ਭਾਗ 12 : ਸਾਖੀ ਭਾਈ ਮਰਦਾਨਾ ਜੀ ਦੀ

07/21/2019 9:11:56 AM

ਕਾਲਮ : ਜਨਮ-ਸਾਖੀ ਸਾਹਿਤ
ਇਕ ਵਾਰ ਭਾਈ ਮਰਦਾਨਾ ਭੁੱਖ ਨਾਲ ਡਾਹਢੇ ਆਤੁਰ ਹੋ ਗਏ। ਕਹਿਣ ਲੱਗੇ-ਬਸ ਬਾਬਾ ਹੋਰ ਨਹੀਂ ਤੁਰਿਆ ਜਾਂਦਾ ਅਸਾਂ ਥੋਂ। ਏਸ ਦਰਖਤ ਹੇਠ ਬੈਠ ਗਿਆ ਹਾਂ। ਖਾਣ ਨੂੰ ਕੁਝ ਮਿਲੇ ਤਾਂ ਤੁਰਾਂ। ਨਹੀਂ ਬੈਠਾ ਹਾਂ। ਬਾਬਾ ਕਿਸੇ ਆਬਾਦੀ ਵੱਲ ਨਿਕਲ ਗਿਆ ਤੇ ਖਾਣ ਲਈ ਦੋਹਾਂ ਹੱਥਾਂ ਵਿਚ ਕੁਝ ਲਿਆਂਦਾ। ਭਾਈ ਮਰਦਾਨਾ ਜੀ ਨੇ ਆਪਣੇ ਹੱਥ ਅੱਗੇ ਫੈਲਾਏ ਤਾਂ ਬਾਬੇ ਨੇ ਗੋਡਿਆਂ ਭਾਰ ਹੋ ਕੇ ਕਿਹਾ- ਭਾਈ ਜੀ ਇਸੇ ਤਰ੍ਹਾਂ ਖਾਵੋ£ ਸਾਡੇ ਹੱਥਾਂ ਵਿਚੋਂ ਛਕੋ। ਸਾਨੂੰ ਅਜਿਹਾ ਭਲਾ ਲਗਦਾ ਹੈ। ਸਾਹਮਣੇ ਬੈਠ ਕੇ ਭਾਈ ਸਾਹਿਬ ਨੇ ਬਾਬੇ ਦੇ ਹੱਥਾਂ ਵਿਚੋਂ ਖਾਣਾ ਖਾ ਕੇ ਕਿਹਾ-ਬੜਾ ਆਨੰਦ ਆਇਆ ਹੈ ਬਾਬਾ। ਏਨਾ ਸੁਆਦੀ ਭੋਜਨ ਕਦੇ ਨਹੀਂ ਖਾਧਾ। ਬਾਬੇ ਨੇ ਕਿਹਾ- ਉਥੇ ਤਾਂ ਹੋਰ ਇਸ ਤੋਂ ਭੀ ਸਵਾਦਲੇ ਪਕਵਾਨ ਪਏ ਸਨ। ਪਰ ਤੁਸੀਂ ਵਧੀਕ ਵਿਆਕੁਲ ਹੋ ਗਏ। ਸੋ ਮੈਂ ਝਬਦੇ ਜੋ ਸਾਹਮਣੇ ਦਿਸਿਆ, ਚੁਕਿਆ ਤੇ ਤਟਫਟ ਲੈ ਆਇਆ। ਧੀਰਜ ਰੱਖਦੇ ਹੋਰ ਭੀ ਸੁਆਦਲੇ ਪਕਵਾਨ ਲੈ ਆਉਂਦਾ।

