ਸਾਖੀ ਭਾਈ ਮਰਦਾਨਾ ਜੀ ਦੀ

07/14/2019 10:01:39 AM

ਜਨਮ-ਸਾਖੀ ਸਾਹਿਤ
ਭਾਗ-11

ਦੋਵੇਂ ਬਾਬਾ ਜੀ ਕੋਲ ਆਏ। ਪ੍ਰਸੰਨ-ਚਿੱਤ ਹੋ, ਬਾਬੇ ਨੇ ਭਾਈ ਜੀ ਨੂੰ ਰਬਾਬ ਵਜਾਉਣ ਲਈ ਕਿਹਾ। ਭਾਈ ਨੇ ਕਿਹਾ- ਜੀ ਥਾਟ ਬਣਾ ਲਵਾਂ? ਬਾਬੇ ਨੇ ਕਿਹਾ- ਆਪੇ ਬਣਦੇ ਰਹਿਣਗੇ ਥਾਟ। ਸ਼ੁਰੂ ਤਾਂ ਕਰੋ। ਮਰਦਾਨੇ ਨੇ ਅੱਲ੍ਹਾ ਦਾ ਨਾਮ ਲੈ ਕੇ ਰਬਾਬ ਦਾ ਵਾਦਨ ਸ਼ੁਰੂ ਕੀਤਾ ਤਾਂ ਹਾਜ਼ਰ ਸਭ ਲੋਕਾਂ ਉਪਰ ਵਿਸਮਾਦ ਤਾਰੀ ਹੋਇਆ। ਬਾਬਾ ਜੀ ਨੇ ਪ੍ਰਸੰਨ ਹੋ ਕੇ ਭਾਈ ਮਰਦਾਨਾ ਜੀ ਨੂੰ ਅਸੀਸ ਦਿੱਤੀ, ਤੁਸਾਂ ਨੂੰ ਭਾਈ ਤਾਰ ਦਾ ਗੁਣ ਬਖਸ਼ਿਆ। ਇਹ ਅੱਗੇ ਵੇਚਣਾ ਨਾਹੀਂ। ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉਠ ਕੇ ਬੰਦਗੀ ਕਰਨੀ ਤੇ ਦਰ ਆਏ ਸਵਾਲੀ ਨੂੰ ਨਿਰਾਸ਼ ਨਹੀਂ ਮੋੜਨਾ।

ਅਗਲੇ ਦਿਨ ਬਾਬੇ ਨੇ ਭਾਈ ਮਰਦਾਨਾ ਜੀ ਨੂੰ ਪਰਦੇਸ ਚੱਲਣ ਲਈ ਕਿਹਾ ਤਾਂ ਉਹ ਪਿਛਲਿਆਂ ਦਾ ਮੁੜ ਫ਼ਿਕਰ ਕਰਨ ਲੱਗੇ। ਬਾਬੇ ਕਹਿਆ- ਠੀਕ ਹੈ ਭਾਈ ਜੀ। ਤਲਵੰਡੀ ਵਿਚ ਖੁਸ਼ੀਆਂ ਹਨ। ਖੇੜੇ ਹਨ, ਮੌਜਾਂ ਹਨ। ਸਾਡੇ ਪਾਸ ਨੰਗ ਭੁੱਖ ਹਾਈ। ਜਾਓ ਭਾਈ। ਤੁਸੀਂ ਤਲਵੰਡੀ ਜਾਉ। ਬੇਬੇ ਨੂੰ ਦੱਸ ਜਾਵਣਾ। ਭਾਈ ਮਰਦਾਨਾ ਬੀਬੀ ਨਾਨਕੀ ਜੀ ਦੇ ਘਰ ਗਏ। ਦੱਸਿਆ ਕਿ ਬਾਬਾ ਦੂਰ ਦੇਸੀਂ ਚੱਲਿਆ ਹੈ ਤੇ ਵਰ੍ਹਿਆਂ ਬਾਅਦ ਪਰਤੇਗਾ। ਫਿਰ ਦੱਸਿਆ ਕਿ ਮੈਂ ਵਾਪਸ ਤਲਵੰਡੀ ਚੱਲਿਆ ਹਾਂ। ਬੀਬੀ ਦੀਆਂ ਅੱਖਾਂ ਵਿਚੋਂ ਨਦੀਆਂ ਵਗ ਪਈਆਂ। ਉਨ੍ਹਾਂ ਦਾ ਆਪਣੇ ਆਪ ਉਪਰ ਕਾਬੂ ਨਾ ਰਿਹਾ। ਪਤੀ ਭਾਈ ਜੈਰਾਮ ਜੀ ਨੂੰ ਖ਼ਬਰ ਮਿਲੀ ਤਾਂ ਉਹ ਕਚਹਿਰੀ ਵਿਚੋਂ ਘਰ ਆ ਗਏ। ਇਸ ਪ੍ਰਕਾਰ ਦੀ ਹਾਲਤ ਦੇਖ ਕੇ ਬੋਲੇ- ਏਹ ਕੀ ਹੋਇਆ ਨਾਨਕੀ ਜੀ? ਅਸੀਂ ਜਦੋਂ ਕਦੀ ਭਟਕਦੇ, ਤੁਸੀਂ ਸਾਨੂੰ ਉਪਦੇਸਦੇ। ਹੁਣ ਤੁਸੀਂ ਜੁ ਡੋਲੇ ਹੋ ਤਾਂ ਸਾਡਾ ਕੀ ਬਣੇ? ਇੰਝ ਨਾ ਕਰੋ ਜੀ।

