ਬੋਝ

03/25/2019 11:40:32 AM

ਜਲੰਧਰ— ਬਹੁਤ ਪੁਰਾਣੀ ਕਥਾ ਹੈ। ਇਕ ਵਾਰ ਇਕ ਗੁਰੂ ਨੇ ਆਪਣੇ ਸਾਰੇ ਚੇਲਿਆਂ ਨੂੰ ਕਿਹਾ ਕਿ ਉਹ ਕੱਲ ਪ੍ਰਵਚਨ ਵਿਚ ਆਉਣ ਵੇਲੇ ਆਪਣੇ ਨਾਲ ਥੈਲੀ ਵਿਚ ਵੱਡੇ-ਵੱਡੇ ਆਲੂ ਲੈ ਕੇ ਆਉਣ। ਉਨ੍ਹਾਂ ਆਲੂਆਂ ’ਤੇ ਉਸ ਵਿਅਕਤੀ ਦਾ ਨਾਂ ਲਿਖਿਆ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਨਫਰਤ ਕਰਦੇ ਹਨ। ਜਿਹੜੇ ਚੇਲੇ ਜਿੰਨੇ ਵਿਅਕਤੀਆਂ ਨਾਲ ਨਫਰਤ ਕਰਦੇ ਹਨ, ਉਹ ਓਨੇ ਆਲੂ ਲੈ ਕੇ ਆਉਣ।
ਅਗਲੇ ਦਿਨ ਸਾਰੇ ਚੇਲੇ ਆਲੂ ਲੈ ਕੇ ਆਏ। ਕਿਸੇ ਕੋਲ 4 ਆਲੂ ਸਨ ਤਾਂ ਕਿਸੇ ਕੋਲ 6 । ਗੁਰੂ ਨੇ ਕਿਹਾ ਕਿ ਅਗਲੇ 7 ਦਿਨਾਂ ਤਕ ਇਹ ਆਲੂ ਉਹ ਆਪਣੇ ਨਾਲ ਰੱਖਣ। ਜਿੱਥੇ ਵੀ ਜਾਣ, ਖਾਂਦੇ-ਪੀਂਦੇ, ਸੌਂਦੇ-ਜਾਗਦੇ, ਇਹ ਆਲੂ ਹਮੇਸ਼ਾ ਨਾਲ ਰਹਿਣੇ ਚਾਹੀਦੇ ਹਨ। ਚੇਲਿਆਂ ਨੂੰ ਕੁਝ ਸਮਝ ਨਹੀਂ ਆਈ ਪਰ ਉਹ ਕੀ ਕਰਦੇ। ਗੁਰੂ ਦਾ ਹੁਕਮ ਸੀ। 2-4 ਦਿਨਾਂ ਬਾਅਦ ਹੀ ਚੇਲੇ ਆਲੂਆਂ ਦੀ ਬਦਬੂ ਤੋਂ ਪਰੇਸ਼ਾਨ ਹੋ ਗਏ।
ਜਿਵੇਂ-ਤਿਵੇਂ ਉਨ੍ਹਾਂ 7 ਦਿਨ ਬਿਤਾਏ ਤੇ ਗੁਰੂ ਕੋਲ ਪਹੁੰਚੇ। ਸਾਰਿਆਂ ਨੇ ਦੱਸਿਆ ਕਿ ਉਹ ਉਨ੍ਹਾਂ ਗਲੇ-ਸੜੇ ਆਲੂਆਂ ਤੋਂ ਪਰੇਸ਼ਾਨ ਹੋ ਗਏ ਹਨ।
ਗੁਰੂ ਬੋਲੇ , ‘‘ਇਹ ਸਭ ਮੈਂ ਤੁਹਾਨੂੰ ਸਿੱਖਿਆ ਦੇਣ ਲਈ ਕੀਤਾ ਸੀ, ਜਦੋਂ 7 ਦਿਨਾਂ ਵਿਚ ਤੁਹਾਨੂੰ ਇਹ ਆਲੂ ਬੋਝ ਲੱਗਣ ਲੱਗੇ ਤਾਂ ਸੋਚੋ ਕਿ ਤੁਸੀਂ ਜਿਨ੍ਹਾਂ ਵਿਅਕਤੀਆਂ ਨਾਲ ਨਫਰਤ ਕਰਦੇ ਹੋ, ਉਨ੍ਹਾਂ ਦਾ ਕਿੰਨਾ ਬੋਝ ਤੁਹਾਡੇ ਮਨ ’ਤੇ ਰਹਿੰਦਾ ਹੋਵੇਗਾ। ਇਹ ਨਫਰਤ ਤੁਹਾਡੇ ਮਨ ’ਤੇ ਗੈਰ-ਜ਼ਰੂਰੀ ਬੋਝ ਪਾਉਂਦੀ ਹੈ, ਜਿਸ ਕਾਰਨ ਤੁਹਾਡੇ ਮਨ ਵਿਚ ਵੀ ਬਦਬੂ ਭਰ ਜਾਂਦੀ ਹੈ, ਠੀਕ ਇਨ੍ਹਾਂ ਆਲੂਆਂ ਵਾਂਗ। ਇਸ ਲਈ ਆਪਣੇ ਮਨ ਵਿਚੋਂ ਗਲਤ ਭਾਵਨਾਵਾਂ ਕੱਢ ਦਿਓ। ਜੇ ਕਿਸੇ ਨਾਲ ਪਿਆਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਨਫਰਤ ਤਾਂ ਨਾ ਕਰੋ। ਇਸ ਨਾਲ ਤੁਹਾਡਾ ਮਨ ਸਾਫ ਤੇ ਹਲਕਾ ਰਹੇਗਾ। ਸਾਰੇ ਚੇਲਿਆਂ ਨੇ ਉਸੇ ਤਰ੍ਹਾਂ ਕੀਤਾ।
 

manju bala

This news is Edited By manju bala