ਯਾਤਰਾ ਵਿਚੋਂ ਦੀ ਬੀਬੀ ਨੂੰ ਸੁਲਤਾਨਪੁਰ ਮਿਲ ਜਾਂਦੇ ਤੇ ਫਿਰ ਵਾਪਸ ਪਰਦੇਸ ਨੂੰ ਚੱਲ ਪੈਂਦੇ। ਬੀਬੀ ਕੁਝ ਦਿਨ ਰੁਕਣ ਲਈ ਆਖਦੀ ਤਾਂ ਕਹਿੰਦੇ- ਹਾਲੇ ਸਫ਼ਰ ਵਿਚ ਆਹੇ। ਤੂੰ ਰਸਤੇ ਵਿਚ ਆ ਖਲੋਈ। ਅਜੇ ਸਫ਼ਰ ਖ਼ਤਮ ਨਹੀਂ ਹੋਇਆ। ਸਾਡੇ ਰਾਹਵਾਂ ਵਿਚ ਵਧੀਕ ਨਾ ਖਲੋਇਆ ਕਰ ਬੇਬੇ। ਇਹ ਆਖ ਕੇ ਮੱਥਾ ਟੇਕਦੇ ਫਿਰ ਤੁਰ ਪੈਂਦੇ। ਸਿੱਖ ਦੇ ਮਨ ਵਿਚ ਗੁਰੂ ਬਾਬੇ ਦੀ ਇਕੱਲਿਆਂ ਦੀ ਤਸਵੀਰ ਕਦੀ ਨਹੀਂ ਆਉਂਦੀ। ਆ ਹੀ ਨਹੀਂ ਸਕਦੀ। ਰਬਾਬ ਮੋਢੇ ਤੇ ਲਟਕਾਈ ਉਹ ਅਨੰਤ ਦੇ ਸਫ਼ਰ ਵਿਚ ਨਾਲ-ਨਾਲ ਹਨ ਹਮੇਸ਼ਾ, ਇਕ ਪਾਸੇ ਭਾਈ ਬਾਲਾ ਦੂਜੇ ਪਾਸੇ ਮਰਦਾਨਾ। ਸਾਖੀਆਂ ਵਿਚ ਕਈ ਰੌਚਕ ਦ੍ਰਿਸ਼ ਅਤਿ ਉਤਮ ਸਾਹਿਤ ਦੇ ਨਮੂਨੇ ਹਨ। ਉਹ ਗਰਮ ਅਤੇ ਖੁਸ਼ਕ ਮਾਰੂਥਲ ਵਿਚੋਂ ਦੀ ਲੰਘ ਰਹੇ ਹਨ। ਪੈਂਡਾ ਮੁੱਕਣ ਵਿਚ ਨਹੀਂ ਆ ਰਿਹਾ। ਸਾਖੀਕਾਰ ਲਿਖਦਾ ਹੈ- ਉਪਰ ਤਾਰੇ... ਹੇਠਾਂ ਰੇਤ। ਹੋਰ ਕਿਤੇ ਕੁਝ ਨਹੀਂ ਸੀ। ਨਾ ਪਸ਼ੂ, ਨਾ ਪੰਖੀ, ਨਾ ਘਾਹ ਨਾ ਰੁੱਖ। ਭਾਈ ਮਰਦਾਨਾ ਅਧੀਰ ਹੋ ਕੇ ਆਖਦੇ- ਬਾਬਾ ਕਿਤੈ ਕੁੱਛ ਨਦਰਿ ਨਹੀਂ ਆਂਵਦਾ। ਦੇਸ ਦਾ ਕਿਤੈ ਕੁੱਤਾ ਭੀ ਮਿਲੈ, ਤਿਸਦੇ ਹਉਂ ਗਲ ਲਗ ਕੇ ਰੋਵਾਂ। ਬਾਬਾ ਜੀ ਆਖਦੇ- ਇਨ੍ਹਾਂ ਮਾਰੂਥਲਾਂ ਵਿਚ ਤਦ ਆਏ ਹਾਂ ਭਾਈ ਜੁ ਨਾ ਕੋਈ ਕੁੱਤਾ ਲੱਗੈ ਨਾ ਭਉਂਕੈ। ਫਿਰ ਭਾਈ ਮਰਦਾਨਾ ਆਖਦੇ- ਕਿਥੇ ਮਾਰਿਆ ਈ, ਬਾਬਾ, ਇਥੇ ਤਾਂ ਗੋਰੋਂ ਖੱਫਣੋ ਭੀ ਗਏ (ਨਾ ਖੱਫਣ ਮਿਲੇਗਾ ਨਾ ਕਬਰ ਬਣੇਗੀ)। ਬਾਬਾ ਹੌਂਸਲਾ ਦਿੰਦਾ ਤੇ ਅਗਲੀ ਵਾਟ ਫੜਦੇ। ਕਈ ਮਹੀਨਿਆਂ ਦੇ ਸਫਰ ਪਿਛੋਂ ਆਬਾਦੀ ਆਈ। ਲੋਕਾਂ ਨੂੰ ਦੇਖ ਕੇ ਭਾਈ ਨੇ ਕਿਹਾ- ਬਾਬਾ ਕਿਸ ਦੇਸ ਆਇ ਗਏ ਹਾਂ? ਇਨ੍ਹਾਂ ਲੋਕਾਂ ਨੂੰ ਨਾ ਸਾਡੀ ਬੋਲੀ ਦੀ ਸਮਝ। ਨਾ ਸਾਨੂੰ ਇਨ੍ਹਾਂ ਦੀ ਬੋਲੀ ਦੀ ਸਮਝ। ਕਉਣ ਦੇਸ ਹੈ ਇਹ? ਬਾਬੇ ਨੇ ਦੱਸਿਆ- ਸਉਰਾਸਟਰ ਆ ਗਿਆ ਹੈ ਭਾਈ। ਇਥੋਂ ਦੇ ਲੋਕਾਂ ਨੂੰ ਤੁਸਾਂ ਦੀ ਬੋਲੀ ਭਲੀ ਸਮਝ ਆਂਵਦੀ ਹੈ। ਸੋਰਠ ਰਾਗ ਇਸੇ ਦੇਸ ਦਾ ਰਾਗ ਹੋਇਆ। ਲਿਆ ਮਰਦਾਨਿਆ, ਰਬਾਬ ਉਠਾ। ਸੋਰਠ ਛੇੜ। ਇਨ੍ਹਾਂ ਦੀ ਬੋਲੀ ਵਿਚ ਗੱਲਾਂ ਕਰੀਏ। ਸਮਝੀਏ ਸਮਝਾਈਏ। ਸੋਰਠ ਗਾਈਏ।