ਬੀਬੀ ਨੇ ਆਖਿਆ- ਬਾਬਾ ਚਲਿਐ ਪਰਦੇਸ। ਭਾਈ ਮਰਦਾਨਾ ਉਨ੍ਹਾਂ ਨਾਲ ਹੁੰਦੇ ਸਾਨੂੰ ਫਿਕਰ ਕਦੀ ਰਾਈ ਦਾ ਨਾਂਹ ਸੀ। ਹੁਣ ਦਿਲ ਨਹੀਂ ਥੰਮਦਾ। ਭਾਈ ਜੈਰਾਮ ਕਹਿਣ ਲੱਗੇ-ਭਾਈ ਮਰਦਾਨਾ ਨਾਲ ਜਾਣਗੇ। ਭਾਈ ਜੀ ਤੁਸੀਂ ਨਾਲ ਰਹੋ ਜੀ। ਤੁਸਾਂ ਦਾ ਜੋੜ ਵਿਛੜਨਾ ਸ਼ੋਭਦਾ ਨਹੀਂ। ਪਿੱਛੇ ਦਾ ਫਿਕਰ ਨਾ ਕਰਨਾ। ਤੁਸਾਂ ਦੇ ਬਾਲ ਸਾਡੇ ਬਾਲ ਹੋਏ। ਸ਼੍ਰੀ ਚੰਦ ਭੀ ਤਾਂ ਅਸਾਂ ਗੋਦ ਲੈ ਲਿਆ ਹੈ। ਤਲਵੰਡੀ ਅਸੀਂ ਜਾਵਾਂਗੇ। ਤੁਸਾਂ ਨਾਨਕ ਜੀ ਨਾਲ ਜਾਵਣਾ। ਭਾਈ ਮਰਦਾਨਾ ਜੀ ਮੰਨ ਗਏ। ਰਬਾਬ ਉਠਾਈ ਤੇ ਪਿੰਡੋਂ ਬਾਹਰ ਬਾਬਾ ਜੀ ਪਾਸ ਜਾ ਪੁੱਜੇ। ਕਹਿਆ- ਮੈਂ ਤੁਸਾਂ ਦੇ ਨਾਲ ਚੱਲਾਂਗਾ ਬਾਬਾ। ਗੁਰੂ ਜੀ ਨੂੰ ਬੜੀ ਖੁਸ਼ੀ ਹੋਈ। ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਕਹਿਣ ਲੱਗੇ- ਬੇਬੇ ਨੂੰ ਮਿਲ ਕੇ ਫੇਰ ਚੱਲਣਾ ਹੈ। ਬਾਬੇ ਨੇ ਕਿਹਾ- ਤੇਰਾ ਆਖਾ ਮੋੜਨਾ ਨਾਹੀਂ ਭਾਈ। ਤੇਰੇ ਤੱਕ ਸਾਨੂੰ ਵੱਡਾ ਕੰਮ ਹੈ।

