ਕੁਦਰਤ ਨਾਲ ਬਣਿਆ ਰਹੇ ਸੰਤੁਲਨ

03/18/2019 3:56:15 PM

ਜਲੰਧਰ— ਹਮੇਸ਼ਾ ਤੋਂ ਹੀ ਦੇਸ਼ ਦੇ ਰਿਸ਼ੀਆਂ-ਮੁਨੀਆਂ ਨੇ ਮਨੁੱਖੀ ਜੀਵਨ ਦੇ ਵਿਕਾਸ ਤੇ ਉਸ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਹੱਲ ਕੱਢਣ ਲਈ ਕੁਦਰਤ ਦਾ ਸਹਾਰਾ ਲਿਆ ਹੈ। ਇਸ ਦੌਰਾਨ ਉਨ੍ਹਾਂ ਜਿਹੜੀਆਂ ਵੀ ਖੋਜਾਂ ਕੀਤੀਆਂ, ਉਨ੍ਹਾਂ ਵਿਚ ਕੁਦਰਤੀ ਸੰਤੁਲਨ ਬਣਾਈ ਰੱਖਿਆ ਸੀ। ਰਿਸ਼ੀਆਂ-ਮੁਨੀਆਂ ਦੀ ਸੋਚ ਇਹੋ ਰਹੀ ਹੈ ਕਿ ਅਸੀਂ ਜੋ ਵੀ, ਜਿਸ ਰੂਪ ਵਿਚ ਕੁਦਰਤ ਤੋਂ ਲਈਏ, ਉਸ ਨੂੰ ਉਸੇ ਰੂਪ ਵਿਚ ਆਦਰ ਸਹਿਤ ਕੁਦਰਤ ਨੂੰ ਸਮਰਪਿਤ ਕਰ ਦੇਈਏ। ਆਧੁਨਿਕ ਯੁੱਗ ਵਿਚ ਜਦੋਂ ਵਿਗਿਆਨ ਭੌਤਿਕ ਜਗਤ ਵਿਚ ਇੰਨੀ ਤਰੱਕੀ ਕਰ ਚੁੱਕਾ ਹੈ, ਕੀ ਉਹ ਕੁਦਰਤ ਨਾਲ ਲੈਅਬੱਧਤਾ ਤੇ ਤਾਲਮੇਲ ਸਥਾਪਤ ਕਰਨ ਵਿਚ ਕਾਮਯਾਬ ਹੋ ਰਿਹਾ ਹੈ?ਸ਼ਾਇਦ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਵਿਸ਼ਵ ਪੱਧਰ 'ਤੇ ਚਾਰੇ ਪਾਸੇ ਫੈਲੀ ਅਸ਼ਾਂਤੀ, ਰਿਸਦੀ ਹੋਈ ਪਰਮਾਣੂ ਊਰਜਾ, ਘਟਦੀ ਓਜ਼ੋਨ ਪਰਤ, ਪਿਘਲਦੇ ਬਰਫੀਲੇ ਪਹਾੜ, ਗਲਤ ਹੱਥਾਂ ਵਿਚ ਆਧੁਨਿਕ ਹਥਿਆਰ ਆਦਿ ਸਾਰੇ ਇਸੇ ਪਾਸੇ ਇਸ਼ਾਰਾ ਕਰਦੇ ਹਨ। ਸਾਨੂੰ ਮਨੁੱਖੀ ਸਮੱਸਿਆਵਾਂ ਦੇ ਆਧੁਨਿਕ ਹੱਲ ਲਈ ਸਿਰਫ ਸਰਕਾਰੀ ਤੇ ਵੱਡੇ ਖੋਜ ਕੇਂਦਰਾਂ ’ਤੇ ਨਿਰਭਰਤਾ ਘੱਟ ਕਰਨੀ ਪਵੇਗੀ। ਸਾਨੂੰ ਆਪਣੇ ਨੌਜਵਾਨ ਵਿਗਿਆਨੀਆਂ ਤੇ ਉਦਯੋਗਪਤੀਆਂ ਨੂੰ ਇਸ ਪਾਸੇ ਪ੍ਰੇਰਿਤ ਕਰਦਿਆਂ ਹਮਾਇਤ ਦੇਣੀ ਪਵੇਗੀ।