ਸਾਖੀਕਾਰ ਨੇ ਇਕ ਸ਼ਬਦ 'ਸਾਜ਼ਸ਼' ਵਰਤਿਆ ਹੈ। ਰੱਬ ਦੇ ਪ੍ਰਸੰਗ ਵਿਚ ਇਸ ਦੀ ਵਰਤੋਂ ਅਸਲੋਂ ਨਵੀਂ ਹੈ। ਲਿਖਿਆ ਹੈ- ਗੁਰੂ ਬਾਬਾ ਬਿਸਮਾਦਿ ਹੋਇ ਗਇਆ ਪਰਮੇਸਰ ਦੀ ਸਾਜਸ ਦੇਖ ਕਰਿ। ਪਰਮੇਸਰ ਬੁਲਾਇ ਕਰ ਦਰਸਨੁ ਦੀਆ। ਕਹਿਆ- ਹੋ ਨਾਨਕ ਤੂ ਕਿਉਂ ਕਰਿ ਬਿਸਮਾਦਿ ਹੋਇ ਰਹਿਆ ਹੈਂ? ਬਾਬੇ ਨਮਸਕਾਰ ਕਰਿ ਕਹਿਆ- ਐ ਸਿਰਜਣਹਾਰ ! ਜੀ ਮੈਂ ਤੇਰੀ ਸਾਜਸ ਦੇਖ ਕਰਿ ਹੈਰਾਨ ਹੋਇ ਗਇਆ ਹਾਂ। ਪਰਵਰਦਗਾਰ ਹੱਸ ਕਰ ਕਹਿਆ- ਐ ਨਾਨਕ ਜੇਹੀ ਸਾਜਸ ਦੇਖੀ ਤੈਸੀ ਕਹੁ। ਤਬ ਬਾਬੇ ਬਸੰਤ ਹਿੰਡੋਲ ਗਾਇਆ। ਬਸੰਤ ਵਿਚ ਵਧੀਕ ਸਾਜਸ਼ ਹੋਈ। ਕਿਸੇ ਨੇ ਪੁੰਨਦਾਨ ਕਰਨ ਹਿਤ ਲੰਗਰ ਲਾਇਆ ਹੋਇਆ ਸੀ ਤੇ ਰਸਤਿਆਂ ਉਪਰ ਸੇਵਾਦਾਰ ਖਲੋਤੇ, ਜਾਂਦੇ ਰਾਹੀਆਂ ਨੂੰ ਬੇਨਤੀ ਕਰਦੇ ਕਿ ਲੰਗਰ ਛਕ ਕੇ ਜਾਉ। ਭਾਈ ਮਰਦਾਨਾ ਜੀ ਨੇ ਬਾਬੇ ਤੋਂ ਪ੍ਰਸ਼ਾਦ ਛਕਣ ਦੀ ਆਗਿਆ ਮੰਗੀ ਤਾਂ ਬਾਬਾ ਜੀ ਨੇ ਕਿਹਾ -ਤੁਸਾਨੂੰ ਪਤਾ ਹੈ ਭਾਈ ਇਸ ਲੰਗਰ ਦੀ ਹਕੀਕਤ ਕੀ ਹੈ? ਭਾਈ ਮਰਦਾਨਾ ਨੇ ਕਿਹਾ- ਜੀ ਹਕੀਕਤ ਕਿਤੇ ਦਉੜੀ ਤਾਂ ਜਾਂਦੀ ਨਹੀਂ। ਤੁਸਾਂ ਪਾਸ ਰਹੀ, ਤੁਸਾਂ ਪਾਸ ਰਹੈਗੀ। ਪਹਿਲਾਂ ਲੰਗਰ ਛਕਦੇ ਹਾਂ ਫਿਰ ਹਕੀਕਤ ਵੀ ਦੇਖ ਲਾਂਗੇ। ਬਾਬਾ ਜੀ ਨੇ ਮੁਸਕਾਂਦਿਆਂ ਕਿਹਾ- ਠੀਕ ਹੈ ਭਾਈ। ਪਰ ਅਸੀਸ ਨਹੀਂ ਦੇਣੀ। ਜਾਉ ਲੰਗਰ ਛਕ ਆਉ। ਵਾਪਸੀ ਤੇ ਦੱਸਿਆ ਕਿ ਇਹ ਨਵਜਾਤ ਬੱਚਾ ਮਾਪਿਆਂ ਤੋਂ ਕਰਜ਼ਾ ਵਸੂਲਣ ਆਇਆ ਹੈ। ਥੋੜੇ ਦਿਨ ਦਾ ਪ੍ਰਾਹੁਣਾ ਹੈ। ਜੇ ਤੁਸੀਂ ਲੰਮੀ ਉਮਰ ਦੀ ਅਸੀਸ ਦੇ ਦਿੰਦੇ ਤਾਂ ਕਰਤਾਰ ਦੀ ਰਜ਼ਾ ਵਿਚ ਵਿਘਨ ਪੈਣਾ ਸੀ।