ਘਰ ਪੁੱਜੇ ਤਾਂ ਝੁਕ ਕੇ ਬੀਬੀ ਨੇ ਬਾਬੇ ਦੇ ਚਰਨੀਂ ਹੱਥ ਲਾਉਣੇ ਚਾਹੇ। ਦੁਹਾਂ ਹੱਥਾਂ ਵਿਚ ਬੀਬੀ ਦਾ ਮੱਥਾ ਥੰਮ੍ਹ ਲਿਆ। ਕਹਿਣ ਲੱਗੇ- ਮੈਂ ਏਸ ਕਰਕੇ ਤੁਸਾਂ ਦੇ ਪਾਸ ਆਂਵਦਾ ਹਾਂ ਜੁ ਮੱਥਾ ਟਿਕਾਵਾਂ? ਬੇਬੇ ਤੂੰ ਅਸਾਂਥੋਂ ਵੱਡੀ ਹੈਂ ਅਰੁ ਪਰਮੇਸਰ ਦੀ ਪਿਆਰੀ ਬੀ। ਤੇਰਾ-ਮੇਰਾ ਸਬੰਧ ਜੁਗਾਂ ਦਾ ਹੈ। ਹੁੰਦਾ ਆਇਆ ਹੈ। ਤੂੰ ਜੋ ਪੈਰਾਂ ਵੱਲ ਦੇਖਦੀ ਹੈ ਤਾਂ ਸਾਨੂੰ ਵੱਡਾ ਅਉਗਣ ਲੱਗਦਾ ਹੈ।

ਬੀਬੀ ਕਿਹਾ- ਭਲਾ ਹੈ ਭਾਈ। ਜਿਉਂ ਤੁਸੀਂ ਰਾਜੀ ਤਿਉਂ ਅਸੀਂ ਰਾਜੀ। ਪਰ ਸੱਚ ਇਹ ਹੈ ਜੋ ਤੁਸਾਂ ਨੂੰ ਭਰਾਉ ਕਰਕੇ ਨਹੀਂ ਜਾਣਦੀ। ਪਰਮੇਸਰ ਕਰਕੈ ਜਾਣਦੀ ਹਾਂ। ਭਾਈ ਮਰਦਾਨੇ ਨੂੰ ਸਫ਼ਰ ਵਾਸਤੇ ਪੈਸੇ ਅਸਾਂ ਆਪ ਦਿੱਤੇ ਸਨ। ਖੁਸ਼ੀ ਨਾਲ। ਇਹ ਮੋੜੇ ਕਿਉਂ ਹਨ?

ਬਾਬੇ ਨੇ ਕਿਹਾ- ਤੂੰ ਪਰਮੇਸਰ ਕੀ ਭਗਤਣੀ ਹੈਂ ਅਰ ਸਾਡੇ ਤੋਂ ਵੱਡੀ। ਵੱਡਿਆਂ ਦਾ ਆਖਾ ਪਰਮੇਸਰ ਸੁਣਦਾ ਹੈ ਅਰ ਮੰਨਦਾ ਹੈ। ਪੈਸੇ ਨਾ ਦਿਉ। ਅਸਾਂ ਨੂੰ ਆਪਣੇ ਮੁਖਉਂ ਕਰਤਾਰ ਪਾਸ ਸਉਂਪ ਛੋਡਉ। ਜਾਣਾ ਹੈ ਅਸਾਂ। ਆਪ ਭੇਜਉ।

ਬੀਬੀ ਨੇ ਆਖਿਆ- ਏਥੇ ਸਉ ਤਾਂ ਧੀਰਜ ਸਾਈ। ਖਰਾ ਧਰਵਾਸ ਸਾਈ। ਮਿਲ ਜਾਇਆ ਕਰੋਗੇ, ਉਦਾਸ ਨਾ ਹੋਵਾਂਗੀ। ਅਰਿ ਜੇ ਤੂੰ ਦੇਰ ਕਰੈਂਗਾ ਭਾਈ ਤਾਂ ਹਉਂ ਤੁਧੁ ਬਿਣ ਖਰੀ ਓਦਰ ਜਾਵਾਂਗੀ ਪਰ ਸਾਡਾ ਵਸ ਕਿਆ ਹੈ। ਸੋ ਹੋਵੈਗਾ ਜੋ ਤੁਸਾਂ ਨੂੰ ਭਾਵੈਗਾ। ਭਾਈ ਰਜਾਇ ਤੁਸਾਡੀ ਚਲੈਗੀ। ਸਾਡਾ ਕਿਆ ਜੋਰ।

