ਹਰ ਕੰਮ ਨੂੰ ਤਿਉਹਾਰ ਵਰਗਾ ਮੰਨੋ

01/23/2020 5:01:14 PM

ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ। ਉਨ੍ਹੀਂ ਦਿਨੀਂ ਬੰਗਾਲ ਦੇ ਪਿੰਡਾਂ ਵਿਚ ਲੋਕ ਦੁਰਗਾ ਪੂਜਾ ਦੀਆਂ ਤਿਆਰੀਆਂ ਵਿਚ ਕਈ ਮਹੀਨੇ ਪਹਿਲਾਂ ਲੱਗ ਜਾਂਦੇ ਸਨ। ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਲੋਕ ਵੀ ਇਸ ਦੀ ਤਿਆਰੀ ਵਿਚ ਜੁਟ ਜਾਂਦੇ ਸਨ, ਜਿਸ ਨਾਲ ਸਾਰਿਆਂ  ਨੂੰ ਕੋਈ ਨਾ ਕੋਈ ਕੰਮ ਮਿਲ ਜਾਂਦਾ ਸੀ ਪਰ ਸੁਭਾਸ਼ ਚੰਦਰ ਬੋਸ ਨੇ ਦੇਖਿਆ ਕਿ ਸਮਾਂ ਬੀਤਣ ਦੇ ਨਾਲ-ਨਾਲ ਹੁਣ ਉਨ੍ਹਾਂ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਓਨੇ ਜ਼ੋਰ-ਸ਼ੋਰ ਨਾਲ ਨਹੀਂ ਕੀਤਾ ਜਾ ਰਿਹਾ। ਹੁਣ ਲੋਕਾਂ ਨੇ ਪਿੰਡਾਂ ਤੋਂ ਸ਼ਹਿਰਾਂ ਵੱਲ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ। ਇੰਝ ਤਿਉਹਾਰਾਂ ਤੇ ਧਾਰਮਿਕ ਆਯੋਜਨਾਂ ਦਾ ਰਿਵਾਜ ਵੀ ਘੱਟ ਹੁੰਦਾ ਗਿਆ।
ਸੁਭਾਸ਼ ਚੰਦਰ ਬੋਸ ਨੇ ਆਪਣੇ ਸਾਥੀਆਂ ਨਾਲ ਧਾਰਮਿਕ ਆਯੋਜਨਾਂ ਬਾਰੇ ਗੱਲਬਾਤ ਕੀਤੀ ਅਤੇ ਬੋਲੇ,‘‘ਮੈਨੂੰ ਲੱਗਦਾ ਹੈ ਕਿ ਸਾਨੂੰ ਧਾਰਮਿਕ ਤਿਉਹਾਰਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਮੁੜ ਧੂਮਧਾਮ ਨਾਲ ਮਨਾਉਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇੰਝ ਕਰਨ ਨਾਲ ਲੋਕਾਂ ਵਿਚ ਭਾਈਚਾਰਕ ਵਿਕਾਸ ਦੇ ਸੁਹਿਰਦਤਾ ਦੀ ਭਾਵਨਾ ਵਿਕਸਤ ਹੋਵੇਗੀ।’’
ਸੁਭਾਸ਼ ਦੇ ਇਕ ਸਾਥੀ ਨੇ ਉਨ੍ਹਾਂ ਦੀ ਹਮਾਇਤ ਕੀਤੀ ਅਤੇ ਬੋਲਿਆ,‘‘ਤੁਹਾਡਾ ਕਹਿਣਾ ਬਿਲਕੁਲ ਠੀਕ ਹੈ। ਲੋਕਾਂ ਦਾ ਧਿਆਨ ਵੀ ਵਿਅਰਥ ਦੀਆਂ ਗੱਲਾਂ ਤੋਂ ਦੂਰ ਹੋਵੇਗਾ। ਉਹ ਕੁਝ ਸਮਾਂ ਭਜਨ-ਕੀਰਤਨ ਤੇ ਤਿਉਹਾਰਾਂ ਵਿਚ ਬਿਤਾਉਣਗੇ ਤਾਂ ਉਨ੍ਹਾਂ ਦਾ ਤਣਾਅ ਵੀ ਘਟੇਗਾ।’’
ਸੁਭਾਸ਼ ਬੋਲੇ,‘‘ਮੈਂ ਇਕ ਕਿਤਾਬ ਵਿਚ ਤਿਉਹਾਰ ਦੇ ਸੰਦਰਭ ਵਿਚ ਪੜ੍ਹਿਆ ਹੈ। ਉਸ ਵਿਚ ਲੇਖਕ ਨੇ ਲਿਖਿਆ ਹੈ—ਤਿਉਹਾਰ ਵਿਅਕਤੀ ਨੂੰ ਆਪਣੇ ਜੀਵਨ ਦਾ ਮੁਲਾਂਕਣ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਜੇ ਹਰ ਕੰਮ ਨੂੰ ਤਿਉਹਾਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਾਡਾ ਮਨ ਉਤਸ਼ਾਹਿਤ ਰਹਿੰਦਾ ਹੈ। ਇਸ ਲਈ ਕਦੇ ਵੀ ਉਲਟ ਹਾਲਾਤ ਤੋਂ ਘਬਰਾ ਕੇ ਤਿਉਹਾਰਾਂ ਦਾ ਆਯੋਜਨ ਮੁਲਤਵੀ ਨਹੀਂ ਕਰਨਾ ਚਾਹੀਦਾ। ਅੱਜ ਅੰਗਰੇਜ਼ਾਂ ਦੇ ਡਰੋਂ ਲੋਕ ਆਪਣੇ ਤਿਉਹਾਰ ਤਕ ਮਨਾਉਣ ਤੋਂ ਡਰਨ ਲੱਗੇ ਹਨ।’’
ਇੰਝ ਸੁਭਾਸ਼ ਚੰਦਰ ਬੋਸ ਦੀਆਂ ਕੋਸ਼ਿਸ਼ਾਂ ਨਾਲ ਇਕ ਪੂਜਾ ਰੱਖੀ ਗਈ। ਇਸ ਤੋਂ ਬਾਅਦ ਕਈ ਸਾਲਾਂ ਤਕ ਧੂਮਧਾਮ ਨਾਲ ਇਹ ਪੂਜਾ ਮਨਾਈ ਜਾਂਦੀ ਰਹੀ। ਹਿਜਰਤ ਕਰਨ ਵਾਲੇ ਲੋਕ ਵੀ ਪੂਜਾ ਵੇਲੇ ਪਿੰਡਾਂ ਵੱਲ ਮੁੜਨ ਲੱਗੇ। ਸੁਭਾਸ਼ ਜਾਣਦੇ ਸਨ ਕਿ ਲੋਕਾਂ ਨੂੰ ਕਿਵੇਂ ਸੰਗਠਤ ਕੀਤਾ ਜਾਂਦਾ ਹੈ।

manju bala

This news is Edited By manju bala