱਲਿਆ। ਇਸ ਲਈ ਦਸਵੇਂ ਦਿਨ ਮਾਂ ਦੁਰਗਾ ਨੇ ਮਹਿਸ਼ਾਸੁਰ ਦੈਂਤ ਦਾ ਵਧ ਕਰ ਦਿੱਤਾ। ਪ੍ਰਾਚੀਨ ਕਾਲ ਤੋਂ ਹੀ ਯੋਧਾ ਨਰਾਤਰੇ ਕਾਲ ’ਚ ਸ਼ਕਤੀ ਪੂਜਾ ਕਰਦੇ ਆ ਰਹੇ ਹਨ। ਆਸ਼ਵਿਨ ਨਰਾਤਿਆਂ ’ਚ ਸਿੱਧੀ ਪ੍ਰਾਪਤੀ ’ਚ ਕੁਦਰਤ ਵੀ ਸਹਾਇਕ ਹੁੰਦੀ ਹੈ?

ਵਿਜੇ ਦਸ਼ਮੀ (ਦੁਸਹਿਰਾ)  ਸਿਰਫ਼ ਇਕ ਤਿਉਹਾਰ ਹੀ ਨਹੀਂ, ਇਹ ਪ੍ਰਤੀਕ ਹੈ ਝੂਠ ’ਤੇ ਸੱਚ ਦੀ ਜਿੱਤ ਦਾ, ਸਾਹਸ ਦਾ, ਬਿਨਾਂ ਸਵਾਰਥ ਸਹਾਇਤਾ ਅਤੇ ਮਿੱਤਰਤਾ ਦਾ। ਇਹ ਤਿਉਹਾਰ ਸੰਦੇਸ਼ ਦਿੰਦਾ ਹੈ ਕਿ ਬਦੀ ’ਤੇ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਗੱਲ ਨੂੰ ਸਮਝਾਉਣ ਲਈ ਦੁਸਹਿਰੇ ਦੇ ਦਿਨ ਰਾਵਣ ਦੇ ਪ੍ਰਤੀਕਾਤਮਕ ਰੂਪ ਦਾ ਦਹਿਨ ਕੀਤਾ ਜਾਂਦਾ ਹੈ। ਜੇਕਰ ਸਮਾਜਿਕ ਤੌਰ ’ਤੇ ਇਸ ਤਿਉਹਾਰ ਦੇ ਮਹੱਤਵ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਖੁਸ਼ੀ ਅਤੇ ਸਮਾਜਿਕ ਮੇਲ-ਜੋਲ ਦਾ ਪ੍ਰਤੀਕ ਹੈ। ਰਾਵਣ ਨਾਲ ਲੜਾਈ ਸਮੇਂ ਹਥਿਆਰਾਂ ਦਾ ਵੀ ਇਸਤੇਮਾਲ ਹੋਇਆ ਸੀ ਇਸ ਲਈ ਦੁਸਹਿਰੇ ਨੂੰ ਹਥਿਆਰ ਪੂਜਾ ਦੇ ਨਾਲ ਵੀ ਜੋੜਿਆ ਜਾਂਦਾ ਹੈ।

PunjabKesari

ਸਾਨੂੰ ਸਾਡੀ ਸੰਸਿਤੀ ਦੇ ਹੀ ਕੁਝ ਪੰਨਿਆਂ ਤੋਂ ਅੱਗੇ ਵਧਣ ਦੀ ਉਮੀਦ ਮਿਲਦੀ ਹੈ। ਰਾਮਾਇਣ ਸਾਨੂੰ ਸਿੱਖਿਆ ਦਿੰਦੀ ਹੈ ਕਿ ਝੂਠ ਅਤੇ ਬੁਰਾਈ ਦੀਆਂ ਤਾਕਤਾਂ ਕਿੰਨੀਆਂ ਵੀ ਵੱਧ ਹੋ ਜਾਣ ਪਰ ਅੱਛਾਈ ਦੇ ਸਾਹਮਣੇ ਉਨ੍ਹਾਂ ਦਾ ਵਜੂਦ ਇਕ ਨਾ ਇਕ ਦਿਨ ਮਿਟ ਕੇ ਰਹਿੰਦਾ ਹੈ। ਹਨੇਰੇ ਦੀ ਇਸ ਮਾਰ ਨਾਲ ਮਨੁੱਖ ਹੀ ਨਹੀਂ ਭਗਵਾਨ ਵੀ ਪੀੜਤ ਹੋ ਚੁੱਕੇ ਹਨ ਪਰ ਸੱਚ ਅਤੇ ਅੱਛਾਈ ਨੇ ਹਮੇਸ਼ਾ ਸਹੀ ਵਿਅਕਤੀ ਦਾ ਸਾਥ ਦਿੱਤਾ। ਭਗਵਾਨ ਵਿਸ਼ਣੂ ਦੇ ਅਵਤਾਰ ਭਗਵਾਨ ਸ਼੍ਰੀ ਰਾਮ ਦੇ 14 ਸਾਲਾਂ ਦੇ ਬਨਵਾਸ ਸਮੇਂ ਰਾਵਣ ਨੇ ਸੀਤਾ ਮਾਤਾ ਦਾ ਹਰਨ ਕੀਤਾ ਸੀ। ਉਸ ਕੋਲੋਂ ਸੀਤਾ ਜੀ ਨੂੰ ਮੁਕਤ ਕਰਵਾਉਣ ਲਈ ਪ੍ਰਭੂ ਸ਼੍ਰੀ ਰਾਮ ਅਤੇ ਉਨ੍ਹਾਂ ਦੀ ਸੈਨਾ ਨੇ ਦਸ ਦਿਨ ਜੰਗ ਕੀਤੀ ਸੀ, ਜਿਸ ’ਚ ਰਾਵਣ ਦਾ ਅੰਤ ਹੋਇਆ। 