ਪਹਿਲੋਂ ਬਾਬੇ ਨੇ ਫਿਰ ਭਾਈ ਮਰਦਾਨਾ ਨੇ ਬੀਬੀ ਦੇ ਚਰਨ ਛੂਹੇ। ਸੇਜਲ ਅੱਖਾਂ ਨਾਲ ਵਿਦਾ ਕਰਦਿਆਂ ਬੀਬੀ ਨੇ ਕੇਵਲ ਦੋ ਸ਼ਬਦ ਕਹੇ- ਪਰਮੇਸਰ ਰੱਖੈ। ਦੋਵੇਂ ਤੇਜ਼ ਕਦਮੀਂ ਸੁਲਤਾਨਪੁਰ ਦੀ ਜੂਹ ਵਿਚੋਂ ਨਿਕਲ ਗਏ। ਸਿਧਾਰਥ ਨਾਲੋਂ ਇੰਨਾ ਫਰਕ ਰਿਹਾ ਕਿ ਯੁਵਰਾਜ ਜਿਨ੍ਹਾਂ ਨੂੰ ਪਿਆਰ ਕਰਦਾ ਸੀ, ਅੱਧੀ ਰਾਤ ਸੁੱਤਿਆਂ ਨੂੰ ਛੱਡ ਕੇ ਉਨ੍ਹਾਂ ਤੋਂ ਚੋਰੀਂ ਵਿਛੜਿਆ। ਜਿਸ ਨੂੰ ਸਭ ਤੋਂ ਵੱਧ ਪਿਆਰ ਕੀਤਾ, ਬਾਬੇ ਨੇ ਉਸ ਪਾਸੋਂ ਆਗਿਆ ਮੰਗੀ, ਫਿਰ ਗਿਆ। ਤੁਰਦਿਆਂ-ਤੁਰਦਿਆਂ ਬੜੇ ਦੇਸ ਦੇਖੇ। ਕਦੀ ਜੰਗਲ ਆ ਗਏ ਹਨ, ਕਦੀ ਪਹਾੜੀਆਂ, ਕਦੀ ਦਰਿਆ, ਕਦੀ ਰੇਗਿਸਤਾਨ। ਇਕ ਥਾਂ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ। ਕਹਿਣ ਲੱਗੇ, ''ਬਾਬਾ ਤੁਰਿਆ ਨਹੀਂ ਜਾਂਦਾ ਹੋਰ। ਪਾਣੀ ਪਿਲਾ। ਕਿਧਰ ਹੈ ਪਾਣੀ? ਬਾਬੇ ਨੇ ਕਿਹਾ- ਇਨ੍ਹਾਂ ਦੇਸਾਂ ਵਿਚ ਅਸੀਂ ਕਿਹੜਾ ਕਈ ਬਾਰ ਆਏ ਹਾਂ? ਸਾਨੂੰ ਭੀ ਪਾਣੀ ਦਾ ਕੀ ਪਤਾ ਲੱਗੇ? ਤਦ ਭਾਈ ਸਾਹਿਬ ਬੋਲੇ- ਜੀ ਤਾਂ ਭੀ ਤੁਸੀਂ ਹੀ ਦੱਸੋਗੇ। ਅਸਾਂ ਨਿਮਾਣਿਆਂ ਦਾ ਆਸਰਾ ਤੁਸੀਂ ਹੀ ਹੋ ਜੀ। ਬਾਬੇ ਨੇ ਕਿਹਾ- ਅਹੁ ਦੇਖ ਮਰਦਾਨਿਆ। ਗਿੱਦੜਾਂ ਦੀ ਡਾਰ ਜਾਂਵਦੀ ਦੇਖ। ਜੀਭਾਂ ਬਾਹਰ ਹਨ। ਪਿਆਸੇ ਹਨ। ਇਨ੍ਹਾਂ ਨੂੰ ਪਤਾ ਹੈ ਜੁ ਪਾਣੀ ਕਿਥੇ ਹੈ। ਤਿਨ੍ਹਾਂ ਦੇ ਪਿੱਛੇ ਪਿੱਛੇ ਚੱਲੀਏ। ਇਵੇਂ ਹੀ ਹੋਇਆ। ਕੁਝ ਦੂਰੀ 'ਤੇ ਤਲਾਬ ਉਪਰ ਪੁੱਜ ਗਏ। ਗਿੱਦੜਾਂ ਨੇ ਤਲਾਬ ਦਾ ਪਾਣੀ ਸੁੰਘਿਆ, ਬਿਨਾਂ ਪੀਤੇ ਅੱਗੇ ਦੂਜੇ ਤਲਾਬ ਵਲ ਚਲੇ ਗਏ ਜਿਥੇ ਪਾਣੀ ਪੀਤਾ। ਬਾਬਾ ਜੀ ਨੇ ਕਿਹਾ- ਆਪ ਦੇਖ ਭਾਈ, ਇਸ ਤਲਾਬ ਦਾ ਪਾਣੀ ਪੀਣ ਜੋਗ ਨਹੀਂ। ਭਾਈ ਮਰਦਾਨਾ ਨੇ ਚੱਖ ਕੇ ਦੇਖਿਆ, ਕੌੜਾ ਸੀ। ਗੁਰੂ ਜੀ ਨੇ ਕਿਹਾ- ਜਾਨਵਰ ਬਿਨਾਂ ਚੱਖੇ ਜਾਣਦੇ ਹਨ ਕੀ ਖਾਣ ਜੋਗ ਹੈ ਕੀ ਪੀਣ ਜੋਗ। ਆਦਮੀ ਨੂੰ ਨਹੀਂ ਪਤਾ। ਅਗਲੇ ਤਲਾਬ ਵਿਚੋਂ ਪਾਣੀ ਪੀਤਾ ਤੇ ਇਸ਼ਨਾਨ ਕੀਤਾ।