ਅੱਜ ਸਾਨੂੰ ਅਜਿਹੇ ਵੱਡੇ ਯੱਗ ਦੀ ਲੋੜ ਹੈ ਜਿਸ ਵਿਚ ਇਕ ਪਾਸੇ ਸਾਰੇ ਵਿਗਿਆਨੀ ਆਪਣੇ ਗਿਆਨ ਦਾ ਬਲੀਦਾਨ ਦੇਣ, ਉਦਯੋਗਪਤੀ ਯੱਗਸ਼ਾਲਾਵਾਂ ਦਾ ਨਿਰਮਾਣ ਕਰਨ ਤਾਂ ਜੋ ਇਨ੍ਹਾਂ ਨਾਲ ਸਾਹਮਣੇ ਆਏ ਹੱਲ ਦੇ ਪ੍ਰਸ਼ਾਦ ਨਾਲ ਸਮੁੱਚੀ ਦੁਨੀਆ ਦਾ ਕਲਿਆਣ ਹੋਵੇ। ਅੱਜ ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਬੱਚਾ ਪੜ੍ਹ-ਲਿਖ ਕੇ ਡਾਕਟਰ, ਇੰਜੀਨੀਅਰ, ਵਿਗਿਆਨੀ ਜਾਂ ਕੋਈ ਪ੍ਰਮੁੱਖ ਹਸਤੀ ਬਣੇ ਪਰ ਇਹ ਨਹੀਂ ਸਮਝ ਰਹੇ ਕਿ ਇਨ੍ਹਾਂ ਵੱਡੇ ਅਹੁਦਿਆਂ ਨੂੰ ਹਾਸਲ ਕਰਨ ਤੋਂ ਬਾਅਦ ਹੀ ਸਹੀ ਮਾਇਨੇ ਵਿਚ ਸਾਡਾ ਕੰਮ ਸ਼ੁਰੂ ਹੁੰਦਾ ਹੈ, ਜਿਸ ਦਾ ਉਦੇਸ਼ ਹੈ ਮਨੁੱਖੀ ਸਮੱਸਿਆਵਾਂ ਦਾ ਹੱਲ ਤੇ ਕੁਦਰਤ ਦੀ ਰਾਖੀ।
ਸਾਡਾ ਸਰੀਰ ਵੀ ਇਸੇ ਕੁਦਰਤ ਦਾ ਅੰਸ਼ ਹੈ। ਇਸ ਲਈ ਵਿਗਿਆਨ ਕੁਦਰਤ ਤੇ ਸੱਭਿਅਤਾ ਨੂੰ ਜੋੜਨ ਵਾਲੀ ਡੋਰ ਬਣੇ ਤਾਂ ਜੋ ਅਸੀਂ ਸਹੀ ਮਾਇਨਿਆਂ 'ਚ ਪਿਆਰ, ਸ਼ਾਂਤੀ ਤੇ ਸਦਭਾਵਨਾ ਫੈਲਾ ਸਕੀਏ। ਇਸ ਦੇ ਲਈ ਜ਼ਰੂਰੀ ਹੈ ਕਿ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ। ਜਾਗਰੂਕਤਾ ਕਿਵੇਂ ਪੈਦਾ ਹੋਵੇਗੀ, ਇਸ ਦੇ ਲਈ ਸਾਨੂੰ ਸੋਚਣਾ ਪਵੇਗਾ ਕਿ ਜੇ ਅਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਾਂਗੇ, ਕੁਦਰਤੀ ਸਾਧਨਾਂ ਦੀ ਦੁਰਵਰਤੋਂ ਕਰਾਂਗੇ ਤਾਂ ਕੁਦਰਤ ਵੀ ਸਾਨੂੰ ਮੁਆਫ ਨਹੀਂ ਕਰੇਗੀ।