ਦੁਸਹਿਰੇ ਦਾ ਤਿਉਹਾਰ ਦਸ ਪਾਪਾਂ ਕਾਮ, ਕ੍ਰੋਧ, ਲੋਭ, ਮਦ, ਮੋਹ, ਮਦ, ਹੰਕਾਰ, ਆਲਸ, ਹਿੰਸਾ ਅਤੇ ਚੋਰੀ ਦੇ ਤਿਆਗ ਦੀ ਪ੍ਰੇਰਣਾ ਪ੍ਰਦਾਨ ਕਰਦਾ ਹੈ। ਦੁਸਹਿਰਾ ਭਾਰਤ  ਦੇ ਉਨ੍ਹਾਂ ਤਿਉਹਾਰਾਂ ’ਚੋਂ ਹੈ, ਜਿਸ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਵੱਡੇ-ਵੱਡੇ ਪੁਤਲੇ ਅਤੇ ਝਾਕੀਆਂ ਇਸ ਤਿਉਹਾਰ ਦਾ ਮੁੱਖ ਆਕਰਸ਼ਣ ਹਨ। ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦੇ ਰੂਪ ’ਚ ਲੋਕ ਬੁਰੀਆਂ ਤਾਕਤਾਂ ਨੂੰ ਸਾੜਨ ਦਾ ਪ੍ਰਣ ਲੈਂਦੇ ਹਨ।

ਇਸ ਦਿਨ ਜਲੇਬੀ ਖਾਣ ਦਾ ਖ਼ਾਸ ਮਹੱਤਵ ਹੈ। ਦੁਸ਼ਹਿਰਾ ਅੱਜ ਵੀ ਲੋਕਾਂ ਦੇ ਦਿਲਾਂ ’ਚ ਭਗਤੀ ਭਾਵ ਨੂੰ ਜਗਾ ਰਿਹਾ ਹੈ। ਇਸ ਨੂੰ ਦੇਸ਼ ਦੇ ਹਰ ਹਿੱਸੇ ’ਚ ਮਨਾਇਆ ਜਾਂਦਾ ਹੈ। ਬੰਗਾਲ ’ਚ ਇਸ ਨੂੰ ਨਾਰੀ ਸ਼ਕਤੀ ਦੀ ਉਪਾਸਨਾ ਅਤੇ ਮਾਤਾ ਦੁਰਗਾ ਦੀ ਪੂਜਾ-ਅਰਚਨਾ ਲਈ ਉੱਤਮ ਸਮੇਂ ’ਚੋਂ ਇਕ ਮੰਨਿਆ ਜਾਂਦਾ ਹੈ। ਬੰਗਾਲ ’ਚ ਲੋਕ 5 ਦਿਨਾਂ ਤਕ ਮਾਂ ਦੁਰਗਾ ਦੀ ਪੂਜਾ-ਅਰਚਨਾ ਕਰਦੇ ਹਨ, ਜਿਸ ’ਚ ਚਾਰ ਦਿਨਾਂ ਦਾ ਵੱਖਰਾ ਮਹੱਤਵ ਹੈ। ਇਹ ਪੂਜਾ ਦੇ 7ਵੇਂ, 8ਵੇਂ, 9ਵੇਂ ਅਤੇ 10ਵੇਂ ਦਿਨ ਹੁੰਦੇ ਹਨ, ਜਿਨ੍ਹਾਂ ਨੂੰ ਲੜੀਵਾਰ ਸਪਤਮੀ, ਅਸ਼ਟਮੀ, ਨੌਵੀਂ ਅਤੇ ਦਸ਼ਮੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਦਸਵੇਂ ਦਿਨ ਮੂਰਤੀਆਂ ਦੀਆਂ ਝਾਕੀਆਂ ਕੱਢ ਕੇ ਗੰਗਾ ’ਚ ਉਨ੍ਹਾਂ ਨੂੰ ਵਿਸਰਜਿਤ ਕੀਤਾ ਜਾਂਦਾ ਹੈ। ਗੁਜਰਾਤ ’ਚ ਗਰਬਾ, ਹਿਮਾਚਲ ’ਚ ਕੁੱਲੂ ਦਾ ਦੁਸਹਿਰਾ ਤਿਉਹਾਰ ਦੇਖਣ ਯੋਗ ਹੁੰਦਾ ਹੈ। ਦੁਸਹਿਰੇ ’ਤੇ ਤਿੰਨ ਪੁਤਲਿਆਂ ਨੂੰ ਸਾੜ ਕੇ ਵੀ ਅਸੀਂ ਆਪਣੇ ਮਨ ’ਚੋਂ ਝੂਠ, ਕਪਟ ਅਤੇ ਛਲ ਨੂੰ ਨਹੀਂ ਕੱਢ ਸਕੇ। ਸਾਨੂੰ ਦੁਸਹਿਰੇ ਦੇ ਅਸਲੀ ਸੰਦੇਸ਼ ਨੂੰ ਆਪਣੇ ਜੀਵਨ ’ਚ ਅਮਲ ’ਚ ਲਿਆਉਣਾ ਹੋਵੇਗਾ ਤਾਂ ਹੀ ਇਸ ਤਿਉਹਾਰ ਨੂੰ ਮਨਾਉਣਾ ਸਾਰਥਕ ਹੋਵੇਗਾ।

ਕ੍ਰਿਸ਼ਨ ਪਾਲ ਛਾਬੜਾ, ਗੋਰਾਇਆ
 


rajwinder kaur

Content Editor rajwinder kaur