ਇਕ ਦਿਨ ਭਾਈ ਮਰਦਾਨਾ ਨੇ ਪੁੱਛਿਆ- ਬਾਬਾ ਜੀ ਕਿੰਨੇ ਬਰਸ ਹੋ ਗਏ ਹੋਣਗੇ ਤਲਵੰਡੀਓਂ ਆਪਾਂ ਨੂੰ ਚੱਲਿਆਂ? ਉਤਰ- ਭਾਈ ਗਿਣਤੀਆਂ ਨਹੀਂ ਕਰਨੀਆਂ। ਇਕ ਦਿਨ ਫੇਰ ਪੁੱਛ ਲਿਆ- ਬਾਬਾ ਜੀ ਕਿੰਨੇ ਹਜ਼ਾਰ ਕੋਸ ਹੋਵੇਗਾ ਆਪਣਾ ਪਿੰਡ ਇਥੋਂ? ਬਾਬਾ ਜੀ ਨੇ ਕਿਹਾ- ਅਗੇ ਵੀ ਕਿਹਾ ਸੀ ਭਾਈ, ਗਿਣਤੀਆਂ ਨਹੀਂ ਕਰਨੀਆਂ। ਉਹ ਸਮੇਂ ਅਤੇ ਸਥਾਨ ਦੀਆਂ ਗਿਣਤੀਆਂ ਤੋਂ ਪਾਰ ਸਨ। ਇਕ ਅਨੰਤ ਤੋਂ ਬਾਅਦ ਉਹ ਅਗਲਾ ਅਨੰਤ ਸਨ। ਦੋਹਾਂ ਬਾਬਿਆਂ ਵਿਚਕਾਰ ਮਿੱਤਰਾਂ ਦੀ ਸਾਂਝ ਵਾਲੀਆਂ ਗੱਲਾਂ ਹੁੰਦੀਆਂ। ਬੈਠਿਆਂ ਬੈਠਿਆਂ ਭਾਈ ਸਾਹਿਬ ਨੇ ਇਕ ਦਿਨ ਬਾਬੇ ਦੇ ਚਰਨ ਛੂਹੇ ਤਾਂ ਬਾਬਾ ਜੀ ਨੇ ਕਿਹਾ- ਐ ਮਰਦਾਨਿਆਂ ਤੂੰ ਅੱਜ ਕਿਉਂ ਪੈਰੀਂ ਪਵਦਾ ਹੈਂ? ਭਾਈ ਸਾਹਿਬ ਨੇ ਕਿਹਾ- ਜੀ ਤੂੰ ਜਗਤ ਦਾ ਕਰਤਾ। ਤੂੰ ਪਰਮੇਸਰ ਹੈਂ। ਤੇਰੀ ਕੀਮਤ ਤੂਹੇ ਜਾਣਹਿ। ਤੂੰ ਹੈਂ ਸਿ ਪਰਮੇਸਰ ਹੈ।

(ਚਲਦਾ)
–ਡਾ. ਹਰਪਾਲ ਸਿੰਘ ਪੰਨੂ
9464251454

Baljeet Kaur

This news is Edited By Baljeet Kaur