ਥੱਕਦੇ, ਭੁੱਖ ਤਰੇਹ ਲਗਦੀ ਤਾਂ ਭਾਈ ਮਰਦਾਨਾ ਬਾਬੇ ਅੱਗੇ ਇਸ ਪ੍ਰਕਾਰ ਅਰਜ਼ ਕਰਦੇ- ਬਾਬਾ ਤੂੰ ਅਤੀਤ ਪੁਰਖ ਹੈਂ। ਨਾ ਤੈਨੂੰ ਭੁਖ ਸਤਾਏ ਨਾ ਤਰੇਹ। ਨਾ ਨੀਂਦ ਨਾ ਥਕਾਣ। ਮੈਂ ਦੁਨੀਆਦਾਰ ਬੰਦਾ ਹਾਂ ਬਾਬਾ। ਕਿਰਪਾਲੂ ਹੋ। ਜਾਂ ਮੈਨੂੰ ਆਪਣੇ ਜਿਹਾ ਅਤੀਤ ਕਰ। ਜੇ ਅਜਿਹਾ ਕਰਨਾ ਨਹੀਂ ਭਾਂਵਦਾ ਤਾਂ ਕੁਝ ਖਾਣ ਪੀਣ ਨੂੰ ਦੇਹ। ਬਾਬਾ ਆਖਦਾ- ਭਲਾ ਮੰਗਿਆ ਈ ਮਰਦਾਨਿਆ, ਭਲਾ ਮੰਗਿਆ ਈ। ਲੋਕ ਵਸਤਾਂ ਮੰਗਦੇ ਹਨ। ਤੂੰ ਸੰਤੋਖ ਮੰਗਦਾ ਹੈਂ। (ਚਲਦਾ)
 

ਡਾ. ਹਰਪਾਲ ਸਿੰਘ ਪੰਨੂ

Baljeet Kaur

This news is Edited By Baljeet Kaur