ਆਲੋਚਨਾ ਤੋਂ ਦੁਖੀ ਨਾ ਹੋਵੋ

10/22/2019 3:21:59 PM

ਜਲੰਧਰ— ਇਕ ਆਦਮੀ ਨੇ ਭਗਵਾਨ ਬੁੱਧ ਨੂੰ ਪੁੱਛਿਆ, ''ਜੀਵਨ ਦਾ ਮੁੱਲ ਕੀ ਹੈ?''ਬੁੱਧ ਨੇ ਉਸ ਨੂੰ ਇਕ ਪੱਥਰ ਦਿੱਤਾ ਅਤੇ ਬੋਲੇ, ''ਜਾ ਅਤੇ ਇਸ ਪੱਥਰ ਦਾ ਮੁੱਲ ਪਤਾ ਕਰ ਕੇ ਆ ਪਰ ਧਿਆਨ ਰੱਖੀਂ ਇਸ ਨੂੰ ਵੇਚਣਾ ਨਹੀਂ ਹੈ।'' ਉਹ ਆਦਮੀ ਪੱਥਰ ਨੂੰ ਬਾਜ਼ਾਰ ਵਿਚ ਸੰਤਰਿਆਂ ਵਾਲੇ ਕੋਲ ਲੈ ਕੇ ਗਿਆ ਅਤੇ ਬੋਲਿਆ, ''ਇਸ ਦੀ ਕੀਮਤ ਕੀ ਹੈ?'' ਸੰਤਰਿਆਂ ਵਾਲਾ ਚਮਕੀਲੇ ਪੱਥਰ ਵੱਲ ਦੇਖ ਕੇ ਬੋਲਿਆ, ''12 ਸੰਤਰੇ ਲੈ ਜਾ ਅਤੇ ਇਹ ਪੱਥਰ ਮੈਨੂੰ ਦੇ ਦੇ।'' ਅੱਗੇ ਇਕ ਸਬਜ਼ੀ ਵਾਲੇ ਨੇ ਉਹ ਚਮਕੀਲਾ ਪੱਥਰ ਦੇਖਿਆ ਅਤੇ ਬੋਲਿਆ, ''ਇਕ ਬੋਰੀ ਆਲੂ ਲੈ ਜਾ ਅਤੇ ਇਹ ਪੱਥਰ ਮੇਰੇ ਕੋਲ ਛੱਡ ਜਾ।'' ਉਹ ਆਦਮੀ ਅੱਗੇ ਸੋਨਾ ਵੇਚਣ ਵਾਲੇ ਕੋਲ ਗਿਆ ਅਤੇ ਉਸ ਨੂੰ ਪੱਥਰ ਦਿਖਾਇਆ। ਸੋਨਾ ਵੇਚਣ ਵਾਲਾ ਉਸ ਪੱਥਰ ਨੂੰ ਦੇਖ ਕੇ ਬੋਲਿਆ, ''ਮੈਂ ਇਸ ਦੇ 50 ਲੱਖ ਰੁਪਏ ਦੇ ਸਕਦਾ ਹਾਂ।'' ਆਦਮੀ ਨੇ ਮਨ੍ਹਾ ਕਰ ਦਿੱਤਾ ਤਾਂ ਸੋਨਾ ਵੇਚਣ ਵਾਲਾ ਬੋਲਿਆ, ''2 ਕਰੋੜ ਵਿਚ ਦੇ ਦੇ ਜਾਂ ਤੂੰ ਆਪ ਹੀ ਦੱਸ ਦੇ ਇਸ ਦੀ ਕੀਮਤ ਕਿੰਨੀ ਹੈ। ਜੋ ਤੂੰ ਮੰਗੇਂਗਾ, ਮੇਰੀ ਹੱਦ ਵਿਚ ਹੋਵੇਗਾ ਤਾਂ ਦੇ ਦੇਵਾਂਗਾ।'' ਉਸ ਆਦਮੀ ਨੇ ਸੋਨਾ ਵੇਚਣ ਵਾਲੇ ਨੂੰ ਕਿਹਾ, ''ਮੇਰੇ ਗੁਰੂ ਨੇ ਇਸ ਨੂੰ ਵੇਚਣ ਤੋਂ ਮਨ੍ਹਾ ਕੀਤਾ ਹੈ।''
