ਪੈਸਾ ਲੁੱਟਣ ਆਏ ਡਾਕੂ ਖੁਦ ਹੀ ਦਾਨ ਦੇ ਗਏ

8/29/2018 8:55:31 AM

ਸਾਲ 1925 ਦੀ ਗੱਲ ਹੈ। ਇਕ ਦਿਨ ਨਿਊਯਾਰਕ ਦੇ ਯਹੂਦੀ ਹਸਪਤਾਲ ਦਾ ਖਜ਼ਾਨਚੀ ਦਾਨੀਆਂ ਤੇ ਹੋਰ ਸੋਮਿਆਂ ਦੀ ਮਦਦ ਨਾਲ ਜਮ੍ਹਾ ਰਕਮ ਲੈ ਕੇ ਬੈਂਕ ਜਾ ਰਿਹਾ ਸੀ। ਉਹ ਹਸਪਤਾਲ ਤੋਂ ਥੋੜ੍ਹੀ ਦੂਰ ਹੀ ਪਹੁੰਚਿਆ ਸੀ ਕਿ ਰਸਤੇ 'ਚ ਉਸ ਨੂੰ ਡਾਕੂਆਂ ਨੇ ਘੇਰ ਲਿਆ। ਡਾਕੂਆਂ ਦਾ ਸਰਦਾਰ ਆਪਣੇ ਸਾਥੀਆਂ ਨੂੰ ਬੋਲਿਆ, ''ਖੋਹ ਲਓ ਇਸ ਬਦਮਾਸ਼ ਤੋਂ ਪੈਸਿਆਂ ਨਾਲ ਭਰਿਆ ਬੈਗ। ਧਿਆਨ ਰਹੇ ਕਿ ਇਹ ਭੱਜ ਨਾ ਜਾਵੇ।''
ਖਜ਼ਾਨਚੀ ਆਪਣੇ ਉੱਪਰ ਹੋਏ ਇਸ ਅਚਾਨਕ ਹਮਲੇ ਤੋਂ ਘਬਰਾਇਆ ਨਹੀਂ। ਉਸ ਨੇ ਡਾਕੂਆਂ ਨੂੰ ਕਿਹਾ, ''ਇਹ ਪੈਸਾ ਮੇਰਾ ਨਹੀਂ, ਹਸਪਤਾਲ ਦਾ ਹੈ, ਜੋ ਦਾਨੀਆਂ ਤੇ ਰੋਗੀਆਂ ਦੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਹਸਪਤਾਲ ਚਲਾਉਣ ਲਈ ਇਕੱਠਾ ਕੀਤਾ ਗਿਆ ਹੈ। ਜੇ ਤੁਸੀਂ ਇਹ ਪੈਸੇ ਖੋਹ ਲਵੋਗੇ ਤਾਂ ਹਸਪਤਾਲ ਦੇ ਰੋਗੀਆਂ ਦੀ ਸੇਵਾ ਵਿਚ ਕਮੀ ਆਏਗੀ। ਰੋਗੀਆਂ ਤੇ ਦੀਨ-ਦੁਖੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਤੁਹਾਨੂੰ ਕੋਸਣਗੇ ਅਤੇ ਬਦਦੁਆ ਦੇਣਗੇ।''
ਸਖਤ ਆਵਾਜ਼ ਵਿਚ ਡਾਕੂਆਂ ਦਾ ਸਰਦਾਰ ਦਹਾੜਿਆ, ''ਸਾਨੂੰ ਬਹਾਨੇ ਪਸੰਦ ਨਹੀਂ, ਲਿਆ ਇੱਧਰ ਆਪਣਾ ਥੈਲਾ ਮੈਨੂੰ ਦੇ ਦੇ।''
ਖਜ਼ਾਨਚੀ ਬੋਲਿਆ, ''ਮੇਰੇ ਭਰਾ ਜੋ ਦਾਨ ਦੇ ਕੇ ਹਸਪਤਾਲ ਚਲਾਉਂਦੇ ਹਨ, ਉਹ ਵੀ ਤੁਹਾਡੇ ਹੀ ਭਰਾ ਹਨ। ਹਸਪਤਾਲ ਦੇ ਪੈਸੇ 'ਚੋਂ ਤੁਹਾਨੂੰ ਕੁਝ ਹਥਿਆਉਣਾ ਸ਼ੋਭਾ ਤਾਂ ਨਹੀਂ ਦਿੰਦਾ, ਫਿਰ ਵੀ ਤੁਹਾਡੀ ਮਰਜ਼ੀ।''
ਇਹ ਕਹਿ ਕੇ ਖਜ਼ਾਨਚੀ ਨੇ ਨੋਟਾਂ ਨਾਲ ਭਰਿਆ ਥੈਲਾ ਡਾਕੂਆਂ ਦੇ ਸਰਦਾਰ ਵੱਲ ਵਧਾ ਦਿੱਤਾ ਪਰ ਖਜ਼ਾਨਚੀ ਦੀ ਇਸ ਦਿਲ ਨੂੰ ਛੂਹ ਲੈਣ ਵਾਲੀ ਗੱਲ ਦਾ ਅਸਰ ਡਾਕੂ 'ਤੇ ਅਜਿਹਾ ਹੋਇਆ ਕਿ ਉਸ ਨੇ ਨਾ ਸਿਰਫ ਉਸ ਦਾ ਖੋਹਿਆ ਹੋਇਆ ਥੈਲਾ ਮੋੜ ਦਿੱਤਾ, ਸਗੋਂ ਕੁਝ ਰਕਮ ਆਪਣੇ ਕੋਲੋਂ ਵੀ ਹਸਪਤਾਲ ਦੀ ਮਦਦ ਲਈ ਦਾਨ ਵਿਚ ਦੇ ਦਿੱਤੀ। ਡਾਕੂ ਦੇ ਸਾਥੀ ਇਹ ਘਟਨਾ ਦੇਖ ਰਹੇ ਸਨ। ਉਨ੍ਹਾਂ ਨੂੰ ਸਮਝ ਆ ਗਿਆ ਕਿ ਸੰਸਾਰ ਦੇ ਮਾੜੇ ਤੋਂ ਮਾੜੇ ਵਿਅਕਤੀ ਵਿਚ ਵੀ ਭਲਾਈ ਦੀ ਭਾਵਨਾ ਜ਼ਰੂਰ ਹੁੰਦੀ ਹੈ, ਜਿਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਮਾੜਾ ਕਰਨ 'ਤੇ ਉਤਾਰੂ ਵਿਅਕਤੀ ਵੀ ਇਸ ਨੂੰ ਤਿਆਗ ਸਕਦਾ ਹੈ।