ਬੁੱਧ ਨੇ ਚੇਲੇ ਨੂੰ ਦਿੱਤੀ ਉੱਤਮ ਬਣਨ ਦੀ ਸਿੱਖਿਆ

03/19/2019 4:52:16 PM

ਜਲੰਧਰ— ਮਹਾਤਮਾ ਬੁੱਧ ਇਕ ਵਾਰ ਆਪਣੇ ਕੁਝ ਚੇਲਿਆਂ ਨਾਲ ਇਕ ਨਗਰ ਵਿਚ ਪਹੁੰਚੇ। ਉੱਥੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਮੰਦਾ-ਚੰਗਾ ਬੋਲਿਆ। ਇਸ ਨਾਲ ਚੇਲੇ ਗੁੱਸੇ ਨਾਲ ਭਰ ਗਏ। ਮਹਾਤਮਾ ਬੁੱਧ ਨੇ ਉਨ੍ਹਾਂ ਦੇ ਚਿਹਰੇ ਪੜ੍ਹ ਲਏ। ਉਨ੍ਹਾਂ ਚੇਲਿਆਂ ਨੂੰ ਕਿਹਾ, ‘‘ਕੀ ਗੱਲ ਹੈ? ਅੱਜ ਸਾਰਿਆਂ ਦੇ ਚਿਹਰਿਆਂ ’ਤੇ ਨਾਰਾਜ਼ਗੀ ਦਿਸ ਰਹੀ ਹੈ?’’ਇਕ ਚੇਲਾ ਬੋਲਿਆ, ‘‘ਗੁਰੂ ਜੀ, ਸਾਨੂੰ ਇਥੋਂ ਕਿਸੇ ਹੋਰ ਥਾਂ ’ਤੇ ਜਾਣਾ ਚਾਹੀਦਾ ਹੈ। ਕੋਈ ਅਜਿਹੀ ਥਾਂ ਜਿੱਥੇ ਸਾਡਾ ਆਦਰ ਹੋਵੇ। ਇਥੋਂ ਦੇ ਲੋਕਾਂ ਨੂੰ ਤਾਂ ਬਦਸਲੂਕੀ ਤੋਂ ਇਲਾਵਾ ਕੁਝ ਨਹੀਂ ਪਤਾ।’’ਬੁੱਧ ਮੁਸਕਰਾ ਪਏ। ਉਹ ਚੇਲਿਆਂ ਨੂੰ ਬੋਲੇ, ‘‘ਕੀ ਕਿਸੇ ਹੋਰ ਥਾਂ ’ਤੇ ਜਾਣ ਨਾਲ ਤੁਸੀਂ ਚੰਗਾ ਸਲੂਕ ਹੋਣ ਦੀ ਆਸ ਰੱਖਦੇ ਹੋ?’’ਦੂਜਾ ਚੇਲਾ ਬੋਲਿਆ, ‘‘ਗੁਰੂਦੇਵ, ਘੱਟੋ-ਘੱਟ ਇਥੇ ਨਾਲੋਂ ਤਾਂ ਭਲੇ ਲੋਕ ਹੀ ਮਿਲਣਗੇ।’’ਬੁੱਧ ਬੋਲੇ, ‘‘ਕਿਸੇ ਥਾਂ ਨੂੰ ਸਿਰਫ ਇਸ ਲਈ ਛੱਡਣਾ ਗਲਤ ਹੈ ਕਿ ਉਥੋਂ ਦੇ ਲੋਕ ਬਦਸਲੂਕੀ ਕਰਦੇ ਹਨ। ਅਸੀਂ ਤਾਂ ਸੰਤ ਹਾਂ। ਸਾਨੂੰ ਚਾਹੀਦਾ ਹੈ ਕਿ ਉਸ ਥਾਂ ਨੂੰ ਉਸ ਵੇਲੇ ਤਕ ਨਾ ਛੱਡੀਏ, ਜਦੋਂ ਤਕ ਉਥੋਂ ਦੇ ਹਰ ਪ੍ਰਾਣੀ ਨੂੰ ਉੱਤਮ ਬਣਾਉਣ ਦੇ ਰਸਤੇ ’ਤੇ ਨਾ ਲੈ ਜਾਈਏ। ਮੰਨ ਲਓ ਉਹ ਸੌ ਵਾਰ ਬਦਸਲੂਕੀ ਕਰਨਗੇ ਪਰ ਕਦੋਂ ਤਕ? ਆਖਿਰ ਉਨ੍ਹਾਂ ਨੂੰ ਸੁਧਰਨਾ ਹੀ ਪਵੇਗਾ ਪਰ ਕੋਈ ਵਿਅਕਤੀ ਕਿਸੇ ਹੋਰ ਨੂੰ ਤਾਂ ਹੀ ਉੱਤਮ ਬਣਾ ਸਕਦਾ ਹੈ, ਜਦੋਂ ਉਹ ਖੁਦ ਉੱਤਮ ਹੋਵੇ।’’ਬੁੱਧ ਦਾ ਪਿਆਰਾ ਚੇਲਾ ਆਨੰਦ ਬੋਲਿਆ, ‘‘ਗੁਰੂ ਜੀ, ਉੱਤਮ ਵਿਅਕਤੀ ਕੌਣ ਹੁੰਦਾ ਹੈ?’’
ਬੁੱਧ ਬੋਲੇ, ‘‘ਉੱਤਮ ਵਿਅਕਤੀ ਠੀਕ ਉਸੇ ਤਰ੍ਹਾਂ ਹੁੰਦਾ ਹੈ, ਜਿਵੇਂ ਜੰਗ ਵਿਚ ਵਧਦਾ ਹਾਥੀ। ਜੰਗ ਵਿਚ ਹਾਥੀ ਹਰ ਪਾਸਿਓਂ ਆਉਂਦੇ ਤੀਰਾਂ ਦੇ ਵਾਰ ਸਹਿੰਦੇ ਹੋਏ ਵੀ ਅੱਗੇ ਵਧਦਾ ਹੈ। ਉਸੇ ਤਰ੍ਹਾਂ ਉੱਤਮ ਵਿਅਕਤੀ ਵੀ ਦੁਸ਼ਟਾਂ ਦੇ ਅਪਸ਼ਬਦ ਸਹਿਣ ਕਰਦਿਆਂ ਆਪਣੇ ਕੰਮ ਕਰਦਾ ਜਾਂਦਾ ਹੈ। ਉੱਤਮ ਵਿਅਕਤੀ ਖੁਦ ਨੂੰ ਵੱਸ ਵਿਚ ਕਰ ਚੁੱਕਾ ਹੁੰਦਾ ਹੈ। ਖੁਦ ਨੂੰ ਵੱਸ ਵਿਚ ਕਰਨ ਵਾਲੇ ਪ੍ਰਾਣੀ ਨਾਲੋਂ ਉੱਤਮ ਕੋਈ ਹੋ ਹੀ ਨਹੀਂ ਸਕਦਾ।’’.ਬੁੱਧ ਦਾ ਜਵਾਬ ਸੁਣ ਕੇ ਸਾਰੇ ਚੇਲੇ ਉੱਤਮ ਪ੍ਰਾਣੀ ਬਣਨ ਲਈ ਦ੍ਰਿੜ੍ਹ ਸੰਕਲਪ ਹੋ ਗਏ।

manju bala

This news is Edited By manju bala