ਇਹ ਕਹਿ ਕੇ ਉਹ ਅੱਗੇ ਵਧਿਆ ਤਾਂ ਹੀਰੇ ਵੇਚਣ ਵਾਲੇ ਜੌਹਰੀ ਨਾਲ ਉਸ ਦੀ ਮੁਲਾਕਾਤ ਹੋਈ। ਉਸ ਨੇ ਉਹ ਪੱਥਰ ਉਸ ਨੂੰ ਦਿਖਾਇਆ। ਜੌਹਰੀ ਨੇ ਜਦੋਂ ਉਸ ਬਹੁਕੀਮਤੀ ਰੂਬੀ ਨੂੰ ਦੇਖਿਆ ਤਾਂ ਪਹਿਲਾਂ ਉਸ ਨੇ ਰੂਬੀ ਕੋਲ ਲਾਲ ਕੱਪੜਾ ਵਿਛਾਇਆ, ਫਿਰ ਉਸ ਰੂਬੀ ਦੀ ਪਰਿਕਰਮਾ ਕੀਤੀ, ਮੱਥਾ ਟੇਕਿਆ। ਫਿਰ ਬੋਲਿਆ, ''ਕਿੱਥੋਂ ਲਿਆਇਆਂ ਇਹ ਬਹੁਕੀਮਤੀ ਰੂਬੀ? ਸਾਰੀ ਕਾਇਨਾਤ, ਸਾਰੀ ਦੁਨੀਆ ਨੂੰ ਵੇਚ ਕੇ ਵੀ ਇਸ ਦੀ ਕੀਮਤ ਨਹੀਂ ਲਾਈ ਜਾ ਸਕਦੀ। ਇਹ ਤਾਂ ਬਹੁਕੀਮਤੀ ਹੈ।'' ਉਹ ਆਦਮੀ ਹੈਰਾਨ-ਪ੍ਰੇਸ਼ਾਨ ਹੋ ਕੇ ਸਿੱਧਾ ਬੁੱਧ ਕੋਲ ਆਇਆ। ਉਸ ਨੇ ਆਪਬੀਤੀ ਦੱਸੀ ਅਤੇ ਬੋਲਿਆ, ''ਹੁਣ ਦੱਸੋ ਭਗਵਾਨ, ਮਨੁੱਖੀ ਜੀਵਨ ਦਾ ਮੁੱਲ ਕੀ ਹੈ?''
ਬੁੱਧ ਬੋਲੇ, ''ਸੰਤਰਿਆਂ ਵਾਲੇ ਨੂੰ ਰੂਬੀ ਦਿਖਾਇਆ ਤਾਂ ਉਸ ਨੇ ਇਸ ਦੀ ਕੀਮਤ 12 ਸੰਤਰੇ ਦੱਸੀ। ਸਬਜ਼ੀ ਵਾਲੇ ਕੋਲ ਗਿਆ ਤਾਂ ਉਸ ਨੇ ਇਸ ਦੀ ਕੀਮਤ ਇਕ ਬੋਰੀ ਆਲੂ ਦੱਸੀ। ਅੱਗੇ ਸੋਨਾ ਵੇਚਣ ਵਾਲੇ ਨੇ ਇਸ ਦੀ ਕੀਮਤ 2 ਕਰੋੜ ਰੁਪਏ ਦੱਸੀ ਅਤੇ ਜੌਹਰੀ ਨੇ ਇਸ ਨੂੰ ਬਹੁਕੀਮਤੀ ਦੱਸਿਆ। ਹੁਣ ਅਜਿਹੀ ਹੀ ਹਾਲਤ ਮਨੁੱਖੀ ਮੁੱਲ ਦੀ ਵੀ ਹੈ। ਤੂੰ ਬੇਸ਼ੱਕ ਹੀਰਾ ਏਂ ਪਰ ਸਾਹਮਣੇ ਵਾਲਾ ਤੇਰੀ ਕੀਮਤ ਆਪਣੀ ਔਕਾਤ, ਆਪਣੀ ਜਾਣਕਾਰੀ, ਆਪਣੀ ਹੈਸੀਅਤ ਨਾਲ ਲਾਏਗਾ। ਇਸ ਲਈ ਘਬਰਾ ਨਾ, ਲੋਕਾਂ ਦੀ ਆਲੋਚਨਾ ਤੋਂ ਦੁਖੀ ਨਾ ਹੋਵੀਂ। ਦੁਨੀਆ ਵਿਚ ਤੈਨੂੰ ਪਛਾਨਣ ਵਾਲੇ ਵੀ ਮਿਲ ਜਾਣਗੇ।''

manju bala

This news is Edited By manju bala